ਕੀ ਰਾਹੁਲ ਗਾਂਧੀ ਤੇ ਪ੍ਰਿਅੰਕਾ ਨੇ ਆਪਣੀ ਉਮਰ ਗਲਤ ਦੱਸੀ

ਪ੍ਰਿਅੰਕਾ, ਰਾਹੁਲ ਗਾਂਧੀ Image copyright Getty Images

ਸੋਸ਼ਲ ਮੀਡੀਆ ਉੱਤੇ ਕੁਝ ਲੋਕਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੀ 'ਜਨਮ ਤਰੀਕ' ਨਾਲ ਛੇੜਛਾੜ ਕਰਕੇ ਇਹ ਅਫ਼ਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੋਹਾਂ ਆਗੂਆਂ ਵਿੱਚੋਂ ਕਿਸੇ ਇੱਕ ਨੇ ਆਪਣੀ ਸਹੀ ਜਨਮ ਤਰੀਕ ਜਨਤਕ ਕੀਤੀ ਹੈ।

ਲੋਕਾਂ ਨੇ ਲਿਖਿਆ ਹੈ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਉਮਰ ਵਿੱਚ ਸਿਰਫ਼ 6 ਮਹੀਨਿਆਂ ਦਾ ਫਰਕ ਕਿਉਂ ਹੈ? ਕੀ ਗਾਂਧੀ ਪਰਿਵਾਰ ਨੇ ਇੱਥੇ ਵੀ ਕੋਈ ਘੁਟਾਲਾ ਕੀਤਾ ਹੈ?

ਹਿੰਦੂਤਵ ਪੱਖੀ ਕੁਝ ਫੇਸਬੁਕ ਗਰੁੱਪਾਂ ਵਿੱਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਵਿਕੀਪੀਡੀਆ ਪੰਨਿਆਂ ਦੇ ਐਡਿਟ ਕੀਤੇ ਗਏ ਸਕਰੀਨ ਸ਼ੌਟ ਸੈਂਕੜੇ ਵਾਰੀ ਸਾਂਝੇ ਕੀਤੇ ਹਨ।

ਇਹ ਵੀ ਪੜ੍ਹੋ:

Image copyright Social

ਇਨ੍ਹਾਂ ਨੂੰ ਸ਼ੇਅਰ ਕਰਨ ਵਾਲਿਆਂ ਨੇ ਲਿਖਿਆ ਹੈ, "ਜਨਮ ਦੀ ਤਾਰੀਖ ਵਿੱਚ ਵੀ ਕਾਂਗਰਸ ਦਾ ਮਹਾਂ ਘੁਟਾਲਾ। ਰਾਹੁਲ ਦੇ ਜਨਮ ਤੋਂ 6 ਮਹੀਨਿਆਂ ਬਾਅਦ ਪ੍ਰਿਅੰਕਾ ਦਾ ਜਨਮ ਹੋਇਆ।"

ਟਵਿੱਟਰ ਅਤੇ ਵਟਸਐਪ 'ਤੇ ਵੀ ਇਸੇ ਤਰ੍ਹਾਂ ਦੇ ਸਕਰੀਨ ਸ਼ੌਟ ਸ਼ੇਅਰ ਕੀਤੇ ਗਏ ਹਨ। ਕੁਝ ਲੋਕਾਂ ਨੇ ਆਪਣੇ ਟਵੀਟ ਵਿੱਚ ਇੰਡੀਆ ਟੂਡੇ ਗਰੁੱਪ ਦੇ ਆਜ ਤੱਕ ਨਿਊਜ਼ ਚੈਨਲ ਦਾ ਇੱਕ ਸਕਰੀਨ ਸ਼ੌਟ ਸ਼ੇਅਰ ਕੀਤਾ ਹੈ।

Image copyright Twitter

ਇਹ ਸਾਰੇ ਦਾਅਵੇ ਅਤੇ ਸਵਾਲ ਗਲਤ ਅਤੇ ਬੇਬੁਨਿਆਦ ਹਨ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਜਨਮ ਦੇ ਵਿਚਕਾਰ 18 ਮਹੀਨੇ ਅਤੇ 24 ਦਿਨਾਂ ਦਾ ਫ਼ਰਕ ਹੈ।

ਰਾਹੁਲ ਗਾਂਧੀ ਦਾ ਜਨਮ 19 ਜੂਨ 1970 ਨੂੰ ਦਿੱਲੀ ਵਿੱਚ ਹੋਇਆ ਸੀ। ਜਦੋਂਕਿ ਪ੍ਰਿਅੰਕਾ ਗਾਂਧੀ ਦਾ ਜਨਮ ਦਿੱਲੀ ਵਿੱਚ ਹੀ 12 ਜਨਵਰੀ 1972 ਨੂੰ ਹੋਇਆ ਸੀ। ਕਾਂਗਰਸ ਪਾਰਟੀ ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਦੋਨੋਂ ਆਗੂਆਂ ਦੀ ਜਨਮ ਤਾਰੀਖ ਇਹੀ ਲਿਖੀ ਹੈ।

ਵਿਕੀਪੀਡੀਆ ਉੱਤੇ ਵੀ ਦੋਵੇਂ ਆਗੂਆਂ ਦੇ ਜਨਮ ਦੀ ਇਹੀ ਸੂਚਨਾ ਪ੍ਰਕਾਸ਼ਿਤ ਕੀਤੀ ਗਈ ਹੈ ਪਰ ਜਿਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵਿਕੀਪੀਡੀਆ ਦੇ ਸਕਰੀਨ ਸ਼ੌਟ ਸ਼ੇਅਰ ਕੀਤੇ ਹਨ ਉਨ੍ਹਾਂ ਨੇ ਫੋਟੋ ਐਡਿਟ ਕਰਕੇ ਰਾਹੁਲ ਗਾਂਧੀ ਦੀ ਜਨਮ ਤਾਰੀਕ 19 ਜੂਨ, 1971 ਕਰ ਦਿੱਤੀ ਹੈ।

ਐਡਿਟ ਕੀਤੀਆਂ ਗਈਆਂ ਇਹ ਫਰਜ਼ੀ ਤਸਵੀਰਾਂ ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਲਗਦਾ ਹੈ ਕਿ ਹਾਲ ਹੀ ਵਿੱਚ ਸਿਆਸਤ ਵਿੱਚ ਆਈ ਪ੍ਰਿਅੰਕਾ ਗਾਂਧੀ ਦੇ ਖਿਲਾਫ਼ ਜਾਣਬੁਝ ਕੇ ਗਲਤ ਸੂਚਨਾ ਫੈਲਾਉਣ ਦੀ ਇੱਕ ਕੋਸ਼ਿਸ਼ ਹੈ।

ਕਾਂਗਰਸ ਆਗੂ ਸਿਆਸਤ ਵਿੱਚ ਪ੍ਰਿਅੰਕਾ ਗਾਂਧੀ ਦੀ ਰਸਮੀ ਐਂਟਰੀ ਨੂੰ ਪਾਰਟੀ ਦਾ 'ਟਰੰਪ ਕਾਰਡ' ਕਹਿ ਰਹੇ ਹਨ। ਉੱਥੇ ਹੀ ਜਾਣਕਾਰਾਂ ਦੀ ਮੰਨੀਏ ਤਾਂ ਪ੍ਰਿਅੰਕਾ ਗਾਂਧੀ ਦੇ ਸਰਗਰਮ ਸਿਆਸਤ ਵਿੱਚ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਨੂੰ 2019 ਦੀਆਂ ਲੋਕਸਭਾ ਚੋਣਾਂ ਵਿੱਚ ਭਾਜਪਾ ਖਿਲਾਫ ਲੜਨ ਲਈ ਨਵੀਂ ਊਰਜਾ ਮਿਲੇਗੀ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)