ਫ਼ਰਨਾਂਡੇਜ਼ : ਜਦੋਂ ਤਿੰਨ ਦੇਸਾਂ ਦੇ ਆਗੂਆਂ ਨੇ ਇੰਦਰਾ ਸਾਹਮਣੇ ਜਾਰਜ ਦੀ ਪੈਰਵੀ ਕੀਤੀ

ਜਾਰਜ ਫਰਾਨਡੇਜ਼ Image copyright Getty Images

ਭਾਰਤ ਦੇ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 88 ਵਰ੍ਹਿਆਂ ਦੇ ਸਨ।

ਕਰਨਾਟਕ ਵਿਚ ਫਰਨਾਡੇਜ਼ ਦੇ ਪਰਿਵਾਰ ਨੇ ਬੀਬੀਸੀ ਨੂੰ ਦੱਸਿਆ ਕਿ ਸਾਬਕਾ ਆਗੂ ਨੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਖ਼ਰੀ ਸਾਹ ਲਏ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਰਜ ਫਰਨਾਂਡੇਜ਼ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਲਗਾਤਾਰ ਤਿੰਨ ਟਵੀਟ ਕਰਕੇ ਪ੍ਰਧਾਨ ਮੰਤਰੀ ਨੇ ਜਾਰਜ ਫਰਨਾਂਡੇਜ਼ ਨੂੰ ਇੱਕ ਤੇਜ਼ ਤਰਾਰ ਕਿਰਤੀ ਆਗੂ ਜੋ ਹਮੇਸ਼ਾ ਇਨਸਾਫ਼ ਦੀ ਲੜਾਈ ਲੜਿਆ, ਰੋਸ਼ਨ ਦਿਮਾਗ ਸਿਆਸਤਦਾਨ, ਦੂਰਦਰਸ਼ੀ ਰੇਲਵੇ ਮੰਤਰੀ ਅਤੇ ਅਜਿਹੇ ਮਹਾਨ ਰੱਖਿਆ ਮੰਤਰੀ ਵਜੋਂ ਯਾਦ ਕੀਤਾ, ਜਿਸ ਨੇ ਭਾਰਤ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਣਾਇਆ।

ਇਹ ਵੀ ਪੜ੍ਹੋ

ਜਾਰਜ ਕਿਵੇਂ ਬਣੇ 'ਜਾਰਜ ਦਿ ਜਾਇੰਟ ਕਿਲਰ'

ਕੌਮੀ ਪੱਧਰ 'ਤੇ ਸਭ ਤੋਂ ਪਹਿਲਾਂ ਜਾਰਜ ਫਰਨਾਂਡੇਜ਼ ਨੂੰ 1967 'ਚ ਪਛਾਣ ਮਿਲੀ, ਜਦੋਂ ਉਨ੍ਹਾਂ ਨੇ ਦੱਖਣੀ ਮੁੰਬਈ ਦੀ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਵੱਡੇ ਆਗੂ ਐਸਕੇ ਪਾਟਿਲ ਨੂੰ ਹਰਾਇਆ ਸੀ।

ਉਦੋਂ ਹੀ ਉਨ੍ਹਾਂ ਦਾ ਨਾਂ 'ਜਾਰਜ ਦਿ ਜਾਇੰਟ ਕਿਲਰ' ਪੈ ਗਿਆ ਸੀ। ਉਸ ਵੇਲੇ ਜਾਰਜ ਬੰਬਈ ਨਗਰ ਨਿਗਮ ਦੇ ਕੌਂਸਲਰ ਹੁੰਦੇ ਸਨ।

ਜਾਰਜ ਦੇ ਕਰੀਬੀ ਸਹਿਯੋਗੀ ਅਤੇ ਜਾਣੇ-ਪਛਾਣੇ ਪੱਤਰਕਾਰ ਕੇ ਵਿਕਰਮ ਨੇ ਦੱਸਿਆ, 'ਮੈਂ ਐੱਸਕੇ ਪਾਟਿਲ ਦੀ ਪ੍ਰੈਸ ਕਾਨਫਰੰਸ ਵਿੱਚ ਪੁੱਛਿਆ ਸੀ ਕਿ ਤੁਸੀਂ ਤਾਂ ਮੁੰਬਈ ਦੇ ਬੇਤਾਜ ਬਾਦਸ਼ਾਹ ਹੋ, ਸੁਣਿਆ ਹੈ ਕਿ ਕੋਈ ਨਗਰ ਨਿਗਮ ਦਾ ਕੌਸਲਰ ਤੁਹਾਡੇ ਖਿਲਾਫ਼ ਚੋਣ ਲੜ ਰਿਹਾ ਹੈ।''

Image copyright WWW.GEORGERNANDES.ORG

'ਪਾਟਿਲ ਨੇ ਕਿਹਾ ਕਿ ਇਹ ਜਾਰਜ ਕੌਣ ਹੈ, ਮੈਂ ਕਿਹਾ ਤੁਹਾਨੂੰ ਤਾਂ ਕੋਈ ਹਰਾ ਨਹੀਂ ਸਕਦਾ ਪਰ ਜੇ ਤੁਸੀਂ ਹਾਰ ਗਏ ਤਾਂ? ਪਾਟਿਲ ਨੇ ਕਿਹਾ ਕਿ ਜੇ ਰੱਬ ਵੀ ਆਏ ਤਾਂ ਵੀ ਮੈਨੂੰ ਹਰਾ ਨਹੀਂ ਸਕਦਾ।'

1974 ਦੀ ਰੇਲਵੇ ਹੜਤਾਲ'ਤੇ ਇੰਦਰਾ ਸਰਕਾਰ ਦੇ ਜ਼ੁਲਮ

ਪਾਟਿਲ ਜਾਰਜ ਤੋਂ 42 ਹਜ਼ਾਰ ਵੋਟਾਂ ਤੋਂ ਚੋਣ ਹਾਰ ਗਏ। ਪੱਤਰਕਾਰ ਵਿਜੇ ਸੰਘਵੀ ਨੇ ਦੱਸਿਆ, ਉਨ੍ਹਾਂ ਨੂੰ ਮੁੰਬਈ ਦਾ ਸ਼ੇਰ ਕਿਹਾ ਜਾਂਦਾ ਸੀ, ਜਦ ਉਹ ਗਰਜਦੇ ਸਨ ਤਾਂ ਪੂਰੀ ਮੁੰਬਈ ਹਿੱਲ ਜਾਂਦੀ ਸੀ, ਉਹ ਹੜਤਾਲ ਕਰਵਾਉਂਦੇ ਸਨ ਪਰ ਜੇ ਹੜਤਾਲ ਤਿੰਨ ਦਿਨਾਂ ਤੋਂ ਵੱਧ ਹੁੰਦੀ ਸੀ ਤਾਂ ਉਹ ਖੁਦ ਖਾਣਾ ਲੈ ਕੇ ਮਜ਼ਦੂਰਾਂ ਦੀ ਬਸਤੀ ਵਿੱਚ ਪਹੁੰਚ ਜਾਂਦੇ ਸਨ।

ਦੂਜੀ ਵਾਰ ਉਨ੍ਹਾਂ ਨੂੰ ਆਪਣੀ ਪਛਾਣ ਉਦੋਂ ਮਿਲੀ ਜਦ ਉਨ੍ਹਾਂ ਨੇ ਆਪਣੇ ਦਮ ਤੇ ਪੂਰੇ ਭਾਰਤ ਵਿੱਚ ਰੇਲ ਹੜਤਾਲ ਕਰਵਾਈ।

ਜਾਰਜ ਨਵੰਬਰ 1973 ਵਿੱਚ ਆਲ ਇੰਡੀਆ ਰੇਵਲੇ ਮੇਨਜ਼ ਫੈਡਰੇਸ਼ਨ ਦੇ ਪ੍ਰਧਾਨ ਬਣੇ ਅਤੇ ਇਹ ਤੈਅ ਕੀਤਾ ਗਿਆ ਕਿ ਆਮਦਨ ਵਧਾਉਣ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਜਾਵੇ।

ਇਹ ਕਮਾਲ ਜਾਰਜ ਦਾ ਹੀ ਸੀ ਕਿ ਟੈਕਸੀ ਡਰਾਇਵਰ, ਇਲੈਕਟ੍ਰੀਸਿਟੀ ਯੂਨੀਅਨ ਅਤੇ ਟ੍ਰਾਂਸਪੋਰਟ ਯੂਨੀਅਨਜ਼ ਵੀ ਇਸ ਵਿੱਚ ਸ਼ਾਮਲ ਹੋ ਗਈ।

ਮਦਰਾਸ ਦੀ ਕੋਚ ਫੈਕਟਰੀ ਦੇ ਦਸ ਹਜ਼ਾਰ ਮਜ਼ਦੂਰ ਵੀ ਹੜਤਾਲ ਦੇ ਸਮਰਥਨ ਵਿੱਚ ਸੜਕ ਤੇ ਆ ਗਏ।

ਇਹ ਵੀ ਪੜ੍ਹੋ:

ਗਯਾ ਵਿੱਚ ਰੇਲ ਕਰਮਚਾਰੀਆਂ ਨੇ ਆਪਣੇ ਪਰਿਵਾਰਾਂ ਨਾਲ ਪਟਰੀਆਂ 'ਤੇ ਕਬਜ਼ਾ ਕਰ ਲਿਆ। ਇੱਕ ਵਾਰ ਤਾਂ ਪੂਰਾ ਦੇਸ਼ ਰੁਕ ਗਿਆ। ਸਰਕਾਰ ਇਸ ਹੜਤਾਲ ਖਿਲਾਫ਼ ਕਾਫੀ ਸਖ਼ਤ ਸੀ। ਕਈ ਥਾਵਾਂ ਤੇ ਰੇਲਵੇ ਟਰੈਕ ਖੁਲਵਾਉਣ ਲਈ ਫੌਜ ਵੀ ਤੈਨਾਤ ਕੀਤੀ ਗਈ ਸੀ।

ਵਿਕਰਮ ਰਾਓ ਨੇ ਦੱਸਿਆ, ਕਿਰਤੀ ਅੰਦੋਲਨ ਦੇ ਇਤਿਹਾਸ ਵਿੱਚ ਕਿਸੇ ਹੜਤਾਲ ਨੂੰ ਇੰਨੀ ਬੇਰਹਿਮੀ ਨਾਲ ਨਹੀਂ ਕੁਚਲਿਆ ਗਿਆ। ਇੱਥੋਂ ਤੱਕ ਕਿ ਇੰਨੇ ਜ਼ੁਲਮ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ। ਜਾਰਜ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ।

Image copyright WWW.GEORGERNANDES.ORG

ਵਿਜੇ ਸੰਘਵੀ ਨੇ ਦੱਸਿਆ, ਰੇਲ ਹੜਤਾਲ ਦੌਰਾਨ ਹੀ ਇੰਦਰਾ ਗਾਂਧੀ ਨੇ ਪੋਖਰਨ ਵਿੱਚ ਪਰਮਾਣੂ ਪ੍ਰੀਖਣ ਕੀਤਾ ਸੀ, ਉਸ ਨਾਲ ਪੂਰੀ ਦੁਨੀਆਂ ਹੈਰਾਨ ਰਹਿ ਗਈ ਸੀ ਪਰ ਭਾਰਤ ਦੇ ਲੋਕਾਂ 'ਤੇ ਉਸਦਾ ਬਹੁਤਾ ਅਸਰ ਨਹੀਂ ਪਿਆ ਸੀ, ਓਨੀਂ ਦਿਨੀਂ ਮੁੱਖ ਸੁਰਖੀ ਰੇਲ ਹੜਤਾਲ ਦੀ ਖ਼ਬਰ ਸੀ।

ਐਮਰਜੈਂਸੀ ਦੌਰਾਨ ਰੂਹਪੋਸ਼

25 ਜੂਨ 1975 ਨੂੰ ਐਮਰਜੈਂਸੀ ਲਾਗੂ ਹੋਣ ਤੋਂ ਬਾਅਦ ਜਾਰਜ ਫ਼ਰਨਾਂਡੇਜ਼ ਰਾਤ 11 ਵਜੇ ਤੱਕ ਵਿਰੋਧੀ ਧਿਰ ਦੇ ਦਫ਼ਤਰ ਵਿੱਚ ਸਨ, ਉਹ ਉੱਥੇ ਹੀ ਸੌਂ ਗਏ।

ਅਗਲੇ ਦਿਨ ਸਵੇਰੇ ਸਾਢੇ ਪੰਜ ਉਨ੍ਹਾਂ ਨੇ ਭੁਵਨੇਸ਼ਵਰ ਦੀ ਫਲਾਈਟ ਲਈ। ਉੱਥੇ ਜਾ ਕੇ ਹੀ ਉਨ੍ਹਾਂ ਨੂੰ ਐਮਰਜੈਂਸੀ ਦਾ ਪਤਾ ਲੱਗਿਆ।

ਵਿਜੇ ਸੰਘਵੀ ਨੇ ਦੱਸਿਆ, ਉੱਥੋਂ ਉਹ ਕਾਰ ਰਾਹੀ ਦਿੱਲੀ ਆਏ ਅਤੇ ਸਿੱਧਾ ਮੇਰੇ ਘਰ ਪਹੁੰਚੇ। ਉਨ੍ਹਾਂ ਕਿਹਾ ਕਿ ਮੈਂ ਕੁਝ ਦਿਨ ਤੁਹਾਡੇ ਨਾਲ ਰਹਾਂਗਾ। ਉਸ ਤੋਂ ਬਾਅਦ ਉਹ ਦਿੱਲੀ ਤੋਂ ਬੜੌਦਾ ਗਏ।

Image copyright WWW.GEORGERNANDES.ORG

ਵਿਕਰਮ ਨੇ ਦੱਸਿਆ, ਐਮਰਜੈਂਸੀ ਤੋਂ ਢੇਡ ਮਹੀਨੇ ਬਾਅਦ ਜਾਰਜ ਮੇਰੇ ਘਰ ਸਰਦਾਰ ਦੇ ਰੂਪ 'ਚ ਪਹੁੰਚੇ, ਉਨ੍ਹਾਂ ਮੈਨੂੰ ਕਿਹਾ ਕਿ ਮੈਂ ਆਪਣੇ ਹੀ ਦੇਸ ਵਿਚ ਸ਼ਰਨਾਰਥੀ ਬਣ ਗਿਆ ਹਾਂ, ਜਦ ਜਾਰਜ ਨੂੰ ਕੋਲਕਾਤਾ ਦੇ ਇੱਕ ਚਰਚ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਨ੍ਹਾਂ ਨੂੰ ਚੁਪ-ਚਪੀਤੇ ਰੂਸੀ ਫੌਜੀ ਜਹਾਜ਼ ਇਲਯੂਸ਼ਨ ਤੋਂ ਦਿੱਲੀ ਲਿਜਾਇਆ ਗਿਆ।

ਉਨ੍ਹਾਂ ਅੱਗੇ ਕਿਹਾ, ਬ੍ਰਿਟਿਸ਼ ਪ੍ਰਧਾਨ ਮੰਤਰੀ ਜੇਮਜ਼ ਕੈਲਾਘਨ, ਜਰਮਨ ਚਾਂਸਲਰ ਵਿਲੀ ਬ੍ਰਾਂਡ ਅਤੇ ਆਸਟਰੀਆ ਦੇ ਚਾਂਸਲਰ ਬ੍ਰੂਨੋ ਕ੍ਰਾਏਸਕੀ ਨੇ ਇੰਦਿਰਾ ਗਾਂਧੀ ਨੂੰ ਮੌਸਕੋ ਵਿੱਚ ਚੇਤਾਵਨੀ ਦਿੱਤੀ ਕਿ ਜੇ ਜਾਰਜ ਨੂੰ ਮਾਰਿਆ ਗਿਆ ਤਾਂ ਭਾਰਤ ਦੇ ਨਾਲ ਉਨ੍ਹਾਂ ਦੇ ਸਬੰਧ ਖ਼ਰਾਬ ਹੋ ਜਾਣਗੇ।

ਇੰਦਰਾ ਗਾਂਧੀ ਕੌਮਾਂਤਰੀ ਪ੍ਰਤਿਕਿਰਿਆਵਾਂ ਤੋਂ ਡਰਦੀ ਸੀ, ਇਸੇ ਕਰਕੇ ਜਾਰਦ ਦਾ ਐਨਕਾਊਂਟਰ ਨਹੀਂ ਕੀਤਾ ਗਿਆ ਤੇ ਉਨ੍ਹਾਂ ਨੂੰ ਤਿਹਾੜ ਜੇਲ੍ਹ ਲਿਜਾਇਆ ਗਿਆ।

ਜਦੋਂ ਤਿਹਾੜ ਜੇਲ੍ਹ ਚ ਦਿਵਾਲੀ ਦਾ ਮਾਹੌਲ ਬਣਿਆ

ਸਾਲ 1977 ਵਿੱਚ ਜਾਰਜ ਨੇ ਜੇਲ੍ਹ ਵਿੱਚ ਰਹਿੰਦਿਆਂ ਮੁਜ਼ੱਫਰਪੁਰ ਤੋਂ ਚੋਣ ਲੜਣ ਦਾ ਫੈਸਲਾ ਕੀਤਾ।

ਵਿਕਰਮ ਨੇ ਦੱਸਿਆ, ਅਸੀਂ ਤਿਹਾੜ ਜੇਲ੍ਹ ਵਿੱਚ ਆਉਣ ਵਾਲੇ ਇੱਕ ਡਾਕਟਰ ਨੂੰ ਮਨਾਇਆ ਸੀ ਕਿ ਜਦ ਵੀ ਉਹ ਆਉਣ ਇਹ ਪਤਾ ਕਰਕੇ ਆਉਣ ਕਿ ਉਸ ਵੇਲੇ ਮੁਜ਼ੱਫਰਪੁਰ ਤੋਂ ਲੀਡ ਕੌਣ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਾਰਜ ਇੱਕ ਲੱਖ ਵੋਟਾਂ ਤੋਂ ਲੀਡ ਕਰ ਰਹੇ ਹਨ।

Image copyright WWW.GEORGERNANDES.ORG

ਜਿਵੇਂ ਹੀ ਸਾਨੂੰ ਖ਼ਬਰ ਪਤਾ ਲੱਗੀ ਕਿ ਇੰਦਰਾ ਗਾਂਧੀ ਹਾਰ ਗਈ ਹੈ, ਮੈਂ ਜਾਰਜ ਨੂੰ ਜਗਾ ਕੇ ਇਹ ਖ਼ਬਰ ਸੁਣਾਈ ਤੇ ਪੂਰੀ ਜੇਲ੍ਹ ਵਿੱਚ ਦਿਵਾਲੀ ਵਰਗਾ ਮਾਹੌਲ ਹੋ ਗਿਆ।

ਜਾਰਜ ਨੂੰ ਪਹਿਲਾਂ ਸੰਚਾਰ ਮੰਤਰੀ ਅਤੇ ਫੇਰ ਉਦਯੋਗ ਮੰਤਰੀ ਬਣਾਇਆ ਗਿਆ। ਸੰਸਦ ਵਿੱਚ ਉਨ੍ਹਾਂ ਨੇ ਮੋਰਾਰਜੀ ਦੇਸਾਈ ਦਾ ਜ਼ਬਰਦਸਤ ਬਚਾਅ ਕੀਤਾ। ਪਰ 24 ਘੰਟਿਆਂ ਦੇ ਅੰਦਰ ਉਹੀ ਜਾਰਜ ਚਰਨ ਸਿੰਘ ਦੇ ਖੇਮੇ 'ਚ ਪਹੁੰਚ ਗਏ।

ਇਸ ਨਾਲ ਜਾਰਜ ਦਾ ਕਾਫੀ ਮਜ਼ਾਕ ਉੱਡਿਆ ਅਤੇ ਚਰਨ ਸਿੰਘ ਨੇ ਉਨ੍ਹਾਂ ਨੂੰ ਆਪਣੇ ਮੰਤਰੀ ਮੰਡਲ ਤੱਕ ਵਿੱਚ ਨਹੀਂ ਲਿਆ।

ਜਾਰਜ ਦੀ ਜੀਵਨ ਸਾਥੀ ਲੈਲਾ ਕਬੀਰ

ਨਹਿਰੂ ਦੇ ਮੰਤਰੀ ਮੰਡਲ ਵਿੱਚ ਸਿੱਖਿਆ ਮੰਤਰੀ ਰਹੇ ਹੁਮਾਂਯੂ ਕਬੀਰ ਦੀ ਧੀ ਲੈਲਾ ਕਬੀਰ ਨਾਲ ਜਾਰਜ ਦੀ ਮੁਲਾਕਾਤ 1971 ਵਿੱਚ ਕੋਲਕਾਤਾ ਤੋਂ ਦਿੱਲੀ ਆਉਂਦੇ ਹੋਏ ਇੰਡੀਅਨ ਏਅਰਲਾਈਨਜ਼ ਦੀ ਇੱਕ ਫਲਾਈਟ ਵਿੱਚ ਹੋਈ ਸੀ।

ਦਿੱਲੀ ਪਹੁੰਚਣ 'ਤੇ ਜਾਰਜ ਨੇ ਲੈਲਾ ਨੂੰ ਉਨ੍ਹਾਂ ਦੇ ਘਰ ਛੱਡਣ ਦੀ ਪੇਸ਼ਕਸ਼ ਕੀਤੀ ਸੀ, ਜਿਸਨੂੰ ਉਨ੍ਹਾਂ ਨੇ ਸਵੀਕਾਰ ਨਹੀਂ ਕੀਤਾ ਸੀ।

Image copyright WWW.GEORGERNANDES.ORG

ਪਰ ਤਿੰਨ ਮਹੀਨੇ ਬਾਅਦ ਜਾਰਜ ਨੇ ਉਨ੍ਹਾਂ ਨੂੰ ਵਿਆਹ ਲਈ ਪੁੱਛਿਆ ਅਤੇ ਉਹ ਮੰਨ ਗਈ।

ਉਨ੍ਹਾਂ ਦੇ ਵਿਆਹ ਵਿੱਚ ਇੰਦਰਾ ਗਾਂਧੀ ਵੀ ਸ਼ਾਮਲ ਹੋਈ ਸੀ। ਪਰ 1984 ਤੱਕ ਜਾਰਜ ਅਤੇ ਲੈਲਾ ਦੇ ਸਬੰਧਾਂ ਵਿੱਚ ਦਰਾੜ ਪੈਣੀ ਸ਼ੁਰੂ ਹੋ ਗਈ ਸੀ।

ਜਾਰਜ ਦੀ ਜ਼ਿੰਦਗੀ 'ਚ ਜਯਾ ਜੇਟਲੀ ਦੀ ਐਂਟਰੀ

1977 ਵਿੱਚ ਜਾਰਜ ਫਰਨਾਂਡੇਜ਼ ਜਯਾ ਜੇਤਲੀ ਨੂੰ ਮਿਲੇ। ਉਹ ਉਦਯੋਗ ਮੰਤਰੀ ਸਨ ਅਤੇ ਜਯਾ ਦੇ ਪਤੀ ਅਸ਼ੋਕ ਜੇਤਲੀ ਉਨ੍ਹਾਂ ਦੇ ਸਪੈਸ਼ਲ ਅਸਿਸਟੈਂਟ ਸਨ।

ਜਯਾ ਨੇ ਜਾਰਜ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ 1984 ਤੱਕ ਦੋਵੇਂ ਆਪਣੇ ਨਿੱਜੀ ਜੀਵਨ ਦੀਆਂ ਗੱਲਾਂ ਵੀ ਸਾਂਝੀਆਂ ਕਰਨ ਲੱਗੇ।

Image copyright WWW.GEORGERNANDES.ORG

ਜਯਾ ਨੇ ਦੱਸਿਆ, ਉਸ ਵੇਲੇ ਉਨ੍ਹਾਂ ਦੀ ਪਤਨੀ ਕਾਫੀ ਬੀਮਾਰ ਰਹਿੰਦੀ ਸੀ ਅਤੇ ਲੰਮੇ ਸਮੇਂ ਲਈ ਅਮਰੀਕਾ ਤੇ ਬ੍ਰਿਟੇਨ ਚਲੀ ਜਾਂਦੀ ਸੀ। ਜਾਰਜ ਜਦ ਬਾਹਰ ਜਾਂਦੇ ਸੀ ਤਾਂ ਆਪਣੇ ਬੇਟੇ ਸ਼ਾਨ ਨੂੰ ਮੇਰੇ ਇੱਥੇ ਛੱਡ ਜਾਂਦੇ ਸੀ।

ਕੀ ਜਾਰਜ ਜਯਾ ਦੇ ਦੋਸਤ ਸਨ ਜਾਂ ਉਸ ਤੋਂ ਵੱਧ ਕੁਝ ਹੋਰ

ਜਯਾ ਨੇ ਕਿਹਾ, ਦੋਸਤ ਕਈ ਕਿਸਮ ਦੇ ਹੁੰਦੇ ਹਨ ਅਤੇ ਦੋਸਤੀ ਦੇ ਵੀ ਕਈ ਪੱਧਰ ਹੁੰਦੇ ਹਨ। ਜਾਰਜ ਨੇ ਹੀ ਮੈਨੂੰ ਵਿਸ਼ਵਾਸ ਦਵਾਇਆ ਸੀ ਕਿ ਔਰਤਾਂ ਦੀ ਸੋਚ ਵੀ ਰਾਜਨੀਤਕ ਹੋ ਸਕਦੀ ਹੈ।

ਇਨ੍ਹਾਂ ਗੱਲਾਂ ਨੇ ਹੀ ਸਾਨੂੰ ਆਪਸ ਵਿੱਚ ਜੋੜਿਆ।

ਬਾਗੀ ਸਿਆਸੀ ਆਗੂ

Image copyright WWW.GEORGERNANDES.ORG

ਜਾਰਜ ਫਰਨਾਂਡੇਜ਼ ਪਰੰਪਰਾਵਾਂ ਨਹੀਂ ਮੰਨਦੇ ਸਨ। ਉਨ੍ਹਾਂ ਨੂੰ ਕਿਤਾਬਾਂ ਪੜ੍ਹਣ ਦਾ ਬਹੁਤ ਸ਼ੌਂਕ ਸੀ, ਹੈਰੀ ਪੌਟਰ ਦੀਆਂ ਕਿਤਾਬਾਂ ਹੋਣ ਜਾਂ ਫੇਰ ਵਿੰਸਟਨ ਚਰਚਿਲ ਦੀ ਜੀਵਨੀ। ਉਨ੍ਹਾਂ ਦੀ ਇੱਕ ਸ਼ਾਨਦਾਰ ਲਾਈਬ੍ਰੇਰੀ ਵੀ ਸੀ। ਜਿਸ ਦੀਆਂ ਸਾਰੀਆਂ ਕਿਤਾਬਾਂ ਉਨ੍ਹਾਂ ਨੇ ਪੜ੍ਹ ਰੱਖੀਆਂ ਸਨ।

ਜਯਾ ਜੇਤਲੀ ਨੇ ਦੱਸਿਆ, ਆਪਣੀ ਜ਼ਿੰਦਗੀ 'ਚ ਉਨ੍ਹਾਂ ਨੇ ਨਾ ਹੀ ਕਦੇ ਕੰਘਾ ਖਰੀਦਿਆ ਅਤੇ ਨਾ ਹੀ ਕਦੇ ਉਸਦਾ ਇਸਤੇਮਾਲ ਕੀਤਾ। ਉਹ ਆਪਣੇ ਕੱਪੜੇ ਆਪ ਧੋਂਦੇ ਸੀ।

ਲਾਲੂ ਯਾਦਵ ਨੇ ਇੱਕ ਵਾਰ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਜਾਰਜ ਬਿਲਕੁਲ ਬੋਗਸ ਆਦਮੀ ਹਨ। ਉਹ ਧੋਬੀ ਤੋਂ ਕੱਪੜੇ ਧੁਆਉਂਦੇ ਹਨ ਅਤੇ ਉੱਥੋ ਧੌਤੇ ਜਾਣ ਤੋਂ ਬਾਅਦ ਮਿੱਟੀ 'ਚ ਨਿਚੋੜ ਕੇ ਮੁੜ ਪਾ ਲੈਂਦੇ ਹਨ।

ਤਹਿਲਕਾ ਸਟਿੰਗ

ਜਯਾ ਜੇਤਲੀ ਦੇ ਸਿਆਸੀ ਕਰੀਅਰ ਨੂੰ ਉਸ ਵੇਲੇ ਧੱਕਾ ਲੱਗਿਆ ਜਦ ਤਹਿਲਕਾ ਨੇ ਇੱਕ ਸਟਿੰਗ ਆਪਰੇਸ਼ਨ ਵਿੱਚ ਉਨ੍ਹਾਂ 'ਤੇ ਕੁਝ ਰੱਖਿਆ ਸੌਦਿਆਂ ਲਈ ਰਿਸ਼ਵਤ ਲੈਣ ਦਾ ਇਲਜ਼ਾਮ ਲਗਾਇਆ।

Image copyright WWW.GEORGERNANDES.ORG

ਜਯਾ ਨੇ ਕਿਹਾ, ਸਟਿੰਗ ਕਰਨ ਵਾਲੇ ਲੋਕਾਂ ਨੂੰ ਮੈਂ ਪਹਿਲਾਂ ਕਦੇ ਵੀ ਨਹੀਂ ਮਿਲੀ ਸੀ। ਉਨ੍ਹਾਂ ਮੈਨੂੰ ਕਿਹਾ ਕਿ ਮੈਂ ਇਹ ਮੈਡਮ ਨੂੰ ਦੇ ਦਵਾਂ। ਉਹ ਕੀ ਦੇ ਰਹੇ ਹਨ, ਮੈਨੂੰ ਇਸ ਦਾ ਨਹੀਂ ਪਤਾ ਸੀ। ਉਨ੍ਹਾਂ ਪਹਿਲਾਂ ਕਿਹਾ ਸੀ ਕਿ ਉਹ ਪਾਰਟੀ ਲਈ ਕੁਝ ਦੇਣਾ ਚਾਹੁੰਦੇ ਹਨ।

ਸੱਚਾਈ ਜੋ ਵੀ ਹੋਵੇ, ਜਯਾ ਜੇਤਲੀ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਈ। ਉਨ੍ਹਾਂ ਨੂੰ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਛੱਡਣਾ ਪਿਆ ਤੇ ਜਾਰਜ ਫਰਨਾਂਡੇਜ਼ ਨੂੰ ਵੀ ਰੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ