ਜਾਰਜ ਫਰਨਾਂਡੇਜ਼ ਦਾ ਸੋਗ ਲੋਕ ਜਯਾ ਜੇਟਲੀ ਨੂੰ ਕਿਉਂ ਜਤਾ ਕਰ ਰਹੇ ਹਨ? - ਬਲਾਗ

ਜਯਾ ਤੇ ਲੀਲਾ

"ਮੈਂ ਜਯਾ ਜੇਟਲੀ ਬਾਰੇ ਸੋਚ ਰਹੀ ਹਾਂ। ਅਸੀਂ ਜਿਸ ਦੁਨੀਆ ਵਿੱਚ ਰਹਿੰਦੇ ਹਾਂ ਉਹ ਉੱਥੇ ਕਾਫ਼ੀ ਅਨਿਆ ਹੁੰਦਾ ਹੈ। ਰੱਬ ਉਨ੍ਹਾਂ ਨੂੰ ਹਿੰਮਤ ਅਤੇ ਸ਼ਾਂਤੀ ਦੇਵੇ।"

"ਜਯਾ ਜੇਟਲੀ ਨੂੰ ਹਿੰਮਤ ਮਿਲੇ- ਜੋ ਉਨ੍ਹਾਂ ਨੇ ਕੀਤਾ ਸੀ ਅਤੇ ਜਿਨ੍ਹਾਂ ਨੇ ਉਨ੍ਹਾਂ ਦਾ ਖਿਆਲ ਰੱਖਿਆ ਜਦੋਂ ਉਨ੍ਹਾਂ ਦੇ ਪਰਿਵਾਰ ਸਣੇ ਬਾਕੀ ਉਨ੍ਹਾਂ ਨੂੰ ਛੱਡ ਕੇ ਚਲੇ ਗਏ।"

"ਜਾਰਜ ਫਰਨਾਂਡੇਜ਼ ਜਿਨ੍ਹਾਂ ਦੇ ਬੰਦ ਦੇ ਇੱਕ ਸੱਦੇ ਨਾਲ ਪੂਰੇ ਭਾਰਤੀ ਰੇਲਵੇ ਦਾ ਕੰਮ ਰੁੱਕ ਜਾਂਦਾ ਸੀ, ਨਹੀਂ ਰਹੇ। ਇਸ ਵੇਲੇ ਮੈਂ ਲੰਬੇ ਵੇਲੇ ਤੱਕ ਉਨ੍ਹਾਂ ਦੀ ਦੋਸਤ ਰਹੀ ਜਯਾ ਜੇਟਲੀ ਦੇ ਬਾਰੇ ਸੋਚ ਰਹੀ ਹਾਂ।"

ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਦੀ ਮੌਤ 'ਤੇ ਟਵਿੱਟਰ ਉੱਤੇ ਇਹ ਸੋਗ ਸੁਨੇਹੇ ਜਯਾ ਜੇਟਲੀ ਨੂੰ ਲਿਖੇ ਜਾ ਰਹੇ ਹਨ।

ਪੱਤਰਕਾਰ ਵੀ ਜਾਰਜ ਫਰਨਾਂਡੇਜ਼ ਦੇ ਅੰਤਮ ਸਸਕਾਰ ਦੀ ਜਾਣਕਾਰੀ ਸਮਤਾ ਪਾਰਟੀ ਦੀ ਸਾਬਕਾ ਪ੍ਰਧਾਨ ਜਯਾ ਜੇਟਲੀ ਤੋਂ ਮੰਗ ਰਹੇ ਸਨ।

ਜਯਾ ਜੇਟਲੀ, ਜਾਰਜ ਫੈਰਨਾਂਡੇਜ਼ ਨਾਲ ਆਪਣੇ ਰਿਸ਼ਤੇ ਨੂੰ ਦੋਸਤੀ ਦਾ ਹੀ ਨਾਮ ਦਿੰਦੀ ਆਈ ਹੈ। ਇਹ ਵੱਖਰੀ ਗੱਲ ਹੈ ਕਿ ਉਹ ਕਈ ਸਾਲ ਉਨ੍ਹਾਂ ਦੇ ਘਰ ਰਹੀ। ਇਸ ਨੂੰ ਆਮ ਭਾਸ਼ਾ ਵਿੱਚ 'ਲਿਵ-ਇਨ ਰਿਲੇਸ਼ਨਸ਼ਿਪ' ਦਾ ਨਾਮ ਦਿੱਤਾ ਗਿਆ ਹੈ।

ਆਗੂਆਂ ਦੇ 'ਲਿਵ-ਇਨ ਰਿਲੇਸ਼ਨਸ਼ਿਪ' ਕਬੂਲ?

ਆਮ ਜਨਤਾ ਨੇ ਇਨ੍ਹਾਂ ਆਗੂਆਂ ਨੂੰ 'ਲਿਵ-ਇਨ ਰਿਲੇਸ਼ਨਸ਼ਿਪ' ਵਿੱਚ ਹੋਣ ਕਾਰਨ ਨਕਾਰਿਆ ਨਹੀਂ, ਨਾ ਹੀ ਇਹਨਾਂ ਆਗੂਆਂ ਨੇ ਇਸ ਸੱਚਾਈ ਨੂੰ ਕਦੇ ਲੁਕਾਇਆ ਸੀ।

ਇਹ ਵੀ ਪੜ੍ਹੋ:

ਬੀਬੀਸੀ ਨਾਲ ਗੱਲਬਾਤ ਦੌਰਾਨ ਇੱਕ ਵਾਰ ਜਯਾ ਜੇਟਲੀ ਨੇ ਇਸ ਰਿਸ਼ਤੇ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ ਸੀ, "ਕਈ ਕਿਸਮ ਦੇ ਦੋਸਤ ਹੁੰਦੇ ਹਨ ਅਤੇ ਦੋਸਤੀ ਦੇ ਵੀ ਬਹੁਤ ਸਾਰੇ ਪੱਧਰ ਹੁੰਦੇ ਹਨ। ਔਰਤਾਂ ਨੂੰ ਇਕ ਕਿਸਮ ਦੇ ਬੌਧਿਕ ਸਨਮਾਨ ਦੀ ਬਹੁਤ ਲੋੜ ਹੁੰਦੀ ਹੈ।

Image copyright Twitter

ਸਾਡੇ ਮਰਦ ਪ੍ਰਧਾਨ ਸਮਾਜ ਦੇ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਔਰਤਾਂ ਕਮਜ਼ੋਰ ਦਿਮਾਗ ਅਤੇ ਕਮਜ਼ੋਰ ਸਰੀਰ ਦੀਆਂ ਹੁੰਦੀਆਂ ਹਨ। ਜਾਰਜ ਵਾਹਿਦ ਸਖਸ਼ ਸਨ ਜਿਨ੍ਹਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਔਰਤਾਂ ਦੀ ਵੀ ਸਿਆਸੀ ਸੋਚ ਹੋ ਸਕਦੀ ਹੈ।"

ਸਿਆਸੀ ਕੰਮ ਦੇ ਚੱਲਦੇ ਹੋਏ ਇਹ ਦੋਸਤੀ ਸਮੇਂ ਦੇ ਨਾਲ ਗਹਿਰੀ ਹੋ ਗਈ। ਜਦੋਂ ਜਯਾ ਅਤੇ ਉਨ੍ਹਾਂ ਦੇ ਪਤੀ ਅਸ਼ੋਕ ਜੇਟਲੀ ਅਲਗ ਹੋ ਗਏ ਅਤੇ ਜਾਰਜ ਅਤੇ ਉਨ੍ਹਾਂ ਦੀ ਪਤਨੀ ਲੈਲਾ ਕਬੀਰ ਵੱਖ ਹੋ ਗਏ ਉਦੋਂ 1980 ਦੇ ਦਹਾਕੇ ਵਿੱਚ ਜਯਾ ਜਾਰਜ ਨਾਲ ਰਹਿਣ ਲੱਗੀ।

ਜਯਾ ਨੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ "ਰੋਮਾਂਸ ਬਿਲਕੁਲ ਨਹੀਂ ਸੀ" ਪਰ ਲੋਕ ਗੱਲਾਂ ਬਣਾਉਂਦੇ ਸਨ। ਤਾਂ ਜਾਰਜ ਉਨ੍ਹਾਂ ਨੂੰ ਕਹਿੰਦੇ ਸਨ ਕਿ ਸਿਆਸਤ ਫੁੱਲਾਂ ਦੀ ਸੇਜ ਨਹੀਂ ਹੈ ਇਸ ਲਈ ਉਡੀਕ ਨਾ ਕਰੋ ਕਿ ਕੋਈ ਤੁਹਾਡਾ ਬਿਸਤਰ ਠੀਕ ਕਰੇਗਾ।

ਜਾਰਜ ਨਾਲ ਰਹਿਣਾ ਉਨ੍ਹਾਂ ਦਾ ਨਿੱਜੀ ਫੈਸਲਾ ਸੀ। ਜਯਾ ਕਹਿੰਦੀ ਹੈ ਕਿ ਜਾਰਜ ਨੇ ਸਾਫ਼ ਕਿਹਾ ਸੀ ਕਿ ਬਹੁਤ ਮੁਸ਼ਕਿਲ ਲੱਗਣ ਲੱਗੇ ਤਾਂ ਉਹ ਛੱਡ ਕੇ ਜਾਣ ਲਈ ਆਜ਼ਾਦ ਹੈ।

ਸਿਖਰ 'ਤੇ ਸੀ ਸਿਆਸੀ ਕਰੀਅਰ

ਅੱਜ ਤੋਂ 30 ਸਾਲ ਪਹਿਲਾਂ 'ਲਿਵ ਇਨ ਰਿਲੇਸ਼ਨਸ਼ਿਪ' ਬਾਰੇ ਨਾ ਖੁੱਲ੍ਹੀ ਬਹਿਸ ਸੀ ਨਾ ਹੀ ਖੁੱਲ੍ਹੀ ਸੋਚ ਅਤੇ ਨਾ ਹੀ ਸੁਪਰੀਮ ਕੋਰਟ ਦੇ ਕਿਸੇ ਫੈਸਲੇ ਜਾਂ ਘਰੇਲੂ ਹਿੰਸਾ ਦੇ ਕਾਨੂੰਨ ਦੇ ਜ਼ਰੀਏ ਇਸ ਨੂੰ ਕਾਨੂੰਨੀ ਮਾਨਤਾ ਮਿਲੀ ਸੀ।

ਹੁਣ ਕਾਨੂੰਨ ਦੀ ਨਜ਼ਰ ਵਿੱਚ ਲੰਬੇ ਵੇਲੇ ਤੱਕ ਨਾਲ ਰਹਿ ਚੁੱਕੇ ਮਰਦ ਅਤੇ ਔਰਤ ਨੂੰ ਵਿਆਹੁਤਾ ਮੰਨਿਆ ਜਾਂਦਾ ਹੈ, ਉਨ੍ਹਾਂ ਦੀ ਔਲਾਦ ਜਾਇਜ਼ ਮੰਨੀ ਜਾਂਦੀ ਹੈ ਅਤੇ ਅਜਿਹੇ ਰਿਸ਼ਤੇ ਵਿੱਚ ਰਹਿਣ 'ਤੇ 'ਪਤਨੀ' ਵਾਂਗ ਹੀ ਔਰਤ ਘਰੇਲੂ ਹਿੰਸਾ ਦੀ ਸ਼ਿਕਾਇਤ ਕਰ ਸਕਦੀ ਹੈ।

Image copyright Twitter

ਪਰ ਉਦੋਂ ਨਹੀਂ। ਉਦੋਂ ਇਹ ਦੋਨੋਂ ਆਗੂ ਆਪਣੇ ਸਿਖਰ 'ਤੇ ਸਨ। ਜਾਰਜ ਰੱਖਿਆ ਮੰਤਰੀ ਸਨ ਅਤੇ ਜਯਾ ਜੇਟਲੀ ਸਮਤਾ ਪਾਰਟੀ ਦੀ ਪ੍ਰਧਾਨ।

ਲੇਖਿਕਾ ਅਤੇ ਕਾਲਮਨਵੀਸ ਸ਼ੋਭਾ ਡੇਅ ਕਹਿੰਦੀ ਹੈ ਕਿ ਜਯਾ ਜੇਟਲੀ ਅਤੇ ਜਾਰਜ ਫਰਨਾਂਡੇਜ਼ ਸਿਰਫ਼ ਸਮਤਾ ਪਾਰਟੀ ਵਿੱਚ 'ਨਾਲ ਕੰਮ ਕਰਨ ਵਾਲੇ' ਸਹਿਯੋਗੀ ਨਹੀਂ ਸਨ। ਉਨ੍ਹਾਂ ਵਿਚਾਲੇ ਰਿਸ਼ਤਾ ਸਿਰਫ਼ ਸਮਾਜਵਾਦੀ ਵਿਚਾਰਧਾਰਾ ਨਾਲ ਜੁੜਿਆ ਨਹੀਂ ਸੀ।

ਉਨ੍ਹਾਂ ਵਿਚ ਡੂੰਘੇ ਸਬੰਧ ਸਨ ਜੋ ਕਿ ਜਗਜ਼ਾਹਿਰ ਸੀ ਅਤੇ ਉਨ੍ਹਾਂ ਨੇ ਇਹ ਕਦੇ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ।

ਸਿਆਸਤ ਵਿੱਚ ਜਨਤੱਕ ਲੋਕ ਭਲਾਈ ਦੇ ਕੰਮਾਂ ਨਾਲ ਜੁੜੇ ਲੋਕ ਆਪਣੀ ਨਿੱਜੀ ਜ਼ਿੰਦਗੀ ਬਾਰੇ 'ਪਾਕ- ਸਾਫ਼' ਛਬੀ ਬਣਾਉਣਾ ਪਸੰਦ ਕਰਦੇ ਹਨ।

Image copyright Twitter

ਅਮਰੀਕੀ ਸਿਆਸਤ ਵਿੱਚ ਪਤੀ-ਪਤਨੀ ਅਤੇ ਬੱਚਿਆਂ ਸਣੇ ਪੂਰਾ ਪਰਿਵਾਰ ਹੋਣਾ ਕਿਸੇ ਵੀ ਸਿਆਸਤਦਾਨ ਦੇ ਲਈ ਇੱਕ ਉਪਲਬਧੀ ਵਰਗਾ ਮੰਨਿਆ ਜਾਂਦਾ ਹੈ ਅਤੇ ਉਹ ਆਪਣੇ ਪ੍ਰਚਾਰ ਵਿੱਚ ਇਸ ਦੀ ਵਰਤੋਂ ਕਰਦੇ ਹਨ।

ਭਾਰਤ ਵਿੱਚ ਪਰਿਵਾਰ ਦਾ ਉੱਚਾ ਦਰਜਾ ਹੈ। 'ਲਿਵ-ਇਨ ਰਿਲੇਸ਼ਨ' ਜਾਂ ਦੂਜੇ ਵਿਆਹ ਨੂੰ ਥੋੜਾ ਘੱਟ ਆਂਕਿਆ ਜਾਂਦਾ ਹੈ। ਪਰ ਸਿਆਸਤਦਾਨ ਇਨ੍ਹਾਂ ਦੋਨੋਂ ਰਾਹਾਂ 'ਤੇ ਚੱਲਦੇ ਆਏ ਹਨ ਅਤੇ ਜਨਤਾ ਨੇ ਉਨ੍ਹਾਂ ਨੂੰ ਨਹੀਂ ਠੁਕਰਾਇਆ।

ਕਰਨਾਟਕ ਦੇ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਦੇ ਅਦਾਕਾਰਾ ਰਾਧਿਕਾ ਕੁਮਾਰਸਵਾਮੀ ਦੇ ਸਬੰਧਾਂ ਬਾਰੇ ਵੀ ਕਈ ਅਟਕਲਾਂ ਲੱਗੀਆਂ। ਪਰ ਵਟਸਐਪ 'ਤੇ ਚੱਲ ਰਹੇ ਚੁੱਟਕਲਿਆਂ ਅਤੇ ਸੋਸ਼ਲ ਮੀਡੀਆ ਗਲਿਆਰੇ ਤੋਂ ਅੱਗੇ ਉਨ੍ਹਾਂ ਦਾ ਕੋਈ ਅਸਰ ਨਹੀਂ ਨਜ਼ਰ ਆਉਂਦਾ।

Image copyright AFP/Getty Images

ਐਚਡੀ ਕੁਮਾਰਸਵਾਮੀ ਨੇ ਜਨਤਕ ਤੌਰ 'ਤੇ ਕਦੇ ਵੀ ਰਾਧਿਕਾ ਕੁਮਾਰਸਵਾਮੀ ਨੂੰ ਆਪਣੀ ਪਤਨੀ ਨਹੀਂ ਦੱਸਿਆ ਪਰ ਇਸ ਰਿਸ਼ਤੇ ਤੋਂ ਇਨਕਾਰ ਵੀ ਨਹੀਂ ਕੀਤਾ ਗਿਆ।

ਵਾਜਪੇਈ ਦੇ ਰਿਸ਼ਤੇ ਬਾਰੇ ਚਰਚਾ

ਜ਼ਿੰਦਗੀ ਭਰ ਕਵਾਰੇ ਰਹਿਣ ਵਾਲੇ ਅਟਲ ਬਿਹਾਰੀ ਵਾਜਪੇਈ ਦਾ ਰਾਜਕੁਮਾਰੀ ਕੌਲ ਨਾਲ ਰਿਸ਼ਤਾ ਹਮੇਸ਼ਾ ਚਰਚਾ ਵਿੱਚ ਰਿਹਾ ਹਾਲਾਂਕਿ ਵਾਜਪਾਈ ਨੇ ਵੀ ਇਸ ਰਿਸ਼ਤੇ ਬਾਰੇ ਕੁਝ ਨਹੀਂ ਕਿਹਾ।

ਦੋਨੋਂ ਗਵਾਲੀਅਰ ਦੇ ਮਸ਼ਹੂਰ ਵਿਕਟੋਰੀਆ ਕਾਲਜ (ਰਾਣੀ ਲਕਸ਼ਮੀਬਾਈ ਕਾਲਜ) ਵਿੱਚ ਇਕੱਠੇ ਪੜ੍ਹਾਉਂਦੇ ਸਨ। ਬਾਅਦ ਵਿੱਚ ਰਾਜਕੁਮਾਰੀ ਕੌਲ ਅਤੇ ਉਨ੍ਹਾਂ ਦੇ ਪਤੀ ਦੀ ਦੋਸਤੀ ਅਟਲ ਬਿਹਾਰੀ ਵਾਜਪੇਈ ਨਾਲ ਡੂੰਘੀ ਹੋ ਗਈ।

Image copyright Getty Images

ਜਦੋਂ ਵਾਜਪਾਈ ਪ੍ਰਧਾਨ ਮੰਤਰੀ ਬਣੇ ਤਾਂ ਸ਼੍ਰੀਮਤੀ ਕੌਲ ਦਾ ਪਰਿਵਾਰ 7 ਰੇਸ ਕੋਰਸ ਵਿੱਚ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਿੱਚ ਹੀ ਰਹਿਣ ਲੱਗਾ। ਉਨ੍ਹਾਂ ਦੀਆਂ ਦੋ ਧੀਆਂ ਸਨ। ਅਟਲ ਨੇ ਛੋਟੀ ਬੇਟੀ ਨਮਿਤਾ ਨੂੰ ਗੋਦ ਲੈ ਲਿਆ ਸੀ।

ਸੈਵੀ ਮੈਗਜ਼ੀਨ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਸ਼੍ਰੀਮਤੀ ਕੌਲ ਨੇ ਕਿਹਾ, "ਮੈਂ ਅਤੇ ਅਟਲ ਬਿਹਾਰੀ ਵਾਜਪੇਈ ਨੇ ਕਦੇ ਵੀ ਮਹਿਸੂਸ ਨਹੀਂ ਕੀਤੀ ਸੀ ਕਿ ਇਸ ਰਿਸ਼ਤੇ ਬਾਰੇ ਕੋਈ ਸਪਸ਼ਟਤਾ ਦਿੱਤੀ ਜਾਵੇ।

ਆਮ ਲੋਕਾਂ ਦੇ ਮੁਕਾਬਲੇ ਸਿਆਸਤਦਾਨਾਂ ਦੀ ਨਿੱਜੀ ਜ਼ਿੰਦਗੀ ਲਈ ਕੀ ਲੋਕਾਂ ਦੇ ਵੱਖਰੇ ਮਾਪਦੰਡ ਹਨ? ਕੀ ਉਨ੍ਹਾਂ ਦੇ ਨਿੱਜੀ ਸਬੰਧਾਂ ਬਾਰੇ ਸਵਾਲ ਨਾ ਕਰਨਾ ਆਪਣੇ ਆਗੂ ਨੂੰ ਸਨਮਾਨ ਦੇਣਾ ਹੈ? ਜਾਂ ਆਪਣੀ ਜ਼ਿੰਦਗੀ ਦੇ ਰਿਸ਼ਤਿਆਂ ਨਾਲ ਉਲਝਦੇ-ਸੁਲਝਦੇ ਉਨ੍ਹਾਂ ਨੂੰ ਆਗੂਆਂ ਦੀ ਨਿੱਜੀ ਜ਼ਿੰਦਗੀ ਨਾਲ ਕੋਈ ਲੈਣ-ਦੇਣਾ ਨਹੀਂ ਹੈ?

ਇਹ ਵੀ ਪੜ੍ਹੋ:

ਲੋਕ ਘੱਟ ਹੀ ਜਾਣਦੇ ਹਨ ਕਿ ਸਾਲ 2010 ਵਿਚ ਜਾਰਜ ਫਰਨਾਂਡੇਜ਼ ਦੀ ਪਤਨੀ ਲੈਲਾ ਕਬੀਰ ਨੇ ਜਯਾ ਜੇਟਲੀ ਦੇ ਉਨ੍ਹਾਂ ਨਾਲ ਮਿਲਣ ਉੱਤੇ ਰੋਕ ਲਾ ਦਿੱਤੀ ਸੀ।

ਸਾਲ 2008 ਵਿੱਚ ਜਾਰਜ ਨੂੰ 'ਅਲਜ਼ਾਈਮਰ' ਦੀ ਬਿਮਾਰੀ ਹੋ ਗਈ ਸੀ। ਉਨ੍ਹਾਂ ਦੀ ਯਾਦਾਸ਼ਤ ਅਤੇ ਪਛਾਣਨ ਦੀ ਸ਼ਕਤੀ ਜਾਂਦੀ ਰਹੀ।

ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਜਯਾ ਨੂੰ 2014 ਵਿਚ ਹਰ 15 ਦਿਨਾਂ ਵਿਚ ਸਿਰਫ਼ 15 ਮਿੰਟਾਂ ਲਈ ਜਾਰਜ ਫਰਨਾਂਡੇਜ਼ ਨੂੰ ਮਿਲਣ ਦੀ ਇਜਾਜ਼ਤ ਮਿਲੀ।

ਪਰ ਜ਼ਿੰਦਗੀ ਵਿੱਚ ਕਈ ਬਦਲਾਅ ਆਉਂਦੇ ਹਨ। ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਯਾ ਨੇ ਦੱਸਿਆ ਕਿ ਲੈਲਾ ਕਬੀਰ ਨੇ ਹੀ ਜਾਰਜ ਫਰਨਾਂਡੇਜ਼ ਦੀ ਮੌਤ ਦੀ ਖ਼ਬਰ ਦਿੱਤੀ ਅਤੇ ਉਨ੍ਹਾਂ ਨੂੰ ਘਰ ਸੱਦਿਆ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ