ਪ੍ਰਿਅੰਕਾ ਗਾਂਧੀ ਦੇ 'ਨਸ਼ੇ' ਵਾਲੇ ਵੀਡੀਓ ਦਾ ਕੀ ਹੈ ਸੱਚ

ਪ੍ਰਿਅੰਕਾ ਗਾਂਧੀ Image copyright Getty Images

ਸੋਸ਼ਲ ਮੀਡੀਆ 'ਤੇ ਕਾਂਗਰਸ ਦੀ ਨਵੀਂ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਵੀਡੀਓ ਦਾ ਹਵਾਲਾ ਦੇ ਕੇ ਲੋਕ ਉਨ੍ਹਾਂ ਦੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦੀ ਦਾਅਵਾ ਕਰ ਰਹੇ ਹਨ।

ਕਰੀਬ 10 ਸਕਿੰਟ ਦੇ ਇਸ ਵੀਡੀਓ ਵਿੱਚ ਪ੍ਰਿਅੰਕਾ ਮੀਡੀਆ ਦੇ ਲੋਕਾਂ 'ਤੇ ਭੜਕਦੇ ਹੋਏ ਨਜ਼ਰ ਆਉਂਦੇ ਹਨ।

ਕੁਝ ਲੋਕਾਂ ਨੇ ਇਸ ਵੀਡੀਓ ਦਾ ਕੇਵਲ 6 ਸਕਿੰਟ ਦਾ ਹਿੱਸਾ ਹੀ ਸ਼ੇਅਰ ਕੀਤਾ ਹੈ ਜਿਸ ਵਿੱਚ ਪ੍ਰਿਅੰਕਾ ਗਾਂਧੀ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ''ਹੁਣ ਤੁਸੀਂ ਚੁੱਪਚਾਪ ਖੜ੍ਹੇ ਹੋ ਕੇ ਉੱਥੋਂ ਤੱਕ ਚੱਲੋਗੇ।''

ਸਾਰੀਆਂ ਥਾਂਵਾਂ 'ਤੇ ਪੋਸਟ ਕੀਤਾ ਇਹ ਵੀਡੀਓ ਇੰਨਾਂ ਧੁੰਦਲਾ ਹੈ ਕਿ ਇਸ ਨੂੰ ਦੇਖ ਕੇ ਲੱਗੇਗਾ ਕਿ ਪ੍ਰਿਅੰਕਾ ਗਾਂਧੀ ਦੀਆਂ ਅੱਖਾਂ ਹੇਠਾਂ ਕਾਲੇ ਨਿਸ਼ਾਨ ਪੈ ਗਏ ਹਨ।

'ਆਈ ਐੱਮ ਵਿਦ ਯੋਗੀ ਅਦਿੱਤਿਆਨਾਥ', 'ਰਾਜਪੂਤ ਸੇਨਾ' ਅਤੇ 'ਮੋਦੀ ਮਿਸ਼ਨ 2019' ਸਣੇ ਕਈ ਵੱਡੇ ਫੇਸਬੁੱਕ ਪੇਜਾਂ ਅਤੇ ਗਰੁੱਪਸ ਤੋਂ ਇਹ ਵੀਡੀਓ ਸੈਂਕੜੇ ਵਾਰ ਸ਼ੇਅਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:-

ਇਨ੍ਹਾਂ ਸਾਰਿਆਂ ਗੁਰੱਪਾਂ ਵਿੱਚ ਲੋਕਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਇਹ ਦਾਅਵਾ ਕੀਤਾ ਹੈ ਕਿ ਪ੍ਰਿਅੰਕਾ ਗਾਂਧੀ ਨੇ ਸ਼ਰਾਬ ਦੇ ਨਸ਼ੇ ਵਿੱਚ ਮੀਡੀਆ ਦੇ ਲੋਕਾਂ ਨਾਲ ਬਦਸਲੂਕੀ ਕੀਤੀ ਹੈ।

ਪਰ ਆਪਣੀ ਪੜਤਾਲ ਵਿੱਚ ਸਾਨੂੰ ਇਹ ਸਾਰੇ ਦਾਅਵੇ ਪੂਰੇ ਤਰੀਕੇ ਨਾਲ ਗਲਤ ਮਿਲੇ ਹਨ।

ਜਦੋਂ ਪ੍ਰਿਅੰਕਾ ਦਾ ਗੁੱਸਾ ਫੁੱਟਿਆ...

ਰਿਵਰਸ ਇਮੇਜ ਸਰਚ ਤੋਂ ਪਤਾ ਲਗਿਆ ਕਿ ਇਹ ਵੀਡੀਓ ਵੀਰਵਾਰ, 12 ਅਪ੍ਰੈਲ ਦਾ ਹੈ।

12 ਅਪ੍ਰੈਲ ਦੀ ਸ਼ਾਮ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੌਲੋਅਰਜ਼ ਤੋਂ ਕਠੂਆ ਅਤੇ ਉਨਾਵ ਰੇਪ ਕੇਸ ਦੇ ਖਿਲਾਫ਼ ਦਿੱਲੀ ਦੇ ਇੰਡੀਆ ਗੇਟ 'ਤੇ ਮਿਡਨਾਈਟ ਪ੍ਰੋਟੈਸਟ' ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਸੀ।

ਜਨਵਰੀ 2018 ਵਿੱਚ ਜੰਮੂ ਦੇ ਕਠੂਆ ਜ਼ਿਲ੍ਹੇ ਵਿੱਚ ਬਕਰਵਾਲ ਭਾਈਚਾਰੇ ਦੀ ਇੱਕ ਨਾਬਾਲਿਗ ਕੁੜੀ ਨਾਲ ਗੈਂਗਰੇਪ ਕਰ ਉਸ ਦਾ ਕਤਲ ਕਰ ਦਿੱਤਾ ਗਿਆ ਸੀ।

Image copyright Getty Images

ਉੱਥੇ ਹੀ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਭਾਜਪਾ ਆਗੂ ਕੁਲਦੀਪ ਸਿੰਘ ਸੇਂਗਰ 'ਤੇ ਉਨਾਵ ਵਿੱਚ ਇੱਕ ਨਾਬਾਲਿਗ ਕੁੜੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲੱਗੇ ਸਨ।

ਦੋਵੇਂ ਹੀ ਮਾਮਲੇ ਕਾਫੀ ਸੁਰਖ਼ੀਆਂ ਵਿੱਚ ਰਹੇ ਸਨ ਪਰ ਇਨ੍ਹਾਂ ਨੂੰ ਲੈ ਕੇ ਪੂਰੇ ਦੇਸ ਵਿੱਚ ਪ੍ਰਦਰਸ਼ਨ ਵੀ ਹੋਏ ਸਨ।

12 ਅਪ੍ਰੈਲ ਨੂੰ ਹੋਏ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਰਾਹੁਲ ਗਾਂਧੀ ਦੀ ਛੋਟੀ ਭੈਣ ਪ੍ਰਿਅੰਕਾ ਗਾਂਧੀ ਆਪਣੀ ਧੀ ਮਿਰਾਇਆ ਅਤੇ ਪਤੀ ਰੌਬਰਟ ਵਾਡਰਾ ਨਾਲ ਸ਼ਾਮਿਲ ਹੋਏ ਸਨ।

ਇਸ ਪ੍ਰਦਰਸ਼ਨ ਦਾ ਮੁੱਖ ਨਾਅਰਾ ਸੀ - 'ਮੋਦੀ ਭਜਾਓ, ਦੇਸ ਬਚਾਓ'

ਰਾਹੁਲ ਅਤੇ ਪ੍ਰਿਅੰਕਾ ਦੋਵਾਂ ਦੇ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਨਾਲ ਕਾਂਗਰਸੀ ਵਰਕਰਾਂ ਵਿੱਚ ਆਪਣੇ ਆਗੂ ਦੇ ਕਰੀਬ ਪਹੁੰਚਣ ਦੀ ਹੋੜ ਸ਼ੁਰੂ ਹੋ ਗਈ ਸੀ।

ਖੁਦ ਪ੍ਰਿਅੰਕਾ ਗਾਂਧੀ ਨੂੰ ਵੀ ਇੰਡੀਆ ਗੇਟ ਨਾਲ ਲਗਦੇ ਮੁੱਖ ਪ੍ਰਦਰਸ਼ਨ ਵਾਲੀ ਥਾਂ ਤੱਕ ਪਹੁੰਚਣ ਵਿੱਚ ਦਿੱਕਤ ਹੋਈ ਸੀ।

ਕੁਝ ਰਿਪੋਰਟਾਂ ਅਨੁਸਾਰ ਪ੍ਰਿਅੰਕਾ ਗਾਂਧੀ ਆਪਣੇ ਅਤੇ ਆਪਣੀ ਧੀ ਮਿਰਾਇਆ ਦੇ ਨਾਲ ਧੱਕਾ-ਮੁੱਕੀ ਤੋਂ ਨਾਰਾਜ਼ ਹੋਏ ਸਨ।

ਉਨ੍ਹਾਂ ਨੇ ਮੁੱਖ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚ ਕੇ ਪਾਰਟੀ ਵਰਕਰਾਂ ਅਤੇ ਮੀਡੀਆ ਮੁਲਾਜ਼ਮਾਂ ਨੂੰ ਕਿਹਾ ਸੀ, ''ਇੱਕ ਵਾਰ ਤੁਸੀਂ ਸੋਚੋ ਕਿ ਤੁਸੀਂ ਕੀ ਕਰ ਰਹੇ ਹੋ। ਹੁਣ ਤੁਸੀਂ ਚੁੱਪਚਾਪ ਖੜ੍ਹੇ ਹੋ ਕੇ ਉੱਥੇ ਤੱਕ ਚੱਲੋਗੇ ਜਿਸ ਨੂੰ ਧੱਕਾ ਮਾਰਨਾ ਹੈ ਉਹ ਘਰ ਚਲੇ ਜਾਣ।''

ਇਹ ਵੀ ਪੜ੍ਹੋ:

12-13 ਅਪ੍ਰੈਲ 2018 ਦੀਆਂ ਤਮਾਮ ਰਿਪੋਰਟਸ ਅਨੁਸਾਰ ਇਹ ਕਹਿਣਾ ਤਾਂ ਠੀਕ ਹੈ ਕਿ ਪ੍ਰਿਅੰਕਾ ਗਾਂਧੀ ਮੀਡੀਆ ਮੁਲਾਜ਼ਮਾਂ ਅਤੇ ਪਾਰਟੀ ਵਰਕਰਾਂ 'ਤੇ ਗੁੱਸਾ ਹੋਈ ਸੀ ਪਰ ਕਿਸੇ ਵੀ ਪਾਰਟੀ ਵਿੱਚ ਉਨ੍ਹਾਂ ਦੇ 'ਸ਼ਰਾਬ ਦੇ ਨਸ਼ੇ ਵਿੱਚ ਹੋਣ ਦੀ ਗੱਲ' ਨਹੀਂ ਮਿਲਦੀ ਹੈ।

ਪ੍ਰਿਅੰਕਾ ਗਾਂਧੀ ਨੂੰ ਰਸਮੀ ਤੌਰ 'ਤੇ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਬਣਾਏ ਜਾਣ ਤੋਂ ਬਾਅਦ ਹੀ ਉਨ੍ਹਾਂ ਦੇ ਖਿਲਾਫ਼ ਗ਼ਲਤ ਪ੍ਰਚਾਰ ਦੀ ਸਮੱਗਰੀ ਸੱਜੇ ਪੱਖੀ ਗਰੁੱਪਾਂ ਵਿੱਚ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ।

ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਪ੍ਰਿਅੰਕਾ ਗਾਂਧੀ ਦਾ ਇਹ ਪੁਰਾਣਾ ਵੀਡੀਓ ਭਾਜਪਾ ਆਗੂ ਸੁਬਰਮਨੀਅਮ ਸਵਾਮੀ ਦੀ ਵਿਵਾਦਿਤ ਟਿੱਪਣੀ ਨਾਲ ਜੋੜਦੇ ਹੋਏ ਵੀ ਪੋਸਟ ਕੀਤਾ ਸੀ।

ਰਾਜਸਭਾ ਮੈਂਬਰ ਸੁਬਰਮਨੀਅਮ ਸਵਾਮੀ ਨੇ ਕਿਹਾ ਸੀ, ''ਪ੍ਰਿਅੰਕਾ ਗਾਂਧੀ ਨੂੰ ਬਾਇਓਪੋਲਰ ਬਿਮਾਰੀ ਹੈ। ਉਹ ਕਾਫ਼ੀ ਹਿੰਸਕ ਵਤੀਰਾ ਕਰਦੀ ਹੈ ਇਸ ਲਈ ਉਨ੍ਹਾਂ ਨੂੰ ਜਨਤਕ ਜੀਵਨ ਵਿੱਚ ਕੰਮ ਨਹੀਂ ਕਰਨਾ ਚਾਹੀਦਾ ਹੈ।''

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)