ਅਕਾਲੀ ਦਲ ਦੇ ਪ੍ਰੋਗਰਾਮ ਨੇੜੇ ਜ਼ੀਰਾ ਨੇ ਕਰਵਾਇਆ ਡੋਪ ਟੈਸਟ, ਸੁਖਬੀਰ ਨੂੰ ਵੀ ਟੈਸਟ ਕਰਵਾਉਣ ਦਾ ਸੱਦਾ - 5 ਅਹਿਮ ਖਬਰਾਂ

ਕੁਲਬੀਰ ਜ਼ੀਰਾ Image copyright Fb/Kulbir zeera

ਦਿ ਟ੍ਰਿਬਿਊਨ ਮੁਤਾਬਕ ਫਿਰਜ਼ੋਪੁਰ ਦੇ ਪਿੰਡ ਠੱਠਾ ਸਿੰਘ ਵਾਲਾ ਵਿੱਚ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਡੋਪ ਟੈਸਟ ਕੈਂਪ ਲਾਇਆ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਥੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ ਉਸ ਦੇ ਨੇੜੇ ਹੀ ਇਹ ਕੈਂਪ ਲਾਇਆ ਗਿਆ ਸੀ।

ਇਸ ਕੈਂਪ ਵਿੱਚ ਪੋਸਟਰ ਲਾਏ ਗਏ ਸਨ ਕਿ 'ਕੁਲਬੀਰ ਸਿੰਘ ਜ਼ੀਰਾ ਅਤੇ ਸੁਖਬੀਰ ਬਾਦਲ ਦਾ ਡੋਪ ਟੈਸਟ ਇੱਥੇ ਹੋਵੇਗਾ'।

ਹਾਲਾਂਕਿ ਸੁਖਬੀਰ ਬਾਦਲ ਤਾਂ ਨਹੀਂ ਪਹੁੰਚੇ ਪਰ ਕੁਲਬੀਰ ਸਿੰਘ ਨੇ ਆਪਣਾ ਡੋਪ ਟੈਸਟ ਜ਼ਰੂਰ ਕਰਵਾਇਆ। ਕੁਲਬੀਰ ਜ਼ੀਰਾ ਨੇ ਕਿਹਾ ਕਿ ਉਹ ਇੱਕ ਮਹੀਨੀ ਹੋਰ ਉਡੀਕ ਕਰਨਗੇ ਕਿ ਸੁਖਬੀਰ ਬਾਦਲ ਡੋਪ ਟੈਸਟ ਕਰਵਾਉਣ।

ਮੌੜ ਧਮਾਕਾ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਸਮਰਥਕਾਂ ਦੀਆਂ ਤਸਵੀਰਾਂ ਜਾਰੀ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਮੌੜ ਧਮਾਕਾ ਮਾਮਲੇ ਵਿੱਚ ਤਿੰਨ ਡੇਰਾ ਸੱਚਾ ਸੌਦਾ ਸਮਰਥਕਾਂ ਦੀਆਂ ਤਸਵੀਰਾਂ ਬਠਿੰਡਾ ਪੁਲਿਸ ਨੇ ਜਾਰੀ ਕਰ ਦਿੱਤੀਆਂ ਹਨ ਅਤੇ ਲੋਕਾਂ ਨੂੰ ਉਨ੍ਹਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ।

ਇਹ ਵੀ ਪੜ੍ਹੋ:

ਦਰਅਸਲ ਤਿੰਨ ਮਹੀਨੇ ਪਹਿਲਾਂ ਡੱਬਵਾਲੀ ਦੇ ਪਿੰਡ ਅਲੀਕਨ ਦੇ ਰਹਿਣ ਵਾਲੇ ਗੁਰਤੇਜ ਸਿੰਘ, ਹਰਿਆਣਾ ਦੇ ਪੇਹੋਵਾ ਦੇ ਪਿੰਡ ਮੈਸੀ ਮਾਜਰਾ ਦੇ ਅਵਤਾਰ ਸਿੰਘ ਅਤੇ ਮੂਨਕ ਦੇ ਪਿੰਡ ਬਾਦਲਗੜ੍ਹ ਦੇ ਅਮਰੀਕ ਸਿੰਘ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਤਿੰਨੋਂ ਹੀ ਡੇਰਾ ਸੱਚਾ ਸੌਦਾ ਦੇ ਸਮਰਥਕ ਹਨ।

Image copyright Getty Images

ਵਾਂਟੇਡ ਨੋਟਿਸ ਵਿੱਚ ਲਿਖਿਆ ਹੈ ਕਿ ਤਿੰਨਾਂ ਮੁਲਜ਼ਮਾਂ ਦੀ ਭਾਲ 31 ਜਨਵਰੀ, 2017 ਨੂੰ ਮੌੜ ਵਿੱਚ ਹੋਏ ਧਮਾਕੇ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਹੈ।

ਇਨ੍ਹਾਂ 'ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਐਕਸਪਲੋਸਿਵਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੌੜ ਧਮਾਕੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ ਜਦੋਂਕਿ 24 ਲੋਕ ਜ਼ਖਮੀ ਹੋਏ ਸਨ।

ਪਠਾਨਕੋਟ ਏਅਰਬੇਸ ਹਮਲੇ ਮਾਮਲੇ ਵਿੱਚ ਨੋਟਿਸ

ਹਿੰਦੁਸਤਾਨ ਟਾਈਮਜ਼ ਮੁਤਾਬਕ 1 ਅਤੇ 2 ਜਨਵਰੀ ਦੀ ਰਾਤ ਨੂੰ ਪਠਾਨਕੋਟ ਏਅਰਬੇਸ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਉਸ ਵੇਲੇ ਦੇ ਕਮਾਂਡਰ ਏਅਰ ਕਮੋਡੋਰ ਜੇਐਸ ਧਾਮੂਨ ਨੂੰ ਜਲਦੀ ਹੀ ਨੋਟਿਸ ਜਾਰੀ ਹੋ ਸਕਦਾ ਹੈ।

ਰੱਖਿਆ ਮੰਤਰਲੇ ਦੇ ਦੋ ਸੀਨੀਅਰ ਅਫ਼ਸਰਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਉਹ ਦੱਸਣ ਉਨ੍ਹਾਂ ਦੀ ਨਜ਼ਰਸਾਨੀ ਵਿੱਚ ਹੋਏ ਹਮਲੇ ਲਈ ਉਨ੍ਹਾਂ ਖਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ।

Image copyright Getty Images

ਇਸ ਤੋਂ ਇਲਾਵਾ ਉਨ੍ਹਾਂ ਦੀ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਸੇਵਾ ਮੁਕਤੀ ਦੀ ਅਪੀਲ ਖਾਰਿਜ ਕਰ ਦਿੱਤੀ ਗਈ ਹੈ।

ਰੱਖਿਆ ਮੰਤਰਾਲੇ ਦੇ ਇੱਕ ਹੋਰ ਅਫ਼ਸਰ ਨੇ ਕਿਹਾ ਹੈ, "ਭਾਰਤੀ ਹਵਾਈ ਫੌਜ ਵੱਲੋਂ ਤਿਆਰ ਕੀਤੇ ਸ਼ੌਅ-ਕੌਜ਼ ਨੋਟਿਸ ਨੂੰ ਹਾਲੇ ਰੱਖਿਆ ਮੰਤਰਾਲੇ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ।"

ਰਾਮ ਮੰਦਿਰ ਮਾਮਲੇ ਵਿੱਚ ਗੈਰ-ਵਿਵਾਦਤ ਜ਼ਮੀਨ ਦੀ ਮੰਗ

ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਰਾਮ ਮੰਦਿਰ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ ਕਿ ਅਯੋਧਿਆ ਦੀ ਗੈਰ-ਵਿਵਾਦਤ 67 ਏਕੜ ਜ਼ਮੀਨ ਮਾਲਕਾਂ ਨੂੰ ਸੌਂਪ ਦਿੱਤੀ ਜਾਵੇ।

ਸੁਪਰੀਮ ਕੋਰਟ ਨੇ ਸਾਲ 2003 ਵਿੱਚ ਮੌਜੂਦਾ ਹਾਲਾਤ ਬਣਾਏ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਇਸ ਵਿੱਚ ਰਾਮ ਜਨਮਭੂਮੀ ਨਿਆਸ ਵੀ ਸ਼ਾਮਿਲ ਹੈ। ਨਿਆਸ ਨੇ ਆਪਣੀ 42 ਏਕੜ ਦੀ ਜ਼ਮੀਨ ਮੰਗੀ ਹੈ।

Image copyright Getty Images

ਅਯੋਧਿਆ ਵਿੱਚ 2.76 ਏਕੜ ਪਰਿਸਰ ਵਿੱਚ ਰਾਮ ਜਨਮਭੂਮੀ ਅਤੇ ਬਾਬਰੀ ਮਸਜਿਦ ਵਿਵਾਦ ਹੈ। 2003 ਦੇ ਨਿਰਦੇਸ਼ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਲਾਹਬਾਦ ਹਾਈ ਕੋਰਟ ਦਾ ਫੈਸਲਾ ਆਉਣ ਤੱਕ ਹਾਲਾਤ ਉਸੇ ਤਰ੍ਹਾਂ ਹੀ ਬਣੇ ਰਹਿਣ।

ਬ੍ਰੈਗਜ਼ਿਟ ਮਾਮਲੇ ਵਿੱਚ ਟੈਰੀਜ਼ਾ ਮੇਅ ਨੂੰ ਰਾਹਤ

ਯੂਕੇ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੂੰ ਬੀਤੇ ਸਾਲ ਨਵੰਬਰ ਵਿੱਚ ਯੂਰਪੀ ਯੂਨੀਅਨ ਦੇ ਨਾਲ ਹੋਏ ਬ੍ਰੈਗਜ਼ਿਟ ਸਮਝੌਤੇ ਮਾਮਲੇ ਵਿੱਚ ਬਦਲਾਅ ਲਈ ਗੱਲਬਾਤ ਕਰਨ ਵਾਸਤੇ ਸੰਸਦ ਮੈਂਬਰਾਂ ਦਾ ਸਮਰਥਨ ਮਿਲ ਗਿਆ ਹੈ।

Image copyright AFP

ਕਨਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਗ੍ਰਾਹਮ ਬ੍ਰੈਡੀ ਦੇ ਮਤੇ 'ਤੇ ਹੋਈ ਵੋਟਿੰਗ ਵਿੱਚ ਪ੍ਰਧਾਨ ਮੰਤਰੀ ਦੀ ਹਿਮਾਇਤ ਵਿੱਚ 16 ਵੋਟਾਂ ਵੱਧ ਪਈਆਂ।

ਯੂਕੇ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੀ ਤਰੀਕ ਨੇੜੇ ਆ ਰਹੀ ਹੈ ਪਰ ਵੱਖ ਹੋਣ ਦਾ ਕੋਈ ਸਪਸ਼ਟ ਰਾਹ ਹਾਲੇ ਨਹੀਂ ਦਿਖ ਰਿਹਾ।

ਪ੍ਰਧਾਨ ਮੰਤਰੀ ਮੇਅ ਦਾ ਮੂਲ ਸਮਝੌਤਾ ਸਸੰਦ ਵਿੱਚ ਪਾਸ ਨਹੀਂ ਹੋ ਸਕਿਆ ਸੀ। ਹਾਲਾਂਕਿ ਉਹ ਲੇਬਰ ਪਾਰਟੀ ਵੱਲੋਂ ਲਿਆਂਦੇ ਗਏ ਬੇਭਰੋਸਗੀ ਮਤੇ ਵਿੱਚ ਜਿੱਤ ਗਈ ਸੀ।

ਹਾਲਾਂਕਿ ਯੂਰਪੀ ਯੂਨੀਅਨ ਸੰਘ ਦਾ ਕਹਿਣਾ ਹੈ ਕਿ ਉਹ ਯੂਕੇ ਦੇ ਪ੍ਰਧਾਨ ਮੰਤਰੀ ਨਾਲ ਹੋਏ ਸਮਝੌਤੇ ਨੂੰ ਕਾਨੂੰਨੀ ਭਾਸ਼ਾ ਨਹੀਂ ਬਦਲੇਗਾ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)