ਰਾਹੁਲ ਗਾਂਧੀ ਨੂੰ 'ਫਰੀ ਸੈਕਸ' ਨੂੰ ਵੀ ਵਾਅਦਾ ਸੂਚੀ ਵਿੱਚ ਸ਼ਾਮਲ ਕਰਨ ਦੀ ਮਿਲੀ ਸਲਾਹ

ਮਧੂ ਪੁਰਨਿਮਾ ਕਿਸ਼ਵਰ Image copyright Twitter/madhu kishwar
ਫੋਟੋ ਕੈਪਸ਼ਨ ਮਧੂ ਪੁਰਨਿਮਾ ਕਿਸ਼ਵਰ ਨੇ ਟਵੀਟ ਰਾਹੀ ਰਾਹੁਲ ਗਾਂਧੀ 'ਤੇ ਨਿਸ਼ਾਨਾ ਕੱਸਿਆ ਤਾਂ ਲੋਕਾਂ ਤੋਂ ਆਲੋਚਨਾ ਦਾ ਸ਼ਿਕਾਰ ਹੋ ਗਏ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੁਆਰਾ ਹਾਲ ਹੀ ਵਿਚ ਘੱਟੋ-ਘੱਟ ਆਮਦਨੀ ਨੂੰ ਲੈਕੇ ਕੁਝ ਵਾਅਦੇ ਕੀਤੇ ਗਏ ਸਨ। ਸੱਤਾ ਵਿਚ ਆਉਣ ਤੋਂ ਬਾਅਦ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਦੇ ਵਾਅਦੇ ਨੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਵਿਚਾਰ ਬਿਆਨ ਕਰਨ 'ਤੇ ਮਜਬੂਰ ਕਰ ਦਿੱਤਾ।

ਸਮਾਜਿਕ ਕਾਰਕੁਨ ਮਧੂ ਪੁਰਨਿਮਾ ਕਿਸ਼ਵਰ ਨੇ ਵੀ ਇਸ ਯੋਜਨਾ ਨੂੰ ਆਧਾਰ ਬਣਾ ਕੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਕੱਸਿਆ। ਟਵਿੱਟਰ ਰਾਹੀਂ ਰਾਹੁਲ ਉੱਤੇ ਕੀਤੀ ਗਈ ਟਿੱਪਣੀ ਹੁਣ ਲੋਕਾਂ ਵਿਚ ਚਰਚਾ ਅਤੇ ਆਲੋਚਨਾ ਦਾ ਕੇਂਦਰ ਬਣੀ ਹੋਈ ਹੈ।

ਦਰਅਸਲ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਛੱਤੀਸਗੜ੍ਹ ਵਿਚ ਕੀਤੀ ਗਈ ਕਿਸਾਨ ਰੈਲੀ ਦੌਰਾਨ ਲੋਕਾਂ ਨਾਲ ਇੱਕ ਵੱਡਾ ਵਾਅਦਾ ਕੀਤਾ। ਉਨ੍ਹਾਂ ਦੇ ਵਾਅਦੇ ਮੁਤਾਬਿਕ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਸਾਰੇ ਗਰੀਬ ਲੋਕਾਂ ਲਈ ਘੱਟੋ-ਘੱਟ ਆਮਦਨੀ ਨੂੰ ਯਕੀਨੀ ਬਣਾਉਣਗੇ।

ਇਹ ਵੀ ਪੜ੍ਹੋ:

ਰਾਹੁਲ ਗਾਂਧੀ ਦੇ ਇਸੇ ਬਿਆਨ ਉੱਤੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਵਿਚਾਰ ਚਰਚਾ 'ਤੇ ਮਧੂ ਪੁਰਨਿਮਾ ਕਿਸ਼ਵਰ ਨੇ ਟਵੀਟ ਕਰਦਿਆਂ ਕਿਹਾ, "ਉਸ ਸਮੇਂ ਦੀ ਉਡੀਕ ਕਰੋ ਜਦੋਂ ਰਾਹੁਲ ਗਾਂਧੀ ਦੁਆਰਾ ਹਰ ਬਾਲਗ ਆਦਮੀ ਲਈ ਸਾਲ ਵਿਚ ਕੁਝ ਗਿਣੇ ਹੋਏ ਦਿਨਾਂ ਲਈ ਮੁਫ਼ਤ ਵਿਚ ਸੈਕਸ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਜਾਵੇਗਾ।"

ਕਿਸ਼ਵਰ ਦੀ ਰਾਹੁਲ ਦੇ ਬਿਆਨ 'ਤੇ ਕੀਤੀ ਗਈ ਟਿੱਪਣੀ 'ਤੇ ਲੋਕਾਂ ਵੱਲੋਂ ਵੀ ਕਾਫ਼ੀ ਤਿੱਖੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਤੇ ਆਲੋਚਨਾ ਵੀ ਕੀਤੀ ਜਾ ਰਹੀ ਹੈ।

ਟਵਿੱਟਰ ਯੂਜ਼ਰ ਰਾਹੁਲ ਦੇਵ, ਇਸ ਟਵੀਟ ਦੇ ਜਵਾਬ ਵਿਚ ਲਿਖਦੇ ਹਨ, "ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਸੱਚ ਵਿਚ ਇਸ ਤਰ੍ਹਾਂ ਲਿਖਿਆ ਹੈ। ਮੈਂ ਨਿਰਾਸ਼ ਹਾਂ।"

ਟਵਿੱਟਰ ਯੂਜ਼ਰ ਅਸ਼ੋਕ, ਮਧੂ ਨੂੰ ਸਵਾਲ ਪੁੱਛਦੇ ਹਨ ਕਿ, "ਕੀ ਤੁਸੀਂ ਕਦੇ ਸੈਕਸ ਲਈ ਪੈਸੇ ਦਿੱਤੇ ਹਨ?"

ਆਸ਼ੀਸ਼ ਮਦਾਨ ਨਾਂ ਦੇ ਟਵਿੱਟਰ ਹੈਂਡਲਰ ਵੀ ਟਿੱਪਣੀ ਕਰਦਿਆਂ ਟਵੀਟ ਕਰਦੇ ਹਨ ਕਿ, "ਹੈਰਾਨੀਜਨਕ ਹੈ, ਤੁਹਾਡੇ ਵਰਗੇ ਲੋਕ ਹੀ ਪਹਿਲਾਂ ਬਹਿਸ ਦੀ ਸ਼ੁਰੂਆਤ ਕਰਦੇ ਹਨ, ਅਤੇ ਜਦੋਂ ਬਹਿਸ ਹੱਥੋਂ ਨਿਕਲ ਜਾਂਦੀ ਹੈ ਤਾਂ ਪੁਲਿਸ ਕੋਲ ਰੋਂਦੇ ਹੋਏ ਜਾਂਦੇ ਹੋਏ।

ਤੁਹਾਨੂੰ ਸੋਸ਼ਲ ਮੀਡੀਆ 'ਤੇ ਕੁਝ ਪੋਸਟ ਕਰਨ ਤੋਂ ਪਹਿਲਾਂ ਦਿਮਾਗ ਨਾਲ ਕੰਮ ਲੈਣਾ ਚਾਹੀਦਾ ਹੈ, ਸਿਰਫ਼ ਇਸ ਲਈ ਨਹੀਂ ਕਿ ਤੁਸੀਂ ਇੱਕ ਔਰਤ ਹੋ, ਸਗੋਂ ਇਸ ਲਈ ਕਿਉਂਕਿ ਇਸ ਰਾਹੀਂ ਲੋਕਾਂ ਨੂੰ ਤੁਹਾਡੀ ਮਾਨਸਿਕਤਾ ਦਾ ਪਤਾ ਲੱਗ ਜਾਂਦਾ ਹੈ।"

ਆਪਣੇ ਟਵਿੱਟਰ ਹੈਂਡਲ ਤੋਂ ਯੂਜ਼ਰ ਸੁੱਬੂ ਅਈਅਰ ਲਿਖਦੇ ਹਨ ਕਿ, "ਲੋਕ ਰੀ-ਟਵੀਟ ਅਤੇ ਲਾਇਕਸ ਲਈ ਕੁਝ ਵੀ ਲਿਖਦੇ ਹਨ। ਇਹ ਬਹੁਤ ਘਟੀਆ ਟਿੱਪਣੀ ਸੀ।"

ਯੂਜ਼ਰ ਸੰਕੇਤ ਸਕਸੇਨਾ ਵੀ ਇਸ ਟਵੀਟ ਤੋਂ ਕਾਫ਼ੀ ਨਿਰਾਸ਼ ਦਿਖਾਈ ਦਿੱਤੇ ਅਤੇ ਉਹ ਮਧੂ ਕਿਸ਼ਵਾਰ ਦੀ ਯੋਗਤਾ ਬਾਰੇ ਗੱਲ ਕਰਦੇ ਹੈਰਾਨੀ ਜਤਾਉਂਦੇ ਹਨ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੇ ਟਵੀਟ ਨਾ ਕਰਨ ਦੀ ਅਪੀਲ ਕਰਦੇ ਹਨ।

ਇਸ ਚਰਚਾ ਤੋਂ ਕੁਝ ਦੇਰ ਬਾਅਦ ਮਧੂ ਪੂਰਨਿਮਾ ਕਿਸ਼ਵਰ ਨੇ ਦੁਬਾਰਾ ਟਵੀਟ ਕਰਕੇ ਸਫ਼ਾਈ ਦਿੱਤੀ, 'ਮੈਂ ਫਰੀ ਸੈਕਸ ਦੀ ਸਮਰਥਕ ਨਹੀਂ ਹਾਂ ਅਤੇ ਹੈਰਾਨ ਉਨ੍ਹਾਂ ਲੋਕਾਂ ਤੋਂ ਹਾਂ, ਜੋ ਰਾਹੁਲ ਗਾਂਧੀ ਨੂੰ ਵਾਅਦਿਆਂ ਦੀ ਸੂਚੀ ਵਿਚ 'ਫਰੀ ਸੈਕਸ' ਵੀ ਸ਼ਾਮਲ ਕਰਨ ਵਾਲੀ ਮੇਰੀ ਟਿੱਪਣੀ ਚੋਂ ਨਰਾਜ਼ ਹੋਕੇ ਹਾਂ, ਜੋ 'ਫਰੀ ਸੈਕਸ' ਨੂੰ ਪੋਰਨੋਗ੍ਰਾਫ਼ੀ ਨਾਲ ਜੋੜ ਕੇ ਪ੍ਰਗਟਾਵੇ ਦੀ ਅਜ਼ਾਦੀ ਦਾ ਮੁੱਦਾ ਬਣਾ ਰਹੇ ਹਨ।'

ਇਹ ਵੀ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)