ਵਿਆਹ ਤੋਂ ਪਹਿਲਾਂ ਲਾੜੇ ਦੀ ਮੌਤ, ਸਵਾਈਨ ਫਲੂ ਦਾ ਖਦਸ਼ਾ

ਸਵਾਈਨ ਫਲੂ ਨਾਲ ਹਰਿਆਣਾ ਵਿੱਚ 7 ਮੌਤਾਂ ਹੋ ਚੁੱਕੀਆਂ ਹਨ Image copyright SAT SINGH/BBC
ਫੋਟੋ ਕੈਪਸ਼ਨ ਸਵਾਈਨ ਫਲੂ ਨਾਲ ਹਰਿਆਣਾ ਵਿੱਚ 7 ਮੌਤਾਂ ਹੋ ਚੁੱਕੀਆਂ ਹਨ

26 ਸਾਲਾ ਗੌਰਵ ਦਾ ਵਿਆਹ 14 ਫਰਵਰੀ ਨੂੰ ਧਰਿਆ ਹੋਇਆ ਸੀ। ਗੌਰਵ ਦੇ ਮਾਪੇ ਆਪਣੇ ਗੌਰੂ ਦੇ ਵਿਆਹ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਸਨ। ਪਰ ਪਿਛਲੇ ਦੋ ਹਫ਼ਤਿਆਂ ਤੋਂ ਉਸ ਦੀ ਕੁਝ ਸਿਹਤ ਖਰਾਬ ਹੋ ਗਈ ਸੀ।

ਜਲੰਧਰ ਦੇ ਸ਼ਹੀਦ ਊਧਮ ਸਿੰਘ ਨਗਰ ਦੇ ਰਹਿਣ ਵਾਲੇ ਗੌਰਵ ਦਾ ਸ਼ਹਿਰ ਵਿਚ ਇਲਾਜ ਕਰਾਵਇਆ ਪਰ ਅਰਾਮ ਨਾ ਮਿਲਣ ਕਰਕੇ ਘਰ ਵਾਲੇ ਵਿਆਹ ਦੀਆਂ ਤਿਆਰੀਆਂ ਛੱਡ ਕੇ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਲੈ ਗਏ ਜਿੱਥੇ ਉਸ ਦੀ ਬੁੱਧਵਾਰ ਨੂੰ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੌਰਵ ਨੂੰ ਬੁਖਾਰ, ਖਾਂਸੀ ਤੇ ਜ਼ੁਕਾਮ ਦੀ ਸ਼ਿਕਾਇਤ ਸੀ। ਸਾਹ ਲੈਣ ਵਿੱਚ ਵੀ ਮੁਸ਼ਕਲ ਆ ਰਹੀ ਸੀ। ਛਾਤੀ ਜਾਮ ਹੋਣ ਕਰਕੇ ਉਸ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਸੀ।

ਇਹ ਵੀ ਪੜ੍ਹੋ:

ਜਲੰਧਰ ਦੇ ਹਰਨਾਮਦਾਸਪੁਰਾ ਵਿਚਾਲੇ ਸ਼ਮਸ਼ਾਨਘਾਟ ਵਿਚ ਉਸ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੌਰਵ ਨੂੰ ਅੰਤਮ ਵਿਦਾਇਗੀ ਵੀ ਮਾਸਕ ਪਾ ਕੇ ਦਿੱਤੀ ਗਈ ਹੈ।

ਜ਼ਿਲ੍ਹੇ ਦੇ ਮਹਾਮਾਰੀ ਅਫ਼ਸਰ ਡਾ. ਸਤੀਸ਼ ਕੁਮਾਰ ਨੇ ਦੱਸਿਆ, ਗੌਰਵ ਨੂੰ ਸਵਾਈਨ ਫਲੂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਨਹੀਂ ਹੋਈ ਸੀ। ਗੌਰਵ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਉਸ ਦੇ ਘਰ ਦਾ ਦੌਰਾ ਵੀ ਕੀਤਾ ਸੀ।''

''ਗੌਰਵ ਦੇ ਮਾਤਾ-ਪਿਤਾ ਤੇ ਭਰਾ ਨੂੰ ਸਵਾਈਨ ਫਲੂ ਤੋਂ ਬਚਾਅ ਕਰਨ ਵਾਲੀ ਦਵਾਈ ਵੀ ਦਿੱਤੀ ਗਈ ਤੇ ਘਰ ਵਿੱਚ ਅਫਸੋਸ ਕਰਨ ਲਈ ਆਉਣ ਵਾਲੇ ਨੇੜਲੇ ਰਿਸ਼ਤੇਦਾਰਾਂ ਨੂੰ ਵੀ ਦਵਾਈ ਦਿੱਤੀ ਗਈ।''

ਪੰਜਾਬ ਵਿੱਚ ਹੁਣ ਤੱਕ 27 ਮੌਤਾਂ

ਡਾ. ਸਤੀਸ਼ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅਜੇ ਤੱਕ ਤਿੰਨ ਮਰੀਜ਼ਾਂ ਦੀ ਸਵਾਈਨ ਫਲੂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਉਨ੍ਹਾਂ ਦੱਸਿਆ ਕਿ ਸਿਵਿਲ ਹਸਪਤਾਲ ਦੇ ਟਰੌਮਾ ਸੈਂਟਰ ਵਿੱਚ ਜ਼ੇਰੇ ਇਲਾਜ ਮੀਨਾ ਅਤੇ ਇਕ ਹੋਰ ਨਿੱਜੀ ਹਸਪਤਾਲ ਵਿਚ ਇਲਾਜ ਕਰਵਾ ਰਹੀ ਰਾਜਵੀਰ ਕੌਰ ਦੇ ਸੈਂਪਲ ਲਏ ਗਏ ਹਨ।

Image copyright EPA

ਇਹ ਸੈਂਪਲ ਚੰਡੀਗੜ੍ਹ ਪੀਜੀਆਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਬੀ ਕੈਟੇਗਰੀ ਦੇ 148 ਮਰੀਜ਼ ਹਨ।

ਡਾ. ਸਤੀਸ਼ ਕੁਮਾਰ ਨੇ ਦਾਅਵਾ ਕੀਤਾ ਕਿ ਸਿਵਲ ਹਸਪਤਾਲ ਵਿੱਚ ਸਵਾਈਨ ਫਲੂ ਦੇ ਇਲਾਜ ਲਈ ਟੈਮੀ ਫਲੂ ਦਵਾਈ ਦਾ ਪੂਰਾ ਪ੍ਰਬੰਧ ਹੈ।

ਪੰਜਾਬ ਹੈਲਥ ਐਂਡ ਫੈਮਲੀ ਵੈਲਫੇਅਰ ਵਿਭਾਗ ਦੇ ਡਾਇਰੈਕਟਰ ਡਾ. ਗਗਨਦੀਪ ਸਿੰਘ ਗਰੋਵਰ ਨੇ ਦੱਸਿਆ, ''ਪੰਜਾਬ ਵਿੱਚ ਬੀਤੇ 28 ਦਿਨਾਂ ਵਿੱਚ ਸਵਾਈਨ ਫਲੂ ਦੇ 188 ਮਾਮਲੇ ਪੌਜ਼ਟਿਵ ਆਏ ਹਨ ਅਤੇ ਸਵਾਈਨ ਫਲੂ ਕਰਕੇ 27 ਮੌਤਾਂ ਹੋ ਚੁੱਕੀਆਂ ਹਨ।''

ਇਹ ਵੀ ਪੜ੍ਹੋ:

ਹਰਿਆਣਾ ਦੇ ਸਵਾਈਨ ਫਲੂ ਪ੍ਰੋਗਰਾਮ ਦੀ ਅਫ਼ਸਰ ਡਾ. ਊਸ਼ਾ ਗੁਪਤਾ ਅਨੁਸਾਰ ਹਰਿਆਣਾ ਵਿੱਚ ਵੀ ਸਵਾਈਨ ਫਲੂ ਦਾ ਅਸਰ ਕਾਫ਼ੀ ਵੱਡੇ ਪੱਧਰ ਤੱਕ ਹੈ। ਬੀਤੇ 28 ਦਿਨਾਂ ਵਿੱਚ ਹਰਿਆਣਾ ਵਿੱਚ ਹੁਣ ਤੱਕ 363 ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆਏ ਹਨ ਅਤੇ 7 ਮੌਤਾਂ ਹੋ ਚੁੱਕੀਆਂ ਹਨ।

ਇਨ੍ਹਾਂ ਵਿੱਚੋਂ ਪੰਜ ਮੌਤਾਂ ਪੀਜੀਆਈਐੱਮਐੱਸ ਰੋਹਤਕ ਵਿੱਚ ਹੋਈਆਂ ਹਨ ਅਤੇ ਦੋ ਮੌਤਾਂ ਹਿਸਾਰ ਤੇ ਫਤਿਹਾਬਾਦ ਜ਼ਿਲ੍ਹੇ ਵਿੱਚ ਹੋਈਆਂ ਹਨ।

ਸਵਾਈਨ ਫਲੂ ਕੀ ਹੁੰਦਾ ਹੈ?

 • ਇਹ ਸਾਹ ਨਾਲ ਜੁੜੀ ਬਿਮਾਰੀ ਹੈ। ਜੋ ਇਨਫਲੂਏਂਜ਼ਾ ਟਾਈਪ-ਏ ਵਾਇਰਸ ਕਾਰਨ ਹੁੰਦੀ ਹੈ। ਸਵਾਈਨ ਫਲੂ ਸੂਰਾਂ ਨੂੰ ਵੀ ਹੁੰਦੀ ਹੈ।
 • ਸਵਾਈਨ ਫਲੂ ਦੇ ਸ਼ੁਰੂਆਤੀ ਮਾਮਲੇ 2009 ਵਿੱਚ ਅਮਰੀਕਾ ਦੇ ਮੈਕਸਿਕੋ ਵਿੱਚ ਸਾਹਮਣੇ ਆਏ ਸਨ। ਉਸ ਤੋਂ ਬਾਅਦ ਲਗਭਗ 100 ਦੇਸਾਂ ਵਿੱਚ ਇਸ ਦੇ ਕੇਸ ਸਾਹਮਣੇ ਆ ਚੁੱਕੇ ਹਨ।
Image copyright AFP
 • ਪ੍ਰਯੋਗਸ਼ਾਲਾ ਵਿੱਚ ਕੀਤੇ ਗਏ ਤਜ਼ਰਬਿਆਂ ਮੁਤਾਬਕ ਵਾਇਰਸ ਦੇ ਜੀਨ ਉੱਤਰੀ ਅਮਰੀਕਾ ਦੇ ਸੂਰਾਂ ਵਰਗੇ ਜੀਨ ਹੁੰਦੇ ਹਨ। ਇਸੇ ਕਾਰਨ ਇਸ ਨੂੰ ਸਵਾਈਨ ਫਲੂ ਕਿਹਾ ਜਾਂਦਾ ਹੈ।
 • ਵਿਗਿਆਨਕ ਭਾਸ਼ਾ ਵਿੱਚ ਇਸ ਵਾਇਰਸ ਨੂੰ ਇੰਫਲੂਏਂਜ਼ਾ-ਏ (ਐਚ1ਏ1) ਕਿਹਾ ਜਾਂਦਾ ਹੈ। ਇਸ ਦੀ ਇੱਕ ਹੋਰ ਕਿਸਮ ਕਾਰਨ 1918 ਵਿੱਚ ਇੱਕ ਬਿਮਾਰੀ ਫੈਲ ਵੀ ਚੁੱਕੀ ਹੈ।

ਕਿਵੇਂ ਹੁੰਦਾ ਹੈ ਸਵਾਈਨ ਫਲੂ?

 • ਸ਼ੁਰੂਆਤੀ ਸਮੇਂ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਇਸ ਵਿੱਚ ਸੂਰਾਂ ਦੀ ਭੂਮਿਕਾ ਹੁੰਦੀ ਹੈ।
 • ਬਾਅਦ ਵਿੱਚ ਪਤਾ ਲੱਗਿਆ ਕਿ ਇਹ ਇਨਸਾਨਾਂ ਤੋਂ ਇਨਸਾਨਾਂ ਵਿੱਚ ਫੈਲਦਾ ਹੈ, ਖ਼ਾਸ ਕਰਕੇ ਖੰਘਣ ਅਤੇ ਛਿੱਕਣ ਨਾਲ।
 • ਸਧਾਰਣ ਜ਼ੁਕਾਮ ਵੀ ਇਸੇ ਵਾਇਰਸ ਕਾਰਨ ਹੁੰਦਾ ਹੈ ਪਰ ਸਵਾਈਨ ਫਲੂ ਇਸ ਦੀ ਇੱਕ ਖ਼ਾਸ ਕਿਸਮ ਕਾਰਨ ਹੀ ਹੁੰਦਾ ਹੈ।

ਸਵਾਈਨ ਫਲੂ ਦੇ ਲੱਛਣ

 • ਆਮ ਫਲੂ ਵਰਗੇ ਹੀ ਹੁੰਦੇ ਹਨ।
 • ਪਛਾਣ ਖੂਨ ਦੀ ਜਾਂਚ ਰਾਹੀਂ ਕੀਤੀ ਜਾਂਦੀ ਹੈ।
 • ਸਿਰ ਦਰਦ, ਬੁਖ਼ਾਰ, ਗਲੇ ਵਿੱਚ ਖ਼ੁਰਕ, ਖੰਘ, ਪਿੰਡੇ ਵਿੱਚ ਦਰਦ, ਸਾਹ ਲੈਣ ਵਿੱਚ ਮੁਸ਼ਕਿਲ ਇਸ ਦੇ ਮੁੱਖ ਲੱਛਣ ਹਨ।
 • ਗੰਭੀਰ ਹੋ ਜਾਵੇ ਤਾਂ ਕਈ ਅੰਗ ਵੀ ਨਕਾਰਾ ਹੋ ਸਕਦੇ ਹਨ ਅਤੇ ਮੌਤ ਵੀ ਹੋ ਸਕਦੀ ਹੈ।

ਕੀ ਇਲਾਜ ਸੰਭਵ ਹੈ?

ਕੁਝ ਹੱਦ ਤੱਕ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਦੇ ਮਰੀਜ਼ਾਂ ਨੂੰ ਸ਼ੁਰੂ ਵਿੱਚ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਹਾਲਾਂਕਿ ਇਹ ਦਵਾਈਆਂ ਪੂਰੀ ਤਰ੍ਹਾਂ ਤਾਂ ਕਾਬੂ ਨਹੀਂ ਕਰ ਸਕਦੀਆਂ ਪਰ ਖ਼ਤਰਨਾਕ ਅਸਰ ਨੂੰ ਰੋਕ ਸਕਦੀਆਂ ਹਨ।

ਇਸ ਦੇ ਬਚਾਅ ਲਈ ਕੀ ਕੀਤਾ ਜਾ ਸਕਦਾ ਹੈ?

 • ਸਵਾਈਨ ਫਲੂ ਤੋਂ ਬਚਣ ਲਈ ਸਾਫ-ਸਫਾਈ ਦਾ ਖ਼ਿਆਲ ਰੱਖੋ।
 • ਭੀੜ-ਭੜਾਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚੋ।
 • ਖੰਘਣ ਤੇ ਛਿੱਕਣ ਸਮੇਂ ਮੂੰਹ ਰੁਮਾਲ ਨਾਲ ਢੱਕ ਕੇ ਰੱਖੋ।
 • ਫਲੂ ਦੇ ਮਰੀਜ਼ਾਂ ਨੂੰ ਵੱਖਰੇ ਰੱਖੋ।
 • ਉਨ੍ਹਾਂ ਦੀ ਸਾਂਭ ਸੰਭਾਲ ਵਾਲੇ ਮਾਸਕ ਦੀ ਵਰਤੋਂ ਜਰੂਰ ਕਰਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ