ਜੀਂਦ ਚੋਣ: ਭਾਜਪਾ ਦੇ ਜੇਤੂ ਰਹਿਣ ਦੇ 5 ਕਾਰਨ , ਜੇਤੂ ਕ੍ਰਿਸ਼ਨ ਮਿੱਡਾ ਬਾਰੇ ਜਾਣੋ

ਹਰਿਆਣਾ ਵਿਧਾਨ ਸਭਾ ਉਪ ਚੋਣ Image copyright Sat singh/bbc

ਜੀਂਦ ਜ਼ਿਮਨੀ ਚੋਣ ਦੇ ਨਤੀਜੇ ਮੁਤਾਬਕ ਭਾਜਪਾ ਦੇ ਕ੍ਰਿਸ਼ਨ ਲਾਲ ਮਿੱਡਾ ਨੂੰ 50566 ਵੋਟਾਂ ਮਿਲੀਆਂ ਤੇ ਉਹ 12935 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਜਨਨਾਇਕ ਜਨਤਾ ਪਾਰਟੀ ਦੇ ਉਮੀਦਵਾਰ ਦਿਗਵਿਜੈ ਚੌਟਾਲਾ 37631 ਦੂਜੇ ਨੰਬਰ 'ਤੇ ਰਹੇ।

ਕਾਂਗਰਸ ਦੇ ਰਣਦੀਪ ਸੁਰਜੇਵਾਲਾ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਉਹ 22740 ਨਾਲ ਤੀਜੇ ਨੰਬਰ 'ਤੇ ਹਨ। ਭਾਵੇਂ ਕਿ ਵੋਟਾਂ ਦੀ ਗਿਣਤੀ ਦੌਰਾਨ ਈਵੀਐਮ ਵਿਚ ਗੜਬੜੀ ਦੇ ਇਲਜ਼ਾਮ ਲੱਗੇ ਹਨ ਅਤੇ ਵਿਰੋਧ ਦਰਜ ਕਰਾਉਣ ਤੋਂ ਬਆਦ ਸੂਰਜੇਵਾਲਾ ਤੇ ਦੂਜੇ ਨੰਬਰ ਰਹੇ ਜਨਨਾਇਕ ਜਨਤਾ ਪਾਰਟੀ ਦੇ ਉਮੀਦਵਾਰ ਨੇ ਜੇਤੂ ਉਮੀਦਵਾਰ ਨੂੰ ਵਧਾਈ ਦਿੱਤੀ।

ਭਾਜਪਾ ਦੇ ਅੱਗੇ ਹੋਣ ਦੇ 5 ਕਾਰਨ

  • ਆਪਣੇ ਪਿਤਾ ਅਤੇ ਇਨੈਲੋ ਵਿਧਾਇਕ ਹਰੀ ਚੰਦ ਮਿੱਡਾ ਦੀ ਮੌਤ ਤੋਂ ਬਾਅਦ ਕ੍ਰਿਸ਼ਨ ਲਾਲ ਮਿੱਡਾ ਭਾਜਪਾ ਵਿੱਚ ਸ਼ਾਮਲ ਹੋ ਗਏ। ਜਿੱਥੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਨ੍ਹਾਂ ਲਈ ਚੋਣ ਪ੍ਰਚਾਰ ਕੀਤਾ, ਉੱਥੇ ਹੀ ਉਨ੍ਹਾਂ ਨੂੰ ਹਮਦਰਦੀ ਦੇ ਤੌਰ 'ਤੇ ਵੀ ਵੋਟਾਂ ਪਈਆਂ।
  • ਚਾਰ ਮੁੱਖ ਉਮੀਦਵਾਰਾਂ ਵਿੱਚੋਂ ਤਿੰਨ ਜਾਟ ਹਨ। ਇਸ ਕਾਰਨ ਜਾਟ ਵੋਟ ਵੰਡੀ ਗਈ ਅਤੇ ਭਾਜਪਾ ਨੂੰ ਗੈਰ-ਜਾਟ ਵੋਟ ਮਿਲਣ ਨਾਲ ਫਾਇਦਾ ਹੋਇਆ।
  • ਹਰਿਆਣਾ ਕਾਂਗਰਸ ਕਈ ਗੁਟਾਂ ਵਿੱਚ ਵੰਡੀ ਹੋਈ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਸਮਰਥਕ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਕਮਾਂਨ ਉਨ੍ਹਾਂ ਨੂੰ ਦੇਣ ਦੀ ਮੰਗ ਪਹਿਲਾਂ ਹੀ ਕਰ ਚੁੱਕੇ ਹਨ। ਇਸ ਗੁਟਬਾਜ਼ੀ ਦਾ ਭਾਜਪਾ ਨੂੰ ਫਾਇਦਾ ਹੋਇਆ।
  • ਭਾਜਪਾ ਦੇ ਬਾਗੀ ਲੋਕ ਸਭਾ ਮੈਂਬਰ ਰਾਜਕੁਮਾਰ ਸੈਣੀ ਨੇ ਆਪਣਾ ਉਮੀਦਵਾਰ ਖੜ੍ਹਾ ਕੀਤਾ ਸੀ, ਪਰ ਗੈਰ-ਜਾਟ ਵੋਟਾਂ 'ਤੇ ਜ਼ਿਆਦਾ ਅਸਰ ਨਹੀਂ ਹੋਇਆ।
  • ਜੀਂਦ ਹਲਕੇ ਵਿਚ ਸ਼ਹਿਰੀ ਵੋਟ ਬਹੁਮਤ ਵਿਚ ਹੈ ਭਾਜਪਾ ਨੂੰ ਵੱਡੀ ਗਿਣਤੀ ਵਿੱਚ ਸ਼ਹਿਰੀ ਵੋਟ ਪਿਆ ਹੈ। ਮਿੱਡਾ ਦੇ ਮੁਤਾਬਕ, ਪਿੰਡਾਂ ਵਿੱਚ ਉਨ੍ਹਾਂ ਦੇ ਕੰਮ ਕਾਰਨ, ਪੈਂਡੂ ਵੋਟ ਵੀ ਉਨ੍ਹਾਂ ਨੂੰ ਮਿਲੀ ਹੈ।

ਇਹ ਵੀ ਪੜ੍ਹੋ:

ਕੌਣ ਹਨ ਮੁੱਖ ਉਮੀਦਵਾਰ?

ਕ੍ਰਿਸ਼ਣ ਲਾਲ ਮਿੱਡਾ, ਭਾਜਪਾ

ਇਨੈਲੋ ਦੇ ਮੈਂਬਰ ਹੁੰਦੇ ਹੋਏ ਕ੍ਰਿਸ਼ਨ ਲਾਲ ਮਿੱਡਾ ਆਪਣੇ ਪਿਤਾ ਹਰੀ ਚੰਦ ਮਿੱਡਾ ਦੇ ਹਲਕੇ ਵਿਚ ਹੀ ਸਰਗਰਮ ਰਹੇ ਹਨ।

ਹਰੀ ਚੰਦ ਮਿੱਡਾ ਦੀ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਮੌਤ ਹੋਈ ਸੀ। ਉਸ ਤੋਂ ਬਾਅਦ ਨਵੰਬਰ ਵਿੱਚ ਕ੍ਰਿਸ਼ਨ ਲਾਲ ਮਿੱਡਾ ਭਾਜਪਾ ਵਿੱਚ ਸ਼ਾਮਿਲ ਹੋ ਗਏ।

ਚਾਰੋ ਅਹਿਮ ਪਾਰਟੀਆਂ ਦੇ ਆਗੂਆਂ ਵਿੱਚੋਂ ਮਿੱਡਾ ਇਕੱਲੇ ਗੈਰ-ਜਾਟ ਆਗੂ ਹਨ।

ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਮਿੱਡਾ ਲਈ ਚੋਣ ਪ੍ਰਚਾਰ ਕੀਤਾ। ਮਾਹਿਰਾਂ ਦਾ ਮੰਨਣਾ ਹੈ ਕਿ ਜਾਟ ਵੋਟ ਵੰਡੇ ਜਾਣ ਦਾ ਫਾਇਦਾ ਮਿੱਡਾ ਨੂੰ ਹੋ ਰਿਹਾ ਹੈ।

ਭਾਜਪਾ ਆਗੂ ਕ੍ਰਿਸ਼ਨ ਮਿੱਡਾ ਦਾ ਕਹਿਣਾ ਹੈ, "ਪਿੰਡ ਤੋਂ ਸਾਨੂੰ 14000 ਵੋਟਾਂ ਦੀ ਉਮੀਦ ਸੀ। 12 ਸਾਲ ਮੈਂ ਪਿਤਾ ਨਾਲ ਪਿੰਡਾਂ ਵਿੱਚ ਹੀ ਰਿਹਾ ਹਾਂ। ਲੋਕਾਂ ਲਈ ਕੰਮ ਕੀਤੇ। ਉਨ੍ਹਾਂ ਦੇ ਦੁਖ -ਸੁਖ ਵਿੱਚ ਨਾਲ ਸੀ।"

ਉਨ੍ਹਾਂ ਅੱਗੇ ਕਿਹਾ, "ਮੁੱਖ ਮੰਤਰੀ ਦਾ ਕੰਮ ਕਰਨ ਦਾ ਤਰੀਕਾ ਅਜਿਹਾ ਹੈ। ਹਰ ਪਿੰਡ ਦੇ 12-12, 18-18 ਬੱਚਿਆਂ ਦੀ ਨੌਕਰੀ ਲੱਗੀ ਹੈ।"

ਦਿਗਵਿਜੈ ਚੌਟਾਲਾ , ਜੇਜੇਪੀ

ਅਜੇ ਅਤੇ ਨੈਨਾ ਚੌਟਾਲਾ ਦੇ ਪੁੱਤਰ ਦਿਗਵਿਜੇ ਚੌਟਾਲਾ ਖੇਡ ਦੇ ਮੈਦਾਨ 'ਤੇ ਕ੍ਰਿਕਟ ਖਿਡਾਰੀ ਵਜੋਂ ਜਾਣੇ ਜਾਂਦੇ ਸਨ ਪਰ ਚੋਣਾਂ ਦੇ ਨਤੀਜੇ ਦੱਸਣਗੇ ਕਿ ਉਹ ਅਤੇ ਉਨ੍ਹਾਂ ਦੀ ਨਵੀਂ ਪਾਰਟੀ ਜਨਨਾਇਕ ਜਨਤਾ ਪਾਰਟੀ ਆਪਣੇ ਪਹਿਲੇ ਮੈਚ ਵਿੱਚ ਕਿੰਨੀ ਕਾਬਿਲ ਸਾਬਿਤ ਹੁੰਦੀ ਹੈ।

Image copyright Sat singh/bbc
ਫੋਟੋ ਕੈਪਸ਼ਨ ਨਵੀਂ-ਨਵੇਲੀ ਪਾਰਟੀ ਜਨਨਾਇਕ ਜਨਤਾ ਪਾਰਟੀ ਦਾ ਇਹ ਸਿਆਸੀ ਟੈਸਟ ਹੈ

ਦੁਸ਼ਯੰਤ ਅਤੇ ਦਿਗਵਿਜੈ ਚੌਟਾਲਾ ਨੂੰ ਇਨੈਲੋ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦਸੰਬਰ, 2018 ਵਿੱਚ ਜਨਨਾਇਕ ਜਨਤਾ ਪਾਰਟੀ ਹੋਂਦ ਵਿੱਚ ਆਈ।

ਜਦੋਂ ਵੱਡੇ ਭਰਾ ਦੁਸ਼ਯੰਤ ਚੌਟਾਲਾ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਸਾਲ 2014 ਵਿੱਚ ਹਿਸਾਰ ਲੋਕ ਸਭਾ ਤੋਂ ਕੀਤੀ ਸੀ ਉਦੋਂ ਦਿਗਵਿਜੈ ਇਨਸੋ ਰਾਹੀਂ ਵਿਦਿਆਰਥੀ ਸਿਆਸਤ ਵਿੱਚ ਸਰਗਰਮ ਸੀ।

ਦਿਗਵਿਜੇ ਲੰਡਨ ਤੋਂ ਕਾਨੂੰਨ ਦੀ ਪੜ੍ਹਾਈ ਕਰ ਰਹੇ ਸਨ। ਉਹ ਫਾਈਨਲ ਸਮੈਸਟਰ ਵਿੱਚ ਸੀ ਜਦੋਂ ਪਿਤਾ ਅਜੇ ਚੌਟਾਲਾ ਅਤੇ ਦਾਦਾ ਓਪੀ ਚੌਟਾਲਾ ਨੂੰ ਸਾਲ 2013 ਵਿੱਚ ਜੇਬੀਟੀ ਘੁਟਾਲੇ ਲਈ 10 ਸਾਲ ਦੀ ਸਜ਼ਾ ਹੋਈ।

ਉਸ ਤੋਂ ਬਾਅਦ ਦੋਵੇਂ ਪੁੱਤਰ ਦੁਸ਼ਯੰਤ ਅਤੇ ਦਿਗਵਿਜੈ ਪਿਤਾ ਦੀ ਸਿਆਸੀ ਵਿਰਾਸਤ ਸਾਂਭਣ ਲਈ ਡੱਬਵਾਲੀ ਚਲੇ ਗਏ।

Image copyright Getty Images
ਫੋਟੋ ਕੈਪਸ਼ਨ ਦਿਗਵਿਜੇ ਚੌਟਾਲਾ ਅਜੇ ਚੌਟਾਲਾ ਅਤੇ ਨੈਨਾ ਚੌਟਾਲਾ ਦੇ ਛੋਟੇ ਪੁੱਤਰ ਹਨ

ਉਸੇ ਸਾਲ ਦਿਗਵਿਜੇ ਇਨਸੋ ਵਿੱਚ ਕੌਮੀ ਪ੍ਰਧਾਨ ਵਜੋਂ ਸਰਗਰਮ ਹੋ ਗਿਆ ਤੇ ਭਾਜਪਾ ਉੱਤੇ ਦਬਾਅ ਪਾਇਆ ਕਿ ਵਿਦਿਆਰਥੀ ਚੋਣਾਂ ਫਿਰ ਸ਼ੁਰੂ ਕਰਵਾਈਆਂ ਜਾਣ।

ਦਿਗਵਿਜੈ ਨੂੰ ਅਕਸਰ ਐਡਵੋਕੇਟ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ ਪਰ ਜਦੋਂ ਉਨ੍ਹਾਂ ਜੀਂਦ ਜ਼ਿਮਨੀ ਚੋਣ ਲਈ ਦਸਤਾਵੇਜ ਭਰੇ ਤਾਂ 12ਵੀਂ ਤੱਕ ਹੀ ਸਰਟੀਫਿਕੇਟ ਦਿਖਾਏ।

ਜੇਜੇਪੀ ਦੀ ਪਹਿਲੀ ਚੋਣ ਹੋਣ ਕਾਰਨ ਇਹ ਕਾਫ਼ੀ ਅਹਿਮ ਹੈ। ਆਮ ਆਦਮੀ ਪਾਰਟੀ ਵੱਲੋਂ ਆਖਰੀ ਮੌਕੇ 'ਤੇ ਸਮਰਥਨ ਦੇਣ ਅਤੇ 26 ਜਨਵਰੀ ਨੂੰ ਕੇਜਰੀਵਾਲ ਵੱਲੋਂ ਰੈਲੀ ਕਰਨ ਨਾਲ ਪਾਰਟੀ ਨੂੰ ਕੁਝ ਫਾਇਦਾ ਹੋਇਆ।

ਭਾਵੇਂ ਦੁਸ਼ਯੰਤ ਅਤੇ ਦਿਗਵਿਜੈ ਨੂੰ ਇਨੈਲੋ 'ਚੋਂ ਕੱਢ ਦਿੱਤਾ ਗਿਆ, ਚੌਟਾਲਾ ਪਰਿਵਾਰ ਦਾ ਰਵਾਇਤੀ ਵੋਟ ਦਿਗਵਿਜੈ ਨੂੰ ਮਿਲਿਆ।

ਰਣਦੀਪ ਸੁਰਜੇਵਾਲਾ, ਕਾਂਗਰਸ

ਸਿਰਫ਼ 17 ਸਾਲ ਦੀ ਉਮਰ ਵਿੱਚ ਰਣਦੀਪ ਸੁਰਜੇਵਾਲਾ ਨੂੰ ਹਰਿਆਣਾ ਦੇ ਕਾਂਗਰਸ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ।

ਛੇ ਸਾਲਾਂ ਬਾਅਦ ਸਾਲ 2000 ਵਿੱਚ ਉਹ ਪਹਿਲੇ ਅਜਿਹੇ ਹਰਿਆਣਵੀ ਬਣੇ ਜਿਸ ਨੂੰ ਇੰਡੀਅਨ ਯੂਥ ਕਾਂਗਰਸ ਦਾ ਕੌਮੀ ਪ੍ਰਧਾਨ ਬਣਾਇਆ ਗਿਆ। ਇਸ ਅਹੁਦੇ 'ਤੇ ਪੰਜ ਸਾਲ ਰਹੇ ਅਤੇ ਐਨੇ ਲੰਬੇ ਵੇਲੇ ਤੱਕ ਰਹਿਣ ਵਾਲੇ ਵੀ ਉਹ ਪਹਿਲੇ ਪ੍ਰਧਾਨ ਬਣੇ।

ਸਾਲ 2004 ਵਿੱਚ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਸਕੱਤਰ ਦਾ ਅਹੁਦਾ ਦਿੱਤਾ ਗਿਆ ਅਤੇ ਸਾਲ ਦੇ ਅਖੀਰ ਵਿੱਚ ਉਨ੍ਹਾਂ ਨੂੰ ਸੂਬਾ ਇਕਾਈ ਦੇ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ।

ਸੁਰਜੇਵਾਲਾ ਕਈ ਵਾਰੀ ਸੂਬੇ ਦੇ ਮੰਤਰੀ ਅਤੇ ਕੈਬਨਿਟ ਦੇ ਮੈਂਬਰ ਰਹਿ ਚੁੱਕੇ ਹਨ।

Image copyright Getty Images

ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਡਾ ਝਟਕਾ ਸੁਰਜੇਵਾਲਾ ਨੂੰ ਲੱਗਿਆ ਹੈ।

ਇਸ ਚੋਣ ਵਿੱਚ ਜਿੱਤ ਨਾਲ ਸੁਰਜੇਵਾਲਾ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਈ ਦਾਅਵੇਦਾਰੀ ਪੇਸ਼ ਕਰ ਸਕਦੇ ਸਨ।

ਇਹ ਵੀ ਪੜ੍ਹੋ:

ਉਹ ਕੁੱਲ ਪੰਜ ਵਾਰ ਹਰਿਆਣਾ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਅਤੇ ਛੇਵੀਂ ਵਾਰ ਮੈਦਾਨ ਵਿੱਚ ਹਨ। ਸਾਲ 2014 ਵਿੱਚ ਉਹ ਚੌਥੀ ਵਾਰੀ ਵਿਧਾਇਕ ਚੁਣੇ ਗਏ ਸੀ।

ਪਾਰਟੀ ਨੇ ਉਨ੍ਹਾਂ ਨੂੰ 1996 ਅਤੇ ਸਾਲ 2005 ਵਿੱਚ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਤੇ ਮੁੱਖ ਮੰਤਰੀ ਰਹੇ ਓਮ ਪ੍ਰਕਾਸ਼ ਚੌਟਾਲਾ ਦੇ ਖਿਲਾਫ਼ ਮੈਦਾਨ ਵਿੱਚ ਉਤਾਰਿਆ ਸੀ। ਦੋਵੇਂ ਵਾਰ ਸਰਜੇਵਾਲਾ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ।

ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦਾ ਪ੍ਰਦਰਸ਼ਨ ਕਾਫ਼ੀ ਖਰਾਬ ਚੱਲ ਰਿਹਾ ਸੀ ਪਰ ਰਣਦੀਪ ਸਿੰਘ ਸੁਰਜੇਵਾਲਾ ਇਸ ਦੌਰਾਨ ਵੀ ਆਪਣੀ ਸੀਟ ਬਚਾਉਣ ਵਿੱਚ ਕਾਮਯਾਬ ਰਹੇ ਸਨ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)