ਰਾਹੁਲ ਗਾਂਧੀ ਬਾਰੇ ਵਾਈਰਲ ਹੋ ਰਹੇ ਵੀਡੀਓ ਦਾ ਕੀ ਹੈ ਸੱਚ

ਰਾਹੁਲ ਗਾਂਧੀ Image copyright Getty Images

ਸੋਸ਼ਲ ਮੀਡੀਆ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਭਾਸ਼ਣ ਦਾ 21 ਸੈਕਿੰਡ ਲੰਬਾ ਇੱਕ ਵੀਡੀਓ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਵੀਡੀਓ ਦੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਪਟਨਾ (ਬਿਹਾਰ) ਦੇ ਗਾਂਧੀ ਮੈਦਾਨ ਵਿੱਚ ਐਤਵਾਰ ਨੂੰ ਹੋਈ 'ਜਨ ਅਕਾਂਕਸ਼ਾ ਰੈਲੀ' ਵਿੱਚ ਬੋਲਦੇ ਹੋਏ ਰਾਹੁਲ ਗਾਂਧੀ ਨੇ 'ਪੂਰੇ ਬਿਹਾਰ ਦੀ ਬੇਇੱਜ਼ਤੀ' ਕੀਤੀ।

ਭਾਰਤੀ ਜਨਤਾ ਪਾਰਟੀ ਦੇ ਅਧਿਕਾਰਕ ਟਵਿੱਟਰ ਹੈਂਡਲ ਅਤੇ ਫੇਸਬੁੱਕ ਪੇਜ ਤੋਂ ਵੀ ਇਹ ਵੀਡੀਓ ਪੋਸਟ ਕੀਤਾ ਗਿਆ ਹੈ।

24 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਭਾਜਪਾ ਦੇ ਅਧਿਕਾਰਕ ਸੋਸ਼ਲ ਮੀਡੀਆ ਪੰਨਿਆਂ ਤੋਂ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਚੁੱਕੇ ਹਨ ਅਤੇ ਦੋ ਲੱਖ ਤੋਂ ਵੱਧ ਵਾਰ ਇਸ ਵੀਡੀਓ ਨੂੰ ਵੇਖਿਆ ਗਿਆ ਹੈ।

ਇਹ ਵੀ ਪੜ੍ਹੋ:

ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ, ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ, ਭਾਜਪਾ ਸੰਸਦ ਮੈਂਬਰ ਵਿਨੋਦ ਸੋਨਕਰ ਅਤੇ ਗਿਰੀਰਾਜ ਸਿੰਘ ਸ਼ਾਂਡਲੀਯ ਸਮੇਤ ਭਾਜਪਾ ਦੀ ਬਿਹਾਰ ਇਕਾਈ ਨੇ ਵੀ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

Image copyright Social media

ਵਾਇਰਲ ਵੀਡੀਓ ਵਿੱਚ ਰਾਹੁਲ ਗਾਂਧੀ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ 'ਬਿਹਾਰ ਦੇ ਨੌਜਵਾਨ ਤੋਂ ਪੁੱਛੋਗੇ ਕਿ ਕਰਦੇ ਕੀ ਹੋ? ਤਾਂ ਉਹ ਕਹੇਗਾ ਕੁਝ ਨਹੀਂ ਕਰਦੇ'।

ਪਰ ਸਾਨੂੰ ਇਸ ਪੜਤਾਲ ਵਿੱਚ ਪਤਾ ਲੱਗਿਆ ਕਿ ਭਾਜਪਾ ਨੇ ਰਾਹੁਲ ਗਾਂਧੀ ਦੇ ਭਾਸ਼ਣ ਨਾਲ ਛੇੜਛਾੜ ਕੀਤੀ ਹੈ ਅਤੇ ਉਨ੍ਹਾਂ ਦੇ ਭਾਸ਼ਣ ਦੇ ਕੁਝ ਅੰਸ਼ ਹਟਾ ਕੇ, ਉਸ ਨੂੰ ਗ਼ਲਤ ਸੰਦਰਭ ਵਿੱਚ ਪੇਸ਼ ਕੀਤਾ ਗਿਆ ਹੈ।

ਰਾਹੁਲ ਗਾਂਧੀ ਨੇ ਕੀ ਕਿਹਾ ਸੀ?

ਕਾਂਗਰਸ ਪਾਰਟੀ ਦੇ ਯੂ-ਟਿਊਬ ਚੈੱਨਲ ਮੁਤਾਬਕ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ 3 ਫਰਵਰੀ 2019 ਨੂੰ ਹੋਈ ਜਨ ਅਕਾਂਕਸ਼ਾ ਰੈਲੀ ਵਿੱਚ ਕਰੀਬ 30 ਮਿੰਟ ਲੰਬਾ ਭਾਸ਼ਣ ਦਿੱਤਾ ਸੀ।

ਇਸ ਰੈਲੀ ਵਿੱਚ ਉਨ੍ਹਾਂ ਨੇ ਨੋਟਬੰਦੀ, ਕਿਸਾਨਾਂ ਦੀ ਕਰਜ਼ ਮਾਫ਼ੀ ਅਤੇ ਕਥਿਤ ਤੌਰ 'ਤੇ ਭਾਜਪਾ ਵੱਲੋਂ ਕੁਝ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਪਹੁੰਚਾਉਣ ਦੀ ਗੱਲ ਕੀਤੀ। ਇਸਦੇ ਨਾਲ ਹੀ ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਕੁਝ ਸਮਾਂ ਬਿਹਾਰ ਵਿੱਚ ਬੇਰੁਜ਼ਗਾਰੀ ਦੇ ਮੁੱਦੇ ਨੂੰ ਵੀ ਦਿੱਤਾ ਸੀ।

ਭਾਜਪਾ ਨੇ ਰਾਹੁਲ ਗਾਂਧੀ ਦੇ ਭਾਸ਼ਣ ਦੇ ਸਿਰਫ਼ ਉਸੇ ਹਿੱਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਹੈ ਜਿੱਥੇ ਉਹ ਬਿਹਾਰ ਵਿੱਚ ਬੇਰੁਜ਼ਗਾਰੀ ਦੀ ਗੱਲ ਕਰਦੇ ਹਨ।

Image copyright Getty Images

ਰਾਹੁਲ ਗਾਂਧੀ ਨੇ ਕਿਹਾ ਸੀ: "ਤੁਸੀਂ ਪਹਿਲਾ ਸਿੱਖਿਆ ਦਾ ਸੈਂਟਰ ਹੁੰਦੇ ਸੀ। ਨਾਲੰਦਾ ਯੂਨੀਵਰਸਿਟੀ, ਪੂਰੀ ਦੁਨੀਆਂ ਵਿੱਚ ਮਸ਼ਹੂਰ, ਪਟਨਾ ਯੂਨੀਵਰਸਿਟੀ, ਹਿੰਦੁਸਤਾਨ ਵਿੱਚ ਮਸ਼ਹੂਰ। ਸਭ ਇੱਥੇ ਆਉਣਾ ਚਾਹੁੰਦੇ ਸੀ। ਪਰ ਅੱਜ ਤੁਸੀਂ ਸਿੱਖਿਆ ਦਾ ਸੈਂਟਰ ਨਹੀਂ ਹੋ। ਤੁਸੀਂ ਜਾਣਦੇ ਹੋ ਕਿ ਅੱਜ ਤੁਸੀਂ ਕਿਸ ਚੀਜ਼ ਦਾ ਸੈਂਟਰ ਹੋ, ਬੇਰੁਜ਼ਗਾਰੀ ਦਾ।"

"ਬਿਹਾਰ ਬੇਰੁਜ਼ਗਾਰੀ ਦਾ ਸੈਂਟਰ ਬਣ ਗਿਆ ਹੈ। ਬਿਹਾਰ ਦਾ ਨੌਜਵਾਨ ਪੂਰੇ ਦੇਸ ਵਿੱਚ ਚੱਕਰ ਕੱਢਦਾ ਹੈ। ਤੁਸੀਂ ਬਿਹਾਰ ਦੇ ਕਿਸੇ ਵੀ ਪਿੰਡ ਚਲੇ ਜਾਓ ਅਤੇ ਬਿਹਾਰ ਦੇ ਨੌਜਵਾਨ ਤੋਂ ਪੁੱਛੋ ਕੀ ਕਰਦੇ ਹੋ? ਜਵਾਬ ਮਿਲੇਗਾ, ਕੁਝ ਨਹੀਂ ਕਰਦੇ।''

ਇਹ ਵੀ ਪੜ੍ਹੋ:

''ਕੀ ਮੋਦੀ ਜੀ ਨੇ ਰੁਜ਼ਗਾਰ ਦਿੱਤਾ? ਨਹੀਂ, ਕੀ ਨੀਤੀਸ਼ ਜੀ ਦੇ ਰੁਜ਼ਗਾਰ ਦਿੱਤਾ? ਨਹੀਂ। ਰੁਜ਼ਗਾਰ ਲਈ ਬਿਹਾਰ ਦਾ ਨੌਜਵਾਨ ਮੋਦੀ ਦੇ ਗੁਜਰਾਤ ਗਿਆ ਤਾਂ ਉਸ ਨੂੰ ਮਾਰ ਕੇ ਭਜਾਇਆ ਗਿਆ। ਮਹਾਰਾਸ਼ਟਰ ਵਿੱਚ ਵੀ ਸ਼ਿਵ ਸੈਨਾ ਅਤੇ ਭਾਜਪਾ ਨੇ ਕਿਹਾ ਕਿ ਤੁਹਾਡੀ ਇੱਥੇ ਕੋਈ ਥਾਂ ਨਹੀਂ ਹੈ। ਪਰ ਤੁਹਾਡੇ ਵਿੱਚ ਕੋਈ ਕਮੀ ਨਹੀਂ ਹੈ। ਤੁਸੀਂ ਇੱਕ ਵਾਰ ਮੁੜ ਸਿੱਖਿਆ ਦਾ ਸੈਂਟਰ ਬਣ ਸਕਦੇ ਹੋ।"

ਬੇਰੁਜ਼ਗਾਰੀ ਇੱਕ ਵੱਡਾ ਮੁੱਦਾ

ਐਤਵਾਰ ਨੂੰ ਹੋਈ ਇਸ ਰੈਲੀ ਵਿੱਚ ਰਾਹੁਲ ਗਾਂਧੀ ਨੇ ਐਲਾਨ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਪਟਨਾ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਦਾ ਦਰਜਾ ਦਿੱਤਾ ਜਾਵੇਗਾ।

ਪਰ ਰਾਹੁਲ ਗਾਂਧੀ ਦੇ ਭਾਸ਼ਣ ਦੇ ਜਿਸ ਹਿੱਸੇ ਨੂੰ ਸੁਣ ਕੇ ਲੋਕ ਉਨ੍ਹਾਂ 'ਤੇ ਇਲਜ਼ਾਮ ਲਗਾ ਰਹੇ ਹਨ ਕਿ ਰਾਹੁਲ ਨੇ ਦੇਸ ਨੂੰ ਹੁਸ਼ਿਆਰ ਅਧਿਕਾਰੀ, ਖਿਡਾਰੀ ਅਤੇ ਮਹਾਨ ਹਸਤੀਆਂ ਦੇਣ ਵਾਲੇ ਬਿਹਾਰ ਸੂਬੇ ਦੀ ਬੇਇੱਜ਼ਤੀ ਕੀਤੀ ਹੈ, ਉਸ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ।

ਵੀਡੀਓ ਵਿੱਚ 10 ਸੈਕਿੰਡ ਤੋਂ ਬਾਅਦ ਇੱਕ ਵਾਕਿਆ ਹਟਾ ਦਿੱਤਾ ਗਿਆ ਹੈ ਕਿ 'ਬਿਹਾਰ ਦੇ ਲੋਕਾਂ ਨੂੰ ਰੁਜ਼ਗਾਰ ਲਈ ਚੱਕਰ ਕੱਟਣ ਪੈਂਦੇ ਹਨ।'

ਅਸਲੀ ਵੀਡੀਓ ਸੁਣਨ ਤੋਂ ਬਾਅਦ ਇਹ ਸਪੱਸ਼ਟ ਹੁੰਦਾ ਹੈ ਕਿ ਰਾਹੁਲ ਗਾਂਧੀ ਬੇਰੁਜ਼ਗਾਰੀ ਦੇ ਮੁੱਦੇ 'ਤੇ ਨਿਤੀਸ਼ ਕੁਮਾਰ ਅਤੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾ ਰਹੇ ਸਨ।

ਜਨਸੰਖਿਆ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਬਿਹਾਰ ਵਿੱਚ ਕੁੱਲ ਆਬਾਦੀ ਦਾ 27 ਫ਼ੀਸਦ ਨੌਜਵਾਨ ਹੈ ਜਿਨ੍ਹਾਂ ਦੀ ਉਮਰ 15 ਤੋਂ 30 ਸਾਲ ਦੇ ਵਿਚਾਲੇ ਹੈ। ਸੰਖਿਆ ਵਿੱਚ ਗੱਲ ਕਰੀਏ ਤਾਂ ਇਹ ਅੰਕੜਾ 10 ਕਰੋੜ ਤੋਂ ਵੱਧ ਹੈ।

ਜਾਣਕਾਰਾਂ ਦੀ ਮੰਨੀਏ ਤਾਂ ਉਦਯੋਗੀਕਰਣ ਨਹੀਂ ਹੋਣ ਕਾਰਨ ਨੌਜਵਾਨ ਵਰਗ ਲਈ ਸੂਬੇ ਵਿੱਚ ਸਭ ਤੋਂ ਘੱਟ ਰੁਜ਼ਗਾਰ ਦੇ ਮੌਕੇ ਹਨ।

Image copyright Getty Images

ਅਜਿਹੀਆਂ ਤਮਾਮ ਰਿਪੋਰਟਾਂ ਮੌਜੂਦ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਉੱਤਰ ਬਿਹਾਰ ਦੇ ਸਰਹਸਾ, ਮਧੇਪੁਰਾ ਅਤੇ ਸੁਪੋਲ ਜ਼ਿਲ੍ਹੇ ਦੇ ਮਜ਼ਦੂਰਾਂ ਦੀ ਇੱਕ ਵੱਡੀ ਆਬਾਦੀ ਦਿੱਲੀ-ਪੰਜਾਬ ਸਮੇਤ ਦੇਸ ਦੇ ਕਈ ਸੂਬਿਆਂ ਵਿੱਚ ਹਰ ਸਾਲ 'ਪਲਾਇਨ' ਕਰ ਜਾਂਦੀ ਹੈ।

ਲੇਬਰ ਵਿਭਾਗ ਕੋਲ ਪਲਾਇਨ ਕਰਨ ਵਾਲਿਆਂ ਦਾ ਕੋਈ ਅਧਿਕਾਰਕ ਡਾਟਾ ਮੌਜੂਦ ਨਹੀਂ ਹੈ। ਇਹੀ ਕਾਰਨ ਹੈ ਕਿ 'ਰੁਜ਼ਗਾਰ' ਬਿਹਾਰ ਵਿਧਾਨ ਸਭਾ ਚੋਣਾਂ-2015 ਵਿੱਚ ਇੱਕ ਵੱਡਾ ਮੁੱਦਾ ਰਿਹਾ ਸੀ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਇੱਕ ਵੱਡਾ ਮੁੱਦਾ ਰਹੇਗਾ।

ਬੇਰੁਜ਼ਗਾਰੀ ਦੀ ਸੰਖਿਆ

ਸਰਕਾਰੀ ਅੰਕੜਿਆਂ ਮੁਤਾਬਕ ਬਿਹਾਰ ਉਨ੍ਹਾਂ ਸੂਬਿਆਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਜਿੱਥੇ ਰੁਜ਼ਗਾਰ ਦੀ ਸਥਿਤੀ ਦੇਸ ਵਿੱਚ ਕਾਫ਼ੀ ਖਰਾਬ ਹੈ।

ਇਹ ਵੀ ਪੜ੍ਹੋ:

ਭਾਰਤੀ ਲੇਬਰ ਅਤੇ ਰੁਜ਼ਾਗਰ ਮੰਤਰਾਲੇ ਦੇ ਚੰਡੀਗੜ੍ਹ ਸਥਿਤ ਲੇਬਰ ਬਿਊਰੋ ਦੀ ਰਿਪੋਰਟ ਮੁਤਾਬਕ ਬਿਹਾਰ ਵਿੱਚ ਤੈਅ ਤਨਖ਼ਾਹ ਲੈਣ ਵਾਲੇ ਕਾਮਿਆਂ ਦਾ ਫ਼ੀਸਦ ਸਭ ਤੋਂ ਘੱਟ (9.7 ਫ਼ੀਸਦ ) ਦਰਜ ਕੀਤਾ ਗਿਆ ਸੀ।

ਇਸ ਰਿਪੋਰਟ ਵਿੱਚ ਅਜਿਹੇ ਘਰਾਂ ਦੀ ਸੰਖਿਆ ਦਾ ਅਨੁਪਾਤ ਵੀ ਬਿਹਾਰ ਵਿੱਚ ਸਭ ਤੋਂ ਖਰਾਬ ਸੀ ਜਿੱਥੇ ਕਿਸੇ ਮੈਂਬਰ ਕੋਲ ਤੈਅ ਮਿਹਨਤਾਨਾ ਹੋਵੇ।

ਬਿਹਾਰ ਦੇ ਲੇਬਰ ਸੰਸਾਧਨ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਬਿਹਾਰ ਵਿੱਚ 'ਰਜਿਸਟਰਡ ਬੇਰੁਜ਼ਗਾਰ' ਲੋਕਾਂ ਦੀ ਸੰਖਿਆ 9 ਲੱਖ 80 ਹਜ਼ਾਰ ਤੋਂ ਵੱਧ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੇ ਸਰਕਾਰੀ ਪੋਰਟਲ 'ਤੇ ਖ਼ੁਦ ਨੂੰ ਰਜਿਸਟਰਡ ਕਰਵਾਇਆ ਹੈ।

ਅਧਿਕਾਰੀ ਨੇ ਦੱਸਿਆ ਕਿ ਬੀਤੇ ਤਿੰਨ ਸਾਲਾਂ ਵਿੱਚ ਔਸਤਨ ਡੇਢ ਲੱਖ ਪ੍ਰਤੀ ਸਾਲ ਦੀ ਦਰ ਤੋਂ ਕਰੀਬ ਸਾਢੇ 4 ਲੱਖ ਨਵੇਂ ਲੋਕ ਬੇਰੁਜ਼ਗਾਰੀ ਦੇ ਇਸ ਅੰਕੜੇ ਨਾਲ ਜੁੜ ਰਹੇ ਹਨ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)