ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਅੰਕਿਤ ਭਾਦੂ ਦੇ ਕਥਿਤ ਐਨਕਾਊਂਟਰ ਦੀ ਕਹਾਣੀ ਪੁਲਿਸ ਦੀ ਜ਼ੁਬਾਨੀ

ਅੰਕਿਤ ਭਾਦੂ Image copyright Punjab police
ਫੋਟੋ ਕੈਪਸ਼ਨ ਐਨਕਾਊਂਟਰ ਵਿੱਚ ਅੰਕਿਤ ਭਾਦੂ ਦੇ 4 ਗੋਲੀਆਂ ਲੱਗੀਆਂ

ਮੁਹਾਲੀ ਦੇ ਜ਼ੀਰਕਪੁਰ ਵਿਖੇ ਕਥਿਤ ਪੁਲਿਸ ਮੁਕਾਬਲੇ ਵਿੱਚ ਸੋਮਵਾਰ ਨੂੰ ਮਾਰੇ ਗਏ "ਗੈਂਗਸਟਰ" ਅੰਕਿਤ ਭਾਦੂ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦਾ ਖ਼ਾਤਮਾ ਹੋ ਗਿਆ ਹੈ, ਇਹ ਦਾਅਵਾ ਪੰਜਾਬ ਪੁਲਿਸ ਦੇ ਓਰਗਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (OCCU) ਦੇ ਮੁਖੀ ਏਆਈਜੀ ਇੰਟੈਲੀਜੈਂਸ ਗੁਰਮੀਤ ਚੌਹਾਨ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਨੇ ਆਖਿਆ ਕਿ ਅੰਕਿਤ ਭਾਦੂ ਲਾਰੈਂਸ ਬਿਸ਼ਨੋਈ ਦਾ ਸਾਥੀ ਸੀ ਅਤੇ ਉਸ ਦੇ ਜੇਲ੍ਹ ਵਿੱਚ ਹੋਣ ਦੇ ਕਾਰਨ ਇਸਦਾ ਗੈਂਗ ਇਹ ਬਾਹਰ ਤੋਂ ਚਲਾ ਰਿਹਾ ਸੀ।

ਏਆਈਜੀ ਇੰਟੈਲੀਜੈਂਸ ਗੁਰਮੀਤ ਚੌਹਾਨ ਮੁਤਾਬਕ ਹੁਣ ਇਹ ਆਖਿਆ ਜਾ ਸਕਦਾ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਗੈਂਗ ਦਾ ਲਗਭਗ ਖ਼ਾਤਮਾ ਹੋ ਗਿਆ ਹੈ।

ਚੌਹਾਨ ਮੁਤਾਬਕ ਇਹ ਗੈਂਗ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਪ੍ਰਮੁੱਖ ਤੌਰ 'ਤੇ ਸਰਗਰਮ ਸੀ ਅਤੇ ਇਸ ਦੇ ਜ਼ਿਆਦਾਤਰ ਮੈਂਬਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਾਂ ਫਿਰ ਉਹ ਖ਼ਤਮ ਹੋ ਚੁੱਕੇ ਹਨ।

ਪੰਜਾਬ ਪੁਲਿਸ ਦੇ ਖੁਫ਼ੀਆ ਵਿਭਾਗ ਦੇ ਅਫ਼ਸਰਾਂ ਮੁਤਾਬਕ ਲਾਰੈਂਸ ਬਿਸ਼ਨੋਈ ਅਤੇ ਸਪੰਤ ਨਹਿਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਸਰਗਰਮ ਰਹੇ ਸਨ।

ਇਹ ਵੀ ਪੜ੍ਹੋ:

ਫੋਟੋ ਕੈਪਸ਼ਨ ਏਆਈਜੀ ਇੰਟੈਲੀਜੈਂਸ ਗੁਰਮੀਤ ਚੌਹਾਨ ਨੇ ਦੱਸਿਆ ਕਿ ਅੰਕਿਤ ਭਾਦੂ ਲਾਰੈਂਸ ਬਿਸ਼ਨੋਈ ਦਾ ਸਾਥੀ ਸੀ ਅਤੇ ਉਸ ਦੇ ਜੇਲ੍ਹ ਵਿੱਚ ਹੋਣ ਦੇ ਕਾਰਨ ਇਸਦਾ ਗੈਂਗ ਇਹ ਬਾਹਰ ਤੋਂ ਚਲਾ ਰਿਹਾ ਸੀ

ਲਾਰੈਂਸ ਬਿਸ਼ਨੋਈ ਅਬੋਹਰ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਹ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ ਸੀ।

ਇਸੇ ਤਰ੍ਹਾਂ ਸੰਪਤ ਨਹਿਰਾ ਚੰਡੀਗੜ੍ਹ ਪੁਲਿਸ ਦੇ ਸੇਵਾ ਮੁਕਤ ਸਬ ਇੰਸਪੈਕਟਰ ਦਾ ਮੁੰਡਾ ਹੈ ਅਤੇ ਉਹ ਪੜਾਈ ਦੌਰਾਨ ਹੀ ਗ਼ੈਰਕਾਨੂੰਨੀ ਗਤੀਵਿਧੀਆਂ ਨਾਲ ਜੁੜ ਗਿਆ।

ਸੰਪਤ ਨਹਿਰਾ ਦਾ ਸਬੰਧ ਰਾਜਸਥਾਨ ਨਾਲ ਹੈ। ਪੰਜਾਬ ਪੁਲਿਸ ਮੁਤਾਬਕ ਇਸ ਸਮੇਂ ਪੰਜਾਬ ਵਿੱਚ ਕੋਈ ਪ੍ਰਮੁੱਖ ਗੈਂਗ ਸਰਗਰਮ ਨਹੀਂ ਹੈ ਜੋ ਵਾਰਦਾਤਾਂ ਹੋ ਰਹੀਆਂ ਹਨ ਉਨ੍ਹਾਂ ਪਿੱਛੇ ਇੱਕ ਤੋਂ ਜ਼ਿਆਦਾ ਗਰੁੱਪਾਂ ਦੇ ਮੈਂਬਰ ਸਰਗਰਮ ਹਨ।

ਇਹ ਵੀ ਪੜ੍ਹੋ

ਅੰਕਿਤ ਭਾਦੂ ਦਾ ਕਥਿਤ ਐਨਕਾਊਂਟਰ

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਇਸ ਆਪ੍ਰੇਸ਼ਨ ਨੂੰ ਲੀਡ ਕਰਨ ਵਾਲੇ ਡੀਐਸਪੀ ਬਿਕਰਮ ਬਰਾੜ ਨੇ ਆਖਿਆ ਕਿ ਅਬੋਹਰ ਦੇ ਰਹਿਣ ਵਾਲੇ ਅੰਕਿਤ ਦੇ ਇਸ ਇਲਾਕੇ 'ਚ ਹੋਣ ਦੀ ਉਨ੍ਹਾਂ ਨੂੰ ਸੂਹ ਮਿਲ ਚੁੱਕੀ ਸੀ ਇਸ ਕਰਕੇ ਸਵੇਰੇ ਤੋਂ ਹੀ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ।

ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਿੱਚ ਕਰੀਬ 30 ਮੈਂਬਰ ਸਨ ਅਤੇ ਸ਼ਾਮ ਕਰੀਬ ਛੇ ਵਜੇ ਜ਼ੀਰਕਪੁਰ ਦੇ ਪੀਰਮੁੱਛਲਾ ਦੀ ਇੱਕ ਸੁਸਾਇਟੀ ਦੇ ਫਲੈਟ ਵਿੱਚ ਪੁਲਿਸ ਦਾ ਮੁਕਾਬਲਾ ਕੁਝ ਨੌਜਵਾਨਾਂ ਨਾਲ ਹੋਇਆ।

ਫੋਟੋ ਕੈਪਸ਼ਨ ਡੀਐਸਪੀ ਬਿਕਰਮ ਬਰਾੜ ਮੁਤਾਬਕ ਅੰਕਿਤ ਦੇ ਇਸ ਇਲਾਕੇ 'ਚ ਹੋਣ ਦੀ ਉਨ੍ਹਾਂ ਨੂੰ ਸੂਹ ਮਿਲ ਚੁੱਕੀ ਸੀ ਇਸ ਕਰਕੇ ਸਵਰੇ ਤੋਂ ਹੀ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ

ਬਿਕਰਮ ਬਰਾੜ ਮੁਤਾਬਕ 15 ਤੋਂ 20 ਮਿੰਟ ਚੱਲੇ ਇਸ ਪੁਲਿਸ ਆਪ੍ਰੇਸ਼ਨ ਵਿੱਚ ਇੱਕ ਨੌਜਵਾਨ ਮਾਰਿਆ ਗਿਆ ਅਤੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਿਕਰਮ ਬਰਾੜ ਮੁਤਾਬਕ ਨੌਜਵਾਨ ਦੀ ਪਛਾਣ 23 ਸਾਲਾ ਅੰਕਿਤ ਭਾਦੂ ਵਜੋਂ ਹੋਈ ਜਿਸ ਦੇ ਚਾਰ ਗੋਲੀਆਂ ਲੱਗੀਆਂ।

ਪੰਜਾਬ ਪੁਲਿਸ ਦੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਮੁਤਾਬਕ ਐਨਕਾਊਂਟਰ ਦੌਰਾਨ ਪੁਲਿਸ ਲਈ ਸਭ ਤੋ ਵੱਡੀ ਚੁਣੌਤੀ ਉਸ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਸੀ।

ਪੰਜਾਬ ਪੁਲਿਸ ਮੁਤਾਬਕ ਗੈਂਗਸਟਰ ਅੰਕਿਤ ਨੇ ਪੀਰ ਮੁਛੱਲਾ ਦੇ ਰਿਹਾਇਸ਼ੀ ਅਪਾਰਟਮੈਂਟ ਦੀ ਉੱਪਰਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਨੇ ਫਿਰ ਇੱਕ ਪਰਿਵਾਰ ਨੂੰ ਬੰਦੀ ਬਣਾ ਲਿਆ ਜਿਸ ਵਿੱਚ ਇੱਕ ਛੇ-ਸਾਲਾ ਕੁੜੀ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ:

ਪੰਜਾਬ ਪੁਲਿਸ ਦੇ ਅਧਿਕਾਰੀ ਮੁਤਾਬਕ ਪੁਲਿਸ ਨੇ ਬੱਚੀ ਨੂੰ ਬਚਾ ਲਿਆ ਜੋ ਇਸ ਸਮੇਂ ਇਲਾਜ ਅਧੀਨ ਹੈ। ਪੁਲਿਸ ਮੁਤਾਬਕ ਅੰਕਿਤ ਪੁਲਿਸ ਦੀਆਂ ਗੋਲੀਆਂ ਨਾਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਐਨਕਾਊਂਟਰ ਤੋਂ ਇੱਕ ਦਿਨ ਪਹਿਲਾਂ ਅੰਕਿਤ ਨੇ 6 ਫਰਵਰੀ ਨੂੰ ਕਥਿਤ ਤੌਰ ਉੱਤੇ ਦਿੱਲੀ ਨੇੜੇ ਬਹਾਦਰਗੜ੍ਹ ਵਿਖੇ ਅਜੇ ਨਾਮੀ ਇੱਕ ਵਿਅਕਤੀ ਦਾ ਕਤਲ ਕੀਤਾ ਸੀ ਜੋ ਗੈਂਗਵਾਰ ਦੀ ਵਾਰਦਾਤ ਦੱਸੀ ਜਾ ਰਹੀ ਹੈ।

ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿਭਾਗ ਦੇ ਅਫ਼ਸਰਾਂ ਮੁਤਾਬਕ ਅੰਕਿਤ ਦੇ ਖ਼ਿਲਾਫ਼ 7 ਤੋਂ 8 ਕਤਲ ਦੇ ਕੇਸ ਦਰਜ ਸਨ।

ਇਸ ਤਰਾਂ 22 ਮਈ ਨੂੰ ਵਿਨੋਦ ਜਾਟ ਉਰਫ਼ ਜਾਰਡਨ ਨੂੰ ਇੱਕ ਜਿਮ ਵਿੱਚ ਅੰਕਿਤ ਨੇ ਕਥਿਤ ਤੌਰ 'ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਪੰਜਾਬ ਪੁਲਿਸ ਵੱਲੋਂ ਅੰਕਿਤ ਉੱਤੇ ਦੋ ਲੱਖ ਰੁਪਏ ਦਾ ਇਨਾਮ ਸੀ ਜਦਕਿ ਰਾਜਸਥਾਨ ਪੁਲਿਸ ਨੇ ਉਸ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।

ਇਹ ਵੀ ਪੜ੍ਹੋ:

ਪੰਜਾਬ ਵਿੱਚ ਸਰਗਰਮ ਗੈਂਗਸਟਰ

ਪੰਜਾਬ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਮੋਸਟ ਵਾਂਟਡ ਗੈਂਗਸਟਰਾਂ ਦੀ ਲਿਸਟ ਤਿਆਰ ਕੀਤੀ ਹੋਈ ਹੈ ਜਿਨ੍ਹਾਂ ਵਿੱਚ ਅੱਠ ਗੈਂਗਸਟਰ ਸ਼ਾਮਲ ਹਨ।

ਇਸ ਲਿਸਟ ਵਿੱਚ ਅੰਕਿਤ ਦਾ ਨਾਮ ਅੱਠਵੇਂ ਨੰਬਰ ਉੱਤੇ ਦਰਜ ਸੀ। ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ ਲਿਸਟ ਵਿੱਚ ਸ਼ਾਮਲ ਬਾਕੀ ਗੈਂਗਸਟਰ ਸੁਖਪ੍ਰੀਤ ਉਰਫ਼ ਹੈਰੀ ਚੱਠਾ, ਗੋਪੀ ਘਣਸ਼ਿਆਮਪੁਰੀਆ, ਸੁੱਖ ਧਾਲੀਵਾਲ, ਜੈਪਾਲ, ਕਸ਼ਮੀਰਾ ਸਿੰਘ, ਸ਼ੁਭਮ ਅਤੇ ਹਰਿੰਦਰ ਰੀਂਟਾ ਹਨ।

ਪੰਜਾਬ ਪੁਲਿਸ ਮੁਤਾਬਕ ਇਸ ਤੋਂ ਇਲਾਵਾ 15 ਤੋਂ 20 ਗੈਂਗਸਟਰਾ ਦਾ ਪਿੱਛਾ ਇਸ ਸਮੇਂ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ।

ਫੋਟੋ ਕੈਪਸ਼ਨ ਸ਼ਾਮ ਕਰੀਬ ਛੇ ਵਜੇ ਜ਼ੀਰਕਪੁਰ ਦੇ ਪੀਰਮੁੱਛਲਾ ਦੀ ਇੱਕ ਸੁਸਾਇਟੀ ਦੇ ਫਲੈਟ ਵਿੱਚ ਪੁਲਿਸ ਦਾ ਮੁਕਾਬਲਾ ਕੁਝ ਨੌਜਵਾਨਾਂ ਨਾਲ ਹੋਇਆ

ਪੰਜਾਬ ਵਿਚ ਗੈਂਗਸਟਰਾਂ ਦਾ ਖੌਫ

ਪੰਜਾਬ ਵਿੱਚ ਗੈਂਗਸਟਰਾਂ ਦਾ ਖੌਫ ਇਸ ਕਦਰ ਸੀ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਮੁੱਦਾ ਕਾਫੀ ਉਛਲਿਆ।

ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਕੁਰਸੀ ਸੰਭਾਲਦਿਆਂ ਹੀ ਗੈਂਗਸਟਰਾਂ ਖਿਲਾਫ਼ ਕਾਰਵਾਈ ਲਈ ਪੰਜਾਬ ਪੁਲਿਸ ਨੂੰ ਸਖਤ ਆਦੇਸ਼ ਦਿੱਤੇ। ਪੁਲਿਸ ਨੇ ਬਕਾਇਦਾ ਗੈਂਗਸਟਰਾਂ ਦੀ ਲਿਸਟ ਤਿਆਰ ਕੀਤੀ।

ਇਹ ਵੀ ਪੜ੍ਹੋ

Image copyright FACEBOOK/@VICKYGOUNDERX
ਫੋਟੋ ਕੈਪਸ਼ਨ 2018 ਵਿੱਚ ਵਿੱਕੀ ਗੌਂਡਰ ਦਾ ਐਨਕਾਊਂਟਕ ਪੰਜਾਬ ਰਾਜਸਥਾਨ ਸਰਹੱਦ ਉੱਤੇ ਕਰ ਦਿੱਤਾ ਗਿਆ

26 ਜਨਵਰੀ 2018 ਨੂੰ ਨਾਮੀ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੋਰੀਆ ਦੇ ਕਥਿਤ ਪੁਲਿਸ ਮੁਕਾਬਲੇ ਤੋਂ ਬਾਅਦ ਸੂਬੇ ਵਿੱਚ ਗੈਂਗਸਟਰਾਂ ਦੀ ਗਤੀਵਿਧੀਆਂ ਨੂੰ ਠੱਲ੍ਹ ਪਈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਆਪਣੀ ਵੱਡੀ ਸਫ਼ਲਤਾ ਮੰਨਦੇ ਹਨ ਤੇ ਇਸ ਬਾਬਤ ਸੂਬੇ ਵਿੱਚ ਕਈ ਥਾਂਵਾਂ 'ਤੇ ਸੜਕਾਂ ਕਿਨਾਰੇ ਬੈਨਰ ਵੀ ਨਜ਼ਰ ਆਉਂਦੇ ਹਨ।

ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਬਕਾਇਦਾ ਮੁਹਿੰਮ ਛੇੜ ਕੇ ਗੈਂਗਸਟਰਾਂ ਦੇ ਘਰ ਵਾਲਿਆਂ ਨਾਲ ਸੰਪਰਕ ਕੀਤਾ ਅਤੇ ਪੁਲਿਸ ਅੱਗੇ ਉਨ੍ਹਾਂ ਨੂੰ ਸਰੰਡਰ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਦੂਜੀ ਕਾਮਯਾਬੀ ਕਥਿਤ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਗ੍ਰਿਫਤਾਰ ਤੋਂ ਬਾਅਦ ਮਿਲੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ