ਕਨ੍ਹੱਈਆ ਕੁਮਾਰ ਭਾਜਪਾ ਤੇ ਕਾਂਗਰਸ ਦੀ ਲੜਾਈ 'ਚ 'ਜੇਤੂ' ਕਿਵੇਂ ?

ਕਨ੍ਹਈਆ ਕੁਮਾਰ Image copyright Getty Images
ਫੋਟੋ ਕੈਪਸ਼ਨ ਟਵਿੱਟਰ ਹੈਂਡਲਰਜ਼ ਦਾ ਕਹਿਣਾ ਹੈ ਕਿ ਅੱਜ ਸਿਆਸੀ ਪਾਰਟੀਆਂ ਦੁਆਰਾ ਕਨ੍ਹਈਆ ਦੇ ਨਾਅਰੇ ਦੀ ਵਰਤੋਂ ਕੀਤੀ ਗਈ ਹੈ

ਪਿਛਲੇ ਦੋ-ਤਿੰਨ ਦਿਨਾਂ ਤੋਂ ਭਾਜਪਾ ਅਤੇ ਕਾਂਗਰਸ ਵੱਲੋਂ ਆਪੋ-ਆਪਣੇ ਟਵਿੱਟਰ ਹੈਂਡਲਜ਼ ਤੋਂ ਇੱਕ ਦੂਸਰੇ 'ਤੇ ਨਿਸ਼ਾਨੇ ਸਾਧਦੇ ਹੋਏ ਰੈਪ ਗਾਣੇ ਪੋਸਟ ਕੀਤੇ ਗਏ।

ਦੋਵੇਂ ਸਿਆਸੀ ਪਾਰਟੀਆਂ ਦੁਆਰਾ ਟਵੀਟ ਕੀਤੇ ਗਏ ਇਹ ਰੈਪ ਗਾਣੇ ਆਉਣ ਜਾ ਰਹੀ ਇੱਕ ਬਾਲੀਵੁਡ ਫਿਲਮ ਦੇ 'ਆਜ਼ਾਦੀ' ਨਾਮੀ ਰੈਪ ਗਾਣੇ ਦੀ ਤਰਜ 'ਤੇ ਤਿਆਰ ਕੀਤੇ ਗਏ ਸਨ।

ਭਾਜਪਾ ਦੇ ਟਵਿੱਟਰ ਹੈਂਡਲ ਤੋ ਸ਼ੁੱਕਰਵਾਰ ਰਾਤ ਟਵੀਟ ਕੀਤਾ ਗਿਆ, "ਜਦੋਂ ਰਾਹੁਲ ਗਾਂਧੀ ਪੂਰੀ ਰਾਤ ਜਾਗ ਕੇ ਇਹ ਸੋਚਣਗੇ ਕਿ ਕਲ੍ਹ ਸਵੇਰੇ ਲੋਕਾਂ ਨੂੰ ਕਿਹੜੇ ਝੂਠ ਬੋਲਣੇ ਹਨ, ਅਸੀਂ ਤੁਹਾਨੂੰ ਸਾਲ 2019 ਦਾ ਟੀਚਾ ਦੇ ਰਹੇ ਹਾਂ।" ਇਸ ਟਵੀਟ ਦੇ ਨਾਲ ਇੱਕ ਵੀਡੀਓ ਰਾਹੀਂ ਉਨ੍ਹਾਂ ਆਪਣਾ ' ਆਜ਼ਾਦੀ ' ਨਾਮੀ ਰੈਪ ਪੋਸਟ ਕੀਤਾ।

ਇਸ ਦੇ ਜਵਾਬ ਵਿਚ ਕੁਝ ਮਿੰਟਾਂ ਬਾਅਦ ਹੀ ਕਾਂਗਰਸ ਨੇ ਵੀ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਲਿਖਿਆ, "ਡਰ ਦੇ ਅੱਗੇ ਆਜ਼ਾਦੀ"। ਕਾਂਗਰਸ ਨੇ ਵੀ ਆਪਣੀ ਇਸ ਟਵੀਟ ਦੇ ਨਾਲ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ 'ਤੇ ਨਿਸ਼ਾਨੇ ਸਾਧਦਿਆਂ, 'ਆਜ਼ਾਦੀ' ਦੇ ਨਾਅਰੇ ਵਾਲਾ ਆਪਣਾ ਰੈਪ ਪੋਸਟ ਕੀਤਾ।

ਹਾਲਾਂਕਿ ਸਮਰਥਕਾਂ ਨੇ ਦੋਹਾਂ ਪਾਰਟੀਆਂ ਦੀ ਟਵੀਟ ਤੋਂ ਬਾਅਦ ਇੱਕ ਦੂਜੇ ਨੂੰ ਮੇਹਣੇ ਮਾਰੇ ਪਰ ਇਸ ਸਭ ਵਿਚ ਕੁਝ ਲੋਕ ਅਜਿਹੇ ਵੀ ਸਨ, ਜਿੰਨ੍ਹਾਂ ਨੇ ਪੂਰੀ ਲੜਾਈ ਵਿਚ ਕਨ੍ਹੱਈਆ ਕੁਮਾਰ ਨੂੰ ਜੇਤੂ ਦੱਸਿਆ।

ਸ਼ੁੱਕਰਵਾਰ ਨੂੰ ਸ਼ੁਰੂ ਹੋਈ ਇਹ ਟਵਿੱਟਰ ਜੰਗ ਅਜੇ ਵੀ ਜਾਰੀ ਹੈ ਕਿਉਂਕਿ ਦੋਵਾਂ ਦੇ ਟਵਿੱਟਰ ਹੈਂਡਲ 'ਤੇ ਇਹ ਟਵੀਟ ਅਜੇ ਵੀ ਪਿੰਨ ਟੂ ਟੌਪ ਹਨ।

ਇਹ ਵੀ ਪੜ੍ਹੋ-

ਦਰਅਸਲ ਅੱਜ ਤੋਂ ਤਿੰਨ ਸਾਲ ਪਹਿਲਾਂ ਜੇਐਨਯੂ ਵਿਚ ਅਫ਼ਜ਼ਲ ਗੁਰੂ ਦੀ ਫ਼ਾਂਸੀ ਦੀ ਸਜ਼ਾ ਨੂੰ ਲੈ ਕੇ ਕੁਝ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਪੂਰੇ ਮਾਮਲੇ ਦੌਰਾਨ ਵਿਦਿਆਰਥੀਆਂ 'ਤੇ ਦੇਸ਼ ਧ੍ਰੋਹ ਦਾ ਇਲਜ਼ਾਮ ਲੱਗਣ ਤੋਂ ਬਾਅਦ ਉੱਥੋਂ ਦੇ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਵੱਲੋਂ 'ਆਜ਼ਾਦੀ' ਦਾ ਨਾਅਰਾ ਦਿੱਤਾ ਗਿਆ ਸੀ।

ਟਵਿੱਟਰ ਹੈਂਡਲਰਜ਼ ਦਾ ਕਹਿਣਾ ਹੈ ਕਿ ਅੱਜ ਸਿਆਸੀ ਪਾਰਟੀਆਂ ਦੁਆਰਾ ਉਸੀ ਨਾਅਰੇ ਦੀ ਵਰਤੋਂ ਕੀਤੀ ਗਈ ਹੈ।

ਧਰੁਵ ਰਾਠੀ ਨਾਮੀ ਟਵਿੱਟਰ ਹੈਂਡਲਰ ਲਿਖਦੇ ਹਨ, "ਦੋਵੇਂ ਹੀ ਕਾਂਗਰਸ ਅਤੇ ਬੀਜੇਪੀ ਨੇ 'ਆਜ਼ਾਦੀ' ਗਾਣੇ ਦੀ ਵਰਤੋਂ ਕਰਕੇ ਇੱਕ ਦੂਜੇ ਦੇ ਖਿਲਾਫ਼ ਗਾਣਾ ਬਣਵਾਇਆ ਹੈ। ਇਸ ਲੜਾਈ ਦਾ ਇੱਕੋ-ਇੱਕ ਜੇਤੂ ਕਨ੍ਹੱਈਆ ਕੁਮਾਰ ਹੈ, ਜਿਸ ਦੇ ਨਾਅਰੇ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।"

ਆਕਾਸ਼ ਬੈਨਰਜੀ ਨਾਂ ਦੇ ਟਵਿੱਟਰ ਹੈਂਡਲਰ ਟਵੀਟ ਕਰਦੇ ਹਨ ਕਿ, "ਮੁਬਾਰਕਬਾਦ ਕਨ੍ਹੱਈਆ। ਤੁਸੀਂ ਬੀਜੇਪੀ ਨੂੰ ਵੀ ਆਪਣੇ ਆਜ਼ਾਦੀ ਦੇ ਨਾਅਰੇ ਦਾ ਹੌਕਾ ਦੇਣ ਲਗਾ ਦਿੱਤਾ ਹੈ।"

ਜੋਏਜੀਤ ਗੁਹਾ ਨਾਮੀ ਵਿਅਕਤੀ ਟਵੀਟ ਕਰਦੇ ਹਨ, "ਕਨ੍ਹੱਈਆ ਨੂੰ ਖੁਦ 'ਤੇ ਮਾਣ ਹੋਣਾ ਚਾਹੀਦਾ ਹੈ ਕਿ ਹੁਣ ਸਿਆਸੀ ਪਾਰਟੀਆਂ ਉਨ੍ਹਾਂ ਦੀ ਧੁੰਨ ਗਾ ਰਹੀਆਂ ਹਨ।"

ਅਭਿਨਵ ਮੌਰਿਆ ਨਾਂ ਦੇ ਯੂਜ਼ਰ ਆਪਣੇ ਹੈਂਡਲ ਤੋਂ ਟਵੀਟ ਕਰਦੇ ਹਨ ਕਿ, " ਤੁਸੀਂ ਜੇਐਨਯੂ ਅਤੇ ਉਸਦੇ ਆਜ਼ਾਦੀ ਦੇ ਨਾਅਰੇ ਨਾਲ ਨਫ਼ਰਤ ਕਰ ਸਕਦੇ ਹੋ, ਪਿਆਰ ਕਰ ਸਕਦੇ ਹੋ, ਪਰ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ। ਅੱਜ ਤੋਂ ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਆਜ਼ਾਦੀ ਦੇ ਨਾਅਰਿਆਂ ਨੂੰ ਦੇਸ ਦੇ ਖਿਲਾਫ਼ ਦੱਸਿਆ ਸੀ ਅਤੇ ਜੇਐਨਯੂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਆਪਣੇ ਸਿਆਸੀ ਲਾਹੇ ਲਈ ਉਹ ਖੁਦ ਇਸ ਦੀ ਵਰਤੋਂ ਕਰ ਰਹੇ ਹਨ।"

ਇਸ ਸਭ ਵਿਚਕਾਰ ਕਨ੍ਹੱਈਆ ਕੁਮਾਰ ਨੇ ਆਜ਼ਾਦੀ 'ਤੇ ਟਵਿੱਟਰ ਰਾਹੀਂ ਮੁੜ ਆਪਣੇ ਵਿਚਾਰ ਪੇਸ਼ ਕੀਤੇ ਹਨ।

ਉਹ ਲਿਖਦੇ ਹਨ ਕਿ, "ਅਸੀਂ ਕਿਹਾ ਆਜ਼ਾਦੀ ਤਾਂ ਉਨ੍ਹਾਂ ਨੇ ਸਾਨੂੰ ਦੇਸ਼ਧ੍ਰੋਹੀ ਆਖਿਆ। ਸੱਚ ਇਹ ਹੈ ਕਿ ਆਜ਼ਾਦੀ ਸਭ ਨੂੰ ਚਾਹੀਦੀ ਹੈ। ਫ਼ਰਕ ਇਹ ਹੈ ਕਿ ਇਨ੍ਹਾਂ ਨੂੰ ਆਪਣੇ ਵਿਰੋਧੀਆਂ ਤੋਂ ਆਜ਼ਾਦੀ ਚਾਹੀਦੀ ਹੈ ਅਤੇ ਸਾਨੂੰ ਦੇਸ ਦੀਆਂ ਸਮੱਸਿਆਵਾਂ ਤੋਂ।"

ਆਪਣਾ ਆਜ਼ਾਦੀ ਦਾ ਨਾਅਰਾ ਦੁਹਰਾਉਂਦਿਆਂ ਕਨ੍ਹੱਈਆ ਨੇ ਇੱਕ ਹੋਰ ਟਵੀਟ ਕੀਤਾ ਅਤੇ ਦੋਹਾਂ ਪਾਰਟੀਆਂ ਤੋਂ ਬਾਅਦ ਆਜ਼ਾਦੀ ਦਾ ਆਪਣਾ ਪੱਖ ਸਾਹਮਣੇ ਰੱਖਿਆ।

ਇਹ ਵੀ ਪੜ੍ਹੋ-

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)