ਜਾਓ ਕੋਨੇ 'ਚ ਬੈਠ ਜਾਓ ਜਦੋਂ ਤੱਕ ਅਦਾਲਤ ਉੱਠਦੀ ਨਹੀਂ, ਸੁਪਰੀਮ ਕੋਰਟ ਨੇ ਸੀਬੀਆਈ ਦੇ ਸਾਬਕਾ ਮੁਖੀ ਨੂੰ ਸੁਣਾਈ ਅਨੋਖੀ ਸਜ਼ਾ

ਸਾਬਕਾ ਸੀਬੀਆਈ ਮੁਖੀ ਨਾਗੇਸ਼ਵਰ ਰਾਓ Image copyright PTI

'ਪਲੀਜ਼ ਜਾਓ ਅਤੇ ਅਦਾਲਤ ਉੱਠਣ ਤੱਕ ਇੱਕ ਕੋਨੇ ਵਿਚ ਬੈਠ ਜਾਓ', ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਇਹ ਸ਼ਬਦ ਸੀਬੀਆਈ ਦੇ ਸਾਬਕਾ ਅੰਤ੍ਰਿਮ ਮੁਖੀ ਨਾਗੇਸ਼ਵਰ ਰਾਓ ਨੂੰ ਅਦਾਲਤੀ ਮਾਣਹਾਨੀ ਦਾ ਦੋਸ਼ੀ ਮੰਨਦਿਆਂ ਕਹੇ। ਅਦਾਲਤ ਨੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਹੈ।

ਨਾਗੇਸ਼ਵਰ ਰਾਓ ਨੇ ਭਾਵੇਂ ਇਸ ਮਾਮਲੇ ਵਿਚ ਮਾਫ਼ੀ ਮੰਗ ਲਈ ਸੀ।

ਪਰ ਇਸ ਦੇ ਬਾਵਜੂਦ ਨਾਗੇਸ਼ਵਰ ਰਾਓ ਅਤੇ ਉਨ੍ਹਾਂ ਦੇ ਕਾਨੂੰਨੀ ਸਲਾਹਕਾਰ ਨੂੰ ਇਸ ਮਾਮਲੇ ਦਾ ਦੋਸੀ ਮੰਨਿਆ ਅਤੇ ਦੋਵਾਂ ਨੂੰ ਪੂਰਾ ਵਿਚ ਅਦਾਲਤ ਵਿਚ ਬੈਠਣ ਦੀ ਸਜ਼ਾ ਸੁਣਾਈ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਕੀਤਾ।

ਕੀ ਹੈ ਮਾਣਹਾਨੀ ਮਾਮਲਾ

ਇਹ ਮਾਮਲਾ ਬਿਹਾਰ ਦੇ ਮੁਜ਼ਫ਼ਰਪੁਰ ਬਾਲਿਕਾ ਗ੍ਰਹਿ ਮਾਮਲੇ ਦੀ ਜਾਂਚ ਨਾਲ ਜੁੜਿਆ ਹੋਇਆ ਹੈ।

ਐੱਮ ਨਾਗੇਸ਼ਵਰ ਰਾਓ ਨੇ ਸੀਬੀਆਈ ਦੇ ਕਾਰਜਕਾਰੀ ਮੁਖੀ ਰਹਿੰਦੇ ਹੋਏ ਬਿਨਾਂ ਅਦਾਲਤ ਦੀ ਇਜਾਜ਼ਤ ਦੇ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਇੱਕ ਅਫ਼ਸਰ ਏਕੇ ਸ਼ਰਮਾ ਦੀ ਬਦਲੀ ਕਰ ਦਿੱਤੀ ਸੀ।

ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਮਾਣਹਾਨੀ ਦਾ ਨੋਟਿਸ ਜਾਰੀ ਕਰਦਿਆਂ 12 ਫਰਵਰੀ ਨੂੰ ਪੇਸ਼ ਹੋਣ ਦਾ ਹੁਕਮ ਦਿੱਤੇ ਸਨ।

ਨਾਗੇਸ਼ਵਰ ਰਾਓ ਨੂੰ ਪਿਛਲੇ ਸਾਲ 23 ਅਕਤੂਬਰ ਨੂੰ ਸੀਬੀਆਈ ਦੇ ਕਾਰਜਕਾਰੀ ਨਿਰਦੇਸ਼ਕ ਲਾਇਆ ਗਿਆ ਸੀ। ਜਦੋਂ ਤਤਕਾਲੀ ਨਿਰਦੇਸ਼ਕ ਆਲੋਕ ਵਰਮਾ ਅਤੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਨੂੰ ਉਨ੍ਹਾਂ ਦਰਮਿਆਨ ਜਾਰੀ ਮਤਭੇਦਾਂ ਕਾਰਨ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ।

ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ 8 ਅਤੇ 9 ਜਨਵਰੀ ਨੂੰ ਆਲੋਕ ਵਰਮਾ ਆਪਣੇ ਅਹੁਦੇ 'ਤੇ ਵਾਪਸ ਆ ਗਏ ਸਨ। ਉਸ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ। ਉਸ ਤੋਂ ਬਾਅਦ ਨਾਗੇਸ਼ਵਰ ਰਾਓ ਨੇ ਇੱਕ ਵਾਰ ਫਿਰ ਅਹੁਦਾ ਸੰਭਾਲਿਆ। ਇਸ ਵਾਰ ਫਿਰ ਉਨ੍ਹਾਂ ਨੇ ਕਈ ਬਦਲੀਆਂ ਕੀਤੀਆਂ।

ਉਸ ਤੋਂ ਬਾਅਦ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਰਿਸ਼ੀ ਕੁਮਾਰ ਸ਼ੁਕਲਾ ਦੇ ਆਉਣ ਤੱਕ ਨਾਗੇਸ਼ਵਰ ਰਾਓ ਸੀਬੀਆਈ ਮੁਖੀ ਬਣੇ ਰਹੇ।

ਸੀਬੀਆਈ ਨੇ ਪਿਛਲੇ ਹਫ਼ਤੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਮੁਜ਼ਫ਼ਰਪੁਰ ਬਾਲਿਕਾ ਗ੍ਰਹਿ ਮਾਮਲੇ ਦੀ ਜਾਂਚ ਕਰ ਰਹੇ ਅਫ਼ਸਰ ਦੀ ਬਦਲੀ ਦਾ ਫ਼ੈਸਲਾ ਨਾਗੇਸ਼ਵਰ ਰਾਓ ਨੇ ਲਿਆ ਸੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)