'ਦੂਜੀ ਜਾਤ ਵਿੱਚ ਵਿਆਹ ਕਰਵਾਉਣਾ ਅੱਤਵਾਦੀ ਹੋਣਾ ਹੈ'

ਰਵਿੰਦਰ ਅਤੇ ਸ਼ਿਲਪਾ Image copyright Ravindra Bhartiya

ਆਪਣੀ ਜ਼ਿੰਦਗੀ ਵਿੱਚ ਖੁਸ਼ ਨਵੀਂ ਪੀੜ੍ਹੀ ਦੇ ਕਈ ਮੁੰਡੇ-ਕੁੜੀਆਂ ਦੀ ਤਰ੍ਹਾਂ ਸ਼ਿਲਪਾ ਵੀ ਜਾਤ ਦੇ ਆਧਾਰ 'ਤੇ ਹੁੰਦੇ ਵਿਤਕਰੇ ਨੂੰ ਦੇਖ ਕੇ ਅਣਦੇਖਾ ਕਰ ਦਿੰਦੀ ਸੀ।

ਉਹ ਗੁਜਰਾਤ ਦੇ ਸੋਰਾਸ਼ਟਰ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਰਾਜਪੂਤ ਪਰਿਵਾਰ ਤੋਂ ਹੈ। ਜਦੋਂ ਫੇਸਬੁੱਕ ਦੇ ਜ਼ਰੀਏ ਰਵਿੰਦਰ ਨਾਲ ਮੁਲਾਕਾਤ ਅਤੇ ਫਿਰ ਪਿਆਰ ਹੋਇਆ ਤਾਂ ਉਸ ਦੇ ਦਲਿਤ ਹੋਣ ਦਾ ਮਤਲਬ ਠੀਕ ਤਰ੍ਹਾਂ ਸਮਝ ਨਹੀਂ ਸਕੀ।

ਸ਼ਿਲਪਾ ਨੇ ਦੱਸਿਆ, "ਸਾਡੇ ਪਰਿਵਾਰਾਂ ਵਿੱਚ ਕੁੜੀਆਂ 'ਤੇ ਜ਼ਿਆਦਾ ਬੰਦਿਸ਼ਾ ਹੁੰਦੀਆਂ ਹਨ, ਮੇਰੇ 'ਤੇ ਵੀ ਸਨ, ਕਾਲਜ ਤੋਂ ਇਲਾਵਾ ਘਰੋਂ ਬਾਹਰ ਨਹੀਂ ਨਿਕਲਦੀ ਸੀ ਨਾ ਸਮਝ ਸੀ, ਨਾ ਸੁਪਨੇ, ਬਸ ਪਿਆਰ ਹੋ ਗਿਆ ਸੀ।"

ਪਰ ਛੇਤੀ ਹੀ ਸਮਝ ਆ ਗਿਆ ਕਿ ਉਹ ਜੋ ਕਰਨਾ ਚਾਹੁੰਦੀ ਹੈ ਉਹ ਨਾਮੁਮਕਿਨ ਹੈ।

ਰਵਿੰਦਰ ਕਹਿੰਦੇ ਹਨ, "ਸ਼ਿਲਪਾ ਨੂੰ ਸਮਝਾਉਣਾ ਪਿਆ ਕਿ ਹਕੀਕਤ ਕੀ ਹੈ, ਚੋਣਾਂ ਦਾ ਸਮਾਂ ਸੀ ਅਤੇ ਇੱਕ ਦਲਿਤ ਦਾ ਕਤਲ ਕਰ ਦਿੱਤਾ ਗਿਆ ਸੀ, ਸਾਨੂੰ ਤਾਂ ਉਨ੍ਹਾਂ ਦੀ ਗਲੀ ਵਿੱਚ ਜਾਣ ਦੀ ਮਨਾਹੀ ਸੀ।"

ਇਹ ਵੀ ਪੜ੍ਹੋ

ਸ਼ਿਲਪਾ ਘੁਟਣ ਮਹਿਸੂਸ ਕਰਨ ਲੱਗੀ। ਜਿਵੇਂ ਇਹ ਆਰ-ਪਾਰ ਦੀ ਲੜਾਈ ਸੀ। ਰਵਿੰਦਰ ਨਾਲ ਵਿਆਹ ਨਹੀਂ ਹੋਇਆ ਤਾਂ ਜ਼ਿੰਦਗੀ ਦੇ ਕੋਈ ਮਾਅਨੇ ਨਹੀਂ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਇੱਕ ਰਾਜਪੂਤ ਕੁੜੀ ਅਤੇ ਦਲਿਤ ਮੁੰਡੇ ਦੀ ਪ੍ਰੇਮ ਕਹਾਣੀ

ਰਵਿੰਦਰ ਮੁਤਾਬਕ ਅੰਤਰ-ਜਾਤੀ ਵਿਆਹ ਕਰਨ ਵਾਲਿਆਂ ਨੂੰ ਦੂਜੀ ਦੁਨੀਆਂ ਦਾ ਮੰਨਿਆ ਜਾਂਦਾ ਹੈ।

ਉਹ ਕਹਿੰਦੇ ਹਨ, "ਦੂਜੀ ਜਾਤ ਵਿੱਚ ਵਿਆਹ ਕਰਨ ਵਾਲਿਆਂ ਨੂੰ ਅੱਤਵਾਦੀ ਸਮਝਿਆ ਜਾਂਦਾ ਹੈ। 21ਵੀਂ ਸਦੀ ਹੈ ਪਰ ਕੋਈ ਬਦਲਾਅ ਨਹੀਂ ਚਾਹੁੰਦਾ।"

ਸਗੋਂ ਸੋਸ਼ਲ ਮੀਡੀਆ ਜ਼ਰੀਏ ਡਰ ਹੋਰ ਫੈਲਾਇਆ ਜਾ ਰਿਹਾ ਹੈ। ਪਰ ਇਸ ਮਾਹੌਲ ਤੋਂ ਰਵਿੰਦਰ ਨਹੀਂ ਡਰੇ ਅਤੇ ਨਿਰਾਸ਼ਾ ਵਿੱਚ ਡੁੱਬਦੀ ਸ਼ਿਲਪਾ ਨੂੰ ਵੀ ਬਚਾਇਆ।

ਇੱਕ ਦਿਨ ਸ਼ਿਲਪਾ ਨੇ ਫ਼ੋਨ ਕੀਤਾ ਅਤੇ ਰਵਿੰਦਰ ਬਾਈਕ 'ਤੇ ਆ ਗਿਆ। ਕਿਹਾ ਖ਼ੁਦਕੁਸ਼ੀ ਸਾਡਾ ਰਸਤਾ ਨਹੀਂ, ਹੁਣ ਦੁਨੀਆਂ ਨੂੰ ਇਕੱਠੇ ਰਹਿ ਕੇ ਦਿਖਾਵਾਂਗੇ।

Image copyright Ravindra Bhartiya

ਦੋਵਾਂ ਨੇ ਭੱਜ ਕੇ ਵਿਆਹ ਕਰਵਾ ਲਿਆ। ਪਰ ਇਹ ਲੜਾਈ ਦਾ ਅੰਤ ਨਹੀਂ, ਸ਼ੁਰੂਆਤ ਸੀ। ਘਰ ਤੋਂ ਵੀ ਗਏ ਅਤੇ ਇੰਜੀਨੀਅਰ ਦੀ ਨੌਕਰੀ ਵੀ ਗਈ। ਦਿਹਾੜੀ ਮਜ਼ਦੂਰੀ ਕਰਨ ਨੂੰ ਮਜਬੂਰ ਹੋ ਗਏ।

ਅਣਖ ਖਾਤਰ ਕਤਲ

ਅਣਖ ਖਾਤਰ ਕਤਲ ਦੇ ਜੁਰਮ ਲਈ ਭਾਰਤ ਵਿੱਚ ਕੋਈ ਕਾਨੂੰਨ ਨਹੀਂ ਹੈ।

ਦੇਸ ਵਿੱਚ ਹੋ ਰਹੇ ਜੁਰਮਾਂ ਦੀ ਜਾਣਕਾਰੀ ਇਕੱਠੀ ਕਰਨ ਵਾਲੀ ਸੰਸਥਾ 'ਨੈਸ਼ਨਲ ਕਰਾਈਮ ਰਿਕਾਰਡਸ ਬਿਊਰੋ' ਕਤਲ ਦੇ ਅੰਕੜਿਆਂ ਨੂੰ ਮਕਸਦ ਦੇ ਆਧਾਰ 'ਤੇ ਸ਼੍ਰੇਣੀ ਵਿੱਚ ਵੰਡਦਾ ਹੈ।

ਇਹ ਵੀ ਪੜ੍ਹੋ

2016 ਵਿੱਚ ਅਣਖ ਖਾਤਰ ਕਤਲ ਯਾਨਿ 'ਆਨਰ ਕਿਲਿੰਗ' ਦੇ 71 ਮਾਮਲੇ, 2015 ਵਿੱਚ 251 ਅਤੇ 2014 ਵਿੱਚ 28 ਮਾਮਲੇ ਦਰਜ ਹੋਏ ਸਨ। 'ਆਨਰ ਕਿਲਿੰਗ' ਦੇ ਮਾਮਲੇ ਅਕਸਰ ਦਰਜ ਨਹੀਂ ਕੀਤੇ ਜਾਂਦੇ ਜਿਸ ਕਾਰਨ ਅੰਕੜਿਆਂ ਦੇ ਆਧਾਰ 'ਤੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ।

ਕਿਰਾਏ 'ਤੇ ਕਮਰਾ ਲੈਂਦੇ ਤਾਂ ਉਨ੍ਹਾਂ ਦੀ ਵੱਖਰੀ-ਵੱਖਰੀ ਜਾਤ ਦਾ ਪਤਾ ਲਗਦੇ ਹੀ ਖਾਲੀ ਕਰਨ ਨੂੰ ਕਹਿ ਦਿੱਤਾ ਜਾਂਦਾ ਸੀ। ਕਰੀਬ 15 ਵਾਰ ਘਰ ਬਦਲੇ। ਹਰ ਵੇਲੇ ਹਮਲੇ ਦਾ ਡਰ ਬਣਿਆ ਰਹਿੰਦਾ। ਸੜਕ 'ਤੇ ਨਿਕਲਦੇ ਸਮੇਂ, ਕੰਮ ਕਰਦੇ ਸਮੇਂ, ਹਰ ਵੇਲੇ ਡਰ ਹੀ ਲਗਦਾ ਰਹਿੰਦਾ ਸੀ।

Image copyright Ravindra Bhartiya

ਕਦੇ-ਕਦੇ ਬਹੁਤ ਗੁੱਸਾ, ਖਿਝ ਅਤੇ ਕਈ ਵਾਰ ਇੱਕ-ਦੂਜੇ 'ਤੇ ਇਲਜ਼ਾਮ ਲਗਾਉਣ ਦੀ ਨੌਬਤ ਆਉਂਦੀ। ਘਰ-ਪਰਿਵਾਰ ਤੋਂ ਦੂਰੀ ਅਤੇ ਮਨ ਵਿੱਚ ਉਨ੍ਹਾਂ ਨੂੰ ਦੁਖੀ ਕਰਨ ਦਾ ਬੋਝ, ਡਿਪ੍ਰੈਸ਼ਨ ਵਾਲੇ ਪਾਸੇ ਲਿਜਾਉਣ ਲੱਗਾ ਸੀ।

ਸ਼ਿਲਪਾ ਦੱਸਦੀ ਹੈ, "ਫਿਰ ਇੱਕ ਦਿਨ ਅਸੀਂ ਬੈਠ ਕੇ ਲੰਬੀ ਗੱਲਬਾਤ ਕੀਤੀ, ਤੈਅ ਕੀਤਾ ਕਿ ਇੱਕ-ਦੂਜੇ ਦੇ ਖ਼ਿਲਾਫ਼ ਨਹੀਂ ਸਗੋਂ ਨਾਲ ਮਿਲ ਕੇ ਆਪਣੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਾਂਗੇ।"

ਨਾਲ ਹੋਣ ਵਿੱਚ ਆਪਣੀ ਤਾਕਤ ਹੈ, ਜੋ ਖੁਸ਼ੀ ਦਿੰਦੀ ਹੈ। ਸ਼ਿਲਪਾ ਕਹਿੰਦੀ ਹੈ ਕਿ ਹੁਣ ਰੋਣਾ ਬੰਦ ਕਰ ਦਿੱਤਾ ਹੈ, ਰੋਣ ਨਾਲ ਨਕਾਰਾਤਮਕ ਭਾਵਨਾਵਾਂ ਆਉਂਦੀਆਂ ਹਨ। ਇਸ ਲਈ ਜ਼ਿੰਦਗੀ ਨੂੰ ਹੱਸ ਕੇ ਜਿਉਣ ਦਾ ਨਿਸ਼ਚਾ ਕੀਤਾ।

ਸੇਫ਼ ਹਾਊਸ

ਸੁਪਰੀਮ ਕੋਰਟ ਨੇ ਮਾਰਚ 2018 ਵਿੱਚ ਦੋ ਬਾਲਗਾਂ ਵਿਚਾਲੇ ਮਰਜ਼ੀ ਨਾਲ ਹੋਣ ਵਾਲੇ ਵਿਆਹ ਵਿੱਚ ਖਾਪ ਪੰਚਾਇਤਾਂ ਦੇ ਦਖ਼ਲ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਸੀ।

ਕੋਰਟ ਨੇ ਕਿਹਾ ਕਿ ਪਰਿਵਾਰ, ਭਾਈਚਾਰਾ ਅਤੇ ਸਮਾਜ ਦੀ ਮਰਜ਼ੀ ਤੋਂ ਵੱਧ ਜ਼ਰੂਰੀ ਮੁੰਡਾ ਅਤੇ ਕੁੜੀ ਦੀ ਰਜ਼ਾਮੰਦੀ ਹੈ।

ਇਹ ਵੀ ਪੜ੍ਹੋ

ਖਾਪ ਪੰਚਾਇਤਾਂ ਅਤੇ ਪਰਿਵਾਰਾਂ ਤੋਂ ਸੁਰੱਖਿਆ ਲਈ ਅਦਾਲਤ ਨੇ ਸੂਬਾ ਸਰਕਾਰਾਂ ਨੂੰ 'ਸੇਫ਼ ਹਾਊਸ' ਬਣਾਉਣ ਦੀ ਸਲਾਹ ਵੀ ਦਿੱਤੀ।

ਕਰੀਬ ਛੇ ਮਹੀਨੇ ਬਾਅਦ ਗ੍ਰਹਿ ਮੰਤਰਾਲੇ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕਰਕੇ ਕੋਰਟ ਦੇ ਦਿਸ਼ਾ-ਨਿਰਦੇਸ਼ ਲਾਗੂ ਕਰਨ ਨੂੰ ਕਿਹਾ ਵੀ, ਪਰ ਕੁਝ ਹੀ ਸੂਬਿਆਂ ਨੇ ਹੁਣ ਤੱਕ 'ਸੇਫ਼ ਹਾਊਸ' ਬਣਾਏ ਹਨ।

ਸ਼ਿਲਪਾ ਅਤੇ ਰਵਿੰਦਰ ਹੁਣ ਆਪਣੀ ਜ਼ਿੰਦਗੀ ਅਤੇ ਫ਼ੈਸਲਿਆਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ। ਅੰਤਰ-ਜਾਤੀ ਵਿਆਹ ਕਰਨ ਦੀ ਚਾਹਤ ਰੱਖਣ ਵਾਲੇ ਕਈ ਹੋਰ ਜੋੜੇ ਉਨ੍ਹਾਂ ਤੋਂ ਸਲਾਹ ਲੈਂਦੇ ਹਨ।

ਪਰ ਇਹ ਜੋੜੇ ਸਾਹਮਣੇ ਨਹੀਂ ਆਉਣਾ ਚਾਹੁੰਦੇ। ਸ਼ਾਇਦ ਉਨ੍ਹਾਂ ਨੂੰ ਵੀ ਨਾਲ ਹੋਣ ਦੀ ਜੱਦੋਜਹਿਦ ਅਤੇ ਖੌਫ਼ ਤੋਂ ਨਿਕਲ ਕੇ ਤਾਕਤ ਅਤੇ ਖੁਸ਼ੀ ਦੇ ਅਹਿਸਾਸ ਤੱਕ ਦਾ ਸਫ਼ਰ ਖ਼ੁਦ ਹੀ ਤੈਅ ਕਰਨਾ ਹੋਵੇਗਾ।

ਰਵਿੰਦਰ ਦੇ ਮੁਤਾਬਕ ਵੱਖ-ਵੱਖ ਜਾਤਾਂ ਦੇ ਲੋਕਾਂ ਵਿਚਾਲੇ ਵਿਆਹ ਹੋਣਾ, ਉਸ ਬਦਲਾਅ ਵੱਲ ਪਹਿਲਾ ਕਦਮ ਹੈ ਜਿਸ ਨਾਲ ਦੇਸ ਵਿੱਚ ਜਾਤ ਦੇ ਆਧਾਰ 'ਤੇ ਵਿਕਤਰਾ ਖ਼ਤਮ ਹੋ ਜਾਵੇਗਾ।

ਹੁਣ ਉਹ ਵਕਾਲਤ ਦੀ ਪੜ੍ਹਾਈ ਕਰ ਰਹੇ ਹਨ ਤਾਂ ਜੋ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਣ ਜੋ ਪੜ੍ਹੇ-ਲਿਖੇ ਨਹੀਂ ਹਨ ਅਤੇ ਆਪਣੇ ਹੱਕ ਲਈ ਆਵਾਜ਼ ਨਹੀਂ ਚੁੱਕ ਸਕਦੇ।

ਸ਼ਿਲਪਾ ਕਹਿੰਦੀ ਹੈ ਕਿ ਉਹ ਘੁਟ-ਘੁਟ ਕੇ ਜਿਉਣ ਵਾਲੀ ਕੁੜੀ ਤੋਂ ਬਹੁਤ ਅੱਗੇ ਨਿਕਲ ਆਈ ਹੈ, "ਹੁਣ ਮੇਰੀ ਜ਼ਿੰਦਗੀ ਦੇ ਕੁਝ ਮਾਅਨੇ ਹਨ। ਸ਼ਾਇਦ ਪਾਪਾ ਵੀ ਇਹ ਦੇਖ ਸਕਣ ਕਿ ਮੈਂ ਸਿਰਫ਼ ਮਸਤੀ ਕਰਨ ਲਈ ਵਿਆਹ ਨਹੀਂ ਕਰਵਾਇਆ ਅਤੇ ਮੈਨੂੰ ਅਪਣਾ ਲੈਣ।"

ਉਹ ਕਦੋਂ ਹੋਵੇਗਾ ਪਤਾ ਨਹੀਂ, ਪਰ ਸ਼ਿਲਪਾ ਦੀ ਉਮੀਦ ਕਾਇਮ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ