ਬਾਹੂਬਲੀ ਸਿਆਸੀ ਆਗੂ ਨੂੰ ਜਿਸ 'ਤੇ ਚੱਲਦੇ ਨੇ 60 ਅਪਰਾਧਿਕ ਮਾਮਲੇ

ਪੂਰਵਾਂਚਲ ਦਾ ਮਾਫ਼ੀਆ
ਫੋਟੋ ਕੈਪਸ਼ਨ ਵਿਜੇ ਮਿਸ਼ਰਾ

ਨਾਮ-ਪਤਾ ਪੁੱਛਣ ਤੋਂ ਬਾਅਦ ਲੋਹੇ ਦਾ ਇੱਕ ਵੱਡਾ ਸਾਰਾ ਗੇਟ ਖੁੱਲ੍ਹਿਆ। ਵਿਹੜੇ ਵਿੱਚ ਮੋਢਿਆਂ ’ਤੇ ਬੰਦੂਕਾਂ ਨਾਲ ਸਾਦੇ ਪਹਿਰਾਵੇ ਵਾਲੇ ਕੁਝ ਲੋਕ ਖੜ੍ਹੇ ਸਨ। ਉਨ੍ਹਾਂ ਦੇ ਪਿੱਛੇ ਵੱਡੀਆਂ-ਵੱਡੀਆਂ ਗੱਡੀਆਂ ਦੀ ਲੰਬੀ ਲਾਈਨ ਲੱਗੀ ਹੋਈ ਸੀ ਜਿਸ ਦੇ ਪਿੱਛੇ ਇੱਕ ਹਵਨਕੁੰਡ ਦਿਸ ਰਿਹਾ ਸੀ।

ਹਾਲੇ ਮੈਂ ਹੱਥ ਵਿੱਚ ਕਾਪੀ-ਪੈੱਨ ਫੜੀ ਮਾਹੌਲ ਦਾ ਅੰਦਾਜ਼ਾ ਹੀ ਲਾ ਰਹੀ ਸੀ ਕਿ ਸਾਹਮਣੇ ਤੋਂ ਬਾਹੂਬਲੀ ਆਗੂ ਵਿਜੇ ਮਿਸ਼ਰਾ ਆ ਗਏ।

ਜੇ ਪਹਿਲਾਂ ਤੋਂ ਪਤਾ ਨਾ ਹੋਵੇ ਤਾਂ ਯਕੀਨ ਕਰਨਾ ਔਖਾ ਹੋਵੇਗਾ ਕਿ 64 ਸਾਲਾਂ ਦੇ ਇਸ ਵਿਅਕਤੀ ’ਤੇ 60 ਤੋਂ ਵੱਧ ਮੁੱਕਦਮੇ ਦਰਜ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਵੱਲੋਂ ਦਾਖ਼ਲ ਕੀਤੇ ਹਲਫ਼ਨਾਮੇ ਮੁਤਾਬਕ ਉਨ੍ਹਾਂ ’ਤੇ ਵੱਖ-ਵੱਖ ਜੁਰਮਾਂ ਦੇ 16 ਮੁੱਕਦਮੇ ਦਰਜ ਸਨ।

ਇਨ੍ਹਾਂ ਵਿੱਚ-ਕਤਲ, ਕਤਲ ਦੀ ਕੋਸ਼ਿਸ਼, ਅਤੇ ਸਾਜਿਸ਼ ਰਚਣ ਵਰਗੇ ਗੰਭੀਰ ਕੇਸ ਵੀ ਸ਼ਾਮਲ ਸਨ। ਹਾਲਾਂਕਿ ਉਨ੍ਹਾਂ ਨੇ ਹਮੇਸ਼ਾ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ ਤੇ ਇਸ ਨੂੰ ਵਿਰੋਧੀ ਧਿਰ ਦੀ ਸਾਜਿਸ਼ ਦੱਸਿਆ ਹੈ।

ਭਦੋਹੀ ਦਾ ਘਾਨਾਪੁਰ ਪਿੰਡ, ਬਨਾਰਸ ਤੋਂ ਮਹਿਜ਼ 50 ਕਿਲੋਮੀਟਰ ਦੂਰ ਹੈ ਪਰ ਸੰਘਣੇ ਕੋਹਰੇ, ਟਰੈਫਿਕ ਅਤੇ ਰਾਹ ਵਿੱਚ ਬਣਦੀ ਸੜਕ ਕਾਰਨ ਦਿੱਲੀ ਤੋਂ ਘਾਨਾਪੁਰ ਪਹੁੰਚਦੇ-ਪਹੁੰਚਦੇ ਸ਼ਾਮ ਹੋ ਗਈ ਸੀ।

ਇਹ ਵੀ ਪੜ੍ਹੋ

ਜਿੱਥੇ ਭਦੋਹੀ ਦੇ ਗਿਆਨਪੁਰ ਹਲਕੇ ਤੋਂ ਲਗਾਤਾਰ ਚੌਥੀ ਵਾਰ ਵਿਧਾਇਕ ਬਣੇ ਵਿਜੇ ਮਿਸ਼ਰਾ ਦਾ ਘਰ ਲੱਭਣ ਵਿੱਚ ਸਾਨੂੰ ਕੋਈ ਬਹੁਤੀ ਮੁਸ਼ਕਿਲ ਨਹੀਂ ਆਈ।

ਫੋਟੋ ਕੈਪਸ਼ਨ ਉੱਤਰ ਪ੍ਰਦੇਸ਼ ਦਾ ਪੂਰਵਾਂਚਲ ਖੇਤਰ

ਗੱਲਬਾਤ ਲਈ ਘਰ ਦੇ ਅੰਦਰ ਲਿਜਾਂਦੇ ਹੋਏ ਵਿਜੇ ਮਿਸ਼ਰਾ ਵਰਾਂਡੇ ਤੋਂ ਕੁਝ ਦੂਰ ਬਣੇ ਆਪਣੇ ਘਰ ਵੱਲ ਵਧੇ।

ਭੁੱਲ-ਭੁਲਾਵੇ ਵਰਗੀ ਉਸ ਇਮਾਰਤ ਵਿੱਚ ਵਰਾਡਿਆਂ, ਪੌੜ੍ਹੀਆਂ ਅਤੇ ਕਮਰਿਆਂ ਨੂੰ ਪਾਰ ਕਰਦੇ ਹੋਏ ਅਸੀਂ ਘਰ ਦੇ ਇੱਕ ਧੁਰ ਅੰਦਰ ਬਣੇ ਕਮਰੇ ਵਿੱਚ ਪਹੁੰਚ ਗਏ ਅਤੇ ਇੰਟਰਵਿਊ ਲਈ ਬੈਠ ਗਏ।

ਇਹ ਕਮਰਾ ਵਿਜੇ ਮਿਸ਼ਰਾ ਦਾ ਨਿੱਜੀ ਕਮਰਾ ਸੀ, ਜਿਸ ਵਿੱਚ-ਪਲੰਘ, ਕੁਝ ਕਾਗਜ਼ ਅਤੇ ਕੱਪੜਿਆਂ ਨਾਲ ਭਰੀਆਂ ਸੰਦੂਕੜੀਆਂ ਤੋਂ ਇਲਾਵਾ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵੀ ਸਨ।

ਹੁਣ ਇੱਕ ਨਜ਼ਰ ਉਨ੍ਹਾਂ ਦੇ ਸਿਆਸੀ ਸਫ਼ਰ 'ਤੇ—

  • ਭਦੋਹੀ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਵਜੋਂ ਤਿੰਨ ਦਹਾਕੇ ਪਹਿਲਾਂ ਉਨ੍ਹਾਂ ਨੇ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ।
  • ਗਿਆਨਪੁਰ ਹਲਕੇ ਤੋਂ 2002, 2007, 2012 ਦੀਆਂ ਵਿਧਾਨ ਸਭਾ ਚੋਣਾਂ ਸਮਾਜਵਾਦੀ ਪਾਰਟੀ ਦੀ ਟਿਕਟ 'ਤੇ ਜਿੱਤੀਆਂ।
  • ਅਖਿਲੇਸ਼ ਯਾਦਵ ਨੇ ਆਪਣਾ ਬਾਹੂਬਲੀ-ਵਿਰੋਧੀ ਅਕਸ ਪੱਕਾ ਕਰਨ ਲਈ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਕੱਟ ਦਿੱਤਾ।
  • ਜਵਾਬ ਵਿੱਚ ਵਿਜੇ ਮਿਸ਼ਰਾ ਨਿਸ਼ਾਦ ਪਾਰਟੀ ਦੇ ਟਿਕਟ 'ਤੇ ਖੜ੍ਹੇ ਹੋਏ ਅਤੇ ਮੋਦੀ ਲਹਿਰ ਦੇ ਬਾਵਜੂਦ ਜਿੱਤੇ।

ਵਿਜੇ ਸ਼ਰਮਾ ਨੇ ਸਿਆਸੀ ਸਫ਼ਰ ਦੇ ਸ਼ੁਰੂਆਤੀ ਦਿਨਾਂ ਬਾਰੇ ਦੱਸਿਆ, "1980 ਦੇ ਆਸ-ਪਾਸ ਮੈਂ ਭਦੋਹੀ ਆਇਆ ਤੇ ਕੰਮ ਕਰਨਾ ਸ਼ੁਰੂ ਕੀਤਾ। ਇੱਥੇ ਇੱਕ ਪੈਟਰੋਲ ਪੰਪ ਮਿਲ ਗਿਆ ਅਤੇ ਮੇਰੇ ਕੁਝ ਟਰੱਕ ਚੱਲਣ ਲੱਗੇ।”

“ਕਈ ਵਾਰ ਦੂਸਰੇ ਕਾਰੋਬਾਰੀ ਆ ਕੇ ਧਮਕੀਆਂ ਦੇ ਜਾਂਦੇ ਸਨ। ਉਸ ਸਮੇਂ ਮੇਰੇ ਇੱਕ ਜਾਣਕਾਰ ਪੰਡਿਤ ਕਮਲਾਪਤੀ ਨੇ ਵੋਟਾਂ 'ਚ ਖੜ੍ਹੇ ਹੋਣ ਨੂੰ ਕਿਹਾ। ਉਨ੍ਹਾਂ ਨੇ ਹੀ ਟਿਕਟ ਦਿਵਾਇਆ ਅਤੇ 1990 ਤੱਕ ਅਸੀਂ ਬਲਾਕ ਪ੍ਰਧਾਨ ਬਣ ਗਏ।”

“ਉਸ ਸਮੇਂ ਤੱਕ ਮੇਰੇ ਰਾਜੀਵ ਗਾਂਧੀ ਨਾਲ ਬਹੁਤ ਵਧੀਆ ਸਬੰਧ ਹੋ ਗਏ ਸਨ। ਉਨ੍ਹਾਂ ਤੋਂ ਬਾਅਦ ਕਾਂਗਰਸ ਤੋਂ ਸੰਬੰਧ ਟੁੱਟ ਗਏ। ਉਸੇ ਸਮੇਂ ਅਸੀਂ ਨੇਤਾ ਜੀ ( ਮੁਲਾਇਮ ਸਿੰਘ ਯਾਦਵ) ਦੇ ਸੰਪਰਕ ਵਿੱਚ ਆਏ।"

ਪੂਰਵਾਂਚਲ ਦਾ ਮਾਫ਼ੀਆ

ਇਸੇ ਦੌਰਾਨ ਸਾਨੂੰ ਚੂਹੇਦਾਨੀ ਵਿੱਚ ਫਸੇ ਕਿਸੇ ਚੂਹੇ ਦੀ ਆਵਾਜ਼ ਲਗਾਤਾਰ ਸੁਣਾਈ ਦੇ ਰਹੀ ਸੀ।

ਫੋਟੋ ਕੈਪਸ਼ਨ ਪੂਰਵਾਂਚਲ ਦਾ ਮਾਫ਼ੀਆ

ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਕਹਾਣੀ ਯਾਦ ਕਰਦਿਆਂ ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖੀ।

"2000 ਦੇ ਆਸ-ਪਾਸ ਆਗੂਆਂ ਨੇ ਸਾਨੂੰ ਸੱਦ ਕੇ ਆਪਣੀ ਮੁਸ਼ਕਿਲ ਦਾ ਹੱਲ ਕਰਨ ਨੂੰ ਕਿਹਾ। ਇੱਥੇ ਸ਼ਿਵਕਰਣ ਯਾਦਵ ਕਾਕੇ ਜ਼ਿਲ੍ਹਾ ਪੰਚਾਇਤ ਦੇ ਮੁਖੀ ਸਨ।“

“ਉਨ੍ਹਾਂ ਨੇ ਨੇਤਾ ਜੀ ਨੂੰ ਸ਼ਾਇਦ ਗਾਲ੍ਹ ਕੱਢ ਦਿੱਤੀ ਸੀ ਜਿਸ ਕਾਰਨ ਨੇਤਾ ਜੀ ਚਾਹੁੰਦੇ ਸਨ ਕਿ ਅਗਲੀਆਂ ਚੋਣਾਂ ਵਿੱਚ ਜਿਵੇਂ-ਕਿਵੇਂ ਉਨ੍ਹਾਂ ਨੂੰ ਹਰਾਇਆ ਜਾਵੇ। ਉਨ੍ਹਾਂ ਨੇ ਜ਼ਿਲ੍ਹਾ ਪੰਚਾਇਤ ਦੀਆਂ ਤਿੰਨ ਟਿਕਟਾਂ ਸਾਨੂੰ ਦਿੱਤੀਆਂ ਤੇ ਸਾਰੀਆਂ ਸਾਡੇ ਉਮੀਦਵਾਰਾਂ ਨੇ ਜਿੱਤ ਲਈਆਂ ਸਨ।”

ਵਿਜੇ ਮਿਸ਼ਰਾ ਦਾ ਕਹਿਣਾ ਹੈ ਕਿ 2001 ਵਿੱਚ ਉਨ੍ਹਾਂ ਨੂੰ ਵਿਧਾਇਕ ਦਾ ਟਿਕਟ ਇਸ ਸ਼ਰਤ ’ਤੇ ਮਿਲਿਆ ਕਿ ਉਹ ਗਿਆਨਪੁਰ ਦੇ ਨਾਲ-ਨਾਲ ਹੰਡੀਆ, ਭਦੋਹੀ ਅਤੇ ਮਿਰਜ਼ਾਪੁਰ ਦੇ ਸਮਾਜਵਾਦੀ ਉਮੀਦਵਾਰਾਂ ਨੂੰ ਜਿਤਾਉਣਗੇ ਅਤੇ ਨਾਲ ਹੀ ਭਦੋਹੀ ਲੋਕ ਸਭਾ ਸੀਟ ਵੀ ਜਿਤਵਾਉਣਗੇ। ਸਾਰੀਆਂ ਸੀਟਾਂ ਪਾਰਟੀ ਨੇ ਜਿੱਤੀਆਂ।

ਇਹ ਵੀ ਪੜ੍ਹੋ

ਉਹ ਕਹਿੰਦੇ ਹਨ, "2005 ਵਿੱਚ ਸਾਡੀ ਪਤਨੀ ਰਾਮਲਲੀ ਜ਼ਿਲ੍ਹਾ ਪੰਚਾਇਤ ਦੀ ਪ੍ਰਧਾਨ ਬਣ ਗਈ। 2007 ਦੀਆਂ ਚੋਣਾਂ ਵੀ ਅਸੀਂ ਜਿੱਤ ਗਏ। ਨੇਤਾ ਜੀ ਦਾ ਬਾਕੀ ਸਭ ਕੁਝ ਤਾਂ ਠੀਕ ਸੀ ਪਰ ਇੱਕ ਸਮੱਸਿਆ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਜੋ ਵੀ ਸਿਆਸਤ ਕਰੇ, ਉਨ੍ਹਾਂ ਦੇ ਯਾਦਵਾਂ ਦੇ ਥੱਲੇ ਹੀ ਕਰੇ।"

ਸਮਾਜਵਾਦੀ ਪਾਰਟੀ ਤੋਂ ਤੋੜ-ਵਿਛੋੜਾ

ਵਿਜੇ ਮਿਸ਼ਰਾ ਦੇ ਸਮਾਜਵਾਦੀ ਪਾਰਟੀ ਨਾਲ ਖ਼ਰਾਬ ਹੁੰਦੇ ਰਿਸ਼ਤਿਆਂ ਦੇ ਬਾਰੇ ਦੱਸਦਿਆਂ ਇੱਕ ਸੀਨੀਅਰ ਪੱਤਰਕਾਰ ਪਵਨ ਸਿੰਘ ਕਹਿੰਦੇ ਹਨ, "ਵਿਜੇ ਮਿਸ਼ਰਾ ਦਾ ਸੱਤਾ ਦਾ ਵਿਰੋਧ ਕਰਨ ਦਾ ਲੰਬਾ ਇਤਿਹਾਸ ਹੈ।”

“ਫਿਰ ਉਹ ਭਾਵੇਂ ਮਾਇਆਵਤੀ ਹੋਵੇ ਜਾਂ ਸਮਾਜਵਾਦੀ ਪਾਰਟੀ ਨਾਲ ਵਿਰੋਧ। ਮਿਸ਼ਰਾ ਲੰਬੇ ਸਮੇਂ ਤੱਕ ਮੁਖ਼ਤਾਰ ਅੰਸਾਰੀ ਦੇ ਗੁੱਟ ਦੇ ਪ੍ਰਮੁੱਖ ਰਣਨੀਤੀਕਾਰ ਅਤੇ ਕਰੀਬੀ ਰਹੇ ਹਨ।”

“ਇਸ ਲਈ 2017 ਦੀਆਂ ਚੋਣਾਂ ਵਿੱਚ ਆਪਣਾ ਬਾਹੂਬਲੀ ਅਕਸ ਪੱਕਾ ਕਰਨ ਲਈ ਅਖਿਲੇਸ਼ ਨੇ ਇਨ੍ਹਾਂ ਤੋਂ ਅਤੇ ਮੁਖ਼ਤਾਰ ਅੰਸਾਰੀ ਦੋਹਾਂ ਤੋਂ ਦੂਰੀ ਬਣਾਉਂਦੇ ਹੋਏ ਇਹ ਸੰਦੇਸ਼ ਦਿੱਤਾ ਕਿ ਜੇ ਵਿਜੇ ਦਾ ਟਿਕਟ ਕੱਟਿਆ ਗਿਆ ਤਾਂ ਮੁਖ਼ਤਾਰ ਨੂੰ ਵੀ ਨਹੀਂ ਦਿੱਤਾ ਜਾਵੇਗਾ।"

ਫੋਟੋ ਕੈਪਸ਼ਨ ਭਦੋਹੀ ਵਿੱਚ ਆਪਣੇ ਘਰ ਬੈਠੇ ਵਿਜੇ ਮਿਸ਼ਰਾ

ਮਿਸ਼ਰਾ ਦਾ ਸਿਆਸੀ ਰਸੂਖ਼ ਇੰਨਾ ਜ਼ਿਆਦਾ ਸੀ ਕਿ 2017 ਵਿੱਚ ਬੀਐੱਸਪੀ, ਸਮਾਜਵਾਦੀ ਪਾਰਟੀ ਅਤੇ ਭਾਜਪਾ ਸਾਰਿਆਂ ਤੋਂ ਲੜ ਕੇ ਮੋਦੀ ਲਹਿਰ ਵਿੱਚ ਉਨ੍ਹਾਂ ਨੇ 20 ਹਜ਼ਾਰ ਵੋਟਾਂ ਨਾਲ ਗਿਆਨਪੁਰ ਸੀਟ 'ਤੇ ਜਿੱਤ ਦਰਜ ਕੀਤੀ।

ਦੂਸਰੀ ਮਿਸਾਲ 2014 ਵਿੱਚ ਸਮਾਜਵਾਦੀ ਪਾਰਟੀ ਦੇ ਟਿਕਟ 'ਤੇ ਲੋਕ ਸਭਾ ਚੋਣਾਂ ਲੜਨ ਵਾਲੀ ਉਨ੍ਹਾਂ ਦੀ ਧੀ ਸੀਮਾ ਹੈ। ਬਿਲਕੁਲ ਗੈਰ-ਸਿਆਸੀ ਪਿਛੋਕੜ ਵਾਲੀ ਸੀਮਾ ਨੂੰ ਅਚਾਨਕ ਮੈਦਾਨ ਵਿੱਚ ਉਤਾਰਿਆ ਗਿਆ ਅਤੇ ਉਹ ਮੋਦੀ ਲਹਿਰ ਵਿੱਚ ਵੀ ਇੱਕ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਭਦੋਹੀ ਤੋਂ ਦੂਜੇ ਨੰਬਰ 'ਤੇ ਆਈ।

ਅਪਰਾਧਕ ਪਿਛੋਕੜ

ਵਿਜੇ ਮਿਸ਼ਰਾ ’ਤੇ ਲੱਗੇ ਕਈ ਇਲਜ਼ਾਮਾਂ ’ਚੋਂ ਇੱਕ ਜੁਲਾਈ 2010 ਵਿੱਚ ਬੀਐੱਸਪੀ ਸਰਕਾਰ ਵਿੱਚ ਨੰਦ ਕੁਮਾਰ ਨੰਦੀ 'ਤੇ ਹੋਇਆ ਜਾਨਲੇਵਾ ਹਮਲਾ ਸਭ ਤੋਂ ਪ੍ਰਮੁੱਖ ਹੈ।

12 ਜੁਲਾਈ 2010 ਨੂੰ ਇਲਾਹਾਬਾਦ ਵਿੱਚ ਨੰਦੀ ਕੁਮਾਰ ਨੰਦੀ ਦੇ ਕਤਲ ਦੇ ਇਰਾਦੇ ਨਾਲ ਕੀਤੇ ਗਏ ਇਸ ਹਮਲੇ ਵਿੱਚ ਉਨ੍ਹਾਂ ਦੇ ਇੱਕ ਸੁਰੱਖਿਆ ਕਰਮੀ ਅਤੇ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਵਿਜੇ ਪ੍ਰਤਾਪ ਸਿੰਘ ਸਹਿਤ ਦੋ ਲੋਕ ਮਾਰੇ ਗਏ ਸਨ।

ਨੰਦੀ ਇਸ ਹਮਲੇ ਵਿੱਚ ਜ਼ਖਮੀਂ ਤਾਂ ਹੋਏ ਪਰ ਉਨ੍ਹਾਂ ਦੀ ਜਾਨ ਬਚ ਗਈ।

ਬਾਅਦ ਵਿੱਚ ਇਸ ਮਾਮਲੇ ਵਿੱਚ ਵਿਜੇ ਮਿਸ਼ਰਾ ਨਾਮਜ਼ਦ ਰਹੇ। ਫਿਰ 2012 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ।

ਪਵਨ ਦੱਸਦੇ ਹਨ, "2012 ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਉਹ ਆਏ ਤਾਂ ਉਨ੍ਹਾਂ ਨੇ ਇੱਕ ਸਾਧੂ ਦਾ ਭੇਸ ਬਣਾਇਆ ਹੋਇਆ ਸੀ। ਲੰਬੀ ਦਾੜ੍ਹੀ, ਲੰਬੇ ਵਾਲ। ਇਸੇ ਦੌਰਾਨ ਉਨ੍ਹਾਂ ਨੇ ਜੇਲ੍ਹ ਵਿੱਚ ਰਹਿੰਦਿਆਂ ਸਮਾਜਵਾਦੀ ਪਾਰਟੀ ਦੀ ਟਿਕਟ 'ਤੇ ਚੋਣਾਂ ਲੜੀਆਂ ਤੇ ਜਿੱਤ ਗਏ।"

ਵਿਜੇ ਮਿਸ਼ਰਾ ਦਾ ਕਹਿਣਾ ਹੈ ਕਿ ਇਹ ਸਾਰੇ ਮੁਕੱਦਮੇ ਝੂਠੇ ਹਨ

ਵਿਜੇ ਮਿਸ਼ਰਾ ਕਹਿੰਦੇ ਹਨ, "2009 ਦੀ ਫਰਵਰੀ ਵਿੱਚ ਭਦੋਹੀ ਦੀਆਂ ਜ਼ਿਮਨੀ ਚੋਣਾਂ ਹੋਣੀਆਂ ਸਨ। ਮੈਂ ਮਾਇਆਵਤੀ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਉਹ ਨਾਰਾਜ਼ ਹੋ ਗਏ।”

“ਮੈਨੂੰ ਫੜਨ ਲਈ ਪੁਲਿਸ ਭੇਜ ਦਿੱਤੀ। ਉਸੇ ਸਮੇਂ ਨੇਤਾ ਜੀ ਭਦੋਹੀ ਵਿੱਚ ਜਲਸਾ ਕਰ ਰਹੇ ਸਨ। ਅਸੀਂ ਸਟੇਜ ਤੋਂ ਹੀ ਜਨਤਾ ਨੂੰ ਆਪਣੀ ਪਤਨੀ ਰਾਮਲਲੀ ਦੇ ਸਿੰਧੂਰ ਦਾ ਵਾਸਤਾ ਦਿੰਦਿਆਂ ਕਿਹਾ ਕਿ ਹੁਣ ਉਨ੍ਹਾਂ ਦਾ ਸੁਹਾਗ ਉਨ੍ਹਾਂ ਦੇ ਹੀ ਹੱਥਾਂ ਵਿੱਚ ਹੈ।”

“ਨੇਤਾ ਜੀ ਨੇ ਕਿਹਾ ਕਿ ਜਿਸ ਦੀ ਹਿੰਮਤ ਹੋਵੇ ਸਾਨੂੰ ਫੜ ਕੇ ਦਿਖਾਵੇ। ਫਿਰ ਉਹ ਸਾਨੂੰ ਹੈਲੀਕਾਪਟਰ ਵਿੱਚ ਨਾਲ ਲੈ ਕੇ ਉੱਡ ਗਏ। ਉਸ ਤੋਂ ਬਾਅਦ ਹੀ ਮਾਇਆਵਤੀ ਨੇ ਇਹ ਸਾਰੇ ਮੁੱਕਦਮੇ ਕਰਵਾ ਦਿੱਤੇ।"

ਮਿਸ਼ਰਾ ਦਾ ਕਹਿਣਾ ਹੈ,"ਤੁਸੀਂ ਮੈਨੂੰ ਬਾਹੂਬਲੀ ਨਹੀਂ ਜਨਬਲੀ ਕਹੋ, ਜਨਬਲੀ ਜਿਸ ਨਾਲ ਜਨਤਾ ਦਾ ਬਲ ਹੋਵੇ।"

ਮੁਲਾਇਮ ਯਾਦਵ ਦੇ ਪਰਿਵਾਰ ਬਾਰੇ

ਸਮਾਜਵਾਦੀ ਪਾਰਟੀ ਬਾਰੇ ਆਪਣੀ ਕੁੜੱਤਣ ਉਹ ਲੁਕਾਉਂਦੇ ਨਹੀਂ ਹਨ।

ਉਨ੍ਹਾਂ ਕਿਹਾ, "ਨੇਤਾ ਜੀ ਨੂੰ ਜਦੋਂ ਤੱਕ ਵਿਜੇ ਮਿਸ਼ਰਾ ਨਾਲ ਕੰਮ ਸੀ, ਉਸ ਸਮੇਂ ਤੱਕ ਮੈਂ ਬਾਹੂਬਲੀ ਨਹੀਂ ਸੀ ਅਤੇ ਜਦੋਂ ਕੰਮ ਖ਼ਤਮ ਹੋ ਗਿਆ ਤਾਂ ਮੈਂ ਅਚਾਨਕ ਬਾਹੂਬਲੀ ਹੋ ਗਿਆ।”

“ਜੇ ਮੈਂ ਬਾਹੂਬਲੀ ਸੀ ਤਾਂ ਇਨ੍ਹਾਂ ਨੇ ਸਾਨੂੰ 2012 ਵਿੱਚ ਟਿਕਟ ਕਿਉਂ ਦਿੱਤੀ? 2014 ਵਿੱਚ ਮੇਰੀ ਧੀ ਨੂੰ ਟਿਕਟ ਕਿਉਂ ਦਿੱਤਾ? 2016 ਤੱਕ ਵੀ ਮੇਰੀ ਪਤਨੀ ਨੂੰ ਐੱਮਐੱਲਸੀ ਦਾ ਟਿਕਟ ਕਿਉਂ ਦਿੱਤੀ?"

ਇਹ ਵੀ ਪੜ੍ਹੋ

ਜਿਸ ਨਿਸ਼ਾਦ ਪਾਰਟੀ ਤੋਂ ਵਿਜੇ ਮਿਸ਼ਰਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ, ਉਸ ਪਾਰਟੀ ਵੱਲੋਂ ਉਨ੍ਹਾਂ ਨੂੰ ਪਾਰਟੀ ਦੇ ਖਿਲਾਫ਼ ਕੰਮ ਕਰਨ ਕਰਕੇ ਕੱਢਿਆ ਜਾ ਚੁੱਕਿਆ ਹੈ।

ਭਾਜਪਾ ਵੱਲ ਆਪਣੇ ਵਧਦੇ ਝੁਕਾਅ ਵੱਲ ਸੰਕੇਤ ਕਰਦਿਆਂ ਉਨ੍ਹਾਂ ਕਿਹਾ, "ਮਹਾਰਾਜ ਜੀ (ਯੋਗੀ ਆਦਿਤਿਆਨਾਥ) ਕੰਮ ਤਾਂ ਠੀਕ ਕਰ ਰਹੇ ਹਨ ਪਰ ਉਨ੍ਹਾਂ ਦੇ ਅਫ਼ਸਰ ਚੰਗੇ ਨਹੀਂ ਹਨ। ਜਿੱਥੇ ਤੱਕ ਸਾਡੀ ਗੱਲ ਹੈ, ਸਾਨੂੰ ਤਾਂ ਹਰ ਵਾਰ ਭਦੋਹੀ ਦੀ ਜਨਤਾ ਅਤੇ ਮਾਤਾ ਰਾਣੀ ਦੀ ਕਿਰਪਾ ਜਿਤਾਉਂਦੀ ਰਹੀ ਹੈ। ਉਹ ਚੋਣਾਂ ਵੀ ਮੇਰੇ ਲਈ ਭਦੋਹੀ ਦੀ ਜਨਤਾ ਲੜੇਗੀ।"

ਫੋਟੋ ਕੈਪਸ਼ਨ ਪਤਨੀ ਰਾਮਲਲੀ ਦੇ ਨਾਲ ਵਿਜੇ ਮਿਸ਼ਰਾ

ਸੀਨੀਅਰ ਪੱਤਰਕਾਰ ਉਤਪਲ ਪਾਠਕ ਕਹਿੰਦੇ ਹਨ, "ਭਦੋਹੀ ਵਿੱਚ ਉਨ੍ਹਾਂ ਦਾ ਕਾਲੀਨ (ਕਾਰਪਿਟ) ਤੋਂ ਇਲਾਵਾ ਹੋਰ ਕੋਈ ਕਾਰੋਬਾਰ ਨਹੀਂ ਹੈ। ਚਾਰੇ ਪਾਸਿਆਂ ਤੋਂ ਬਨਾਰਸ, ਪ੍ਰਯਾਗਰਾਜ, ਪ੍ਰਤਾਪਗੜ੍ਹ, ਗਾਜ਼ੀਪੁਰ ਅਤੇ ਜੌਨਪੁਰ ਵਰਗੇ ਪੂਰਵਆਂਚਲ ਦੇ ਅਹਿਮ ਸ਼ਹਿਰਾਂ ਨਾਲ ਲਗਦਾ ਭਦੋਹੀ ਦਾ ਛੋਟਾ ਜਿਹਾ ਲੋ-ਪ੍ਰੋਫਾਈਲ ਕਸਬਾ ਹੈ।”

“ਇਸ ਲਈ ਇੱਥੇ ਮੁਲਜ਼ਮਾਂ ਨੂੰ ਪਨਾਹ ਦਿਵਾਉਣੀ ਅਤੇ ਦੇਣੀ ਸੌਖੀ ਰਹੀ ਹੈ। ਉਨ੍ਹਾਂ ਹੀ ਸੌਖਾ ਹਥਿਆਰਾਂ ਦੇ ਨਾਲ-ਨਾਲ ਅਗਵਾ ਕੀਤੇ ਲੋਕਾਂ ਨੂੰ ਲੁਕੋਣਾ ਵੀ। ਇਸ ਲਈ ਭਦੋਹੀ ਹਮੇਸ਼ਾ ਹੀ ਮੁਲਜ਼ਮਾਂ ਲਈ ਸੁਰੱਖਿਅਤ ਖੇਤਰ ਰਿਹਾ ਹੈ।"

'ਬ੍ਰਹਾਮਣਵਾਦੀ ਆਗੂ' ਤੇ 'ਦੇਵੀਪੂਜਕ' ਦਾ ਅਕਸ

ਵਿਜੇ ਮਿਸ਼ਰਾ ਦੀ ਸਿਆਸਤ ਵਿੱਚ ਜਾਤੀ ਦੀ ਅਹਿਮੀਅਤ ਬਾਰੇ ਉਤਪਲ ਦੱਸਦੇ ਹਨ, "ਭਦੋਹੀ ਬ੍ਰਾਹਮਣ ਬਹੁਗਿਣਤੀ ਇਲਾਕਾ ਹੈ ਅਤੇ ਮਾਫ਼ੀਆ ਆਗੂਆਂ ਵਿੱਚ ਹਰੀਸ਼ੰਕਰ ਤਿਵਾਰੀ ਦੇ ਗੋਰਖਪੁਰ ਤੱਕ ਸਿਮਟਣ ਤੋਂ ਬਾਅਦ ਪੈਦਾ ਹੋਏ ਖਲਾਅ ਨੂੰ ਵਿਜੇ ਮਿਸ਼ਰਾ ਨੇ ਭਰਿਆ।”

“ਉਨ੍ਹਾਂ ਨੇ ਇੱਕ ਰਣਨੀਤੀ ਵਜੋਂ ਆਪਣੇ ਆਪ ਨੂੰ ਪੂਰਵਆਂਚਲ ਦੇ ਇਕਲੌਤੇ ਬ੍ਰਾਹਮਣ ਮਾਫੀਆ ਆਗੂ ਵਜੋਂ ਸਥਾਪਿਤ ਕੀਤਾ। ਆਈਪੀਐੱਸ ਅਫ਼ਸਰ ਤੋਂ ਲੈ ਕੇ ਸਿਪਾਹੀ ਤੱਕ, ਜੱਜ ਤੋਂ ਵਕੀਲ ਤੱਕ, ਡਾਕਟਰ ਤੋਂ ਪੱਤਰਕਾਰ ਤੱਕ— ਸਾਰੇ ਪਾਸੇ ਬ੍ਰਾਹਮਣ ਕਨੈਕਸ਼ਨ ਲੱਭ ਕੇ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨਾ, ਉਨ੍ਹਾਂ ਦੀ ਪੁਰਾਣੀ ਆਦਤ ਹੈ।"

ਫੋਟੋ ਕੈਪਸ਼ਨ ਜੁਰਮ ਤੋਂ ਸਿਆਸਤ ਤੱਕ

“ਇਸੇ ਕਾਰਨ ਉਨ੍ਹਾਂ ਨੇ ਜਾਣ-ਬੁੱਝ ਕੇ ਆਪਣਾ ਦੇਵੀਪੂਜਕ ਦਾ ਅਕਸ ਬਣਾਇਆ ਹੈ। ਨਰਾਤਿਆਂ ਦੇ ਵਰਤ ਰੱਖਣਾ, ਵੱਡੇ-ਵੱਡੇ ਹਵਨ ਕਰਵਾਉਣਾ, ਇਹ ਸਭ ਉਨ੍ਹਾਂ ਦੀ ਚੋਣ ਰਣਨੀਤੀ ਦਾ ਹਿੱਸਾ ਹੈ।”

ਮੁੰਬਈ ਕਨੈਕਸ਼ਨ

ਜੌਨਪੁਰ ਅਤੇ ਪ੍ਰਤਾਪਗੜ੍ਹ ਦੇ ਨਾਲ-ਨਾਲ ਭਦੋਹੀ ਵੀ ਪੂਰਵਆਂਚਲ ਦਾ ਉਹ ਇਲਾਕਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਮੁੰਬਈ ਵੱਲ ਪ੍ਰਵਾਸ ਕਰਦੇ ਹਨ।

ਪਵਨ ਦੱਸਦੇ ਹਨ, “ਮੁੰਬਈ ਪ੍ਰਵਾਸ ਕਰ ਚੁੱਕੇ ਜ਼ਿਆਦਾਤਰ ਭਦੋਹੀ ਵਾਸੀਆਂ ਲਈ ਵਿਜੇ ਮਿਸ਼ਰਾ ਇੱਕ ਅਹਿਮ ਨਾਮ ਹੈ। ਫੋਨ ਕਰਕੇ ਕੰਮ ਕਰਵਾਉਣ ਤੋਂ ਲੈ ਕੇ ਰੁਪਏ-ਪੈਸੇ ਨਾਲ ਮਦਦ ਕਰਵਾਉਣ ਤੱਕ ਮੁੰਬਈ ਵਿੱਚ ਵਸਣ ਵਾਲੇ ਅਤੇ ਵੱਧਣ-ਫੁੱਲਣ ਵਿੱਚ ਇਨ੍ਹਾਂ ਨੇ ਆਪਣੇ ਲੋਕਾਂ ਦੀ ਕਾਫ਼ੀ ਮਦਦ ਕੀਤੀ ਹੈ।”

“ਇਸ ਲਈ ਪ੍ਰਵਾਸ ਕਰ ਚੁੱਕੀ ਭਦੋਹੀ ਦੀ ਜਨਤਾ ਵੀ ਇਨ੍ਹਾਂ ਦੀਆਂ ਚੰਗੀਆਂ ਨਜ਼ਰਾਂ ਵਿੱਚ ਰਹਿਣਾ ਚਾਹੁੰਦੀ ਹੈ, ਵੋਟ ਦਿੰਦੀ ਹੈ, ਹਰ ਸੰਭਵ ਮਦਦ ਕਰਦੀ ਹੈ ਅਤੇ ਸਮੇਂ-ਸਮੇਂ 'ਤੇ 'ਬਾਬਾ ਦਾ ਆਸ਼ੀਰਵਾਦ' ਲੈਣ ਪਹੁੰਚ ਜਾਂਦੀ ਹੈ।"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)