ਜਗਦੀਸ਼ ਭੋਲਾ: ਕੁਸ਼ਤੀ ਚੈਂਪੀਅਨ ਤੋਂ ਡਰੱਗ ਤਸਕਰ ਬਣੇ ਭੋਲਾ ਦੇ ਮਾਮਲੇ 'ਚ ਕਿਸ-ਕਿਸ ਦਾ ਕਦੋਂ ਕਦੋਂ ਨਾ ਆਇਆ

ਮੁਹਾਲੀ ਸੀਬੀਆਈ ਅਦਾਲਤ ਨੇ ਨਾਮੀ ਪਹਿਲਵਾਨ ਅਤੇ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਨੂੰ ਬੁੱਧਵਾਰ ਨੂੰ 12 ਸਾਲ ਦੀ ਸਜਾ ਸੁਣਾਈ ਹੈ। ਭੋਲਾ ਖ਼ਿਲਾਫ਼ ਡਰੱਗਜ਼ ਤਸਕਰੀ ਸਮੇਤ ਕਈ ਮਾਮਲੇ ਦਰਜ ਸਨ ਇਹਨਾਂ ਵਿੱਚੋਂ ਕੁਝ ਮਾਮਲਿਆਂ ਵਿਚ ਉਸ ਨੂੰ ਬਰੀ ਵੀ ਕੀਤਾ ਗਿਆ ਹੈ।
ਫੈਸਲੇ ਤੋਂ ਬਾਅਦ ਭੋਲਾ ਦੇ ਵਕੀਲ ਹਰੀਸ਼ ਓਝਾ ਦੇ ਮੁਤਾਬਕ ਉਸ ਨੂੰ ਤਿੰਨ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਗਦੀਸ਼ ਭੋਲਾ ਖ਼ਿਲਾਫ਼ ਅਦਾਲਤੀ ਹੁਕਮ ਦੀ ਕਾਪੀ ਅਜੇ ਆਉਣੀ ਬਾਕੀ ਹੈ ਪਰ ਓਝਾ ਮੁਤਾਬਕ ਜਿਨ੍ਹਾਂ ਵਿਚ ਜਗਦੀਸ਼ ਭੋਲਾ ਨੂੰ ਸਜਾ ਸੁਣਾਈ ਗਈ ਹੈ ਉਨ੍ਹਾਂ ਮਾਮਲਿਆਂ ਨੂੰ ਉਹ ਹਾਈਕੋਰਟ ਵਿਚ ਚੁਨੌਤੀ ਦੇਣਗੇ।
ਇਹ ਵੀ ਪੜ੍ਹੋ:
- ਐਲ ਚੈਪੋ ਗੁਸਮੈਨ, ਅਮਰੀਕਾ ਵਿੱਚ ਡਰੱਗਜ਼ ਭੇਜਣ ਵਾਲਾ ਸਭ ਤੋਂ ਵੱਡਾ ਤਸਕਰ
- ਲੁਧਿਆਣਾ ਤੋਂ ਲਾਹੌਰ ਤੱਕ, ਮੰਟੋ ਲਈ ਹਿੰਦੁਸਤਾਨ ਵੀ ਪਾਕਿਸਤਾਨ ਵਰਗਾ
- 'ਦੂਜੀ ਜਾਤ ਵਿੱਚ ਵਿਆਹ ਕਰਵਾਉਣਾ ਅੱਤਵਾਦੀ ਹੋਣਾ ਹੈ'
ਕੌਣ ਹੈ ਜਗਦੀਸ਼ ਭੋਲਾ
ਜ਼ਗਦੀਸ਼ ਭੋਲਾ ਦਾ ਪਿਛੋਕੜ ਪੰਜਾਬ ਦੇ ਮਾਲਵਾ ਖਿੱਤੇ ਨਾਲ ਹੈ ਉਸ ਦਾ ਜਨਮ ਬਠਿੰਡੇ ਦੇ ਪਿੰਡ ਚਾਉਂਕੇ ਵਿਚ ਹੋਇਆ ਇਹ ਉਸ ਦਾ ਨਾਨਕਾ ਪਿੰਡ ਹੈ।ਭੋਲਾ ਦਾ ਜੱਦੀ ਪਿੰਡ ਬਠਿੰਡੇ ਦਾ ਹੀ ਰਾਏਕਾ ਕਲਾਂ ਹੈ। ਉਹ ਕੁਸ਼ਤੀ ਦੀ ਟ੍ਰੇਨਿੰਗ ਲਈ ਲੁਧਿਆਣਾ ਆ ਗਿਆ ਤੇ ਮੇਜਰ ਸਿੰਘ ਦੇ ਅਖਾੜੇ ਵਿਚ ਕੁਸ਼ਤੀ ਦੇ ਦਾਅ ਪੇਚ ਸਿੱਖਦਾ ਰਿਹਾ। ਉਸ ਨੇ 1991 ਦੀ ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ।
ਪਰ ਜਦੋਂ ਉਸ ਨੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤਿਆ ਤਾਂ ਉਹ ਭਾਰਤ ਵਿਚ ਸਟਾਰ ਵਜੋਂ ਉਭਰਿਆ। ਭਾਰਤ ਸਰਕਾਰ ਨੇ ਉਸ ਨੂੰ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ। ਉਸ ਨੂੰ ਰੁਸਤਮ-ਏ-ਹਿੰਦ ਖਿਤਾਬ ਦਿੱਤਾ ਗਿਆ। ਪੰਜਾਬ ਸਰਕਾਰ ਨੇ ਉਸ ਨੂੰ ਪੁਲਿਸ ਵਿਚ ਡੀਐੱਸਪੀ ਦੀ ਨੌਕਰੀ ਦਿੱਤੀ।ਪਰ ਬਾਅਦ ਵਿਚ ਡਰੱਗ ਤਸਕਰੀ ਮਾਮਲੇ ਵਿਚ ਫਸਣ ਕਾਰਨ ਨੌਕਰੀ ਤੋਂ ਫਾਰਗ ਕਰ ਦਿੱਤਾ।
ਭੋਲਾ ਮਾਮਲੇ ਦੀ ਤਰਤੀਬ
•12 ਨਵੰਬਰ, 2013 ਨੂੰ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਇਹ ਗ੍ਰਿਫ਼ਤਾਰੀ ਕੈਨੇਡੀਅਨ ਪਰਵਾਸੀ ਅਨੂਪ ਕਾਹਲੋਂ ਦੀ ਗ੍ਰਿਫ਼ਤਾਰੀ ਤੋਂ ਕੁਝ ਦਿਨ ਬਾਅਦ ਹੋਈ ਸੀ।
•ਭੋਲਾ ਦੀ ਨਿਸ਼ਾਨਦੇਹੀ ਉੱਤੇ ਗ੍ਰਿਫ਼ਤਾਰੀ ਦੇ ਤਿੰਨ ਦਿਨ ਬਾਅਦ ਹੀ ਪੁਲਿਸ ਨੇ ਅੰਮ੍ਰਿਤਸਰ ਦੇ ਅਕਾਲੀ ਆਗੂ ਬਿਟੂ ਔਲਖ਼ ਤੇ ਕਾਰੋਬਾਰੀ ਜਗਜੀਤ ਚਾਹਲ ਨੂੰ ਕਾਬੂ ਕਰ ਲਿਆ।
•ਦਸਬੰਰ 13, 2013 ਨੂੰ ਪੰਜਾਬ ਪੁਲਿਸ ਦਿੱਲੀ ਜਾ ਪਹੁੰਚੀ ਤੇ ਸਮੱਗਲਰ ਵਰਿੰਦਰ ਰਾਜਾ ਨੂੰ ਗ੍ਰਿਫ਼ਤਾਰ ਕੀਤਾ ।
•2014 ਚੜ੍ਹਦਿਆਂ ਜਾਂਚ ਹੋਰ ਅੱਗੇ ਵਧੀ ਅਤੇ ਗੋਰਾਇਆ ਦੇ ਕਾਰੋਬਾਰੀ ਚੂੰਨੀ ਲਾਲ ਗਾਬਾ ਦੀ ਡਾਇਰੀ ਵਿੱਚੋਂ ਕੁਝ ਸਿਆਸਤਦਾਨਾਂ ਦੇ ਲਿੰਕ ਜੁੜ ਗਏ। ਇਸ ਖੁਲਾਸੇ ਕਾਰਨ ਤਤਕਾਲੀ ਜੇਲ੍ਹ ਮੰਤਰੀ ਸਰਵਨ ਸਿੰਘ ਫਿਲੌਰ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ।
•21 ਜੂਨ 2014 ਨੂੰ ਪਟਿਆਲਾ ਪੁਲਿਸ ਨੇ ਚੂੰਨੀ ਲਾਲ ਗਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਸ ਪਿੱਛੋਂ ਸਾਬਕਾ ਮੰਤਰੀ ਫਿਲੌਰ ਦੇ ਪੁੱਤਰ ਧਰਮਵੀਰ ਨੂੰ ਈਡੀ ਅੱਗੇ ਪੇਸ਼ ਹੋਣਾ ਪਿਆ। 4 ਜੁਲਾਈ ਨੂੰ ਪੁਲਿਸ ਨੇ ਚੂੰਨੀ ਲਾਲ ਦੇ ਮੁੰਡੇ ਗੁਰਮੇਸ਼ ਗਾਬਾ ਨੂੰ ਹਿਰਾਸਤ ਵਿਚ ਲੈ ਕੇ ਈਡੀ ਅੱਗੇ ਪੇਸ਼ ਕੀਤਾ।
•13 ਅਕਤੂਬਰ 2014 ਨੂੰ ਸਾਬਕਾ ਮੰਤਰੀ ਫ਼ਿਲੌਰ ਅਤੇ ਸੀਪੀਐੱਸ ਅਵਿਨਾਸ਼ ਚੰਦਰ ਨੂੰ ਈਡੀ ਅੱਗੇ ਪੇਸ਼ ਹੋਣਾ ਪਿਆ ਅਤੇ 17 ਨੂੰ ਜਲੰਧਰ ਤੋਂ ਕਾਂਗਰਸੀ ਲੋਕ ਸਭਾ ਮੈਂਬਰ ਸੰਤੋਖ਼ ਚੌਧਰੀ ਅਤੇ 20 ਨੂੰ ਐੱਨਆਰਆਈ ਸਭਾ ਦੇ ਸਾਬਕਾ ਚੇਅਰਮੈਨ ਕਮਲਜੀਤ ਹੇਅਰ ਵੀ ਈਡੀ ਅੱਗੇ ਪੇਸ਼ ਹੋਏ।
•ਇਸ ਮਾਮਲੇ ਵਿਚ ਤਤਕਾਲੀ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾ ਵੀ ਜੁੜਿਆ ਅਤੇ ਉਹ ਵੀ 26 ਦਸੰਬਰ 2014 ਨੂੰ ਈਡੀ ਅੱਗੇ ਪੇਸ਼ ਹੋਏ।
•ਜਨਵਰੀ 2015 ਵਿਚ ਪਹਿਲੇ ਪੰਦਰਵਾੜੇ ਵਿਚ ਵਰਿੰਦਰ ਰਾਜਾ, ਸੁਖਜੀਤ ਸੁਖਾ, ਬਿੱਟੂ ਔਲਖ਼ ਨੂੰ ਈਡੀ ਅੱਗੇ ਪੇਸ਼ ਕੀਤਾ ਗਿਆ।
•ਜਦੋਂ ਜਾਂਚ ਜ਼ੋਰਾਂ ਉੱਤੇ ਚੱਲ ਰਹੀ ਸੀ ਤਾਂ ਈਡੀ ਦੇ ਜਾਂਚ ਅਫ਼ਸਰ ਨਿਰੰਜਨ ਸਿੰਘ ਦੀ ਕੋਲਕਾਤਾ ਦੀ ਬਦਲੀ ਕਰ ਦਿੱਤੀ ਗਈ। ਜਿਸ ਉੱਤੇ 21 ਜਨਵਰੀ ਨੂੰ ਹਾਈਕੋਰਟ ਨੇ ਰੋਕ ਦਿੱਤਾ। 6 ਅਕਤੂਬਰ 2016 ਨੂੰ ਨਿਰੰਜਨ ਸਿੰਘ ਨੂੰ ਤਰੱਕੀ ਦੇਕੇ ਡਿਪਟੀ ਡਾਇਰੈਕਟਰ ਬਣਾ ਦਿੱਤਾ ਗਿਆ ।
ਇਹ ਵੀ ਪੜ੍ਹੋ:
- ਕਿਰਨ ਖੇਰ ਨੇ ਪ੍ਰਿਅੰਕਾ ਦੀ ਇਸ ਤਸਵੀਰ ਨਾਲ ਉਡਾਇਆ ਕਾਂਗਰਸ ਦਾ ਮਜ਼ਾਕ
- ਪੰਜਾਬ ਤੇ ਅਸਾਮ ਵਿੱਚ ਘੜੀ ਦਾ ਵਕਤ ਵੱਖਰਾ-ਵੱਖਰਾ ਕਿਉਂ ਹੋਣਾ ਚਾਹੀਦਾ
- 4 ਬੱਚੇ ਜੰਮੋ ਤੇ ਪੂਰੀ ਉਮਰ ਇਨਕਮ ਟੈਕਸ ਤੋਂ ਛੁਟਕਾਰਾ ਪਾਓ
•ਜਨਵਰੀ 2018 ਵਿਚ ਭੋਲਾ ਡਰੱਗਜ਼ ਮਾਮਲੇ ਵਿਚ 13 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਗਈ।
•5 ਅਕਤੂਬਰ ਨੂੰ ਨਿਰੰਜਨ ਸਿੰਘ ਨੇ ਵੀਆਰਐੱਸ ਲੈ ਲਈ ।
•13 ਫਰਬਰੀ 2019 ਨੂੰ ਭੋਲਾ ਨੂੰ ਦੋਸ਼ੀ ਪਾਇਆ ਗਿਆ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)