ਪੰਜਾਬੀ ਤੇ ਉਰਦੂ ਦੇ ਸ਼ਾਇਰ ਫੈਜ਼ ਦਾ ਸਾਹਿਰ ਬਾਰੇ ਉਹ ਬਿਆਨ ਜਿਸ 'ਤੇ ਹੰਗਾਮਾ ਹੋਇਆ

ਫੈਜ਼ ਅਹਿਮਦ ਫੈਜ਼ ਪਤਨੀ ਐਲਿਸ ਦੇ ਨਾਲ Image copyright ALI HASHMI/BBC
ਫੋਟੋ ਕੈਪਸ਼ਨ ਫੈਜ਼ ਅਹਿਮਦ ਫੈਜ਼ ਪਤਨੀ ਐਲਿਸ ਦੇ ਨਾਲ

ਫ਼ੈਜ਼ ਅਹਿਮਦ ਫ਼ੈਜ਼ (13 ਫ਼ਰਵਰੀ 1911-20 ਨਵੰਬਰ 1984) ਦੀ ਪੰਜਾਬੀ ਸ਼ਾਇਰੀ ਬਾਰੇ ਬਹੁਤ ਕਹਾਣੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ 1962 ਵਿੱਚ ਲੈਨਿਨ ਇਨਾਮ ਜਿੱਤਣ ਲਈ ਇਹ ਪੰਜਾਬੀ ਦੀਆਂ ਨਜ਼ਮਾਂ ਲਿਖੀਆਂ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਮਾਂ ਬੋਲੀ ਕਿਹੜੀ ਹੈ ਤਾਂ ਉਨ੍ਹਾਂ ਦੱਸਿਆ ਪੰਜਾਬੀ ਪਰ ਪੰਜਾਬੀ ਵਿੱਚ ਉਨ੍ਹਾਂ ਦੀ ਕੋਈ ਲਿਖਤ ਨਹੀਂ ਸੀ।

ਇਸ ਲਈ ਉਨ੍ਹਾਂ ਪੰਜਾਬੀ ਨਜ਼ਮਾਂ ਲਿਖੀਆਂ। ਇਹ ਮਰਹੂਮ ਸਾਈਂ ਅਖ਼ਤਰ ਹੁਸੈਨ ਅਤੇ ਮਜ਼ਦੂਰ ਆਗੂ ਤੇ ਕਹਾਣੀਕਾਰ ਕਮਰ ਯੌਰਸ਼ ਕਰਦੇ ਸਨ। ਸਾਡੇ ਕੋਲ ਇਸ ਦਾ ਕੋਈ ਸਬੂਤ ਨਹੀਂ ਹੈ।

ਮੇਰਾ ਅੰਦਾਜ਼ਾ ਹੈ ਕਿ ਉਨ੍ਹਾਂ ਇਹ ਪੰਜਾਬੀ ਦੀਆਂ ਨਜ਼ਮਾਂ ਸੱਤਰਵੇਂ ਦੇ ਦਹਾਕੇ ਵਿੱਚ ਲਿਖੀਆਂ ਜਦ ਪੰਜਾਬੀ ਦਾ ਬੜਾ ਜ਼ੋਰ ਹੋ ਗਿਆ ਸੀ। ਨਜਮ ਹੁਸੈਨ ਸੱਯਦ, ਆਸਿਫ਼ ਖ਼ਾਨ, ਸ਼ਫ਼ਕਤ ਤਨਵੀਰ ਮਿਰਜ਼ਾ, ਸਫ਼ਦਰ ਮੀਰ, ਐਰਿਕ ਸਪਰੀਨ ਅਤੇ ਇਸਹਾਕ ਮੁਹੰਮਦ ਵਰਗੇ ਆਗੂ ਅਤੇ ਸੂਝਵਾਨ ਪੰਜਾਬੀ ਦੀ ਗੱਲ ਕਰਦੇ ਪਏ ਸਨ।

ਇਸ ਲਈ ਲੋਕਾਈ ਦੇ ਪੱਧਰ ਉੱਤੇ ਪੰਜਾਬੀ ਦਾ ਬਹੁਤ ਜ਼ੋਰ ਸੀ ਅਤੇ ਹਰ ਉਰਦੂ ਲਿਖਣ ਵਾਲੇ ਨੂੰ ਸੁਆਲ ਹੋ ਰਹੇ ਸਨ। ਉਹ ਪੰਜਾਬ ਦੇ ਲਿਖਾਰੀ ਜਿਨ੍ਹਾਂ ਉਰਦੂ ਵਿੱਚ ਨਾਮ ਕਮਾਇਆ ਸੀ ਆਪਣੇ ਆਪ ਨੂੰ ਜੁਰਮੀ ਜਿਹੇ ਵੀ ਸਮਝਦੇ ਸਨ। ਇਸ ਲਈ ਫ਼ੈਜ਼ ਸਾਹਿਬ ਨੇ ਉਸ ਵੇਲੇ ਹੀ ਇਹ ਨਜ਼ਮਾਂ ਲਿਖੀਆਂ ਹੋਣਗੀਆਂ।

ਇਹ ਵੀ ਪੜ੍ਹੋ:

ਸੰਨ 1975 ਵਿੱਚ ਮਾਜਿਦ ਸਦੀਕੀ ਅਤੇ ਅਹਿਮਦ ਸਲੀਮ ਨੇ ਰਲ ਕੇ ਫ਼ੈਜ਼ ਦੀ ਪੰਜਾਬੀ ਸ਼ਾਇਰੀ ਦੀ ਕਿਤਾਬ ਛਾਪੀ ਸੀ, ਜਿਸਦਾ ਨਾਮ ਸੀ 'ਰਾਤ ਦੀ ਰਾਤ' ਤੇ ਇਹ ਮਸ਼ਹੂਰ ਪ੍ਰਕਾਸ਼ਨ ਪੀਪਲਜ਼ ਹਾਊਸ ਤੋਂ ਛਪੀ ਸੀ। ਇਸ ਵਿੱਚ ਕੁੱਲ ਸੱਤ ਨਜ਼ਮਾਂ ਫ਼ੈਜ਼ ਦੀਆਂ ਸਨ ਅਤੇ ਬਾਕੀ ਤਰਜਮੇ ਸਨ। ਕੁੱਲ ਪੰਨੇ 114 ਸਨ।

ਫੈਜ਼ ਦੀਆਂ 'ਪੰਜਾਬੀ ਨਜ਼ਮਾਂ'

ਫ਼ੈਜ਼ ਦੀਆਂ ਇਹ ਨਜ਼ਮਾਂ ਉਨ੍ਹਾਂ ਦੇ ਸ਼ਾਇਰੀ ਪਰਾਗੇ 'ਸ਼ਾਮ ਸ਼ਹਿਰਿ-ਯਾਰਾਂ' (1978) ਵਿੱਚ ਵੀ ਛਪੀਆਂ ਸਨ। ਇਨ੍ਹਾਂ ਦਾ ਸਿਰਲੇਖ ਨਵਾਂ ਸੀ 'ਪੰਜਾਬੀ ਨਜ਼ਮਾਂ' ਅਤੇ ਇਨ੍ਹਾਂ ਨਜ਼ਮਾਂ ਦੇ ਨਾਮ ਸਨ; ਲੰਮੀ ਰਾਤ ਸੀ ਦਰਦ ਫ਼ਿਰਾਕ ਵਾਲੀ, ਕਿਧਰੇ ਨਾ ਪੈਂਦੀਆਂ ਦੱਸਾਂ (ਗੀਤ), ਮੇਰੀ ਡੋਲੀ ਸ਼ਹੂ ਦਰਿਆ, ਰੱਬਾ ਸੱਚਿਆ, ਕਤਾ (ਰਬਾਈ)। ਉਨ੍ਹਾਂ ਦੇ ਸ਼ਾਇਰੀ ਪਰਾਗੇ 'ਮੇਰੇ ਦਿਲ ਮੇਰੇ ਮੁਸਾਫ਼ਰ' (1980) ਵਿੱਚ ਵੀ ਦੋ ਨਜ਼ਮਾਂ ਸ਼ਾਮਿਲ ਹਨ।

ਇੱਕ ਤਰਾਨਾ (ਪੰਜਾਬੀ ਕਿਸਾਨ ਕੇ ਲੀਏ) ਅਤੇ ਇੱਕ ਨਗ਼ਮਾ। ਇੱਕ ਹੋਰ ਨਜ਼ਮ 'ਰਾਤ ਦੀ ਰਾਤ' ਹੈ ਜਿਹੜੀ ਉਨ੍ਹਾਂ ਦੀ ਪੰਜਾਬੀ ਕਿਤਾਬ ਵਿੱਚ ਸ਼ਾਮਿਲ ਹੈ। ਇਹ ਸਾਰੀਆਂ ਹੀ ਨਜ਼ਮਾਂ ਬਹੁਤ ਧੁੰਮੀਆਂ ਹਨ ਅਤੇ ਗਾਈਆਂ ਵੀ ਗਈਆਂ ਹਨ। ਸਭ ਤੋਂ ਧੁੰਮੀ ਨਜ਼ਮ 'ਰੱਬਾ ਸੱਚਿਆ' ਹੈ।

ਰੱਬਾ ਸੱਚਿਆ

ਰੱਬਾ ਸੱਚਿਆ ਤੂੰ ਤੇ ਆਖਿਆ ਸੀ

ਜਾ ਓਏ ਬੰਦਿਆ ਜੱਗ ਦਾ ਸ਼ਾਹ ਹੈਂ ਤੂੰ

ਸਾਡੀਆਂ ਨੇਮਤਾਂ (ਨਿਆਮਤਾਂ) ਤੇਰੀਆਂ ਦੌਲਤਾਂ ਨੇਂ

ਸਾਡਾ ਨੈਬ ਤੇ ਆਲੀਜਾ ਹੈਂ ਤੂੰ

ਇਸ ਲਾਰੇ ਤੇ ਟੋਰ ਕਦ ਪੁੱਛਿਆ ਈ

ਕੀ ਇਸ ਨਿਮਾਣੇ ਤੇ ਬੀਤੀਆਂ ਨੇਂ

ਕਦੀ ਸਾਰ ਵੀ ਲਈ ਓ ਰੱਬ ਸਾਈਆਂ

ਤੇਰੇ ਸ਼ਾਹ ਨਾਲ ਜਗ ਕੀ ਕੀਤੀਆਂ ਨੇਂ

ਕਿਤੇ ਧੌਂਸ ਪੁਲਿਸ ਸਰਕਾਰ ਦੀ ਏ

ਕਿਤੇ ਧਾਂਦਲੀ ਮਾਲ ਪਟਵਾਰ ਦੀ ਏ

ਐਂਵੇਂ ਹੱਡਾਂ ਵਿੱਚ ਕਲਪੇ ਜਾਨ ਮੇਰੀ

ਜਿਵੇਂ ਫਾਹੀ ਚ ਕੂੰਜ ਕੁਰਲਾਵਨਦੀ ਏ

ਚੰਗਾ ਸ਼ਾਹ ਬਣਾਇਆ ਈ ਰੱਬ ਸਾਈਆਂ

ਪੋਲੇ ਖਾਂਦੀਆਂ ਵਾਰ ਨਾ ਆਵਂਦੀ ਏ'

ਇਕ ਹੋਰ ਬੜੀ ਧੁੰਮੀ ਨਜ਼ਮ ਗੀਤ ਹੈ ਜਿਹੜੀ ਨੂਰਜਹਾਂ ਨੇ ਗਾਈ ਵੀ ਸੀ।

'ਕਿਧਰੇ ਨਾ ਪੈਂਦੀਆਂ ਦੱਸਾਂ

ਵੇ ਪਰਦੇਸੀਆ ਤੇਰੀਆਂ

ਕਾਗ ਅੜਾਂਵਾਂ, ਸ਼ਗਨ ਮਨਾਵਾਂ

ਵਗਦੀ ਵਾਅ ਦੇ ਤਰਲੇ ਪਾਵਾਂ

ਤੇਰੀ ਯਾਦ ਪਏ ਤੇ ਰੋਵਾਂ

ਤੇਰਾ ਜ਼ਿਕਰ ਕਰਾਂ ਤਾਂ ਹੱਸਾਂ

ਕਿਧਰੇ ਨਾ ਪੈਂਦੀਆਂ ਦੱਸਾਂ'

ਫ਼ੈਜ਼ ਸਾਹਿਬ ਨੇ ਪੰਜ-ਸੱਤ ਪੰਜਾਬੀ ਦੀਆਂ ਨਜ਼ਮਾਂ ਲਿਖੀਆਂ ਪਰ ਉਨ੍ਹਾਂ ਦੀ ਜਾਨ ਨਾ ਛੁੱਟੀ। ਉਨ੍ਹਾਂ ਨੂੰ ਸੁਆਲ ਹੁੰਦੇ ਰਹੇ ਉਨ੍ਹਾਂ ਪੰਜਾਬੀ ਵਿੱਚ ਕਿਉਂ ਨਹੀਂ ਲਿਖਿਆ। ਡਾਕਟਰ ਮਨਜ਼ੂਰ ਇਜ਼ਾਜ਼ ਜਿਹੜੇ ਅਮਰੀਕਾ ਰਹਿੰਦੇ ਹਨ ਅਤੇ ਮੰਨੇ ਪ੍ਰਮੰਨੇ ਲਿਖਾਰੀ, ਸੂਝਵਾਨ ਤੇ ਕਾਲਮਕਾਰ ਹਨ ਆਪਣੇ ਇੱਕ ਕਾਲਮ ਵਿੱਚ ਫ਼ੈਜ਼ ਨਾਲ ਦੋ ਮਿਲਣੀਆਂ ਦਾ ਜ਼ਿਕਰ ਕੀਤਾ ਹੈ। ਇਹ ਕਾਲਮ ਉਨ੍ਹਾਂ ਦੀ ਅੰਗਰੇਜ਼ੀ ਕਾਲਮਾਂ ਦੀ ਕਿਤਾਬ 'My people, My Thoughts' ਦੇ ਸਿਰਨਾਵੇਂ ਹੇਠ ਸੰਨ 2009 ਵਿੱਚ ਛਪੀ ਸੀ।

Image copyright ALI HASHMI/BBC

ਉਹ ਦੱਸਦੇ ਹਨ, "ਮੇਰੀਆਂ ਫ਼ੈਜ਼ ਨਾਲ਼ ਦੋ ਮਿਲਣੀਆਂ ਹੋਈਆਂ। ਪਹਿਲੀ ਵਾਰੀ ਜਦ ਮੈਂ ਉਨ੍ਹਾਂ ਨਾਲ ਪਾਕਿਸਤਾਨ ਟੈਲੀਵੀਜ਼ਨ ਲਾਹੌਰ ਵਿੱਚ 'ਪੰਜ ਨਦ' ਲਈ ਗੱਲਬਾਤ ਕੀਤੀ ਜਿਹੜੀ ਸੰਨ ਸੱਤਰ ਦੇ ਅੱਧ ਦਹਾਕੇ ਦੀ ਗੱਲ ਹੋਣੀ ਹੈ। ਭਾਵੇਂ ਗੱਲਬਾਤ ਨਿਰੀ 25 ਮਿੰਟਾਂ ਲਈ ਹੋਣੀ ਸੀ ਪਰ ਇਹ ਗੱਲ ਪੂਰਾ ਇੱਕ ਘੰਟਾ ਚੱਲਦੀ ਰਹੀ। ਫ਼ੈਜ਼ ਨਾਲ ਆਪਣੀ ਗੱਲਬਾਤ ਵਿੱਚ ਮੈਨੂੰ ਇਹ ਜਾਨਣ ਦੀ ਬੜੀ ਚਾਹ ਸੀ ਕਿ ਉਨ੍ਹਾਂ ਪੰਜਾਬੀ ਕਿਉਂ ਨਹੀਂ ਲਿਖੀ, ਜਦ ਕਿ ਉਹ ਅਗਾਂਹਵਧੂ ਲਹਿਰ ਦੇ ਹਾਮੀ ਸਨ ਅਤੇ ਮਾਂ ਬੋਲੀ ਦੇ ਹੱਕ ਵਿੱਚ ਬੋਲਦੇ ਸਨ।

ਫ਼ੈਜ਼ ਸਾਹਿਬ ਨੇ ਆਪਣੇ ਉਹੀ ਨਿਰਮਲਤਾ ਅਤੇ ਮਲੂਕ ਢੰਗ ਨਾਲ ਮੇਰੇ ਸੁਆਲ ਨੂੰ ਟਾਲਣ ਦਾ ਆਹਰ ਕੀਤਾ ਤੇ ਜੁਆਬ ਦਿੱਤਾ, "ਉਰਦੂ ਮੁਸਲਮਾਨਾਂ ਦੀ ਕੌਮੀ ਪਛਾਣ ਬਣ ਗਈ। ਇਸ ਲਈ ਮੈਂ ਵੀ ਉਰਦੂ ਲਿਖੀ।"

"ਮੇਰੀ ਉਨ੍ਹਾਂ ਦੇ ਜੁਆਬ ਤੋਂ ਤਸੱਲੀ ਨਹੀਂ ਹੋਈ ਅਤੇ ਉਨ੍ਹਾਂ ਵਰਗੇ ਜੀਅ ਕੋਲੋਂ ਵੱਖਰੇ ਜੁਆਬ ਦੀ ਆਸ ਰੱਖਦਾ ਸਾਂ। ਜਦ ਮੈਂ ਫੇਰ ਉਸ ਸੁਆਲ ਵੱਲ ਪਰਤਿਆ ਤਾਂ ਫ਼ੈਜ਼ ਸਾਹਿਬ ਹਸੇ ਅਤੇ ਕਿਹਾ, 'ਸੱਚ ਇਹ ਹੈ ਕਿ ਮੈਂ ਉਰਦੂ ਦੀ ਕਲਾਸਿਕੀ ਸ਼ਾਇਰੀ ਪੜ੍ਹਦਾ ਸਾਂ, ਮੈਂ ਸੋਚਿਆ ਜੇ ਮੈਂ ਮਿਹਨਤ ਕਰਾਂ ਤਾਂ ਇਸ ਪੱਧਰ ਦੀ ਸ਼ਾਇਰੀ ਕਰ ਸਕਨਾਂ ਆਂ। ਜਦ ਮੈਂ ਵਾਰਿਸ ਸ਼ਾਹ ਅਤੇ ਬੁਲ੍ਹੇ ਸ਼ਾਹ ਪੜ੍ਹਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਇਸ ਪੱਧਰ ਦੀ ਸ਼ਾਇਰੀ ਨਹੀਂ ਕਰ ਸਕਦਾ।'"

ਜਦੋਂ ਫੈਜ਼ ਦੇ ਸਾਹਿਰ ਬਾਰੇ ਬਿਆਨ 'ਤੇ ਪਿਆ ਰੌਲਾ

ਇਹ ਗੱਲਬਾਤ ਫੇਰ ਸ਼ਾਇਰ ਅਤੇ ਲੋਕਾਈ ਦੇ ਰਿਸ਼ਤੇ ਬਾਬਤ ਹੋਣ ਲੱਗੀ। ਉਹ ਮੰਨੇ ਕਿ ਹਬੀਬ ਜਾਲਬ ਲੋਕਾਈ ਦਾ ਸ਼ਾਇਰ ਹੈ, ਉਹ ਨਹੀਂ ਹਨ। ਉਨ੍ਹਾਂ ਇੱਕ ਹੋਰ ਸ਼ਾਇਰ ਸਾਹਿਰ ਲੁਧਿਆਣਵੀ ਦੀ ਸਿਫ਼ਤ ਕਰਦਿਆਂ ਆਖਿਆ ਕਿ ਸਾਹਿਰ ਦੇ ਮੁੰਬਈ ਫ਼ਿਲਮ ਸਨਅਤ ਵਿੱਚ ਵੜਨ ਤੋਂ ਪਹਿਲਾਂ ਸਿੱਧੇ-ਸਿੱਧੇ ਫ਼ਿਲਮੀ ਗੀਤ ਹੁੰਦੇ ਸਨ। 'ਜਿਵੇਂ ਹਵਾ ਮੈਂ ਉੜਤਾ ਜਾਏ ਮੇਰਾ ਲਾਲ਼ ਦੁਪੱਟਾ ਮਲਮਲ ਕਾ, ਹੋ ਜੀ।' ਇਹ ਸਾਹਿਰ ਅਤੇ ਉਸ ਦੀ ਢਾਣੀ ਸੀ ਜਿਸ ਨੇ ਮੁੰਬਈ ਫ਼ਿਲਮ ਦੇ ਗਾਣਿਆਂ ਦੇ ਢੰਗ ਤੇ ਟੋਰ ਨੂੰ ਬਦਲ ਦਿੱਤਾ।

ਕਹਿੰਦੇ ਫ਼ੈਜ਼ ਦੀ ਇਸ ਗੱਲ ਉੱਤੇ ਬੜਾ ਰੌਲ਼ਾ ਪਿਆ ਅਤੇ ਉਰਦੂ ਵਾਲੇ ਉਨ੍ਹਾਂ ਦੇ ਖਹਿੜੇ ਪੈ ਗਏ ਕਿ ਇਹ ਤਾਂ ਸਾਡੀ ਬੇਇੱਜ਼ਤੀ ਕੀਤੀ ਹੈ। ਉਰਦੂ ਦੀ ਮਸ਼ਹੂਰ ਲਖਾਰਨ ਕੁਰਤੁੱਲਐਨ ਹੈਦਰ ਨੇ ਉਨ੍ਹਾਂ ਦੇ ਹੱਕ ਵਿੱਚ ਗੱਲ ਕੀਤੀ।ਮੁੜ ਇਹ ਕੁਰਤੁੱਲਐਨ ਹੈਦਰ ਹੀ ਸੀ ਜਿਸ ਫ਼ੈਜ਼ ਦੀਆਂ ਦੋ ਸਤਰਾਂ ਬਾਰੇ ਕਿਹਾ: ਫ਼ੈਜ਼ ਤੋ ਯਹਾਂ ਬਿਲਕੁਲ ਹੀ ਪੰਜਾਬੀ ਹੋ ਗਏ।

ਇਹ ਵੀ ਪੜ੍ਹੋ:

'ਖ਼ੈਰ ਹੋ ਤੇਰੀ ਲੈਲਾਓਂ ਕੀ, ਇਨ ਸਭ ਸੇ ਕਹਿ ਦੋ

ਆਜ ਕੀ ਸ਼ਬ ਜਬ ਦੀਏ ਜਲਾਏਂ, ਉਂਚੀ ਰੱਖੇਂ ਲੌਅ'

ਇਹ ਸ਼ੇਅਰ ਨਜ਼ਮ 'ਰੌਸ਼ਨਿਓਂ ਕੇ ਸ਼ਹਿਰ' ਦੇ ਹਨ। ਇਸ ਵਿੱਚ ਜਿਵੇਂ 'ਖ਼ੈਰ' ਕਿਹਾ ਗਿਆ ਹੈ ਉਹ ਕਹਿਣ ਦਾ ਢੰਗ ਉੱਕਾ ਪੰਜਾਬੀ ਹੈ।

(ਲੇਖਕ ਲਾਹੌਰ ਵਿੱਚ ਅੰਗਰੇਜ਼ੀ ਸਾਹਿਤ ਪੜ੍ਹਾਉਂਦੇ ਸਨ ਅਤੇ ਪੰਜਾਬੀ ਕਹਾਣੀ-ਕਵਿਤਾ ਲਿਖਦੇ ਹਨ। ਉਹ ਪੰਜਾਬੀ ਬੋਲੀ ਦੇ ਕਾਰਕੁਨ ਹਨ।)

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)