ਕਤਲੋ ਗਾਰਦ ਦੇ 16 ਮਾਮਲੇ ਤੇ ਤਿੰਨ ਚੋਣਾਂ ਜੇਲ੍ਹ ਚੋਂ ਜਿੱਤਣਾ ਅੰਸਾਰੀ ਦੀ ਪਛਾਣ

ਪੂਰਵਾਂਚਲ ਦਾ ਮਾਫ਼ੀਆ
ਫੋਟੋ ਕੈਪਸ਼ਨ ਮੁਖ਼ਤਾਰ ਅੰਸਾਰੀ

ਪੂਰਵਾਂਚਲ (ਉੱਤਰੀ ਯੂਪੀ) ਦੇ ਮਊ ਤੋਂ ਲਗਾਤਾਰ ਪੰਜਵੀ ਵਾਰ ਵਿਧਾਇਕ ਚੁਣੇ ਗਏ ਮਾਫ਼ੀਆ ਨੇਤਾ ਮੁਖ਼ਤਾਰ ਅੰਸਾਰੀ ਦੀ ਕਹਾਣੀ ਦੇ ਕਈ ਪੰਨੇ ਹਨ।

ਉਨ੍ਹਾਂ ਦੀ ਕਹਾਣੀ 'ਤੇ ਆਉਣ ਤੋਂ ਪਹਿਲਾਂ ਇਹ ਜਾਣੋ ਕਿ 2017 ਵਿੱਚ ਉਨ੍ਹਾਂ ਨੇ ਆਪਣੇ ਚੋਣ ਹਲਫ਼ਨਾਮੇ ਵਿਚ ਆਪਣੇ ਉੱਤੇ ਚੱਲਦੇ ਕੇਸਾਂ ਦੀ ਕੀ ਜਾਣਕਾਰੀ ਦਿੱਤੀ ਸੀ।

ਚੋਣ ਕਮਿਸ਼ਨ ਕੋਲ ਭਰੇ ਨਾਮਜ਼ਦਗੀ ਪੱਤਰ ਮੁਤਾਬਕ ਅੰਸਾਰੀ ਉੱਤੇ ਅਦਾਲਤਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਹਥਿਆਰਬੰਦ ਤਰੀਕੇ ਨਾਲ ਦੰਗੇ ਭੜਕਾਉਣ, ਅਪਰਾਧਿਕ ਸਾਜ਼ਿਸ਼ ਰਚਣ, ਅਪਰਾਧਿਕ ਧਮਕੀਆਂ ਦੇਣ, ਜਾਇਦਾਦ ਹੜੱਪ ਕਰਨ ਲਈ ਧੋਖਾਧੜੀ ਕਰਨ, ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਤੋਂ ਲੈ ਕੇ ਜਾਣਬੁਝ ਕੇ ਸੱਟ ਪਹੁੰਚਾਉਣ ਤੱਕ ਦੇ 16 ਕੇਸ ਹਨ।

ਇਸ ਸਮੇਂ 'ਤੇ ਉਨ੍ਹਾਂ ਉੱਤੇ ਮਕੋਕਾ (ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕਰਾਈਮ ਐਕਟ) ਅਤੇ ਗੈਂਗਸਟਰ ਐਕਟ ਦੇ ਤਹਿਤ 30 ਤੋਂ ਵੱਧ ਮਾਮਲੇ ਦਰਜ ਸਨ।

ਇਨ੍ਹਾਂ ਵਿੱਚੋਂ ਕੁਝ ਅਹਿਮ ਮਾਮਲਿਆਂ ਵਿੱਚ ਅਦਾਲਤ ਨੇ ਸਬੂਤਾਂ ਦੀ ਘਾਟ, ਗਵਾਹਾਂ ਦੇ ਮੁਕਰ ਜਾਣ ਅਤੇ ਸਰਕਾਰੀ ਵਕੀਲ ਦੀ ਕਮਜ਼ੋਰ ਪੈਰਵੀ ਦੇ ਕਾਰਨ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਪਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੇ ਕਤਲ ਸਮੇਤ 16 ਗੰਭੀਰ ਮਾਮਲਿਆਂ ਵਿੱਚ ਇਨ੍ਹਾਂ 'ਤੇ ਹੁਣ ਵੀ ਮੁੱਕਦਮੇ ਚੱਲ ਰਹੇ ਹਨ।

ਇਹ ਵੀ ਪੜ੍ਹੋ:

ਇਨ੍ਹਾਂ ਮੁਕੱਦਮਿਆ ਦੇ ਨਾਲ ਹੀ ਜਾਰੀ ਰਿਹਾ ਉਨ੍ਹਾਂ ਦੇ ਚੋਣ ਜਿੱਤਣ ਦਾ ਸਿਲਸਿਲਾ।

1996 ਵਿੱਚ ਬਸਪਾ ਦੇ ਟਿਕਟ 'ਤੇ ਜਿੱਤ ਕੇ ਪਹਿਲੀ ਵਾਰ ਵਿਧਾਨ ਸਭਾ ਪਹੁੰਚਣ ਵਾਲੇ ਮੁਖ਼ਤਾਰ ਨੇ 2002, 2007, 2012 ਅਤੇ ਫਿਰ 2017 ਵਿੱਚ ਵੀ ਮਊ ਤੋਂ ਜਿੱਤ ਹਾਸਲ ਕੀਤੀ। ਇਨ੍ਹਾਂ ਵਿੱਚੋਂ ਆਖ਼ਰੀ ਤਿੰਨ ਚੋਣਾਂ ਉਨ੍ਹਾਂ ਨੇ ਦੇਸ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਹਿੰਦੇ ਹੋਏ ਲੜੀਆਂ।

ਇਸ ਰਿਪੋਰਟ ਦੇ ਸਿਲਸਿਲੇ ਵਿੱਚ ਮੈਂ ਪੂਰਵਾਂਚਲ ਵਿੱਚ ਗਾਜ਼ੀਪੁਰ ਜ਼ਿਲ੍ਹਾ ਸਥਿਤ ਮੁਖ਼ਤਾਰ ਅੰਸਾਰੀ ਦੇ ਜੱਦੀ ਨਿਵਾਸ ਉੱਤੇ ਗਈ ਸੀ ਪਰ ਤੁਹਾਨੂੰ ਉੱਥੋਂ ਦਾ ਬਿਓਰਾ ਦੇਣ ਤੋਂ ਪਹਿਲਾਂ ਮੁਖਤਾਰ ਦੀ ਜ਼ਿੰਦਗੀ ਨਾਲ ਜੁੜੇ ਇਹ ਜ਼ਰੂਰੀ ਤਿੰਨ ਪੰਨੇ।

ਗਾਜ਼ੀਪੁਰ ਪੰਨਾ

ਅਪਰਾਧੀ, ਅਫ਼ੀਮ ਅਤੇ ਆਈਐੱਸ ਅਫ਼ਸਰ ਇੱਕਠੇ ਪੈਦਾ ਕਰਨ ਵਾਲਾ ਗਾਜ਼ੀਪੁਰ ਹਮੇਸ਼ਾ ਤੋਂ ਪੂਰਵਾਂਚਲ ਦੇ ਗੈਂਗਵਾਰ ਦਾ ਕੇਂਦਰ ਰਿਹਾ ਹੈ।

ਮੁਖ਼ਤਾਰ ਅੰਸਾਰੀ ਦੇ ਸਿਆਸੀ ਅਤੇ ਅਪਰਾਧਿਕ ਸਮੀਕਰਨਾਂ ਵਿੱਚ ਗਾਜ਼ੀਪੁਰ ਦਾ ਮਹੱਤਵ ਦੱਸਦੇ ਹੋਏ ਸੀਨੀਅਰ ਪੱਤਰਕਾਰ ਉਤਪਲ ਪਾਠਕ ਕਹਿੰਦੇ ਹਨ, "80 ਅਤੇ 90 ਦੇ ਦਹਾਕੇ ਵਿੱਚ ਪੂਰੀ ਚਰਚਾ 'ਚ ਰਿਹਾ ਬ੍ਰਿਜੇਸ਼ ਸਿੰਘ ਅਤੇ ਮੁਖ਼ਤਾਰ ਦਾ ਇਤਿਹਾਸਕ ਗੈਂਗਵਾਰ ਇਹੀ ਗਾਜ਼ੀਪੁਰ ਤੋਂ ਸ਼ੁਰੂ ਹੋਇਆ ਸੀ।''

ਦੋਆਬ ਦੀ ਉਪਜਾਊ ਜ਼ਮੀਨ 'ਤੇ ਵਸਿਆ ਗਾਜ਼ੀਪੁਰ ਖਾਸ ਸ਼ਹਿਰ ਹੈ। ਸਿਆਸੀ ਤੌਰ 'ਤੇ ਵੇਖੀਏ ਤਾਂ ਇੱਕ ਲੱਖ ਤੋਂ ਵੱਧ ਭੂਮੀਹਾਰ ਜਨਸੰਖਿਆ ਵਾਲੇ ਗਾਜ਼ੀਪੁਰ ਨੂੰ ਉੱਤਰ ਪ੍ਰਦੇਸ਼ ਵਿੱਚ ਭੂਮੀਹਾਰਾਂ ਦੇ ਸਭ ਤੋਂ ਵੱਡੇ ਪਾਕੇਟ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਇੱਥੋਂ ਤੱਕ ਕਿ ਕੁਝ ਪੁਰਾਣੇ ਸਥਾਨਕ ਪੱਤਰਕਾਰ ਆਣ ਬੋਲਚਾਲ ਵਿੱਚ ਗਾਜ਼ੀਪੁਰ ਨੂੰ 'ਭੂਮੀਹਾਰਾਂ ਦਾ ਵੈਟੀਕਨ' ਵੀ ਕਹਿੰਦੇ ਹਨ।

ਦੇਸ ਦੇ ਸਭ ਤੋਂ ਪਿੱਛੜੇ ਇਲਾਕਿਆਂ ਵਿੱਚ ਆਉਣ ਵਾਲੇ ਗਾਜ਼ੀਪੁਰ ਵਿੱਚ ਉਦਯੋਗ ਦੇ ਨਾਮ 'ਤੇ ਇੱਥੇ ਕੁਝ ਖਾਸ ਨਹੀਂ ਹੈ। ਅਫ਼ੀਮ ਦਾ ਕੰਮ ਹੁੰਦਾ ਹੈ ਅਤੇ ਹਾਕੀ ਖ਼ੂਬ ਖੇਡੀ ਜਾਂਦੀ ਹੈ।

ਗਾਜ਼ੀਪੁਰ ਦਾ ਇੱਕ ਮਹੱਤਵਪੂਰਣ ਵਿਰੋਧਾਭਾਸ ਇਹ ਵੀ ਹੈ ਕਿ ਅਪਰਾਧੀਆਂ ਅਤੇ ਪੂਰਵਾਂਚਲ ਦੇ ਗੈਂਗਵਾਰ ਦਾ ਕੇਂਦਰ ਹੋਣ ਦੇ ਨਾਲ-ਨਾਲ ਇਸ ਜ਼ਿਲ੍ਹੇ ਤੋਂ ਹਰ ਸਾਲ ਕਈ ਮੁੰਡੇ ਆਈਏਐੱਸ-ਆਈਪੀਐੱਸ ਵੀ ਬਣਦੇ ਹਨ।

ਪਾਠਕ ਕਹਿੰਦੇ ਹਨ, "ਮੁਖ਼ਤਾਰ ਅੰਸਾਰੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਿਆਸੀ ਪ੍ਰਭਾਵ ਗਾਜ਼ੀਪੁਰ ਤੋਂ ਲੈ ਕੇ ਮਊ, ਜੋਨਪੁਰ, ਬਲੀਆ ਅਤੇ ਬਨਾਰਸ ਤੱਕ ਹੈ। ਸਿਰਫ਼ 8-10 ਫ਼ੀਸਦ ਮੁਸਲਮਾਨ ਆਬਾਦੀ ਵਾਲੇ ਗਾਜ਼ੀਪੁਰ ਵਿੱਚ ਹਮੇਸ਼ਾ ਤੋਂ ਅੰਸਾਰੀ ਪਰਿਵਾਰ ਹਿੰਦੂ ਵੋਟ ਬੈਂਕ ਦੇ ਆਧਾਰ 'ਤੇ ਚੋਣ ਜਿੱਤਦਾ ਰਿਹਾ ਹੈ।"

ਅੰਸਾਰੀ ਪਰਿਵਾਰ ਪੰਨਾ

ਗਾਜ਼ੀਪੁਰ ਦੇ 'ਮੁੱਖ ਸਿਆਸੀ ਪਰਿਵਾਰ' ਦੇ ਤੌਰ 'ਤੇ ਜਾਣਿਆ ਜਾਣ ਵਾਲਾ ਅੰਸਾਰੀ ਪਰਿਵਾਰ ਇਸ ਜ਼ਿਲ੍ਹੇ ਅਤੇ ਇਸ ਨਾਲ ਜੁੜੇ ਕਈ ਵਿਰੋਧਾਭਾਸਾਂ ਦੇ ਸਿਲਸਿਲੇ ਨੂੰ ਅੱਗੇ ਵਧਾਉਂਦਾ ਹੀ ਹੈ।

ਫੋਟੋ ਕੈਪਸ਼ਨ ਪੂਰਵਾਂਚਲ

ਪਿਛਲੇ ਕਰੀਬ 15 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਮੁਖ਼ਤਾਰ ਅੰਸਾਰੀ ਦੇ ਦਾਦਾ ਦੇਸ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਗਾਂਧੀ ਜੀ ਦਾ ਸਾਥ ਦੇਣ ਵਾਲੇ ਨੇਤਾ ਦੇ ਰੂਪ ਵਿੱਚ ਜਾਣੇ ਜਾਂਦੇ ਹਨ ਅਤੇ 1926-1927 ਵਿੱਚ ਕਾਂਗਰਸ ਪ੍ਰਧਾਨ ਰਹੇ ਡਾਕਟਰ ਮੁਖਤਾਰ ਅਹਿਮਦ ਅੰਸਾਰੀ ਸਨ।

ਮੁਖਤਾਰ ਅੰਸਾਰੀ ਦੇ ਨਾਨਾ ਬ੍ਰਿਗੇਡੀਅਰ ਮੁਹੰਮਦ ਉਸਮਾਨ ਨੂੰ 1947 ਦੀ ਲੜਾਈ ਵਿੱਚ ਸ਼ਹਾਦਤ ਲਈ ਮਹਾਵੀਰ ਚੱਕਰ ਨਾਲ ਨਵਾਜ਼ਿਆ ਗਿਆ ਸੀ।

Image copyright Empics
ਫੋਟੋ ਕੈਪਸ਼ਨ ਮੁਖ਼ਤਾਰ ਅੰਸਾਰੀ ਦੇ ਨਾਨੇ ਅਤੇ ਦਾਦੇ ਦੀਆਂ ਤਸਵੀਰਾਂ

ਗਾਜ਼ੀਪੁਰ ਵਿੱਚ ਸਾਫ਼-ਸੁਥਰੇ ਅਕਸ ਵਾਲੇ ਅਤੇ ਕਮਿਊਨਿਸਟ ਪਿਛੋਕੜ ਤੋਂ ਆਉਣ ਵਾਲੇ ਮੁਖ਼ਤਾਰ ਦੇ ਪਿਤਾ ਸੁਭਾਨਅੱਲਾਹ ਅੰਸਾਰੀ ਸਥਾਨਕ ਸਿਆਸਤ ਵਿੱਚ ਸਰਗਰਮ ਸਨ। ਭਾਰਤ ਦੇ ਸਾਬਕਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਰਿਸ਼ਤੇ ਵਿੱਚ ਮੁਖ਼ਤਾਰ ਅੰਸਾਰੀ ਦੇ ਚਾਚਾ ਹਨ।

ਮੁਖ਼ਤਾਰ ਦੇ ਵੱਡੇ ਭਰਾ ਅਫ਼ਜਲ ਅੰਸਾਰੀ ਗਾਜ਼ੀਪੁਰ ਦੀ ਮੁਹੰਮਦਾਬਾਦ ਵਿਧਾਨ ਸਭਾ ਤੋਂ ਲਗਾਤਾਰ 5 ਵਾਰ (1985 ਤੋਂ 1996 ਤੱਕ) ਵਿਧਾਇਕ ਰਹਿ ਚੁੱਕੇ ਹਨ ਅਤੇ 2004 ਵਿੱਚ ਗਾਜ਼ੀਪੁਰ ਤੋਂ ਸੰਸਦ ਮੈਂਬਰ ਦੀ ਚੋਣ ਵੀ ਜਿੱਤ ਚੁੱਕੇ ਹਨ।

Image copyright Priyanka Dubey/BBC
ਫੋਟੋ ਕੈਪਸ਼ਨ ਅੰਸਾਰੀ ਪਰਿਵਾਰ ਦੀ ਬੈਠਕ ਵਿੱਚ ਲੱਗੀਆਂ ਪਰਿਵਾਰਕ ਨੇਤਾਵਾਂ ਦੀਆਂ ਤਸਵੀਰਾਂ

ਮੁਖ਼ਤਾਰ ਅੰਸਾਰੀ ਦੇ ਦੋ ਮੁੰਡੇ ਹਨ। ਉਨ੍ਹਾਂ ਦਾ ਵੱਡਾ ਮੁੰਡਾ ਅੱਬਾਸ ਸ਼ਾਟ-ਗਨ ਸ਼ੂਟਿੰਗ ਦੇ ਚੈਂਪੀਅਨ ਰਹਿ ਚੁੱਕੇ ਹਨ। 2017 ਦੀਆਂ ਚੋਣਾਂ ਵਿੱਚ ਮਊ ਜ਼ਿਲ੍ਹੇ ਦੀ ਹੀ ਘੋਸੀ ਵਿਧਾਨ ਸਭਾ ਸੀਟ ਤੋਂ ਅੱਬਾਸ ਨੇ ਬਸਪਾ ਦੇ ਟਿਕਟ 'ਤੇ ਆਪਣੀ ਪਹਿਲੀ ਚੋਣ ਲੜੀ ਸੀ ਅਤੇ 7 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।

ਕ੍ਰਿਸ਼ਨਾਨੰਦ ਰਾਏ ਪੰਨਾ

1985 ਤੋਂ ਅੰਸਾਰੀ ਪਰਿਵਾਰ ਦੇ ਕੋਲ ਰਹੀ ਗਾਜ਼ੀਪੁਰ ਦੀ ਮੁਹੰਮਦਾਬਾਦ ਵਿਧਾਨ ਸਭਾ ਸੀਟ 17 ਸਾਲ ਬਾਅਦ 2002 ਦੀਆਂ ਚੋਣਾਂ ਵਿੱਚ ਉਨ੍ਹਾਂ ਤੋਂ ਭਾਜਪਾ ਦੇ ਕ੍ਰਿਸ਼ਨਾਨੰਦ ਨੇ ਖੋਹ ਲਈ ਸੀ।

ਪਰ ਉਹ ਵਿਧਾਇਕ ਦੇ ਤੌਰ 'ਤੇ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ, ਤਿੰਨ ਸਾਲ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:

ਪੂਰਵਾਂਚਲ ਵਿੱਚ ਅੱਗ ਦੀ ਤਰ੍ਹਾਂ ਫੈਲੇ ਇਸ ਕਤਲਕਾਂਡ ਦੀ ਖ਼ਬਰ ਨੂੰ ਮੌਕਾ-ਏ-ਵਾਰਦਾਤ 'ਤੇ ਕਵਰ ਕਰਨ ਵਾਲੇ ਸੀਨੀਅਰ ਪੱਤਰਕਾਰ ਪਵਨ ਸਿੰਘ ਦੱਸਦੇ ਹਨ, "ਉਹ ਇੱਕ ਪ੍ਰੋਗਰਾਮ ਦਾ ਉਦਘਾਟਨ ਕਰਕੇ ਪਰਤ ਰਹੇ ਸਨ ਕਿ ਉਦੋਂ ਹੀ ਉਨ੍ਹਾਂ ਦੀ ਬੁਲੇਟ ਪਰੂਫ਼ ਟਾਟਾ ਸੂਮੋ ਗੱਡੀ ਨੂੰ ਚਾਰੇ ਪਾਸਿਓਂ ਘੇਰ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ।

ਹਮਲੇ ਲਈ ਸਪੌਟ ਅਜਿਹੀ ਸੜਕ ਨੂੰ ਚੁਣਿਆ ਗਿਆ ਸੀ ਜਿੱਥੋਂ ਗੱਡੀ ਸੱਜੇ-ਖੱਬੇ ਮੋੜਨ ਦਾ ਕਈ ਸਕੋਪ ਨਹੀਂ ਸੀ। ਕ੍ਰਿਸ਼ਨਾਨੰਦ ਦੇ ਨਾਲ ਕੁੱਲ 6 ਲੋਕ ਗੱਡੀ ਵਿੱਚ ਸਨ। ਏਕੇ-47 ਤੋਂ ਤਕਰੀਬਨ 500 ਗੋਲੀਆਂ ਚਲਾਈਆਂ ਗਈਆਂ, ਸਾਰੇ ਸੱਤ ਲੋਕ ਮਾਰੇ ਗਏ।"

ਇਸ ਕਤਲਕਾਂਡ ਨੂੰ ਕਵਰ ਕਰਨ ਵਾਲੇ ਦੂਜੇ ਸੀਨੀਅਰ ਪੱਤਰਕਾਰ ਉਤਪਲ ਪਾਠਕ ਕਹਿੰਦੇ ਹਨ, "ਕੋਈ ਵੀ ਪੂਰਬ ਦਾ ਬੰਦਾ ਤੁਹਾਨੂੰ ਦੱਸ ਦੇਵੇਗਾ ਕਿ ਇਹ 500 ਗੋਲੀਆਂ ਮਾਰਨ ਲਈ ਨਹੀਂ ਸੰਦੇਸ਼ ਦੇਣ ਲਈ ਚਲਾਈਆਂ ਗਈਆਂ ਸਨ।

ਹੱਤਿਆਰੇ ਹਕੂਮਤ ਦਾ ਸੰਦੇਸ਼ ਦੇਣਾ ਚਾਹੁੰਦੇ ਸਨ- ਕਿ ਦੇਖੋ ਤੁਹਾਡੇ ਵਿਧਾਨ ਸਭਾ ਖੇਤਰ ਵਿੱਚ, ਤੁਹਾਡੀ ਬਹੁ-ਜਾਤ ਵਾਲੇ ਇਲਾਕੇ ਵਿੱਚ, ਤੁਹਾਡੇ ਗੜ੍ਹ ਵਿੱਚ, ਆਪਣੇ ਕਥਿਤ 'ਸੇਫ਼ ਜ਼ੋਨ' ਵਿੱਚ ਵੜ ਕੇ ਤੁਹਾਨੂੰ ਮਾਰਿਆ ਹੈ।"

ਜਾਣਕਾਰਾਂ ਮੁਤਾਬਕ ਗਾਜ਼ੀਪੁਰ ਦੀ ਆਪਣੀ ਪੁਰਾਣੀ ਪਰਿਵਾਰਕ ਸੀਟ ਹਾਰ ਜਾਣ ਨਾਲ ਮੁਖ਼ਤਾਰ ਅੰਸਾਰੀ ਨਾਰਾਜ਼ ਸਨ। ਕ੍ਰਿਸ਼ਨਾਨੰਦ ਕਤਲਕਾਂਡ ਦੇ ਸਮੇਂ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਮੁਖ਼ਤਾਰ ਅੰਸਾਰੀ ਨੂੰ ਇਸ ਕਤਲਕਾਂਡ ਵਿੱਚ ਨਾਮਜ਼ਦ ਕੀਤਾ ਗਿਆ।

Image copyright Mail Today
ਫੋਟੋ ਕੈਪਸ਼ਨ ਅਦਾਲਤ ਤੋਂ ਬਾਹਰ ਆਉਂਦੇ ਮੁਖ਼ਤਾਰ ਅੰਸਾਰੀ

ਇਸ ਕਤਲਕਾਂਡ ਦੇ ਇੱਕ ਦੂਜੇ ਪ੍ਰਭਾਵ ਬਾਰੇ ਦੱਸਦੇ ਹੋਏ ਪਵਨ ਕਹਿੰਦੇ ਹਨ, "ਗਾਜ਼ੀਪੁਰ ਤੋਂ ਸਾਂਸਦ ਅਤੇ ਮੌਜੂਦਾ ਸਰਕਾਰ ਵਿੱਚ ਮੰਤਰੀ ਮਨੋਜ ਸਿਨਹਾ ਦੀ ਪੂਰੀ ਸਿਆਸਤ ਇਸੇ ਕਤਲਕਾਂਡ ਤੋਂ ਬਾਅਦ ਜ਼ੋਰਦਾਰ ਤਰੀਕੇ ਨਾਲ ਖੜ੍ਹੀ ਹੋਈ।

ਮਨੋਜ ਇਸ ਮਾਮਲੇ ਵਿੱਚ ਮੁਖ਼ਤਾਰ ਦੇ ਖ਼ਿਲਾਫ਼ ਗਵਾਹ ਹਨ। ਕ੍ਰਿਸ਼ਨਾਨੰਦ ਭੂਮੀਹਾਰ ਸਨ ਅਤੇ ਉਨ੍ਹਾਂ ਦੇ ਸਬੰਧੀ ਸਿਨਹਾ ਨੇ ਉਨ੍ਹਾਂ ਨੂੰ 'ਨਿਆਂ ਦਿਵਾਉਣ ਲਈ ਬਿਨਾਂ ਡਰੇ ਸੰਘਰਸ਼ ਕਰਨ ਵਾਲੇ' ਇਕਲੌਤੇ ਨੇਤਾ ਹੋਣ ਦੇ ਨਾਮ 'ਤੇ ਵੋਟ ਮੰਗਦੇ ਹੋਏ ਕਈ ਚੋਣਾਂ ਵਿੱਚ ਜਿੱਤੀਆਂ ਹਨ।"

ਅੰਸਾਰੀ ਨਿਵਾਸ ਦਾ ਪੰਨਾ

ਗਾਜ਼ੀਪੁਰ ਤੋਂ ਯਸੁਫ਼ਪੁਰ ਇਲਾਕੇ ਵਿੱਚ ਸਥਿਤ ਮੁਖ਼ਤਾਰ ਅੰਸਾਰੀ ਦਾ ਜੱਦੀ ਨਿਵਾਸ 'ਬੜਕਾ ਫਾਟਕ' ਜਾਂ 'ਵੱਡੇ ਦਰਵਾਜ਼ੇ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇਸ ਛੋਟੇ ਜਿਹੇ ਸ਼ਹਿਰ ਵਿੱਚ 'ਬੜਕਾ ਫਾਟਕ' ਦਾ ਪਤਾ ਸਭ ਜਾਣਦੇ ਹਨ ਇਸ ਲਈ ਰਸਤਾ ਪੁੱਛਦੇ-ਪੁੱਛਦੇ ਉਨ੍ਹਾਂ ਦੇ ਘਰ ਪਹੁੰਚਣ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਹੋਈ।

Image copyright Priyanka Dubey/BBC
ਫੋਟੋ ਕੈਪਸ਼ਨ ਅਫਜ਼ਾਲ ਅੰਸਾਰੀ, ਅੱਬਾਸ ਅੰਸਾਰੀ ਅਤੇ ਉਮਰ ਅੰਸਾਰੀ

ਦਸੰਬਰ ਮਹੀਨੇ ਵਿੱਚ ਜਦੋਂ ਮੈਂ ਗਾਜ਼ੀਪੁਰ ਪਹੁੰਚੀ ਉਦੋਂ ਮੁਖ਼ਤਾਰ ਦੀ ਬਜ਼ੁਰਗ ਮਾਂ ਬਹੁਤ ਬਿਮਾਰ ਸੀ। ਉਨ੍ਹਾਂ ਨੂੰ ਆਖ਼ਰੀ ਵਾਰ ਦੇਖਣ ਲਈ ਉਨ੍ਹਾਂ ਦਾ ਪੂਰਾ ਪਰਿਵਾਰ ਦੇਸ-ਦੁਨੀਆਂ ਦੇ ਵੱਖ-ਵੱਖ ਕੋਨਿਆਂ ਤੋਂ ਇਕੱਠਾ ਹੋ ਰਿਹਾ ਸੀ।

ਇਹ ਵੀ ਪੜ੍ਹੋ:

ਮੁਖ਼ਤਾਰ ਬਾਂਦਾ ਜੇਲ੍ਹ ਵਿੱਚ ਬੰਦ ਸਨ ਪਰ ਉਨ੍ਹਾਂ ਦੇ ਵੱਡੇ ਭਰਾ ਅਫਜ਼ਾਲ ਅੰਸਾਰੀ ਅਤੇ ਮੁੰਡੇ ਅੱਬਾਸ ਅੰਸਾਰੀ ਨੇ ਬੀਬੀਸੀ ਨਾਲ ਗੱਲਬਾਤ ਕੀਤੀ। ਇਸ ਤੋਂ ਕੁਝ ਹੀ ਘੰਟੇ ਬਾਅਦ ਮੁਖ਼ਤਾਰ ਦੀ ਮਾਂ ਦਾ ਦੇਹਾਂਤ ਹੋ ਗਿਆ।

Image copyright Priyanka Dubey/BBC
ਫੋਟੋ ਕੈਪਸ਼ਨ ਅਫ਼ਜਾਲ ਅੰਸਾਰੀ

ਸਫ਼ੇਦ ਕੁਰਤੇ ਪਜਾਮੇ, ਸ਼ਾਲ ਅਤੇ ਟੋਪੀ ਲਗਾਏ ਅਫ਼ਜ਼ਾਲ ਅੰਸਾਰੀ ਉਂਝ ਤਾਂ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਪ੍ਰੇਸ਼ਾਨ ਸਨ ਪਰ ਆਉਣ ਵਾਲੀਆਂ ਚੋਣਾਂ ਬਾਰੇ ਉਨ੍ਹਾਂ ਨੇ ਪੂਰੀ ਮੁਸਤੈਦੀ ਨਾਲ ਗੱਲਬਾਤ ਕੀਤੀ।

ਸਿਆਸੀ ਮੌਕਿਆਂ ਦਾ ਪੰਨਾ

ਅਫ਼ਜ਼ਾਲ ਨੇ ਆਪਣਾ ਸਿਆਸੀ ਕਰੀਅਰ ਕਮਿਊਨਿਸਟ ਪਾਰਟੀ ਤੋਂ ਸ਼ੁਰੂ ਕੀਤਾ ਸੀ, ਫਿਰ ਸਮਾਜਵਾਦੀ ਪਾਰਟੀ (ਸਪਾ) ਵਿੱਚ ਗਏ, ਇਸ ਤੋਂ ਬਾਅਦ ਉਨ੍ਹਾਂ ਨੇ 'ਕੌਮੀ ਏਕਤਾ ਦਲ' ਦੇ ਨਾਮ ਤੋਂ ਆਪਣੀ ਪਾਰਟੀ ਦਾ ਗਠਨ ਕੀਤਾ ਅਤੇ 2017 ਵਿੱਚ ਬਸਪਾ ਵਿੱਚ ਸ਼ਾਮਲ ਹੋ ਗਏ।

ਇੱਥੇ ਇਹ ਦਿਲਚਸਪ ਹੈ ਕਿ ਕਦੇ ਮੁਖਤਾਰ ਅੰਸਾਰੀ ਨੂੰ 'ਗ਼ਰੀਬਾਂ ਦਾ ਮਸੀਹਾ' ਦੱਸਣ ਵਾਲੀ ਬਸਪਾ ਸੁਪਰੀਮੋ ਮਾਇਆਵਤੀ ਨੇ ਅਪ੍ਰੈਲ 2010 ਵਿੱਚ ਅੰਸਾਰੀ ਭਰਾਵਾਂ ਨੂੰ 'ਅਪਰਾਧਾਂ ਵਿੱਚ ਸ਼ਾਮਲ' ਦੱਸਦੇ ਹੋਏ ਬਸਪਾ ਤੋਂ ਕੱਢ ਦਿੱਤਾ ਸੀ।

Image copyright Priyanka Dubey/BBC
ਫੋਟੋ ਕੈਪਸ਼ਨ ਅੱਬਾਸ ਅੰਸਾਰੀ

2017 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ 'ਅਦਾਲਤ ਵਿੱਚ ਉਨ੍ਹਾਂ 'ਤੇ ਕੋਈ ਦੋਸ਼ ਸਾਬਿਤ ਨਹੀਂ ਹੋਇਆ ਹੈ' ਕਹਿੰਦੇ ਹੋਏ ਅੰਸਾਰੀ ਭਰਾਵਾਂ ਦੀ ਪਾਰਟੀ 'ਕੌਮੀ ਏਕਤਾ ਦਲ' ਦਾ ਰਲੇਵਾ ਬਸਪਾ ਵਿੱਚ ਕਰਵਾ ਲਿਆ।

2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੂਰਾ ਅੰਸਾਰੀ ਪਰਿਵਾਰ ਬਸਪਾ ਨੂੰ ਗਾਜ਼ੀਪੁਰ, ਬਲੀਆ, ਬਨਾਰਸ ਅਤੇ ਜੋਨਪੁਰ ਬੈਲਟ ਵਿੱਚ ਮਜ਼ਬੂਤੀ ਦਿਵਾਉਣ ਲਈ ਕੰਮ ਕਰ ਰਿਹਾ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)