ਇਸ ਕੁੜੀ ਨੂੰ ਮਿਲਿਆ 'ਨਾ ਜਾਤ ਹੈ ਨਾ ਧਰਮ' ਵਾਲਾ ਸਰਟੀਫਿਕੇਟ

  • ਨਿਆਸ ਅਹਿਮਦ
  • ਬੀਬੀਸੀ ਪੱਤਰਕਾਰ
ਸਨੇਹਾ ਨੂੰ ਕੋਈ ਜਾਤ ਤੇ ਧਰਮ ਨਾ ਹੋਣ ਸਰਟੀਫਿਕੇਟ ਹਾਸਲ ਕਰਨ ਨੂੰ 10 ਸਾਲ ਲੱਗੇ

ਤਸਵੀਰ ਸਰੋਤ, facebook

ਤਸਵੀਰ ਕੈਪਸ਼ਨ,

ਸਨੇਹਾ ਨੂੰ ਕੋਈ ਜਾਤ ਤੇ ਧਰਮ ਨਾ ਹੋਣ ਦਾ ਸਰਟੀਫਿਕੇਟ ਹਾਸਲ ਕਰਨ 'ਚ 10 ਸਾਲ ਲੱਗੇ

ਪੂਰੀ ਦੁਨੀਆਂ ਵਿੱਚ ਭਾਰਤ ਬਾਰੇ ਇਹ ਕਿਹਾ ਜਾਂਦਾ ਹੈ ਕਿ ਇੱਥੇ ਜਾਤ ਤੇ ਧਰਮ ਦੇ ਆਧਾਰ 'ਤੇ ਵੰਡੀਆਂ ਪਈਆਂ ਹੋਈਆਂ ਹਨ।

ਸਨੇਹਾ ਦੀ ਮੀਡੀਆ ਵਿੱਚ ਕਾਫ਼ੀ ਤਾਰੀਫ ਹੋ ਰਹੀ ਹੈ ਕਿਉਂਕਿ ਉਨ੍ਹਾਂ ਨੇ ਇਸ ਸੋਚ ਨੂੰ ਢਾਹ ਲਾਈ ਹੈ। ਕਈ ਕਹਿੰਦੇ ਕਿ ਸਨੇਹਾ ਪਹਿਲੀ ਨਾਗਰਿਕ ਹੈ ਜਿਸ ਨੂੰ 'ਨਾ ਜਾਤ ਹੈ ਨਾ ਧਰਮ' ਵਾਲਾ ਸਰਟੀਫਿਕੇਟ ਮਿਲਿਆ ਹੈ।

ਸਨੇਹਾ ਤਾਮਿਲਨਾਡੂ ਦੇ ਵੇਲੂਰ ਜਿਲ੍ਹੇ ਵਿੱਚ ਪੈਂਦੇ ਕਸਬੇ ਇਰਟਇਮਲਇ ਸੀਨਿਵਾਸਨਪੇਟਇ ਦੇ ਨਿਵਾਸੀ ਹਨ।

ਤਾਂ ਕੌਣ ਹੈ ਸਨੇਹਾ, ਉਨ੍ਹਾਂ ਤੋਂ ਪੁੱਛਦੇ ਹਾਂ

ਇਹ ਵੀ ਪੜ੍ਹੋ:

ਉਨ੍ਹਾਂ ਨੇ ਆਪਣੀ ਗੱਲਬਾਤ ਕੁਝ ਇੰਝ ਸ਼ੁਰੂ ਕੀਤੀ, "ਮੇਰਾ ਨਾਂ ਸਨੇਹਾ ਮੁਮਤਾਜ਼ ਜੈਨੀਫ਼ਰ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਮੈਂ ਵਕੀਲਾਂ ਦੇ ਪਰਿਵਾਰ ਤੋਂ ਹਾਂ। ਮੇਰੇ ਪਿਤਾ (ਆਨੰਦਾ ਕ੍ਰਿਸ਼ਨਨ) ਅਤੇ ਮੇਰੀ ਮਾਂ (ਮਨੀਮੌਂਜ਼ੀ) ਵਕੀਲ ਹਨ।"

"ਪਰ ਜਦੋਂ ਮੈਂ ਬੀਤੇ ਵਕਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਪਤਾ ਲਗਿਆ ਕਿ ਮੈਂ ਪਹਿਲੀ ਨਹੀਂ ਹਾਂ ਜਿਸ ਨੇ ਅਜਿਹੇ ਸਰਟੀਫਿਕੇਟ ਲਈ ਅਰਜ਼ੀ ਪਾਈ ਹੈ।"

"ਇਸ ਰਵਾਇਤ ਮੇਰੇ ਪਿਤਾ ਜੀ ਨੇ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਇਸ ਸਰਟੀਫਿਕੇਟ ਨੂੰ ਹਾਸਿਲ ਕਰਨ ਕਈ ਕੋਸ਼ਿਸ਼ਾਂ ਕੀਤੀਆਂ ਸਨ।"

‘ਇਹ ਸਾਡੀ ਜੀਵਨਸ਼ੈਲੀ ਹੈ’

"ਉਸ ਵੇਲੇ ਇਹ ਸੰਭਵ ਨਹੀਂ ਹੋ ਸਕਿਆ ਸੀ ਪਰ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਮੈਂ ਇਸ ਵਿੱਚ ਸਫ਼ਲ ਹੋਈ ਹਾਂ।"

"ਭਾਵੇਂ ਮੇਰੇ ਪਿਤਾ ਨੂੰ ਉਹ ਸਰਟੀਫਿਕੇਟ ਨਹੀਂ ਮਿਲਿਆ ਪਰ ਉਨ੍ਹਾਂ ਨੇ ਮੈਨੂੰ ਅਤੇ ਮੇਰੀਆਂ ਦੋ ਛੋਟੀਆਂ ਭੈਣਾਂ ਨੂੰ ਕਦੇ ਵੀ ਕਿਸੇ ਜਾਤ ਜਾਂ ਧਰਮ ਵਿੱਚ ਨਹੀਂ ਬੰਨ੍ਹਿਆ।"

"ਕੋਈ ਮੇਰੇ ਨਾਂ ਜ਼ਰੀਏ ਮੇਰੀ ਜਾਤ ਜਾਂ ਧਰਮ ਬਾਰੇ ਪਤਾ ਨਹੀਂ ਲਗਾ ਸਕਦਾ ਹੈ।"

ਤਸਵੀਰ ਸਰੋਤ, facebook

ਤਸਵੀਰ ਕੈਪਸ਼ਨ,

ਸਨੇਹਾ ਨੂੰ ਤਮਿਲ ਭਾਸ਼ਾ ਵਿੱਚ ਜਾਰੀ ਹੋਇਆ ਸਰਟੀਫਿਕੇਟ

"ਮੇਰੇ ਮਾਪੇ ਇਸ ਫੈਸਲੇ ਨੂੰ ਕੋਈ ਸੁਧਾਰ ਨਹੀਂ ਮੰਨਦੇ ਹਨ। ਇਹ ਉਨ੍ਹਾਂ ਲਈ ਜੀਵਨਸ਼ੈਲੀ ਹੈ ਜਿਸ ਨੂੰ ਉਹ ਜਿਉਂਦੇ ਹਨ। ਉਨ੍ਹਾਂ ਨੇ ਸਾਨੂੰ ਪਾਲਿਆ ਵੀ ਇਸੇ ਤਰੀਕੇ ਨਾਲ ਹੀ ਹੈ।"

ਸਨੇਹਾ ਦੇ ਪਤੀ ਉਸ ਦੇ ਸਭ ਤੋਂ ਵੱਡੇ ਹਮਾਇਤੀਆਂ ਵਿੱਚੋਂ ਇੱਕ ਹਨ।

ਉਨ੍ਹਾਂ ਕਿਹਾ, "ਮੇਰੇ ਪਤੀ ਪਰਥੀਬਰਾਜਾ ਵੀ ਜਾਤ ਅਤੇ ਧਾਰਮਿਕ ਕਰਮ ਕਾਂਡ ਦੇ ਖਿਲਾਫ਼ ਹਨ। ਉਨ੍ਹਾਂ ਦੀ ਦਿਲਚਸਪੀ ਨਾਰੀਵਾਦੀ ਸੋਚ ਵੱਲ ਹੈ। ਉਹ ਇੱਕ ਸਵੈਮਾਣ ਵਾਲੇ ਵਿਅਕਤੀ ਹਨ।"

‘ਮੇਰੀ ਪ੍ਰਾਪਤੀ ਕਾਫੀ ਅਹਿਮ’

"ਸਾਡਾ ਵਿਆਹ ਵੀ ਜਾਤੀ ਦੇ ਵਿਤਕਰੇ ਨੂੰ ਪਾਸੇ ਕਰਕੇ ਹੋਇਆ ਸੀ। ਮੇਰੇ ਪਤੀ ਨੇ ਮੈਨੂੰ ਇਸ ਸਰਟੀਫਿਕੇਟ ਨੂੰ ਹਾਸਿਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।"

ਸਨੇਹਾ ਅਗਲੀ ਪੀੜ੍ਹੀ ਨੂੰ ਇਸ ਜਾਤੀ ਤੋਂ ਪਰ੍ਹੇ ਹੋਣ ਦੇ ਸਿਧਾਂਤ ਬਾਰੇ ਦੱਸਣ ਵੱਲ ਕੰਮ ਕਰ ਰਹੀ ਹੈ। ਸਨੇਹਾ ਦੀਆਂ ਤਿੰਨ ਧੀਆਂ ਹਨ।

ਉਨ੍ਹਾਂ ਦੇ ਨਾਂ ਆਤੀਰਾਇ ਨਾਸਰੀਨ, ਅਤੀਲਾ ਇਰੇਨੇ ਅਤੇ ਹਾਰੀਫਾ ਜੈਸ ਹਨ।

ਉਨ੍ਹਾਂ ਨੇ ਸਕੂਲ ਵਿੱਚ ਤਿੰਨਾਂ ਦਾ ਦਾਖਿਲਾ ਕਰਵਾਉਣ ਵੇਲੇ ਨਾਂ ਨਾਲ ਜਾਤ ਨਹੀਂ ਦੱਸੀ ਸੀ।

ਸਨੇਹਾ ਦੱਸਦੇ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਜਾਤ ਦਾ ਖੰਡਨ ਕੀਤਾ ਹੈ ਅਤੇ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਉਨ੍ਹਾਂ ਦਾ ਪਰਿਵਾਰ ਇਸ ਸਿਧਾਂਤ 'ਤੇ ਕਾਇਮ ਹੈ।

ਤਸਵੀਰ ਸਰੋਤ, facebook

ਤਸਵੀਰ ਕੈਪਸ਼ਨ,

ਸਨੇਹਾ ਮੁਤਾਬਕ ਉਹ ਕਿਸੇ ਰਾਖਵੇਂਕਰਨ ਖਿਲਾਫ਼ ਨਹੀਂ ਹਨ, ਦੱਬੇ ਕੁਚਲੇ ਲੋਕ ਜਿਨ੍ਹਾਂ ਦਾ ਸਦੀਆਂ ਤੱਕ ਸ਼ੋਸ਼ਣ ਹੋਇਆ ਹੈ ਉਨ੍ਹਾਂ ਨੂੰ ਇਹ ਜਰੂਰ ਮਿਲਣਾ ਚਾਹੀਦਾ ਹੈ।

ਉਨ੍ਹਾਂ ਨੇ ਦੱਸਿਆ, "ਅਸੀਂ ਜਾਤ ਤੇ ਧਰਮ ਨਾਲ ਜੁੜੇ ਕੋਈ ਕਰਮਕਾਂਡ ਨਹੀਂ ਕਰਦੇ ਹਾਂ। ਸ਼ਾਇਦ ਇਸੇ ਕਰਕੇ ਅਸੀਂ ਕਾਫ਼ੀ ਖੁਸ਼ ਰਹਿੰਦੇ ਹਾਂ।"

"ਸਾਡੇ ਦੇਸ ਵਿੱਚ ਧਰਮ ਆਧਾਰਿਤ ਸਿਆਸਤ ਕਾਫੀ ਭਾਰੂ ਰਹਿੰਦੀ ਹੈ। ਅਜਿਹੇ ਵਿੱਚ ਮੇਰੀ ਇਹ ਪ੍ਰਾਪਤੀ ਕਾਫੀ ਅਹਿਮ ਹੋ ਜਾਂਦੀ ਹੈ।"

"ਇਹ ਲੋਕਾਂ ਨੂੰ ਸਮਝਾਉਣ ਦਾ ਮੇਰਾ ਤਰੀਕਾ ਹੈ ਕਿ ਉਹ ਸਾਨੂੰ ਧਰਮ ਜਾਂ ਜਾਤ ਦੇ ਆਧਾਰ 'ਤੇ ਨਹੀਂ ਵੰਡ ਸਕਦੇ ਹਨ।"

"ਇਹ ਉਨ੍ਹਾਂ ਲਈ ਮੇਰਾ ਤੈਅ ਸੋਚ ਨਾਲ ਕੀਤਾ ਫੈਸਲਾ ਹੈ ਜੋ ਇਹ ਮੰਨਦੇ ਹਨ ਕਿ ਸਮਾਜ ਜਾਤ ਅਤੇ ਧਰਮ ਦੇ ਆਧਾਰ 'ਤੇ ਬਣਦਾ ਹੈ। ਮੈਨੂੰ ਉਮੀਦ ਹੈ ਮੇਰਾ ਇਹ ਕਦਮ ਉਨ੍ਹਾਂ ਲਈ ਵੱਡਾ ਝਟਕਾ ਹੋਵੇਗਾ।"

"ਜਦੋਂ ਹੋਰ ਲੋਕ ਜਾਤ ਅਤੇ ਧਰਮ ਦਾ ਖੰਡਨ ਕਰਨਾ ਸ਼ੁਰੂ ਕਰਨ ਦੇਣਗੇ ਤਾਂ ਇਨ੍ਹਾਂ ਲੋਕਾਂ ਉੱਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਜਾਣਗੇ ਅਤੇ ਉਨ੍ਹਾਂ ਦੀ ਸਿਆਸਤ ਫਿੱਕੀ ਪੈਣ ਲਗੇਗੀ।"

"ਮੈਂ ਚਾਹੁੰਦੀ ਹਾਂ ਕਿ ਨੌਜਵਾਨ ਜਾਤ ਅਤੇ ਧਰਮ ਦੇ ਲੇਬਲ ਨੂੰ ਨਕਾਰ ਦੇਣ।"

"ਪਰ ਇਸ ਦੇ ਨਾਲ ਮੈਂ ਇਹ ਨਹੀਂ ਕਹਿ ਰਹੀ ਕਿ ਉਹ ਆਪਣੀ ਜਾਤ ਜਾਂ ਭਾਈਚਾਰੇ ਦਾ ਸਰਟੀਫਿਕੇਟ ਤਿਆਗ ਦੇਣ, ਇਹ ਮੇਰਾ ਮਕਸਦ ਹੈ।"

'ਕੀ ਇਹ ਰਾਖਵੇਂਕਰਨ ਦੇ ਖਿਲਾਫ਼ ਹੈ'

"ਕੁਝ ਲੋਕ ਮੇਰੇ ਫੈਸਲੇ ਨੂੰ ਰਾਖਵੇਂਕਰਨ ਦਾ ਵਿਰੋਧੀ ਸਮਝਦੇ ਹਨ। ਉਹ ਮੈਨੂੰ ਪੁੱਛਦੇ ਹਨ, ਕਿ ਜੇ ਅਸੀਂ ਆਪਣੀ ਜਾਤ ਦਾ ਸਰਟੀਫਿਕੇਟ ਤਿਆਗ ਦੇਈਏ ਤਾਂ ਕੀ ਜਾਤੀਵਾਦ ਖ਼ਤਮ ਹੋ ਜਾਵੇਗਾ।"

"ਅਸਲ ਵਿੱਚ ਮੈਂ 100 ਫੀਸਦੀ ਰਾਖਵੇਂਕਰਨ ਦੇ ਹੱਕ ਵਿੱਚ ਹਾਂ। ਰਾਖਵੇਂਕਰਨ ਨੇ ਉਨ੍ਹਾਂ ਦੀਆਂ ਜ਼ਿੰਦਗੀਆਂ ਵਿੱਚ ਕਾਫੀ ਮਦਦ ਕੀਤੀ ਹੈ ਜੋ ਸਦੀਆਂ ਤੋਂ ਸ਼ੋਸ਼ਣ ਦਾ ਸ਼ਿਕਾਰ ਸਨ।"

"ਮੈਂ ਮੁਸ਼ਕਿਲ ਨਾਲ ਹਾਸਿਲ ਕੀਤੇ ਰਾਖਵੇਂਕਰਨ ਨੂੰ ਤਿਆਗ ਦੇਣ ਦੇ ਪੱਖ ਵਿੱਚ ਨਹੀਂ ਹਾਂ ਅਤੇ ਨਾਂ ਹੀ ਇਸ ਦਾ ਵਿਰੋਧ ਕਰਦੀ ਹਾਂ। ਦਬੇ-ਕੁਚਲੇ ਲੋਕਾਂ ਲਈ ਜਾਤ ਦਾ ਸਰਟੀਫਿਕੇਟ ਹੋਣਾ ਬੇਹਦ ਜ਼ਰੂਰੀ ਹੈ।"

ਤਸਵੀਰ ਸਰੋਤ, facebook

ਤਸਵੀਰ ਕੈਪਸ਼ਨ,

ਸਨੇਹਾ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੇ ਜਾਤ ਦਾ ਖੰਡਨ ਕੀਤਾ ਹੈ ਅਤੇ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਉਨ੍ਹਾਂ ਦਾ ਪਰਿਵਾਰ ਇਸ ਸਿਧਾਂਤ 'ਤੇ ਕਾਇਮ ਹੈ।

"ਮੈਂ ਚਾਹੁੰਦੀ ਹਾਂ ਕਿ ਜੋ ਲੋਕ ਉੱਚੀਆਂ ਜਾਤਾਂ ਨਾਲ ਸਬੰਧ ਰੱਖਦੇ ਹਨ ਉਹ ਇਸ ਸਿਸਟਮ ਤੋਂ ਬਾਹਰ ਆਉਣ।"

"ਉਨ੍ਹਾਂ ਨੂੰ ਆਪਣੀ ਪਛਾਣ ਅਤੇ ਜਾਤ ਦੇ ਸਰਟੀਫਿਕੇਟ ਤਿਆਗਣੇ ਚਾਹੀਦੇ ਹਨ। ਉਨ੍ਹਾਂ ਨੂੰ ਦਬੇ-ਕੁਚਲੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।"

'ਸਰਕਾਰ ਇਸ ਨੂੰ ਕਿਵੇਂ ਵੇਖਦੀ ਹੈ'

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਦੋਸਤ ਅਤੇ ਪਰਿਵਾਰ ਨੇ ਉਨ੍ਹਾਂ ਨੂੰ ਕਿਸੇ ਜਾਤ ਜਾਂ ਧਰਮ ਨਾਲ ਸਬੰਧ ਨਾਂ ਰੱਖਣ ਵਾਲੇ ਸਰਟੀਫਿਕੇਟ ਨੂੰ ਹਾਸਿਲ ਕਰਨ ਵਿੱਚ ਮਦਦ ਕੀਤੀ ਹੈ।

ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਉਸ ਨੇ ਕਦੋਂ ਕਿਸ ਸਰਟੀਫਿਕੇਟ ਲਈ ਅਪਲਾਈ ਕੀਤਾ ਸੀ।

ਉਨ੍ਹਾਂ ਨੇ ਕਿਹਾ, "ਮੈਂ ਇਸ ਸਰਟੀਫਿਕੇਟ ਲਈ 10 ਸਾਲਾਂ ਪਹਿਲਾਂ ਅਪਲਾਈ ਕੀਤਾ ਸੀ। ਜ਼ਿਆਦਾਤਰ ਮੇਰੀ ਅਰਜ਼ੀ ਸ਼ੁਰੂਆਤੀ ਪੱਧਰ 'ਤੇ ਹੀ ਖਾਰਿਜ਼ ਹੋ ਜਾਂਦੀ ਸੀ।"

"ਮੈਨੂੰ ਇਹ ਜਵਾਬ ਮਿਲਦਾ ਸੀ ਕਿ ਡੀਸੀ ਸਾਹਿਬ ਨਾਲ ਗੱਲ ਕਰਕੇ ਤੁਹਾਨੂੰ ਦੱਸਦੇ ਹਾਂ।"

ਤਸਵੀਰ ਸਰੋਤ, facebook

ਤਸਵੀਰ ਕੈਪਸ਼ਨ,

ਸਨੇਹਾ ਚਾਹੁੰਦੇ ਹਨ ਕਿ ਉੱਚੀਆਂ ਜਾਤਾਂ ਵਾਲੇ ਲੋਕ ਉਨ੍ਹਾਂ ਦੀ ਮੁਹਿੰਮ ਦਾ ਹਿੱਸਾ ਬਣਨ

"ਉਹ ਮੈਨੂੰ ਪੁੱਛਦੇ ਸਨ ਕਿ ਮੈਨੂੰ ਆਖਿਰ ਅਜਿਹਾ ਸਰਟੀਫਿਕੇਟ ਕਿਉਂ ਚਾਹੀਦਾ ਹੈ ਪਰ ਇਸ ਵਾਰ ਐੱਸਡੀਐੱਮ ਅਤੇ ਤਹਿਸੀਲਦਾਰ, ਦੋਵੇਂ ਕਾਫੀ ਮਦਦ ਕਰਨ ਵਾਲੇ ਸਨ।"

"ਉਨ੍ਹਾਂ ਨੇ ਕਿਸੇ ਨੂੰ ਪਹਿਲੀ ਵਾਰ ਅਜਿਹਾ ਸਰਟੀਫਿਕੇਟ ਜਾਰੀ ਕਰਨ 'ਤੇ ਖੁਸ਼ੀ ਜ਼ਾਹਿਰ ਕੀਤੀ ਸੀ।"

"ਕਈ ਵਾਰ ਫੇਲ੍ਹ ਹੋਣ 'ਤੇ ਦੋ ਸਾਲ ਪਹਿਲਾਂ ਮੈਂ ਦੋਬਾਰਾ ਸਰਟੀਫਿਕੇਟ ਲਈ ਅਰਜ਼ੀ ਦਾਖ਼ਲ ਕੀਤੀ ਸੀ। ਮੈਂ ਉਸੇ ਤਰੀਕੇ ਨਾਲ ਅਰਜ਼ੀ ਪਾਈ ਸੀ ਜਿਵੇਂ ਕੋਈ ਵਿਅਕਤੀ ਜਾਤ ਦਾ ਸਰਟੀਫਿਕੇਟ ਹਾਸਿਲ ਕਰਨ ਲਈ ਦਿੰਦਾ ਹੈ।"

"ਪਹਿਲਾਂ ਮੈਂ ਪਿੰਡ ਦੇ ਪ੍ਰਸ਼ਾਸਨਿਕ ਦਫ਼ਤਰ ਵਿੱਚ ਅਪਲਾਈ ਕੀਤਾ ਸੀ ਫਿਰ ਉਸ ਨੂੰ ਰੈਵੇਨਿਊ ਇੰਸਪੈਕਟਰ ਵੱਲ ਭੇਜਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਤਹਿਸੀਲਦਾਰ ਦੀ ਮੇਜ਼ ਤੱਕ ਪਹੁੰਚਿਆ ਸੀ।"

"ਫਿਰ ਉਸ ਨੇ ਜਾਂਚ ਸ਼ੁਰੂ ਕੀਤੀ। ਮੈਨੂੰ ਕਈ ਤਰ੍ਹਾਂ ਦੀ ਸਫ਼ਾਈ ਦੇਣੀ ਪਈ ਸੀ।"

ਹੋਰ ਲੋਕਾਂ ਲਈ ਕੀ ਰਾਹ?

"ਮੈਂ ਉਨ੍ਹਾਂ ਨੂੰ ਕਈ ਵਾਰ ਇਹ ਭਰੋਸਾ ਦਿੱਤਾ ਕਿ ਮੈਂ ਇਸ ਸਰਟੀਫਿਕੇਟ ਨੂੰ ਹਾਸਿਲ ਕਰਨ ਨਾਲ ਕਿਸੇ ਦਾ ਹੱਕ ਨਹੀਂ ਖੋਹ ਰਹੀ ਹਾਂ। ਤਾਂ ਹੀ ਮੈਨੂੰ ਸਰਟੀਫਿਕੇਟ ਹਾਸਿਲ ਹੋਇਆ।"

ਅਸੀਂ ਉਨ੍ਹਾਂ ਤੋਂ ਪੁੱਛਿਆ, "ਤੁਸੀਂ ਇੱਕ ਵਕੀਲ ਹੋ ਅਤੇ ਤੁਸੀਂ ਆਪਣਾ ਟੀਚਾ ਤਾਂ ਹਾਸਲ ਕਰ ਲਿਆ ਪਰ ਕੀ ਇਹ ਹਰ ਨਾਗਰਿਕ ਲਈ ਮੁਮਕਿਨ ਹੈ, ਕੀ ਸਰਕਾਰ ਅਜਿਹੇ ਲੋਕਾਂ ਦੀ ਹਮਾਇਤ ਕਰੇਗੀ?"

ਸਨੇਹਾ ਨੇ ਕਿਹਾ, "ਇਹ ਸੰਭਵ ਹੈ। ਸਰਕਾਰੀ ਮਸ਼ੀਨਰੀ ਲੋਕਾਂ ਲਈ ਹੈ। ਉਨ੍ਹਾਂ ਦਾ ਫਰਜ਼ ਹੈ ਕਿ ਉਹ ਆਮ ਲੋਕਾਂ ਦੀਆਂ ਇੱਛਾਵਾਂ ਤੇ ਜ਼ਰੂਰਤਾਂ ਦਾ ਖਿਆਲ ਰੱਖਣ।"

"ਸਰਕਾਰੀ ਅਫਸਰਾਂ ਨੂੰ ਅਜਿਹੇ ਸਰਟੀਫਿਕੇਟ ਉਨ੍ਹਾਂ ਲੋਕਾਂ ਨੂੰ ਦੇਣੇ ਪੈਣਗੇ ਜੋ ਇਸ ਦੀ ਮੰਗ ਕਰਦੇ ਹਨ।"

"ਸਰਕਾਰਾਂ ਭਾਵੇਂ ਡਰ ਕਾਰਨ ਅਜਿਹੀਆਂ ਮੰਗਾਂ ਨੂੰ ਮੰਨੇ ਕਿਉਂਕਿ ਉਨ੍ਹਾਂ ਨੂੰ ਲੱਗ ਸਕਦਾ ਹੈ ਕਿ ਕਿਤੇ ਇਹ ਕੋਈ ਸਮਾਜਿਕ ਲਹਿਰ ਨਾ ਬਣ ਜਾਵੇ। ਮੈਨੂੰ ਉਮੀਦ ਹੈ ਕਿ ਸਰਕਾਰਾਂ ਇਸ ਬਾਰੇ ਸਕਾਰਾਤਮਕ ਹੋਣਗੀਆਂ।"

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)