ਪੁਲਵਾਮਾ 'ਚ CRPF 'ਤੇ ਹਮਲਾ: ਆਖ਼ਰ ਕਿੱਥੇ ਰਹਿ ਗਈ ਸੁਰੱਖਿਆ 'ਚ ਘਾਟ

ਪੁਲਵਾਮਾ 'ਚ CRPF 'ਤੇ ਹਮਲਾ Image copyright Getty Images

ਭਾਰਤ ਸਾਸ਼ਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਵੀਰਵਾਰ ਨੂੰ ਹੋਇਆ ਘਿਨਾਉਣਾ ਅੱਤਵਾਦੀ ਹਮਲਾ, ਜਿਸ ਵਿੱਚ ਭਾਰਤੀ ਪੈਰਾ ਮਿਲਟਰੀ ਬਲ ਸੀਆਰਪੀਐੱਫ ਦੇ 40 ਜਵਾਨ ਹਲਾਕ ਹੋਏ ਅਤੇ 40 ਤੋਂ ਵੱਧ ਜ਼ਖ਼ਮੀ ਹੋਏ ਹਨ, ਨੂੰ ਰੋਕਿਆ ਸਕਦਾ ਸੀ।

ਅਜਿਹਾ ਦਾਅਵਾ ਜੰਮੂ-ਕਸ਼ਮੀਰ ਪੁਲਿਸ ਦਾ ਖੁਫ਼ੀਆ ਵਿਭਾਗ ਕਰ ਰਿਹਾ ਹੈ। ਸੂਬੇ ਦੇ ਖੂਫ਼ੀਆ ਵਿਭਾਗ ਦੇ ਸੀਨੀਅਰ ਅਫ਼ਸਰਾਂ ਨੇ ਬੀਬੀਸੀ ਕੋਲ ਇਸ ਤੱਥ ਦਾ ਖੁਲਾਸਾ ਕੀਤਾ ਹੈ ਕਿ 12 ਫਰਵਰੀ ਨੂੰ ਇਹ ਅਲਾਰਟ ਦਿੱਤਾ ਗਿਆ ਸੀ ਕਿ ਜੈਸ਼-ਏ-ਮੁਹੰਮਦ ਵੱਲੋਂ ਭਾਰਤੀ ਸੁਰੱਖਿਆ ਬਲਾਂ ਉੱਤੇ ਆਤਮਘਾਤੀ ਹਮਲੇ ਕੀਤੇ ਜਾ ਸਕਦੇ ਹਨ।

ਇਸੇ ਸੰਗਠਨ ਜੈਸ਼-ਏ-ਮੁਹੰਮਦ ਨੇ ਪੁਲਵਾਮਾ ਸੀਆਰਪੀਐੱਫ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਇਹ ਵੀ ਪੜ੍ਹੋ:

ਬੀਬੀਸੀ ਦੇ ਭਰੋਸੇਯੋਗ ਸੂਤਰਾਂ ਮੁਤਾਬਕ ਇਸ ਹਮਲੇ ਤੋਂ ਤੁਰੰਤ ਬਾਅਦ ਜੰਮੂ-ਕਸ਼ਮੀਰ ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਨਵੀਂ ਦਿੱਲੀ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੂੰ ਇਹੀ ਤੱਥ ਦੱਸੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪੁਲਵਾਮਾ ਜ਼ਿਲ੍ਹੇ 'ਚ ਸੀਆਰਪੀਐੱਫ ਜਵਾਨਾਂ ’ਤੇ ਹੋਏ ਹਮਲੇ ਤੋਂ ਬਾਅਦ ਹੁਣ ਉੱਥੇ ਕੀ ਹਾਲਾਤ ਹਨ?

ਕਸ਼ਮੀਰੀ ਖੂਫ਼ੀਆ ਵਿਭਾਗ ਨੇ ਇਸ ਦਾਅਵੇ ਦੀ ਪੁਖਤਗੀ ਵਜੋਂ ਇੱਕ ਵੀਡੀਓ ਮੁਹੱਈਆ ਕਰਵਾਇਆ ਸੀ ਜਿਸ ਵਿੱਚ ਜੈਸ਼-ਏ-ਮੁਹੰਮਦ ਅਫ਼ਗਾਨਿਸਤਾਨ ਵਿੱਚ ਅਜਿਹੇ ਹਮਲਿਆਂ ਤੋਂ ਬਾਅਦ ਕਥਿਤ 'ਭਾਰਤੀ ਜ਼ੁਲਮਾਂ' ਦਾ ਬਦਲਾ ਲੈਣ ਲਈ ਕਸ਼ਮੀਰ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਐਲਾਨ ਕਰ ਰਿਹਾ ਹੈ।

ਸੁਰੱਖਿਆ 'ਚ ਲਾਪਰਵਾਹੀ ਦਾ ਨਤੀਜਾ?

ਕਸ਼ਮੀਰ ਖੂਫ਼ੀਆ ਵਿਭਾਗ ਦੇ ਇੱਕ ਅਫ਼ਸਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਜੇਕਰ ਜਾਣਕਾਰੀ ਪਹਿਲਾਂ ਨਵੀਂ ਦਿੱਲੀ ਨਾਲ ਸਾਂਝੀ ਕਰ ਲਈ ਜਾਂਦੀ ਤਾਂ ਇਹ 14 ਫਰਵਰੀ ਦਾ ਪੁਲਵਾਮਾ ਹਮਲਾ ਰੋਕਿਆ ਜਾ ਸਕਦਾ ਸੀ। ਇਹ ਸਿੱਧਾ ਸੁਰੱਖਿਆ 'ਚ ਲਾਪਰਵਾਹੀ ਦਾ ਨਤੀਜਾ ਹੈ।

Image copyright Gns
ਫੋਟੋ ਕੈਪਸ਼ਨ ਦੋ ਬੱਸਾਂ ਵਿੱਚ ਜਵਾਨ ਸਵਾਰ ਸਨ ਅਤੇ ਇਨ੍ਹਾਂ ਦੀ ਸੁਰੱਖਿਆ ਵਿੱਚ ਪੁਲਿਸ ਦੀਆਂ ਗੱਡੀਆਂ ਅੱਗੇ-ਪਿੱਛੇ ਚੱਲ ਰਹੀਆਂ ਸਨ

1999 ਦੀ ਕਾਰਗਿਲ ਜੰਗ ਤੋਂ ਬਾਅਦ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਾਇਬਾ ਵੱਲੋਂ ਬਹੁਤ ਸਾਰੇ ਹਮਲੇ ਕੀਤੇ ਗਏ ਹਨ। ਪਰ ਪਹਿਲਾਂ ਜਿਹੜੇ ਆਤਮਘਾਤੀ ਜਿਹਾਦੀ ਇਹ ਹਮਲੇ ਕਰਦੇ ਸਨ ਉਹ ਪਾਕਿਸਤਾਨੀ ਨਾਗਰਿਕ ਹੁੰਦੇ ਸਨ ਇਹ ਪਹਿਲੀ ਵਾਰ ਹੈ ਜਦੋਂ ਜੈਸ਼ ਦੇ ਦਾਅਵੇ ਮੁਤਾਬਕ ਪੁਲਵਾਮਾ ਦੇ ਆਦਿਲ ਉਰਫ਼ ਵਕਾਸ ਕਮਾਂਡੋ ਨਾਂ ਦੇ ਸਥਾਨਕ ਮੁੰਡੇ ਨੇ ਅਜਿਹੀ ਵਾਰਦਾਤ ਕੀਤੀ ਹੈ।

ਹਮਲਾ ਐਨਾ ਭਿਆਨਕ ਸੀ ਕਿ ਜਿਹੜੀ ਬੱਸ ਇਸਦਾ ਸ਼ਿਕਾਰ ਬਣੀ। ਉਹ ਲੋਹੇ ਅਤੇ ਰਬੜ ਦਾ ਕਬਾੜ ਬਣ ਕੇ ਰਹਿ ਗਈ।

Image copyright Rajnish Parihan
ਫੋਟੋ ਕੈਪਸ਼ਨ ਜੈਸ਼-ਏ-ਮੁਹੰਮਦ ਨੇ ਪੁਲਵਾਮਾ ਸੀਆਰਪੀਐੱਫ ਹਮਲੇ ਦੀ ਜ਼ਿੰਮੇਵਾਰੀ ਲਈ ਹੈ

ਬੱਸ ਵਿੱਚ ਘੱਟੋ-ਘੱਟ 44 ਸੀਆਰਪੀਐੱਫ ਜਵਾਨ ਸਵਾਰ ਸਨ ਅਤੇ ਪ੍ਰਸ਼ਾਸਨ ਮੁਤਾਬਕ ਇਹ ਕਾਰਵਾਂ ਜੰਮੂ ਤੋਂ ਸ਼੍ਰੀਨਗਰ ਜਾ ਰਿਹਾ ਸੀ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਇਨ੍ਹਾਂ ਜਵਾਨਾਂ ਨੂੰ ਸ਼੍ਰੀਨਗਰ ਅਤੇ ਦੱਖਣੀ ਕਸ਼ਮੀਰ ਦੇ ਜ਼ਿਲ੍ਹਿਆਂ ਵਿੱਚ ਤਾਇਨਾਤ ਕਰਨ ਲਈ ਭੇਜਿਆ ਜਾ ਰਿਹਾ ਸੀ। ਜਿਹੜੇ ਜਵਾਨ ਮਾਰੇ ਗਏ ਹਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਬਿਹਾਰ ਦੇ ਸਨ।

ਇਹ ਵੀ ਪੜ੍ਹੋ:

ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਕਸ਼ਮੀਰ ਵਿੱਚ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਪਹੁੰਚ ਰਹੇ ਹਨ।

ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਜੰਮੂ-ਕਸ਼ਮੀਰ ਪੁਲਿਸ ਨੇ ਕੇਂਦਰ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਜਿਹੇ ਹਮਲਿਆਂ ਬਾਰੇ ਉਨ੍ਹਾਂ ਨੇ ਪਹਿਲਾਂ ਹੀ ਖੂਫ਼ੀਆ ਜਾਣਕਾਰੀ ਮੁਹੱਈਆ ਕਰਵਾਈ ਸੀ।

ਕਸ਼ਮੀਰ ਵਿੱਚ ਭਾਵੇਂ ਹਿੰਸਕ ਵਾਰਦਾਤਾਂ ਹੁੰਦੀਆਂ ਰਹੀਆਂ ਹਨ ਪਰ ਸ਼੍ਰੀਨਗਰ ਲੇਥਪੋਰਾ ਹਾਈਵੇਅ ਉੱਤੇ ਹੋਇਆ ਆਤਮਘਾਤੀ ਹਮਲਾ ਬਹੁਤ ਸਾਲਾਂ ਬਾਅਦ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)