ਪੁਲਵਾਮਾ 'ਚ CRPF ਦੇ ਕਾਫ਼ਲੇ 'ਤੇ ਹਮਲਾ ਕਰਨ ਵਾਲੇ ਆਦਿਲ ਉਰਫ ਵਕਾਸ ਕਮਾਂਡੋ ਬਾਰੇ ਜਾਣੋ

ਆਦਿਲ Image copyright Video Grab
ਫੋਟੋ ਕੈਪਸ਼ਨ ਹਮਲੇ ਤੋਂ ਪਹਿਲਾਂ ਆਦਿਲ ਨੇ ਬਣਾਈ ਸੀ ਇਹ ਵੀਡੀਓ

ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ 'ਚ ਵੀਰਵਾਰ ਨੂੰ ਹੋਏ ਇੱਕ ਆਤਮਘਾਤੀ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 46 ਜਵਾਨਾਂ ਦੀ ਮੌਤ ਹੋ ਗਈ ਹੈ।

ਇਸ ਹਮਲੇ ਦੀ ਜ਼ਿੰਮੇਦਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਹੈ। ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਦੀ ਪੁਲਿਸ ਦੇ ਸੂਤਰਾਂ ਮੁਤਾਬਕ ਇਸ ਆਤਮਘਾਤੀ ਹਮਲੇ ਦਾ ਜ਼ਿੰਮੇਦਾਰ 21 ਸਾਲ ਦਾ ਆਦਿਲ ਅਹਿਮਦ ਸੀ।

ਆਦਿਲ ਪੁਲਵਾਮਾ ਦੇ ਨੇੜਲੇ ਪਿੰਡ ਗੁੰਡੀਬਾਗ਼ ਦਾ ਰਹਿਣ ਵਾਲਾ ਸੀ। ਆਦਿਲ ਭਾਰਤ ਸਾਸ਼ਿਤ ਕਸ਼ਮੀਰ ਦੀ ਪੁਲਿਸ ਮੁਤਾਬਕ ਪਿਛਲੇ ਸਾਲ ਹੀ ਉਹ ਜੈਸ਼-ਏ-ਮੁਹੰਮਦ 'ਚ ਸ਼ਾਮਿਲ ਹੋਇਆ।

ਆਤਮਘਾਤੀ ਹਮਲਾ ਜਿਸ ਥਾਂ 'ਤੇ ਹੋਇਆ ਉਹ ਰਾਜਧਾਨੀ ਸ਼੍ਰੀਨਗਰ ਦੇ ਦੱਖਣ 'ਚ ਕਰੀਬ 25 ਕਿਲਮੋਮੀਟਰ ਦੂਰ ਹੈ। ਜੇਕਰ ਆਦਿਲ ਦੇ ਪਿੰਡ ਗੁੰਡੀਬਾਗ਼ ਦੀ ਗੱਲ ਕਰੀਏ ਤਾਂ ਇਹ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਹੈ।

ਵੀਰਵਾਰ ਨੂੰ ਧਮਾਕਾਖੇਜ਼ ਨਾਲ ਭਰੀ ਇੱਕ ਸਕਾਰਪੀਓ ਗੱਡੀ ਨੇ ਸੀਆਰਪੀਐਫ ਦੇ ਕਾਫ਼ਲੇ 'ਚ ਜਾ ਰਹੀ ਇੱਕ ਬੱਸ ਨੂੰ ਟੱਕਰ ਮਾਰ ਦਿੱਤੀ ਸੀ।

ਚਸ਼ਮਦੀਦਾਂ ਮੁਤਾਬਕ ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣੀ ਗਈ।

ਆਤਮਘਾਤੀ ਹਮਲਾ

ਕਾਰਗਿਲ ਜੰਗ ਤੋਂ ਬਾਅਦ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ਨੇ ਕਈ ਆਤਮਘਾਤੀ ਹਮਲੇ ਕੀਤੇ ਸਨ। ਇਹ ਪਹਿਲਾ ਮੌਕਾ ਹੈ ਜਦੋਂ ਜੈਸ਼ ਨੇ ਦਾਅਵਾ ਕੀਤਾ ਹੈ ਕਿ ਪੁਲਵਾਮਾ ਦੇ ਸਥਾਨਕ ਮੁੰਡੇ ਆਦਿਲ ਉਰਫ਼ ਵਕਾਸ ਕਮਾਂਡੋ ਨੇ ਇਹ ਆਤਮਘਾਤੀ ਹਮਲਾ ਕੀਤਾ ਹੈ।

ਇਹ ਵੀ ਪੜ੍ਹੋ-

Image copyright AFP
ਫੋਟੋ ਕੈਪਸ਼ਨ 4 ਜਨਵਰੀ ਨੂੰ ਅਵੰਤੀਪੁਰਾ ਵਿੱਚ ਸੁਰੱਖਿਆ ਬਲਾਂ ਦੇ ਨਾਲ ਮੁਠਭੇੜ ਵਿੱਚ ਦੋ ਅੱਤਵਾਦੀ ਮਾਰੇ ਗਏ ਸਨ

ਇਹ ਹਮਲਾ ਇੰਨਾ ਖ਼ਤਰਨਾਕ ਸੀ ਕਿ ਇਸ ਦੀ ਚਪੇਟ 'ਚ ਆਈ ਇੱਕ ਬੱਸ ਲੋਹੇ ਅਤੇ ਰਬੜ ਦੇ ਢੇਰ 'ਚ ਤਬਦੀਲ ਹੋ ਗਈ।

ਆਦਿਲ ਦੇ ਪਿਤਾ ਗ਼ੁਲਾਮ ਹਸਨ ਡਾਰ ਸਾਈਕਲ 'ਤੇ ਘਰ-ਘਰ ਜਾ ਕੇ ਕੱਪੜੇ ਵੇਚਦੇ ਹਨ। ਆਦਿਲ ਦੇ ਪਰਿਵਾਰ 'ਚ ਪਿਤਾ ਤੋਂ ਇਲਾਵਾ ਉਨ੍ਹਾਂ ਦੀ ਮਾਂ ਅਤੇ ਦੋ ਹੋਰ ਭਰਾ ਵੀ ਹਨ।

ਪੱਤਰਕਾਰ ਰਿਆਜ਼ ਮਸਰੂਰ ਨੇ ਦੱਸਿਆ ਕਿ ਆਦਿਲ ਮਾਰਚ 2018 'ਚ ਜੈਸ਼-ਏ-ਮੁਹੰਮਦ 'ਚ ਭਰਤੀ ਹੋਇਆ ਸੀ, ਉਸ ਵੇਲੇ ਉਹ 12ਵੀਂ ਦਾ ਵਿਦਿਆਰਥੀ ਸੀ।

ਦੱਖਣੀ ਕਸ਼ਮੀਰ ਇਲਾਕੇ ਵਿੱਚ ਪਿਛਲੇ ਇੱਕ ਸਾਲ 'ਚ ਅੱਤਵਾਦੀਆਂ ਖ਼ਿਲਾਫ਼ ਸੁਰੱਖਿਆ ਬਲਾਂ ਨੇ ਕਈ ਵੱਡੀਆਂ ਮੁਹਿੰਮਾਂ ਵਿੱਢੀਆਂ ਹਨ।

ਇਹ ਵੀ ਪੜ੍ਹੋ-

Image copyright Getty Images
ਫੋਟੋ ਕੈਪਸ਼ਨ ਪੀਟੀਆਈ ਮੁਤਾਬਕ ਸਾਲ 2018 'ਚ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੀ ਮੁਹਿੰਮ 'ਚ 230 ਅੱਤਵਾਦੀਆਂ ਮੌਤ ਹੋਈ ਸੀ

ਆਦਿਲ ਦੇ ਪਿੰਡ ਗੁੰਡੀਬਾਗ਼ 'ਚ ਨਮਾਜ਼-ਏ-ਜਨਾਜ਼ਾ ਪੜ੍ਹਿਆ ਗਿਆ। ਇਸ ਦੌਰਾਨ ਉੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ।

ਆਦਿਲ ਨੇ ਆਤਮਘਾਤੀ ਹਮਲੇ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਸੀ। ਇਸ ਹਮਲੇ 'ਚ ਉਸ ਨੇ ਆਤਮਘਾਤੀ ਹਮਲਾ ਕਰਨ ਦੀ ਗੱਲ ਆਖੀ ਸੀ।

ਇਸ ਤੋਂ ਇਲਾਵਾ ਆਦਿਲ ਅਹਿਮਦ ਦੀ ਇੱਕ ਤਸਵੀਰ ਵੀ ਸਾਹਮਣੇ ਆਈ। ਜਿਸ ਵਿੱਚ ਉਹ ਆਪਣੇ ਆਪ ਨੂੰ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਦੱਸ ਰਿਹਾ ਹੈ।

ਇਹ ਵੀ ਪੜ੍ਹੋ-

ਪੁਲਵਾਮਾ ਹਮਲੇ ਮਗਰੋਂ ਕੀ-ਕੀ ਹੋਇਆ

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਫੌਜਾਂ ਨੂੰ ਹਮਲੇ ਦਾ ਬਣਦਾ ਜਵਾਬ ਦੇਣ ਦੀ ਪੂਰਨ ਆਜ਼ਾਦੀ ਦੇ ਦਿੱਤੀ ਗਈ ਹੈ।
  • ਭਾਰਤ ਨੇ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵਾਪਸ ਲੈਣ ਦਾ ਫੈਸਲਾ ਲਿਆ।
  • ਪਾਕਿਸਤਾਨ ਨੇ ਕਿਹਾ ਹੈ "ਅਸੀਂ ਭਾਰਤੀ ਮੀਡੀਆ ਤੇ ਸਰਕਾਰ ਵੱਲੋਂ ਇਸ ਹਮਲੇ ਨੂੰ ਬਿਨਾਂ ਜਾਂਚ-ਪੜਤਾਲ ਦੇ ਪਾਕਿਸਤਾਨ ਨਾਲ ਜੋੜਨ ਦੇ ਇਲਜ਼ਾਮਾਂ ਨੂੰ ਖਾਰਿਜ ਕਰਦੇ ਹਾਂ।"
  • ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ। ਜੈਸ਼ ਦੇ ਦਾਅਵੇ ਮੁਤਾਬਕ ਪੁਲਵਾਮਾ ਨਿਵਾਸੀ ਦੇ ਆਦਿਲ ਉਰਫ਼ ਵਕਾਸ ਕਮਾਂਡੋ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
  • ਜੰਮੂ-ਕਸ਼ਮੀਰ ਦੇ ਖੂਫ਼ੀਆ ਵਿਭਾਗ ਦੇ ਸੀਨੀਅਰ ਅਫ਼ਸਰਾਂ ਨੇ ਬੀਬੀਸੀ ਕੋਲ ਇਸ ਤੱਥ ਦਾ ਖੁਲਾਸਾ ਕੀਤਾ ਹੈ ਕਿ 12 ਫਰਵਰੀ ਨੂੰ ਜੈਸ਼-ਏ-ਮੁਹੰਮਦ ਵੱਲੋਂ ਭਾਰਤੀ ਸੁਰੱਖਿਆ ਬਲਾਂ ਉੱਤੇ ਆਤਮਘਾਤੀ ਹਮਲੇ ਦਾ ਅਲਰਟ ਜਾਰੀ ਕੀਤਾ ਸੀ।
  • ਪੁਲਵਾਮਾ ਹਮਲੇ ਤੋਂ ਬਾਅਦ ਅਦਾਕਾਰਾ ਸ਼ਬਾਨਾ ਆਜ਼ਮੀ ਅਤੇ ਉਨ੍ਹਾਂ ਦੇ ਪਤੀ ਜਾਵੇਦ ਅਖ਼ਤਰ ਨੇ ਆਪਣਾ ਕਰਾਚੀ ਦੌਰਾ ਰੱਦ ਕਰ ਦਿੱਤਾ ਹੈ। ਸ਼ਬਾਨਾ ਨੇ ਟਵੀਟ ਕੀਤਾ ਕਿ ਪਾਕਿਸਤਾਨ ਨਾਲ ਸਾਰੇ ਸੱਭਿਆਚਾਰਕ ਲੈਣ-ਦੇਣ ਖ਼ਤਮ ਕਰ ਦੇਣੇ ਚਾਹੀਦੇ ਹਨ। ਜਾਵੇਦ ਅਖ਼ਤਰ ਨੇ ਕਿਹਾ ਕਿ ਉਨ੍ਹਾਂ ਦਾ ਸੀਆਰਪੀਐਫ ਨਾਲ ਡੂੰਘਾ ਰਿਸ਼ਤਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਫੋਰਸ ਲਈ ਗੀਤ ਲਿਖਿਆ ਸੀ।
  • ਉੱਤਰ ਪ੍ਰਦੇਸ਼ ਦੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਮੁਅੱਤਲ ਕਰ ਦਿੱਤਾ ਹੈ, ਉਸ 'ਤੇ ਇਲਜ਼ਾਮ ਹਨ ਕਿ ਉਸ ਨੇ ਪੁਲਵਾਮਾ ਹਮਲੇ ਤੋਂ ਬਾਅਦ ਕਥਿਤ ਤੌਰ 'ਤੇ 'How is the Jaish, Great Sir' ਟਵੀਟ ਕੀਤਾ ਹੈ।ਪੁਲਵਾਮਾ ਹਮਲੇ ਮਗਰੋਂ ਕੀ-ਕੀ ਹੋਇਆ

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)