ਪੰਜਾਬ ਵਿੱਚ ਪੁਲਵਾਮਾ ਵਰਗਾ ਹਮਲਾ ਹੋਣ ਦੀ ਕਿੰਨੀ ਸੰਭਾਵਨਾ

ਦੀਨਾਨਗਰ ਅੱਤਵਾਦੀ ਹਮਲਾ Image copyright Getty Images
ਫੋਟੋ ਕੈਪਸ਼ਨ 27 ਜੁਲਾਈ, 2015 ਨੂੰ ਦੀਨਾਨਗਰ ਵਿੱਚ ਹਮਲਾਵਰਾਂ ਨੇ ਤੜਕਸਾਰ ਹੀ ਇੱਕ ਬੱਸ 'ਤੇ ਫਾਇਰਿੰਗ ਕੀਤੀ ਅਤੇ ਫਿਰ ਪੁਲਿਸ ਥਾਣੇ 'ਤੇ ਹਮਲਾ ਕੀਤਾ

"ਪੰਜਾਬ ਵਿੱਚ ਕੱਟੜਪੰਥੀਆਂ ਦਾ ਪ੍ਰਭਾਵ ਕਾਫ਼ੀ ਸੀਮਤ ਹੋ ਗਿਆ ਹੈ। ਪੁਲਵਾਮਾ ਦੇ ਹਾਦਸੇ ਦਾ ਪੰਜਾਬ 'ਤੇ ਕੋਈ ਅਸਰ ਪਵੇਗਾ ਅਜਿਹਾ ਮੈਨੂੰ ਨਹੀਂ ਲਗਦਾ। ਹਾਂ ਕਸ਼ਮੀਰ 'ਤੇ ਇਸ ਦਾ ਖ਼ਾਸ ਅਸਰ ਪਵੇਗਾ।"

ਇਹ ਕਹਿਣਾ ਹੈ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਐੱਸ.ਐੱਸ. ਵਿਰਕ ਦਾ, ਜਿਨ੍ਹਾਂ ਨੇ ਪੁਲਵਾਮਾ ਹਮਲੇ ਦੇ ਪੰਜਾਬ 'ਤੇ ਪੈਣ ਵਾਲੇ ਅਸਰ ਬਾਰੇ ਬੀਬੀਸੀ ਨੂੰ ਦੱਸਿਆ।

14 ਫਰਵਰੀ ਨੂੰ ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫਲੇ ’ਤੇ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਸੀਆਰਪੀਐੱਫ ਦੇ ਘੱਟੋ-ਘੱਟ 40 ਜਵਾਨਾਂ ਦੀ ਮੌਤ ਹੋਈ ਹੈ।

ਸਾਬਕਾ ਡੀਜੀਪੀ ਐੱਸ.ਐੱਸ. ਵਿਰਕ ਨੇ ਅੱਗੇ ਕਿਹਾ, “ਪੰਜਾਬ ਦੇ ਦੀਨਾਨਗਰ 'ਤੇ ਫਿਰ ਪਠਾਨਕੋਟ ਵਿੱਚ ਏਅਰਬੇਸ 'ਤੇ ਹਮਲੇ ਦੌਰਾਨ ਉਨ੍ਹਾਂ ਨੇ ਪੰਜਾਬ ਵਿੱਚ ਅਜਿਹੀਆਂ ਕਾਰਵਾਈਆਂ ਕਰ ਸਕਣ ਦੀ ਆਪਣੀ ਨਵੀਂ ਯੋਗਤਾ ਦਿਖਾਈ ਸੀ।”

ਇਹ ਵੀ ਪੜ੍ਹੋ:

ਪੰਜਾਬ ਵਿੱਚ ਹੋਏ ਅੱਤਵਾਦੀ ਹਮਲੇ

ਪਠਾਨਕੋਟ ਹਮਲਾ: 2 ਜਨਵਰੀ, 2016 ਨੂੰ ਅੱਤਵਾਦੀਆਂ ਨੇ ਪੰਜਾਬ ਦੇ ਪਠਾਨਕੋਟ ਏਅਰਬੇਸ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 7 ਸੁਰੱਖਿਆ ਮੁਲਾਜ਼ਮ ਮਾਰੇ ਗਏ ਸਨ ਜਦਕਿ 20 ਹੋਰ ਜਵਾਨ ਜ਼ਖ਼ਮੀ ਹੋਏ ਸਨ। ਜਵਾਬੀ ਕਾਰਵਾਈ ਵਿੱਚ ਚਾਰ ਅੱਤਵਾਦੀਆਂ ਦੀ ਵੀ ਮੌਤ ਹੋਈ ਸੀ।

ਗੁਰਦਾਸਪੁਰ ਹਮਲਾ: 27 ਜੁਲਾਈ, 2015 ਨੂੰ ਪੰਜਾਬ ਦੇ ਗੁਰਦਾਸਪੁਰ ਦੇ ਦੀਨਾਨਗਰ ਵਿੱਚ ਹਮਲਾਵਰਾਂ ਨੇ ਤੜਕਸਾਰ ਹੀ ਇੱਕ ਬੱਸ 'ਤੇ ਫਾਇਰਿੰਗ ਕੀਤੀ ਅਤੇ ਇਸ ਤੋਂ ਬਾਅਦ ਪੁਲਿਸ ਥਾਣੇ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਐੱਸਪੀ (ਡਿਟੈਕਟਿਵ) ਸਣੇ ਚਾਰ ਪੁਲਿਸ ਮੁਲਾਜ਼ਮ ਅਤੇ ਤਿੰਨ ਨਾਗਰਿਕ ਮਾਰੇ ਗਏ ਸਨ।

ਐੱਸ.ਐੱਸ. ਵਿਰਕ ਦਾ ਕਹਿਣਾ ਹੈ ਕਿ ਸਰਹੱਦੀ ਇਲਾਕਿਆਂ ਵਿੱਚ ਅਜਿਹੀਆਂ ਕਾਰਵਾਈਆਂ ਕਰਵਾਉਣਾ ਸੌਖਾ ਹੁੰਦਾ ਹੈ। ਉਨ੍ਹਾਂ ਦੱਸਿਆ,"ਸਰਹੱਦ ਨਾਲ ਲਗਦੇ ਹਿੱਸਿਆਂ ਵਿੱਚ ਦਾਖਲ ਹੋ ਜਾਣਾ ਤੇ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਜਾਣਾ ਬਹੁਤ ਸੌਖਾ ਹੁੰਦਾ ਹੈ।"

Image copyright Getty Images

"ਜਿਵੇਂ ਮੁੰਬਈ ਉੱਤਰ ਗਏ ਤੇ ਉੱਥੇ ਹਮਲਾ ਕਰ ਦਿੱਤਾ, ਸ਼ਾਇਦ ਉੱਥੋਂ ਵਾਪਸ ਚਲੇ ਜਾਂਦੇ ਪਰ ਕਸਾਬ ਉੱਥੇ ਫੜਿਆ ਗਿਆ ਤੇ ਉਸ ਦੀ ਪਛਾਣ ਸਾਬਿਤ ਹੋ ਗਈ। ਉਨ੍ਹਾਂ ਨੂੰ ਇਹ ਮੰਨਣਾ ਪਿਆ ਕਿ ਹਾਂ, ਕਸਾਬ ਸਾਡਾ ਨਾਗਰਿਕ ਸੀ।"

'ਕਸ਼ਮੀਰ ਵਿੱਚ ਵੀ ਹਮਲਾ ਕਰਨਾ ਔਖਾ ਨਹੀਂ'

"ਕਸ਼ਮੀਰ ਵਿੱਚ ਵੀ ਅਜਿਹਾ ਹਮਲਾ ਕਰਨਾ ਔਖਾ ਨਹੀਂ ਹੈ। ਭੁੱਖ ਨਾਲ ਮਰਦੇ ਚਾਰ ਬੰਦਿਆਂ ਨੂੰ ਕਹਿ ਦੇਣਾ ਕਿ ਜਿਹਾਦ ਨਾਲ ਇਹ ਹੋਵੇਗਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀਹ-ਵੀਹ ਲੱਖ ਰੁਪਏ ਦੇ ਕੇ ਅਜਿਹਾ ਕੰਮ ਕਰਵਾ ਲੈਣਾ ਕੋਈ ਵੱਡੀ ਗੱਲ ਨਹੀਂ ਹੈ।"

ਐੱਸ.ਐੱਸ. ਵਿਰਕ ਨੇ ਅੱਗੇ ਕਿਹਾ, "ਇਹ ਹਮਲਾ ਵੀ ਕੋਈ ਗੈਰ-ਸਾਧਾਰਨ ਨਹੀਂ ਹੈ। ਅੱਤਵਾਦ ਪ੍ਰਭਾਵਿਤ ਖੇਤਰਾਂ ਵਿੱਚ ਅਜਿਹੇ ਹਮਲੇ ਹੁੰਦੇ ਰਹਿੰਦੇ ਹਨ।"

"ਪਾਕਿਸਤਾਨ ਵਿੱਚ ਉਹ ਖੁੱਲ੍ਹੇ ਘੁੰਮ ਰਹੇ ਹਨ ਤੁਸੀਂ ਉਨ੍ਹਾਂ 'ਤੇ ਪਾਬੰਦੀ ਲਗਵਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਚੀਨ ਨੇ ਰੁਕਾਵਟ ਪਾਈ ਤੇ ਭਾਰਤ ਉਨ੍ਹਾਂ 'ਤੇ ਪਾਬੰਦੀ ਨਹੀਂ ਲਗਵਾ ਸਕਿਆ ਹੈ।"

Image copyright EPA/FAROOQ KHAN

"ਅਜਿਹੇ ਹਾਲਤ ਵਿੱਚ ਭਾਰਤ ਨੂੰ ਵੀ ਇਨ੍ਹਾਂ ਹਮਲਿਆਂ ਦਾ ਜਵਾਬ ਦੇਣ ਲਈ ਉਹੀ ਰਣਨੀਤੀ ਅਪਨਾਉਣੀ ਚਾਹੀਦੀ ਹੈ ਜੋ ਇਸਰਾਇਲ, ਰੂਸ ਸਮੇਤ ਹੋਰ ਕਈ ਦੇਸਾਂ ਨੇ ਅਪਣਾਈ ਹੈ।"

"ਭਾਵ ਜਿਵੇਂ ਉਹ ਹਮਲਾ ਕਰਦੇ ਹਨ, ਸਿਰਫ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਤੁਸੀਂ ਵੀ ਕਰੋ। ਫੌਜ ਹਮਲਾ ਨਹੀਂ ਕਰ ਸਕਦੀ।"

ਹਰੇਕ ਘਟਨਾ ਪਿੱਛੇ ਆਈਐੱਸਆਈ ਦੇ ਹੱਥ ਦੀ ਗੱਲ ਕਿਉਂ?

ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਜੋਕੇ ਸਿਆਸੀ ਮਾਹੌਲ ਵਿੱਚ ਹਰੇਕ ਵਿਅਕਤੀ ਨੂੰ ਆਈਐੱਸਆਈ ਦਾ ਏਜੰਟ ਕਿਹਾ ਜਾ ਰਿਹਾ ਹੈ। ਇੱਥੋਂ ਤੱਕ ਕਿ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਵੀ ਆਈਐੱਸਆਈ ਦੇ ਹੱਥ ਦੀ ਗੱਲ ਕੀਤੀ ਗਈ। ਇਸ ਬਾਰੇ ਤੁਸੀਂ ਕੀ ਕਹੋਗੇ?

ਉਨ੍ਹਾਂ ਕਿਹਾ ਕਿ "ਬਰਗਾੜੀ ਵਰਗੇ ਮਾਮਲੇ ਵਿੱਚ ਆਈਐੱਸਆਈ ਦਾ ਨਾਂ ਲੈਣਾ ਠੀਕ ਨਹੀਂ ਹੈ। ਤਾਜ਼ਾ ਹਮਲੇ ਵਿੱਚ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਜਿਸ ਨੂੰ ਆਈਐੱਸਆਈ ਵੱਲੋਂ ਸਿਖਲਾਈ ਤੇ ਹੋਰ ਸਾਰੀ ਮਦਦ ਮਿਲਦੀ ਰਹੀ ਹੈ।"

Image copyright Getty Images

"ਪਾਕਿਸਤਾਨ ਨੇ ਨੀਤੀ ਦੇ ਲਿਹਾਜ ਨਾਲ ਹਮੇਸ਼ਾ ਹੀ ਪੰਜਾਬ ਵਿੱਚ ਅੱਤਵਾਦ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਅੱਜ ਉਨ੍ਹਾਂ ਨੂੰ ਪੰਜਾਬ ਵਿੱਚ ਉਹ ਹਮਾਇਤ ਨਹੀਂ ਮਿਲ ਰਹੀ ਜੋ ਕਦੇ ਮਿਲਦੀ ਸੀ।"

"ਕਸ਼ਮੀਰ ਦੀ ਕਹਾਣੀ ਵੱਖਰੀ ਹੈ। ਜੋ ਪੰਜਾਬ ਕਿਸੇ ਵੇਲੇ ਸੀ ਉਹ ਕਸ਼ਮੀਰ ਅੱਜ ਹੈ।"

ਹਮਲੇ ਬਾਰੇ ਉਨ੍ਹਾਂ ਕਿਹਾ ਕਿ ਇਸ ਤੋਂ ਦੋ ਗੱਲਾਂ ਸਮਝ ਆਉਂਦੀਆਂ ਹਨ।

"ਪਹਿਲਾ ਖੂਫ਼ੀਆ ਏਜੰਸੀਆਂ ਦੀ ਨਾਕਾਮੀ ਹੈ। ਦੂਜਾ ਤੁਹਾਡੇ ਕੋਲ ਸੂਹ ਆਉਣੀ ਚਾਹੀਦੀ ਸੀ ਤੇ ਤੁਹਾਨੂੰ ਉਹ ਰੋਕਣ ਵਿੱਚ ਕਾਮਯਾਬ ਹੋਣਾ ਚਾਹੀਦਾ ਸੀ।"

ਇਹ ਵੀ ਪੜ੍ਹੋ:

"ਤੀਜਾ ਜਦੋਂ ਤੁਸੀਂ ਐਨੇ ਵੱਡੇ ਕਾਫ਼ਲੇ ਵਿੱਚ 40-50 ਬੱਸਾਂ ਵਿੱਚ 2000-25000 ਬੰਦਾ ਇੱਧਰੋਂ ਉੱਧਰ ਲਿਜਾ ਰਹੇ ਹੋ ਤਾਂ ਉਨ੍ਹਾਂ ਦੇ ਆਸ-ਪਾਸ ਸੁਰੱਖਿਆ ਘੇਰਾ ਹੋਣਾ ਚਾਹੀਦਾ ਸੀ।”

“ਜਿਸ ਹਿਸਾਬ ਨਾਲ ਉਨ੍ਹਾਂ ਨੇ ਯੋਜਾਨਾਬੱਧ ਤਰੀਕੇ ਨਾਲ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ ਇਸ ਕਾਫਲੇ ਦੀ ਗਤੀਵਿਧੀ ਦੀ ਜਾਣਕਾਰੀ ਵੀ ਉਨ੍ਹਾਂ ਨੂੰ ਮਿਲੀ ਹੋਵੇਗੀ।"

"ਸੁਰੱਖਿਆ ਏਜੰਸੀਆਂ ਨੂੰ ਅੰਦਰੂਨੀ ਜਾਂਚ ਵੀ ਇਸ ਬਾਰੇ ਕਰਨੀ ਚਾਹੀਦੀ ਹੈ।"

'ਸੰਭਾਵਨਾ ਰਹਿੰਦੀ ਹੈ'

ਪੰਜਾਬ ਪੁਲਿਸ ਵਿੱਚ ਡੀਜੀਪੀ ਰੈਂਕ 'ਤੇ ਰਹੇ, ਸੇਵਾ-ਮੁਕਤ ਪੁਲਿਸ ਅਫ਼ਸਰ ਐੱਸ.ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਨੂੰ ਸਰਹੱਦੀ ਸੂਬਾ ਹੋਣ ਕਰਕੇ ਜ਼ਿਆਦਾ ਧਿਆਨ ਰੱਖਣਾ ਹੀ ਪਵੇਗਾ।

ਉਨ੍ਹਾਂ ਕਿਹਾ, "ਪੁਲਿਸ ਅਤੇ ਹੋਰ ਸੁਰੱਖਿਆ ਬਲ, ਖੂਫ਼ੀਆ ਏਜੰਸੀਆਂ ਵੀ, ਪਹਿਲਾਂ ਪੱਬਾਂ ਭਾਰ ਹੋਣਗੇ। ਹੁਣ ਤਾਂ ਖਾਸ ਤੌਰ 'ਤੇ ਪੈਣੀ ਨਜ਼ਰ ਰੱਖਣੀ ਪਵੇਗੀ।"

ਉਨ੍ਹਾਂ ਮੁਤਾਬਕ ਪੰਜਾਬ ਵਿੱਚ ਪੁਲਵਾਮਾ ਵਰਗੇ ਜਾਂ ਹੋਰ ਅਜਿਹੇ ਹਮਲੇ ਦੀ ਸੰਭਾਵਨਾ ਤਾਂ ਰਹਿੰਦੀ ਹੀ ਹੈ।

ਸ਼ਰਮਾ ਨੇ ਨਾਲ ਇਹ ਵੀ ਕਿਹਾ ਕਿ ਪੰਜਾਬ ਵਿੱਚ ਅੱਤਵਾਦੀ ਉੰਨੇ ਸਰਗਰਮ ਨਹੀਂ ਹਨ ਜਿੰਨੇ ਕਿਸੇ ਸਮੇਂ ਰਹੇ ਹਨ। "ਇਸ ਦਾ ਇਹ ਮਤਲਬ ਨਹੀਂ ਕਿ ਸੰਭਾਵਨਾ ਨੂੰ ਖਾਰਿਜ ਕਰ ਦਿੱਤਾ ਜਾਵੇ। ਚੋਣਾਂ ਨੇੜੇ ਹਨ ਅਤੇ ਉਹ (ਅੱਤਵਾਦੀ) ਚਾਹੁਣਗੇ ਕਿ ਹਾਲਾਤ ਖਰਾਬ ਕੀਤੇ ਜਾ ਸਕਣ।"

ਉਨ੍ਹਾਂ ਨੇ ਵਿਸ਼ਵਾਸ ਜ਼ਾਹਿਰ ਕੀਤਾ ਕਿ ਪੰਜਾਬ ਪੁਲਿਸ ਅਜਿਹੇ ਹਮਲੇ ਦੀਆਂ ਕੋਸ਼ਿਸ਼ਾਂ ਖਿਲਾਫ ‘ਬਹੁਤ ਚੰਗੀ ਤਰ੍ਹਾਂ ਤਿਆਰ ਹੈ’। "ਪੁਲਿਸ ਨੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਵੀ ਬਣਾਇਆ ਸੀ ਅਤੇ ਟਰੇਨਿੰਗ ਲਗਾਤਾਰ ਹੁੰਦੀ ਹੈ।"

ਉਨ੍ਹਾਂ ਮੁਤਾਬਕ ਵੱਡਾ ਕੰਮ ਹੈ ਇਨ੍ਹਾਂ ਪੁਲਿਸ ਦਸਤਿਆਂ ਨੂੰ ਠੀਕ ਤਰ੍ਹਾਂ, ਠੀਕ ਥਾਂ 'ਤੇ ਤਾਇਨਾਤੀ ਲਈ ਤਿਆਰ ਰੱਖਣਾ।

‘ਅੱਤਵਾਦੀਆਂ ਲਈ ਪੰਜਾਬ ਚ ਹਮਾਇਤ ਨਹੀਂ’

ਪੰਜਾਬ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਹੋਏ ਕੁਝ ਸੱਜੇਪੱਖੀ ਆਗੂਆਂ ਦੇ ਕਤਲਾਂ ਨਾਲ ਪਾਕਿਸਤਾਨੀ ਏਜੰਸੀ ਆਈਐੱਸਆਈ ਨੂੰ ਜੋੜਿਆ ਗਿਆ ਹੈ।

ਸ਼ਰਮਾ ਨੂੰ ਜਦੋਂ ਇਹ ਪੁੱਛਿਆ ਗਿਆ ਕਿ, ਤਾਂ ਕੀ ਇਸ ਦਾ ਮਤਲਬ ਪੰਜਾਬ ਵਿੱਚ ਅੱਤਵਾਦ ਮੁੜ ਆ ਸਕਦਾ ਹੈ?

ਉਨ੍ਹਾਂ ਕਿਹਾ, "ਪਾਕਿਸਤਾਨੀ ਏਜੰਸੀਆਂ ਦਾ ਹਾਲਾਤ ਖਰਾਬ ਕਰਨ ਦੇ ਮੌਕੇ ਲੱਭਣਗੀਆਂ ਅਤੇ ਕਦੇ-ਕਦੇ ਕਾਮਯਾਬ ਵੀ ਹੋਣਗੀਆਂ ।"

"ਹੁਣ ਪੰਜਾਬ ਵਿੱਚ ਕੋਈ ਸਥਾਨਕ ਮਦਦ ਨਾ ਮਿਲਣ ਕਰਕੇ ਕਿਸੇ ਅੱਤਵਾਦੀ ਸੰਗਠਨ ਦੇ ਕਾਮਯਾਬ ਹੋਣ ਦੀ ਸੰਭਾਵਨਾ ਖ਼ਤਮ ਹੋ ਚੁੱਕੀ ਹੈ।"

"ਵੱਖਰੇ-ਵੱਖਰੇ ਸਮੇਂ 'ਤੇ ਕੁਝ ਮੰਦਭਾਗੀ ਘਟਨਾਵਾਂ ਜ਼ਰੂਰ ਹੋਈਆਂ ਹਨ ਪਰ ਹੁਣ ਤਾਂ ਇਹ ਹਾਲ ਹੈ ਕਿ ਪੰਜਾਬ ਦੇ ਅੰਦਰ ਵੀ ਜਿਹੜੇ ਕੁਝ ਵੱਖਵਾਦੀ ਸੋਚ ਵਾਲੇ ਵਿਅਕਤੀ ਹਨ, ਉਨ੍ਹਾਂ ਵਿੱਚ ਵੀ ਕੋਈ ਤਾਲਮੇਲ ਨਹੀਂ ਹੈ।”

'ਜੰਗੀ ਮਾਹੌਲ ਇੱਕ ਸੰਦੇਸ਼’

ਦੇਸ ਦੇ ਮਾਹੌਲ ਬਾਰੇ ਸ਼ਰਮਾ ਨੇ ਕਿਹਾ ਕਿ ਜਦੋਂ ਵੀ ਪਾਕਿਸਤਾਨ ਨਾਲ ਸਬੰਧਤ ਕੋਈ ਵੱਡੀ ਘਟਨਾ ਹੁੰਦੀ ਹੈ ਤਾਂ ਜੰਗ ਦਾ ਮਾਹੌਲ ਤਾਂ ਬਣ ਹੀ ਜਾਂਦਾ ਹੈ।

"ਜਦੋਂ 2001 ਵਿੱਚ ਭਾਰਤੀ ਪਾਰਲੀਮੈਂਟ ਉੱਤੇ ਹਮਲਾ ਹੋਇਆ ਸੀ ਤਾਂ ਉਦੋਂ ਵੀ ਫੌਜ ਨੂੰ ਸਰਹੱਦ ਉੱਪਰ ਤਾਇਨਾਤ ਕੀਤਾ ਗਿਆ ਸੀ, ਉਸ ਰਾਹੀਂ ਕੌਮਾਂਤਰੀ ਪੱਧਰ 'ਤੇ ਜ਼ਰੂਰੀ ਸੰਦੇਸ਼ ਭੇਜਿਆ ਗਿਆ ਸੀ।"

ਪਰ ਜ਼ਮੀਨੀ ਹਕੀਕਤ ਅਤੇ ਮਾਹੌਲ ਵਿੱਚ ਫਰਕ ਕਰਦਿਆਂ ਸ਼ਰਮਾ ਨੇ ਕਿਹਾ ਕਿ ਇਸ "ਜੰਗੀ ਸਥਿਤੀ ਵਿੱਚ ਕੋਈ ਅਸਲੀਅਤ ਨਹੀਂ ਹੈਂ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)