ਨਵਜੋਤ ਸਿੱਧੂ: ਪੁਲਵਾਮਾ ਹਮਲੇ ਬਾਰੇ ਦਿੱਤੇ ਬਿਆਨ ’ਤੇ ਮੈਂ ਕਾਇਮ ਹਾਂ

ਨਵਜੋਤ ਸਿੱਧੂ Image copyright Getty Images

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਪੁਲਵਾਮਾ ਹਮਲੇ ਬਾਰੇ ਪਹਿਲਾਂ ਦਿੱਤੇ ਬਿਆਨ ’ਤੇ ਕਾਇਮ ਹਨ।

ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਮੈਂ ਹੁਣ ਵੀ ਕਹਿੰਦਾ ਹਾਂ ਕੀ ਅੱਤਵਾਦ ਦੀ ਕੋਈ ਜਾਤ, ਧਰਮ ਜਾਂ ਦੇਸ ਨਹੀਂ ਹੁੰਦਾ ਹੈ।

“ਜਿਵੇਂ ਸੱਪ ਦੇ ਜ਼ਹਿਰ ਦੀ ਦਵਾ ਜ਼ਹਿਰ ਹੁੰਦੀ ਹੈ ਉਸੇ ਤਰੀਕੇ ਨਾਲ ਅੱਤਵਾਦ ਨਾਲ ਨਜਿੱਠਣਾ ਚਾਹੀਦਾ ਹੈ। ਮੈਂ ਇਹ ਕਦੇ ਨਹੀਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਨਾ ਦਿਓ।”

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 14 ਫਰਵਰੀ ਨੂੰ ਪੁਲਵਾਮਾ ਵਿੱਚ ਹੋਏ ਆਤਮਘਾਤੀ ਹਮਲੇ ਤੋਂ ਬਾਰੇ ਦਿੱਤੇ ਆਪਣੇ ਬਿਆਨ ਕਾਰਨ ਚਰਚਾ ਵਿੱਚ ਹਨ।

ਸਿੱਧੂ ਨੇ ਭਾਰਤ ਸ਼ਾਸ਼ਿਤ ਕਸ਼ਮੀਰ ਵਿੱਚ ਸੀਆਰਪੀਐੱਫ ਦੇ ਕਾਫਲੇ 'ਤੇ ਹੋਏ ਹਮਲੇ ਤੋਂ ਬਾਅਦ ਕਿਹਾ ਸੀ ਕਿ ਇਹ ਬੁਜ਼ਦਿਲੀ ਵਾਲਾ ਕੰਮ ਹੈ "ਪਰ ਜੰਗ ਕਿਸੇ ਮਸਲੇ ਦਾ ਸਥਾਈ ਹੱਲ ਨਹੀਂ ਹੈ"

ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਇਸ ਬਾਰੇ ਸਿੱਧੂ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਉਨ੍ਹਾਂ ਦਾ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿੱਚੋਂ ਬਾਈਕਾਟ ਦੀ ਵੀ ਗੱਲ ਕਹੀ।

ਹਾਲਾਂਕਿ, ਕੁਝ ਲੋਕ ਸਿੱਧੂ ਦੀ ਗੱਲ ਨਾਲ ਸਹਿਮਤ ਹੁੰਦੇ ਵੀ ਨਜ਼ਰ ਆਏ। ਹਾਲਾਂਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹਮਲੇ ਬਾਰੇ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਪਾਰਟੀ ਵਿਰੋਧੀ ਧਿਰ ਹੁੰਦਿਆਂ ਵੀ ਸਰਕਾਰ ਦੇ ਨਾਲ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ਹਮਲੇ ਨਾਲ ਪਾਕਿਸਤਾਨ ਦਾ ਦੋਗਲਾ ਚਿਹਰਾ ਸਾਹਮਣੇ ਆ ਗਿਆ ਹੈ ਅਤੇ ਢੁੱਕਵੀਂ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ:

ਸਿੱਧੂ ਨੇ ਕੀ ਕਿਹਾ ਸੀ?

ਸ਼ੁੱਕਰਵਾਰ ਨੂੰ ਸਿੱਧੂ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਹਮਲੇ ਦੀ ਨਿੰਦਾ ਕਰਨ ਤੋਂ ਬਾਅਦ ਕਿਹਾ ਸੀ, "ਅਜਿਹੇ ਲੋਕਾਂ (ਅੱਤਵਾਦੀਆਂ) ਦਾ ਕੋਈ ਮਜ਼ਹਬ ਨਹੀਂ ਹੁੰਦਾ, ਦੇਸ ਨਹੀਂ ਹੁੰਦਾ, ਜਾਤ ਨਹੀਂ ਹੁੰਦੀ।"

"ਲੋਹਾ ਲੋਹੇ ਨੂੰ ਕੱਟਦਾ ਹੈ, ਜ਼ਹਿਰ ਜ਼ਹਿਰ ਨੂੰ ਮਾਰਦਾ ਹੈ, ਸੱਪ ਦੇ ਡੰਗੇ ਦਾ ਐਂਟੀ-ਡੋਟ ਜ਼ਹਿਰ ਹੀ ਹੁੰਦੀ ਹੈ ਪਰ ਜਿੱਥੇ-ਜਿੱਥੇ ਵੀ ਜੰਗਾਂ ਹੁੰਦੀਆਂ ਰਹੀਆਂ ਹਨ ਉੱਥੇ ਨਾਲ-ਨਾਲ ਗੱਲਬਾਤ ਵੀ ਹੁੰਦੀ ਰਹੀ ਹੈ, ਤਾਂ ਕਿ ਕੋਈ ਸਥਾਈ ਹੱਲ ਕੱਢਿਆ ਜਾ ਸਕੇ।"

"ਕਿਸੇ ਨੂੰ ਗਾਲ਼ਾਂ ਕੱਢ ਕੇ ਇਹ ਠੀਕ ਨਹੀਂ ਹੋਵੇਗਾ, ਇਸ ਦਾ ਕੋਈ ਸਥਾਈ ਹੱਲ ਆਉਣਾ ਚਾਹੀਦਾ ਹੈ। ਕਦੋਂ ਤੱਕ ਸਾਡੇ ਜਵਾਨ ਸ਼ਹੀਦ ਹੁੰਦੇ ਰਹਿਣਗੇ? ਕਦੋਂ ਤੱਕ ਇਹ ਖੂਨ-ਖ਼ਰਾਬਾ ਹੁੰਦਾ ਰਹੇਗਾ?"

Image copyright Getty Images

ਲੋਕਾਂ ਨੇ ਟਵਿੱਟਰ ਤੇ ਕੀ ਕਿਹਾ?

ਸਿੱਧੂ ਦੇ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਟ੍ਰੋਲਿੰਗ ਸ਼ੁਰੂ ਕਰ ਦਿੱਤੀ, ਸੋਨੀ ਟੀਵੀ ਚੈਨਲ ਦੇ ਬਾਈਕਾਟ ਤੱਕ ਦੀ ਗੱਲ ਕੀਤੀ ਕਿਉਂਕਿ ਸਿੱਧੂ ਉਸ 'ਤੇ ਕਪਿਲ ਸ਼ਰਮਾ ਦੇ ਸ਼ੋਅ 'ਚ ਮਹਿਮਾਨ ਵਜੋਂ ਜਾਂਦੇ ਹਨ।

ਟਵਿੱਟਰ ਉੱਪਰ ਸਿੱਧੂ ਦੇ ਬਾਈਕਾਟ ਦੀਆਂ ਵੀ ਗੱਲਾਂ ਚੱਲ ਰਹੀਆਂ ਸਨ ।

ਟਵਿੱਟਰ ਯੂਜ਼ਰ ਮੈਵਰਿਕ ਨੇ ਲਿਖਿਆ, "ਸੋਨੀ ਟੀਵੀ ਸਿੱਧੂ ਨੂੰ ਆਪਣੇ ਸ਼ੋਅ ਤੋਂ ਹਟਾਓ ਵਰਨਾ ਅਸੀਂ ਤੁਹਾਨੂੰ ਡੀਟੀਐੱਚ ਤੇ ਬਲਾਕ ਕਰ ਦਿਆਂਗੇ।"

ਗਿਰੀਸ਼ ਨੇ ਟਵੀਟ ਕੀਤਾ, ਨਵਜੋਤ ਸਿੰਘ ਸਿੱਧੂ ਦੇ ਹਟਣ ਤੱਕ ਕਿਸੇ ਨੂੰ ਕਪਿਲ ਸ਼ਰਮਾ ਦਾ ਸ਼ੋਅ ਨਹੀਂ ਦੇਖਣਾ ਚਾਹੀਦਾ।"

ਜਗਦੀਸ਼ ਨੇ ਲਿਖਿਆ ਕਿ ਸਿੱਧੂ "ਦੇਸ ਵਿਰੋਧੀ" ਹਨ ਅਤੇ ਉਨ੍ਹਾਂ ਦੀ ਹਰ ਪ੍ਰਕਾਰ ਨਾਲ ਨਿੰਦਾ ਹੋਣੀ ਚਾਹੀਦੀ ਹੈ।

ਪ੍ਰਿਅੰਕਾ ਨਾਂ ਦੀ ਟਵਿੱਟਰ ਯੂਜ਼ਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਸਵਾਲ ਪੁੱਛਿਆ, "ਕੀ ਤੁਸੀਂ ਆਪਣੀ ਪਾਰਟੀ ਦੇ ਆਗੂ ਦੇ ਇਸ ਬਿਆਨ ਨਾਲ ਸਹਿਮਤ ਹੋ?"

ਇੱਥੇ ਇਹ ਦੱਸਣ ਜ਼ਰੂਰੀ ਹੈ ਕਿ ਸਿੱਧੂ ਨੇ ਇਹ ਵੀ ਕਿਹਾ ਸੀ ਕਿ ਹਰ ਦੇਸ ਵਿੱਚ ਹੀ ਚੰਗੇ, ਮਾੜੇ ਤੇ ਭੈੜੇ ਲੋਕ ਹੁੰਦੇ ਹਨ। "ਚੰਦ ਲੋਕ ਜੋ ਅਜਿਹਾ ਕੁਝ ਕਰ ਜਾਂਦੇ ਹਨ ਉਨ੍ਹਾਂ ਨੂੰ ਸਜ਼ਾਯਾਫ਼ਤਾ ਕਰਨਾ ਚਾਹੀਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਪੂਰੀ ਕੌਮ ਨੂੰ ਤੁਸੀਂ ਲਪੇਟ ਵਿੱਚ ਲੈ ਲਓ।"

ਉਨ੍ਹਾਂ ਨੇ ਕਿਹਾ ਸੀ "ਹਰ ਹਾਲਤ ਵਿੱਚ ਇਸ (ਹਮਲੇ) ਦੀ ਸਾਰੇ ਪਾਸਿਓਂ ਨਿੰਦਾ ਹੋਣੀ ਚਾਹੀਦੀ ਹੈ... ਕੌਮਾਂਤਰੀ ਭਾਈਚਾਰੇ ਨੂੰ ਨਾਲ ਲੈ ਕੇ ਕੋਈ ਸਥਾਈ ਹੱਲ ਨਿਕਲਣਾ ਚਾਹੀਦਾ ਹੈ।"

ਇਹ ਨਹੀਂ ਹੈ ਕਿ ਸਾਰੇ ਸਿੱਧੂ ਦੇ ਖਿਲਾਫ ਹੀ ਬੋਲ ਰਹੇ ਸਨ।

ਕੁਝ ਸੁਰਾਂ ਉਨ੍ਹਾਂ ਦੇ ਪੱਖ ਵਿੱਚ ਵੀ ਉੱਠੀਆਂ, ਜਿਵੇਂ ਅਨੀਮੇਸ਼ ਸ਼ਰਮਾ ਨੇ ਲਿਖਿਆ, "ਸਿੱਧੂ ਜੀ ਤੁਸੀਂ ਠੀਕ ਹੋ, ਸਿਰਫ ਗੱਲਬਾਤ ਨਾਲ ਹੀ ਅਮਨ ਲਿਆਇਆ ਜਾ ਸਕਦਾ ਹੈ। ਜੇ ਗੋਲੀਆਂ ਤੇ ਬੰਬ ਸਮੱਸਿਆਵਾਂ ਸੁਲਝਾ ਸਕਦੇ ਤਾਂ ਅੱਤਵਾਦ ਦੀ ਇਹ ਸਮੱਸਿਆ ਸੁਲਝ ਗਈ ਹੁੰਦੀ..."

ਸੀਮਾ ਨੇ ਲਿਖਿਆ ਕਿ ਦਿਲ 'ਚ ਅਮਨ ਕਾਇਮ ਕੀਤੇ ਬਿਨਾਂ ਕਿਤੇ ਹੋਰ ਸ਼ਾਂਤੀ ਬਹਾਲ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)