ਪੁਲਵਾਮਾ ਹਮਲੇ ਦਾ ਅਸਰ : 'ਅਸੀਂ ਜਾਨ ਬਚਾਉਣ ਲਈ ਕਮਰੇ 'ਚ ਬੰਦ ਹੋ ਗਏ, ਉਨ੍ਹਾਂ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ'
- ਦਲਜੀਤ ਅਮੀ
- ਬੀਬੀਸੀ ਪੱਤਰਕਾਰ

ਪੁਲਵਾਮਾ ਹਮਲੇ ਤੋਂ ਬਾਅਦ ਦੇਸ ਦੇ ਦੂਜੇ ਸ਼ਹਿਰ ਵਿੱਚ ਪੜ੍ਹਣ ਲਈ ਆਏ ਕਸ਼ਮੀਰੀ ਵਿਦਿਆਰਥੀ ਡਰੇ ਹੋਏ ਹਨ
ਪੁਲਵਾਮਾ ਧਮਾਕੇ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਦੇਸ਼ ਭਰ ਵਿੱਚ ਸੋਗ ਅਤੇ ਪ੍ਰਦਰਸ਼ਨਾਂ ਦੀ ਲਹਿਰ ਚੱਲ ਪਈ। ਕਈ ਥਾਈਂ ਹੋਏ ਪ੍ਰਦਰਸ਼ਨਾਂ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਦੇਹਰਾਦੂਨ ਅਤੇ ਮੁਲਾਨਾ (ਹਰਿਆਣਾ ਦੇ ਅੰਬਾਲਾ ਜ਼ਿਲੇ ਦਾ ਇੱਕ ਪਿੰਡ) ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਰਿਪੋਰਟਾਂ ਮੀਡੀਆ ਵਿੱਚ ਹਨ।
ਟਵਿੱਟਰ ਅਤੇ ਫੇਸਬੁੱਕ 'ਤੇ ਕਈ ਤਰ੍ਹਾਂ ਦੇ ਸੰਦੇਸ਼ ਅਤੇ ਪੋਸਟਾਂ ਹਨ ਕਿ ਕਸ਼ਮੀਰੀ ਵਿਦਿਆਰਥੀ ਡਰੇ ਹੋਏ ਹਨ ਅਤੇ ਡਰੇ ਹੋਏ ਕਸ਼ਮੀਰੀ ਵਿਦਿਆਰਥੀ ਨੂੰ ਨਿਸ਼ਾਨਾ ਬਣਾਉਣਾ ਅੱਤਵਾਦੀਆਂ ਦੇ ਹੱਥਾਂ ਵਿੱਚ ਖੇਡਣਾ ਹੈ।
14 ਫਰਵਰੀ ਨੂੰ ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਵਿੱਚ ਕਰੀਬ 46 ਜਵਾਨ ਮਾਰੇ ਗਏ ਸਨ।
ਪੰਜਾਬ ਦੇ ਮੁਹਾਲੀ ਜ਼ਿਲੇ ਦੇ ਲਾਂਡਰਾ ਵਿੱਚ ਬਣਿਆ ਤਿੰਨ ਕਮਿਰਆਂ ਵਾਲਾ ਫਲੈਟ ਹਾਲਾਤ ਦਾ ਲਘੂ ਰੂਪ ਬਿਆਨ ਕਰ ਰਿਹਾ ਸੀ।
ਅੰਦਰ ਕਾਫ਼ੀ ਸਾਰੇ ਲੋਕ ਸੀ, ਰਸੋਈ ਅਤੇ ਲਿਵਿੰਗ ਏਰੀਏ ਦੇ ਵਿਚਕਾਰ ਪਿਆ ਰਸੋਈ ਦੇ ਕੂੜੇ ਦਾ ਢੇਰ ਉੱਥੇ ਮੌਜੂਦ ਲੋਕਾਂ ਦੇ ਮਨ ਦੀ ਅਵਸਥਾ ਦਰਸਾ ਰਿਹਾ ਸੀ।
ਸਾਰੇ ਨੌਜਵਾਨ, ਜੋ ਆਪਣੇ 20ਵਿਆਂ ਦੀ ਸ਼ੁਰੂਆਤ ਵਿੱਚ ਜਾਪ ਰਹੇ ਸੀ, ਫ਼ੋਨਾਂ 'ਤੇ ਰੁੱਝੇ ਹੋਏ ਸੀ ਜਾਂ ਹੌਲੀ ਅਵਾਜ਼ ਵਿੱਚ ਛੋਟੇ ਗਰੁੱਪਾਂ ਵਿੱਚ ਗੱਲਾਂ ਕਰ ਰਹੇ ਸੀ।
ਇਹ ਵੀ ਪੜ੍ਹੋ:
ਸਹਿਮੇ ਹੋਏ ਵਿਦਿਆਰਥੀਆਂ ਦੇ ਫਲੈਟ ਦਾ ਹਾਲ ਕੁਝ ਇਸ ਤਰ੍ਹਾਂ ਦਾ ਸੀ
ਕੰਧ 'ਤੇ "ਜੇ ਐਂਡ ਕੇ ਸਟੂਡੈਂਟ ਆਰਗੇਨਾਈਜ਼ੇਸ਼ਨ" ਦਾ ਇੱਕ ਫਲੈਕਸ ਬੈਨਰ ਲੱਗਿਆ ਹੋਇਆ ਸੀ। ਨੀਲੇ ਰੰਗ ਦੇ ਵੱਖੋ-ਵੱਖਰੇ ਸ਼ੇਡਜ਼ ਨਾਲ ਬਣੇ, ਆਪਸ ਵਿੱਚ ਮਿਲਾਏ ਦੋ ਹੱਥਾਂ ਵਾਲਾ ਲੋਗੋ ਇਸ ਉੱਤੇ ਸੀ।
ਬਾਕੀ ਦੀਵਾਰਾਂ ਸਫ਼ੇਦ ਅਤੇ ਬੇਦਾਗ ਸਨ। ਇੱਕ ਕਮਰੇ ਵਿੱਚ ਡਬਲ ਬੈੱਡ ਸੀ ਅਤੇ ਦੂਜੇ ਵਿੱਚ ਸਿੰਗਲ ਬੈੱਡ। ਪਲਾਸਟਿਕ ਦਾ ਇੱਕ ਸਟੂਲ ਇਕਲੌਤਾ ਫ਼ਰਨੀਚਰ ਸੀ ਜੋ ਕਿਸੇ ਵਰਤੋਂ ਵਿੱਚ ਨਹੀਂ ਸੀ। ਹਲਕੇ ਯਾਤਰੂ ਬੈਗਾਂ ਦਾ ਢੇਰ ਜਗ੍ਹਾ ਨੂੰ ਯਾਤਰੂਆਂ ਦੇ ਅਸਥਾਈ ਸ਼ੈਲਟਰ ਵਜੋਂ ਪੇਸ਼ ਕਰ ਰਿਹਾ ਸੀ।
ਮੇਜ਼ਬਾਨ ਵੀ ਇਸ ਨੂੰ 50 ਕਸ਼ਮੀਰੀ ਵਿਦਿਆਰਥੀਆਂ ਨੂੰ ਪਨਾਹ ਦੇਣ ਵਾਲਾ ਸ਼ੈਲਟਰ ਹੀ ਕਹਿ ਰਿਹਾ ਸੀ।
ਖਵਾਜਾ ਇਸਰਤ ਲਾਂਡਰਾਂ ਦੇ ਬਾਹਰੋ-ਬਾਹਰ ਰਹਿੰਦੇ ਨੇ, ਜੋ ਕਿ ਪੰਜਾਬ ਦੇ ਸਭ ਤੋਂ ਵੱਧ ਸ਼ਹਿਰੀ ਹੋ ਚੁੱਕੇ ਜ਼ਿਲ੍ਹੇ ਮੁਹਾਲੀ ਵਿੱਚ ਪੈਂਦਾ ਹੈ। ਉਹ ਚੰਡੀਗੜ੍ਹ ਯੁਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ।
ਆਪਣੀਆਂ ਰਹਾਇਸ਼ਾਂ ਵਿੱਚ ਫਸੇ ਵਿਦਿਆਰਥੀ
ਉਨ੍ਹਾਂ ਦੇ ਫਲੈਟ ਨੂੰ ਜਾਂਦੀ ਧੂੜ ਵਾਲੀ ਸੜਕ ਦਰਸਾਉਂਦੀ ਹੈ ਕਿ ਇਲਾਕੇ ਵਿੱਚ ਉਸਾਰੀ ਨਵੀਂ ਹੀ ਹੈ ਅਤੇ ਅਬਾਦੀ ਵੀ ਕਾਫ਼ੀ ਘੱਟ ਹੈ।
ਖਾਲੀ ਪਲਾਟਾਂ ਵਿਚਕਾਰ, ਸੜਕ ਕੋਲ ਇੱਕ ਘਰ ਦੀ ਉਸਾਰੀ ਚੱਲ ਰਹੀ ਹੈ। ਬਾਰਿਸ਼ ਨਾਲ ਧੋਤੇ ਹਰੇ ਕਣਕ ਦੇ ਖ਼ੇਤ ਅਸਮਾਨ ਨਾਲ ਮਿਲ ਰਹੇ ਸਨ।
ਜਦੋਂ ਦੇਹਰਾਦੂਨ ਅਤੇ ਮੁਲਾਨਾ ਤੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਤੰਗ ਪਰੇਸ਼ਾਨ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ, ਇਸਰਤ ਨੂੰ ਵੀ ਸਹਿਮੇ ਹੋਏ ਕਸ਼ਮੀਰੀ ਵਿਦਿਆਰਥੀਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਜੋ ਕਿ ਆਪਣੀਆਂ ਰਹਾਇਸ਼ਾਂ ਵਿੱਚ ਫਸੇ ਹੋਏ ਸੀ।
ਇਸਰਤ ਅਤੇ ਉਨ੍ਹਾਂ ਦੇ ਦੋਸਤ ਨੇ ਸੋਚਿਆ ਕਿ ਉਨ੍ਹਾਂ ਦੀ ਜਗ੍ਹਾ ਦੂਸਰਿਆਂ ਦੀ ਤੁਲਨਾ ਵਿੱਚ ਸੁਰੱਖਿਅਤ ਹੈ, ਕਿਉਂਕਿ ਵਿਦਿਆਰਥੀਆਂ ਲਈ ਘਰਾਂ ਨੂੰ ਵਾਪਸ ਜਾਣਾ ਮਹਿੰਗਾ ਅਤੇ ਅਸੁਰੱਖਿਅਤ ਹੋਏਗਾ।
ਇੱਕ ਟਰੈਵਲ ਵੈਬਸਾਈਟ ਮੁਤਾਬਕ, ਚੰਡੀਗੜ੍ਹ ਤੋਂ ਸ੍ਰੀਨਗਰ ਦੇ ਹਵਾਈ ਸਫ਼ਰ ਦਾ ਖ਼ਰਚਾ 22 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਹੈ ਜੋ ਆਮ ਤੌਰ 'ਤੇ ਕਰੀਬ 3 ਹਜ਼ਾਰ ਰੁਪਏ ਹੁੰਦਾ ਹੈ।
ਵਿਦਿਆਰਥੀਆਂ ਨੇ ਦੱਸਿਆ ਕਿ ਕਿਉਂ ਉਨ੍ਹਾਂ ਨੇ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ ਹੈ
ਇਮਤਿਆਜ਼ ਅਹਿਮਦ ਦੀਆਂ ਅੱਖਾਂ ਚਾਰ-ਚੁਫੇਰੇ ਦੇਖ ਰਹੀਆਂ ਹਨ। ਉਹ ਦੇਹਰਾਦੂਨ ਤੋਂ ਰਾਤੋ-ਰਾਤ ਬੱਸ ਰਾਹੀਂ ਸਵੇਰ ਵੇਲੇ ਚੰਡੀਗੜ੍ਹ ਪਹੁੰਚਿਆ ਹੈ।
ਉਹ ਪੁਲਵਾਮਾ ਹਮਲੇ ਤੋਂ ਬਾਅਦ ਦਾ ਆਪਣਾ ਤਜ਼ਰਬਾ ਯਾਦ ਕਰਦਾ ਹੈ।
ਉਹ ਕਹਿੰਦਾ ਹੈ, "ਕਸ਼ਮੀਰ ਵਿਰੋਧੀ ਨਾਅਰੇ ਲਗਾ ਰਿਹਾ ਇੱਕ ਇਕੱਠ ਗੁਜ਼ਰਿਆ ਪਰ ਵਿਰੋਧਤਾ ਨੂੰ ਭਾਂਪਦਿਆਂ ਅਸੀਂ ਪਹਿਲਾਂ ਹੀ ਖ਼ੁਦ ਨੂੰ ਅੰਦਰ ਬੰਦ ਕਰ ਲਿਆ ਸੀ।"
ਗੁੰਡਿਆਂ ਦੇ ਝੁੰਡ ਨੇ ਸਾਡੀ ਇਮਾਰਤ 'ਤੇ ਹਮਲਾ ਕਰ ਦਿੱਤਾ ਪਰ ਜਦੋਂ ਉਹ ਸਾਡਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਸਾਡੇ ਮਕਾਨ ਮਾਲਕ ਅਤੇ ਪੁਲਿਸ ਨੇ ਉਨ੍ਹਾਂ ਨੂੰ ਸ਼ਾਂਤ ਕੀਤਾ।
'ਪਰਿਵਾਰਕ ਮੈਂਬਰ ਫ਼ਿਕਰ ਕਰ ਰਹੇ ਹਨ'
ਇਮਤਿਆਜ਼ ਨੇ ਕਿਹਾ, "ਇਸ ਤੋਂ ਬਾਅਦ ਅਸੀਂ ਖ਼ੁਦ ਨੂੰ ਅੰਦਰ ਬੰਦ ਕਰਕੇ ਜਿੰਦਾ ਲਾ ਲਿਆ ਅਤੇ ਆਪਣੀਆਂ ਲੋੜਾਂ ਲਈ ਮਕਾਨ ਮਾਲਕ 'ਤੇ ਨਿਰਭਰ ਹੋ ਗਏ।"
ਉਸ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਬੱਸ ਅੱਡੇ ਤੱਕ ਸੁਰੱਖਿਆ ਮੁਹੱਈਆ ਕਰਵਾਈ।"
ਉਸ ਨੂੰ ਯਕੀਨ ਨਹੀਂ ਹੈ ਕਿ ਉਹ ਕਾਲਜ ਵਾਪਸ ਜਾ ਸਕੇਗਾ ਅਤੇ ਆਪਣੀ ਐਮ.ਐਸ.ਸੀ (ਕੈਮਿਸਟਰੀ) ਪੂਰੀ ਕਰ ਸਕੇਗਾ।
ਮੁਜ਼ਾਮਿਲ ਬੱਟ ਨੇ ਵੀ ਅਜਿਹੇ ਹੀ ਤਜ਼ਰਬੇ ਸਾਂਝੇ ਕੀਤੇ, ਜੋ ਜਲਦੀ ਤੋਂ ਜਲਦੀ ਆਪਣੇ ਸ਼ਹਿਰ ਬਾਰਾਮੁੱਲਾ ਜਾਣਾ ਚਾਹੁੰਦਾ ਹੈ ਕਿਉਂਕਿ ਪਰਿਵਾਰਕ ਮੈਂਬਰ ਫ਼ਿਕਰ ਕਰ ਰਹੇ ਹਨ।
ਆਰਜ਼ੀ ਰੈਣ-ਬਸੇਰੇ ਵਿੱਚ ਰਹਿਣ ਵਾਲੇ ਜ਼ਿਆਦਤਰ ਮੁੰਡੇ ਆਪਣੇ ਘਰਾਂ ਨੂੰ ਜਾਣ ਲਈ ਉਤਾਵਲੇ ਹਨ, ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਅੰਦਰ ਹੀ ਰਹਿਣ ਲਈ ਕਹਿ ਰਹੇ ਹਨ।
ਵਿਦਿਆਰਥੀਆਂ ਮੁਤਾਬਕ ਉਨ੍ਹਾਂ ਦੇ ਮਾਪੇ ਵੀ ਚਿੰਤਾ ਵਿੱਚ ਹਨ
ਮੇਜ਼ਬਾਨ ਹਰ ਵੇਲੇ ਉਨ੍ਹਾਂ ਨੂੰ ਬਾਲਕੋਨੀ ਵਿੱਚ ਨਾ ਖੜ੍ਹਨ ਅਤੇ ਬਾਹਰ ਨਾ ਜਾਣ ਲਈ ਕਹਿ ਰਹੇ ਹਨ। ਚਿੰਤਾ ਹਰ ਵੇਲੇ ਵਧ ਰਹੀ ਹੈ ਅਤੇ ਕਦੇ ਕੋਈ ਤੇ ਕਦੇ ਕੋਈ ਬਿਨ੍ਹਾਂ ਚਾਹਿਆਂ ਬਾਹਰ ਜਾਂਦਾ ਹੈ।
ਧਿਆਨ ਹਟਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫ਼ਲ ਹੋ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਦੀ ਨਿਰਾਸ਼ਾ ਨੂੰ ਸਮੇਟ ਲੈਣ ਲਈ ਫਲੈਟ ਬਹੁਤ ਛੋਟਾ ਹੈ।
ਕੋਈ ਵੀ ਰਸੋਈ ਵਿੱਚ ਪਾਣੀ ਲੈਣ ਲਈ ਨਹੀਂ ਜਾਂਦਾ। ਉਹ ਸਾਰੇ ਜਾਣਦੇ ਹੋਣਗੇ ਕਿ ਇੱਥੇ ਪਾਣੀ ਨਹੀਂ ਹੈ।
ਰਸੋਈ ਵਿੱਚ ਪਏ ਇਸਤੇਮਾਲ ਕੀਤੇ ਡਿਸਪੋਜ਼ੇਬਲ ਕੱਪਾਂ ਦੇ ਥੱਲਿਆਂ 'ਤੇ ਚਾਹ ਦੇ ਦਾਗ ਨੇ। ਇੱਕ ਪਲੇਟ ਵਿੱਚ ਪੱਕੇ ਹੋਏ ਅਣਛੂਹੇ ਜਾਂ ਬਚੇ ਹੋਏ ਚਾਵਲ ਪਏ ਹਨ।
ਜਦੋਂ ਕਸ਼ਮੀਰੀ ਵਿਦਿਆਰਥਣਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਤੀਜੇ ਕਮਰੇ ਦੇ ਬੰਦ ਪਏ ਦਰਵਾਜ਼ੇ ਵੱਲ ਇਸ਼ਾਰਾ ਕੀਤਾ। ਜੁਨੈਦ ਰੇਸ਼ੀ ਨੇ ਦਰਵਾਜ਼ਾ ਖੜਕਾਇਆ ਅਤੇ ਖੋਲ੍ਹਿਆ।
ਸਿੰਗਲ ਬੈੱਡ 'ਤੇ ਬੈਠੀ ਮਹਿਲਾ ਦਾ ਸਿਰ ਪੂਰੀ ਤਰ੍ਹਾਂ ਢਕਿਆ ਹੋਇਆ ਸੀ ਅਤੇ ਉਸ ਨੇ ਇੱਕ ਮੋਟਾ ਕੰਬਲ ਲਿਆ ਹੋਇਆ ਸੀ।
ਗੱਲ ਕਰਨ ਵੇਲੇ ਉਸ ਨੇ ਕੰਬਲ ਵਿੱਚੋਂ ਹੱਥ ਬਾਹਰ ਕੱਢੇ। ਉਸ ਦੇ ਹੱਥ ਕੰਬ ਰਹੇ ਸਨ। ਉਹ ਸੋਬੀਆ ਸਿਦਿਕ ਹੈ।
ਉਸ ਦੇ ਪਿਤਾ ਬਾਰਾਮੁੱਲਾ ਦੇ ਇੱਕ ਸਕੂਲ ਵਿੱਚ ਪ੍ਰਿੰਸੀਪਲ ਹਨ ਅਤੇ ਮਾਤਾ ਘਰ ਸੰਭਾਲਦੇ ਹਨ। ਉਹ ਦੇਹਰਾਦੂਨ ਵਿੱਚ ਰੇਡੀਓਲਾਜੀ ਦੀ ਬੀ.ਐਸ.ਸੀ ਕਰ ਰਹੀ ਹੈ।
ਵਿਦਿਆਰਥੀ ਆਪਣੀ ਪੜ੍ਹਾਈ ਨੂੰ ਲੈ ਕੇ ਵੀ ਫਿਕਰਮੰਦ ਹਨ
ਪੁਲਵਾਮਾ ਹਮਲੇ ਤੋਂ ਬਾਅਦ ਉਹ ਵੀ ਮੁਜ਼ਮਿਲ ਅਤੇ ਇਮਤਿਆਜ਼ ਨਾਲ ਸਫ਼ਰ ਕਰਕੇ ਇੱਥੇ ਆਈ।
ਉਹ ਆਪਣੀ ਤਸਵੀਰ ਨਹੀਂ ਖਿਚਵਾਉਣਾ ਚਾਹੁੰਦੀ ਸੀ ਅਤੇ ਉਸ ਨੇ ਆਪਣੇ ਹੱਥ ਵਾਪਸ ਕੰਬਲ ਵਿੱਚ ਰੱਖ ਲਏ, ਇੱਕ ਸਲਾਹ ਜਾਂ ਕਹਿ ਲਓ ਬੇਨਤੀ ਕੀਤੀ ਕਿ ਉਸ ਨੂੰ ਇਕੱਲਿਆਂ ਛੱਡ ਦਿੱਤਾ ਜਾਵੇ।
ਆਕਿਬ ਅਹਿਮਦ ਵੀ ਮਾਰਕੰਡੇਸ਼ਵਰ ਯੂਨੀਵਰਸਿਟੀ ਵਿੱਚ ਬੀ.ਐਸ.ਸੀ ਰੇਡੀਓਲਾਜੀ ਦਾ ਵਿਦਿਆਰਥੀ ਹੈ।
ਉਹ 100 ਕਸ਼ਮੀਰੀ ਵਿਦਿਆਰਥੀਆਂ ਵਾਂਗ ਅੰਬਾਲਾ ਜ਼ਿਲ੍ਹੇ ਦੇ ਮੁਲਾਨਾ ਪਿੰਡ ਵਿੱਚ ਇੱਕ ਨਿੱਕੀ ਜਿਹੀ ਜਗ੍ਹਾ 'ਤੇ ਰਹਿ ਰਿਹਾ ਸੀ।
14 ਫ਼ਰਵਰੀ ਨੂੰ ਪੁਲਵਾਮਾ ਹਮਲੇ ਤੋਂ ਬਾਅਦ ਸਰਪੰਚ ਨਰੇਸ਼ ਚੌਹਾਨ ਦੀ ਅਗਵਾਹੀ ਹੇਠ ਪਿੰਡ ਵਾਲਿਆਂ ਨੇ ਮਕਾਨ ਮਾਲਕਾਂ ਨੂੰ ਕਹਿ ਦਿੱਤਾ ਕਿ ਕਸ਼ਮੀਰੀ ਵਿਦਿਆਰਥੀਆਂ ਤੋਂ ਘਰ ਖਾਲੀ ਕਰਵਾ ਲਓ।
ਵਿਦਿਆਰਥੀਆਂ ਨੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਹੋਸਟਲਾਂ ਵਿੱਚ ਰਹਿਣ ਦਿੱਤਾ ਜਾਵੇ।
ਇਸੇ ਦੌਰਾਨ ਸਥਾਨਕ ਲੋਕਾਂ ਨੇ ਦੋ ਕਸ਼ਮੀਰੀ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ। ਹੋਰ ਮੁੰਡਿਆਂ ਸਮੇਤ ਆਕਿਬ ਨੂੰ ਵੀ ਪੁਲਿਸ ਸੁਰੱਖਿਆ ਹੇਠ ਮੁੱਖ ਸੜਕ 'ਤੇ ਛੱਡਿਆ ਗਿਆ ਸੀ।
ਆਕਿਬ ਇੱਕ ਫ਼ੋਨ ਕਾਲ ਸੁਣਨ ਲਈ ਚਲਾ ਜਾਂਦਾ ਹੈ। ਸੋਬੀਆ ਫ਼ੋਨ 'ਤੇ ਗੱਲ ਕਰਦੀ ਬਾਲਕੋਨੀ ਵਿੱਚ ਦਿਸਦੀ ਹੈ। ਉਸ ਦੇ ਹੱਥ ਹਾਲੇ ਵੀ ਕੰਬ ਰਹੇ ਨੇ।
ਉਹ ਦੱਸਦੀ ਹੈ ਉਸ ਦੀ ਕਲਾਸ ਦੀਆਂ ਕੁੜੀਆਂ ਫ਼ਿਕਰ ਕਰ ਰਹੀਆਂ ਨੇ ਅਤੇ ਉਸ ਨੇ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਉਹ ਠੀਕ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਿੰਦਰ ਸਿੰਘ ਨੇ ਗੁਰਦੁਆਰੇ ਨੇੜੇ ਸੁਰੱਖਿਅਤ ਰੈਣ ਬਸੇਰੇ ਅਤੇ ਭੋਜਨ ਦੀ ਪੇਸ਼ਕਸ਼ ਕੀਤੀ।
ਸਥਾਨਕ ਗੁਰਦੁਆਰਾ ਨੇ ਵਿਦਿਆਰਥੀਆਂ ਦੇ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨ ਦੀ ਗੱਲ ਆਖੀ
ਮੇਜ਼ਬਾਨ ਨੇ ਸ਼ਰਨ ਲੈਣ ਵਾਲਿਆਂ ਨਾਲ ਲੰਬੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਝਿਜਕਦਿਆਂ ਇਹ ਪੇਸ਼ਕਸ਼ ਮਨਜ਼ੂਰ ਕਰ ਲਈ। ਅਮਿਰੰਦਰ ਸਿੰਘ ਉਨ੍ਹਾਂ ਨੂੰ ਗੁਰਦੁਆਰੇ ਲੈ ਗਏ ਅਤੇ ਸਾਰੇ ਪ੍ਰਬੰਧਾਂ ਦਾ ਭਰੋਸਾ ਦਿੱਤਾ।
ਉਨ੍ਹਾਂ ਨੇ ਕਿਹਾ,"ਪੁਲਵਾਮਾ ਹਮਲਾ ਮੰਦਭਾਗਾ ਹੈ ਪਰ ਇਹ ਮਾਸੂਮ ਵਿਦਿਆਰਥੀ ਉਸ ਲਈ ਜ਼ਿੰਮੇਵਾਰ ਨਹੀਂ। ਮੇਰਾ ਧਾਰਮਿਕ ਫਰਜ਼ ਹੈ ਅਤੇ ਹਾਲਾਤ ਦੀ ਮੰਗ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇ।"
ਗੁਰਦੁਆਰਾ ਸਿੰਘ ਸ਼ਹੀਦਾਂ ਦੇ ਪ੍ਰਧਾਨ ਸੰਤ ਸਿੰਘ ਨੇ ਕਿਹਾ, "ਪੁਲਵਾਮਾ ਹਮਲਾ ਮੰਦਭਾਗਾ ਹੈ, ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣਾ ਹੋਰ ਵੀ ਮੰਦਭਾਗਾ। ਉੱਤਰਾਖੰਡ ਅਤੇ ਹਰਿਆਣਾ ਤੋਂ ਆ ਰਹੇ ਵਿਦਿਆਰਥੀ ਡਰੇ ਹੋਏ ਹਨ ਅਤੇ ਅਸੀਂ ਉਨ੍ਹਾਂ ਲਈ ਲੰਗਰ ਅਤੇ ਰਹਾਇਸ਼ ਦੇ ਇੰਤਜ਼ਾਮ ਕਰ ਰਹੇ ਹਾਂ।"
ਅੰਬਾਲਾ ਦੇ ਐਸਐਸਪੀ ਆਸਥਾ ਮੋਦੀ ਨੇ ਬੀਬੀਸੀ ਨੂੰ ਦੱਸਿਆ ਕਿ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਏਗਾ।
ਅੰਬਾਲਾ ਦੇ ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਨੇ ਬੀਬੀਸੀ ਨੂੰ ਦੱਸਿਆ ਕਿ ਉਹਨਾਂ ਨੇ ਪੀੜਤ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਹੈ ਅਤੇ ਸੁਰੱਖਿਆ ਕਾਰਨਾਂ ਕਰਕੇ ਵਿਦਿਆਰਥਆਂ ਨੂੰ ਕੈਂਪਸ ਨਾ ਛੱਡਣ ਲਈ ਰਜ਼ਾਮੰਦ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਾਥੀ ਕਸ਼ਮੀਰੀ ਵਿਦਿਆਰਥੀਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੇ ਭਰੋਸੇ ਦੇ ਬਾਵਜੂਦ ਦੋ ਦਰਜਨ ਵਿਦਿਆਰਥੀਆਂ ਨੇ ਕਿਰਾਏ ਦੀਆਂ ਗੱਡੀਆਂ ਰਾਹੀਂ ਜੰਮੂ ਲਈ ਰਵਾਨਾ ਹੋਣ ਦਾ ਫ਼ੈਸਲਾ ਲਿਆ।
ਬਾਅਦ ਵਿੱਚ, ਕੁਝ ਓਨੇ ਹੀ ਵਿਦਿਆਰਥੀ ਦੇਹਰਾਦੂਨ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਆਏ ਅਤੇ ਦਾਅਵਾ ਕੀਤਾ ਕਿ ਵੱਖ ਵੱਖ ਥਾਵਾਂ 'ਤੇ ਕਈ ਲੋਕ ਫਸੇ ਹੋਏ ਹਨ।
ਇਸੇ ਦੌਰਾਨ ਸੀ.ਆਰ.ਪੀ.ਐਫ ਦੇ ਆਫ਼ੀਸ਼ੀਅਲ ਟਵਿੱਟਰ ਹੈਂਡਲ @crpfindia ਨੇ ਇੱਕ ਟਵੀਟ ਕੀਤਾ:
"ਕਸ਼ਮੀਰ ਦੇ ਵਿਦਿਆਰਥੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਦੀਆਂ ਝੂਠੀਆਂ ਖ਼ਬਰਾਂ ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਫੈਲਾਅ ਰਹੇ ਨੇ। ਸੀ.ਆਰ.ਪੀ.ਐਫ ਨੇ ਅਜਿਹੀਆਂ ਸ਼ਿਕਾਇਤਾਂ ਦੀ ਪੜਤਾਲ ਕੀਤੀ ਅਤੇ ਝੂਠੀਆਂ ਪਾਈਆਂ ਗਈਆਂ। ਇਹ ਨਫ਼ਰਤ ਫੈਲਾਉਣ ਦੀਆਂ ਕੋਸ਼ਿਸ਼ਾਂ ਹਨ। ਅਜਿਹੀਆਂ ਪੋਸਟਾਂ ਨੂੰ ਅੱਗੇ ਨਾ ਵਧਾਇਆ ਜਾਵੇ।"
ਮੀਡੀਆ (The Quint) ਨੇ ਵੀ ਰਿਪੋਰਟ ਕੀਤਾ ਹੈ ਕਿ ਚੰਡੀਗੜ੍ਹ ਵਿੱਚ ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲੇ ਦਾ ਦਾਅਵਾ ਕਰਕੇ ਫੈਲਾਈ ਜਾ ਰਹੀ ਵੀਡੀਓ ਝੂਠੀ ਹੈ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: