ਪੁਲਵਾਮਾ ਹਮਲੇ ਦੀਆਂ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਤਸਵੀਰਾਂ ਦਾ ਸੱਚ

  • ਫੈਕਟ ਚੈਕ ਟੀਮ
  • ਬੀਬੀਸੀ ਨਿਊਜ਼
ਤਸਵੀਰ ਕੈਪਸ਼ਨ,

ਦਾਅਵਾ ਕੀਤਾ ਜਾ ਰਿਹਾ ਜਖ਼ਮੀ ਜਵਾਨ ਆਪਣਾ ਇਲਾਜ ਛੱਡ ਕੇ ਹਮਲਾ ਲੈਣ ਲਈ ਹਸਪਤਾਲ ਤੋਂ ਤੁਰ ਪਿਆ

ਪੁਲਵਾਮਾ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫੌਜ ਅਤੇ ਸੀਆਰਪੀਐੱਫ ਦੇ ਜਖ਼ਮੀ ਜਵਾਨਾਂ ਦੀਆਂ ਕਈ ਤਸਵੀਰਾਂ ਜਾਂ ਵੀਡੀਓ ਵੱਡੇ ਪੱਧਰ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

ਵਧੇਰੇ ਤਸਵੀਰਾਂ ਅਤੇ ਵੀਡੀਓ ਵਿੱਚ ਜਵਾਨ ਖ਼ੂਨ ਨਾਲ ਸਣੇ ਦਿਖਾਏ ਗਏ ਹਨ।

ਇਨ੍ਹਾਂ ਤਸਵੀਰਾਂ ਅਤੇ ਵੀਡੀਓ ਦੇ ਨਾਲ ਇੱਕ ਸੰਦੇਸ਼ ਵੀ ਸ਼ੇਅਰ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਹਮਲੇ ਦਾ ਬਦਲਾ ਲੈਣ ਲਈ ਖੁੱਲ੍ਹ ਕੇ ਸਾਹਮਣੇ ਆਉਣ।

ਇਨ੍ਹਾਂ ਪੋਸਟਾਂ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਮੈਂਟ ਹਨ। ਵਧੇਰੇ ਕਮੈਂਟਾਂ 'ਚ ਲੋਕ ਕਹਿ ਰਹੇ ਹਨ ਕਿ ਸਰਕਾਰ "ਪਾਕਿਸਤਾਨ 'ਤੇ ਹਮਲਾ" ਕਰੇ।

ਪਿਛਲੇ ਹਫ਼ਤੇ ਵੀਰਵਾਰ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਇੱਕ ਕਾਫ਼ਲੇ 'ਤੇ ਹਮਲਾ ਕੀਤਾ ਸੀ, ਜਿਸ ਵਿੱਚ ਘੱਟੋ-ਘੱਟ 40 ਜਵਾਨਾਂ ਦੀ ਮੌਤ ਹੋ ਗਈ ਸੀ।

ਭਾਰਤ ਨੇ ਪਾਕਿਸਤਾਨ ਦੇ ਖ਼ਿਲਾਫ਼ ਕਈ ਕਦਮ ਚੁੱਕੇ ਹਨ, ਕੌਮਾਂਤਰੀ ਪੱਧਰ 'ਤੇ ਪਾਕਿਸਤਾਨ ਨੂੰ "ਅਲਗ" ਕਰਨ ਦੀ ਗੱਲ ਕਹੀ ਹੈ ਅਤੇ ਫੌਜ ਨੂੰ ਲਾਜ਼ਮੀ ਕਦਮ ਚੁੱਕਣ ਦੀ ਆਜ਼ਾਦੀ ਦੇ ਦਿੱਤੀ ਹੈ।

ਪਰ ਸੋਸ਼ਲ ਮੀਡੀਆ 'ਤੇ ਲੋਕ ਇਸ ਸਭ ਨਾਲ ਸ਼ਾਂਤ ਨਹੀਂ ਹੋ ਰਹੇ, ਉਹ "ਜੰਗ ਦੀ ਮੰਗ" ਕਰ ਰਹੇ ਹਨ।

ਇਹ ਵੀ ਪੜ੍ਹੋ-

ਹਾਲਾਂਕਿ ਜਾਂਚ ਵਿੱਚ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਵੀਡੀਓ ਅਤੇ ਤਸਵੀਰਾਂ ਪੁਲਵਾਮਾ ਹਮਲੇ ਨਾਲ ਸਬੰਧਿਤ ਨਹੀਂ ਹਨ। ਲੋਕ ਸੀਰੀਆ, ਮਾਓਵਾਦੀ ਹਮਲੇ ਅਤੇ ਰੂਸ ਤੱਕ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।

ਪੁਲਵਾਮਾ ਵਿੱਚ ਹੋਇਆ ਹਮਲਾ ਪਿਛਲੇ ਤਿੰਨ ਦਹਾਕਿਆਂ ਦਾ ਸਭ ਤੋਂ ਵੱਡਾ ਹਮਲਾ ਹੈ। ਅਧਿਕਾਰੀਆਂ ਨੇ ਲੋਕਾਂ ਅਤੇ ਮੀਡੀਆ ਅਦਾਰਿਆਂ ਨੂੰ ਅਪੀਲ ਕੀਤੀ ਹੈ ਕਿ ਹਮਲੇ ਦੀਆਂ ਤਸਵੀਰਾਂ ਸਾਂਝੀਆਂ ਨਾ ਕਰਨ।

ਪਰ ਸੋਸ਼ਲ ਮੀਡੀਆ 'ਤੇ ਲੋਕ ਪੁਲਵਾਮਾ ਹਮਲੇ ਦੇ ਨਾਮ 'ਤੇ ਕੋਈ ਵੀ ਤਸਵੀਰ ਸ਼ੇਅਰ ਕਰ ਰਹੇ ਹਨ, ਹਾਲਾਂਕਿ ਪੁਲਵਾਮਾ ਹਮਲਾ ਬੇਹੱਦ ਘਾਤਕ ਅਤੇ ਡਰਾਵਨਾ ਸੀ, ਜਿਸ ਵਿੱਚ ਕਿਸੇ ਵੀ ਜਵਾਨ ਦੇ ਇੰਝ ਖ਼ੂਨ ਨਾਲ ਲਥਪਥ ਹੋਣ ਦੀ ਗੁੰਜਾਇਸ਼ ਨਹੀਂ ਸੀ।

ਰੂਸੀ ਜਵਾਨ

ਇੱਕ ਤਸਵੀਰ ਜੋ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸੈਨਿਕ ਦੇ ਸਰੀਰ 'ਤੇ ਪੱਟੀਆਂ ਬੰਨੀਆਂ ਹੋਈਆਂ ਹਨ ਪਰ ਬੰਦੂਕ ਚੁੱਕੀ ਅੱਗੇ ਵੱਧ ਰਿਹਾ ਹੈ ਅਤੇ ਉੱਥੇ ਖੜੇ ਲੋਕ ਉਸ ਨੂੰ ਹੈਰਾਨੀ ਨਾਲ ਦੇਖ ਰਹੇ ਹਨ।

ਉਸ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ ਹੋਇਆ ਹੈ, "ਸੈਨਾ ਨੂੰ ਖੁੱਲ੍ਹੀ ਛੁੱਟੀ ਮਿਲਣ ਤੋਂ ਬਾਅਦ ਹੁਣ ਕੋਈ ਵੀ ਕਦਮ ਚੁੱਕਣ ਦੀ ਪੂਰੀ ਆਜ਼ਾਦੀ ਹੈ। ਇਹ ਜਵਾਨ ਹਸਪਤਾਲ ਵਿੱਚ ਆਪਣਾ ਇਲਾਜ ਛੱਡ ਆਪਣੇ ਸਾਥੀਆਂ ਦਾ ਬਦਲਾ ਲੈਣ ਲਈ ਬੰਦੂਕ ਚੁੱਕ ਕੇ ਨਿਕਲ ਗਿਆ ਹੈ। ਸਾਡੀ ਸੈਨਾ ਦੀ ਤਾਕਤ ਇਹੀ ਹੈ, ਜੈ ਹਿੰਦ, ਵੰਦੇ ਮਾਤਰਮ।"

ਪਰ ਇਹ ਤਸਵੀਰ ਅਸਲ ਵਿੱਚ ਰੂਸ ਦੀ ਹੈ। ਸਰਚ ਇੰਜਨ ਯਾਂਡੈਕਸ ਤੋਂ ਪਤਾ ਚਲਦਾ ਹੈ ਕਿ ਇਹ ਤਸਵੀਰ 2001 ਦੀ ਹੈ ਜਦੋਂ ਕੱਟੜਪੰਥੀਆਂ ਨੇ ਇੱਕ ਸਕੂਲ ਨੂੰ ਆਪਣੇ ਕਬਜ਼ੇ ਵਿੱਚ ਲਿਆ ਸੀ ਅਤੇ ਇਸ ਹਮਲੇ ਵਿੱਚ ਸੈਂਕੜੇ ਲੋਕਾਂ ਦੀ ਜਾਨ ਗਈ ਸੀ।

ਇਹ ਵੀ ਪੜ੍ਹੋ-

ਸੀਰੀਆ ਵੀਡੀਓ

ਇਹ ਵੀਡੀਓ ਜਿਸ ਵਿੱਚ ਇੱਕ ਗੱਡੀ ਇੱਕ ਚੈਕ ਪੁਆਇੰਟ ਨੇੜੇ ਆ ਰਹੀ ਹੈ ਅਤੇ ਅੱਗ ਦੀਆਂ ਲਪਟਾਂ ਵਿਚੋਂ ਨਿਕਲਦੀ ਜਾ ਰਹੀ ਹੈ।

ਇਸ ਵੀਡੀਓ ਵੀ ਨੂੰ ਪੁਲਵਾਮਾ ਹਮਲੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਪੁਲਵਾਮਾ ਵਿੱਚ ਹਮਲੇ ਵਾਲੀ ਥਾਂ 'ਤੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ, ਜਿਸ ਵਿੱਚ ਇਹ ਫੁਟੇਜ ਕੈਦ ਹੋ ਗਈ ਹੈ।

ਪਰ ਇਸ ਵੀਡੀਓ ਵਿੱਚ ਦਿਖ ਰਿਹਾ ਇਲਾਕਾ ਅਤੇ ਸੰਰਚਨਾਤਮਕ ਢਾਂਚਾ ਕਸ਼ਮੀਰ ਦਾ ਨਹੀਂ ਹੈ। ਜਦੋਂ ਅਸੀਂ ਸਰਚ ਕੀਤਾ ਤਾਂ ਪਤਾ ਲੱਗਾ ਕਿ ਇਹ ਵੀਡੀਓ ਸੀਰੀਆ ਵਿੱਚ ਹੋਏ ਇੱਕ ਕਾਰ ਬੰਬ ਹਮਲੇ ਦਾ ਹੈ।

12 ਫਰਵਰੀ ਨੂੰ ਇਸਰਾਇਲੀ ਅਖ਼ਬਾਰ ਹਅਰਜ਼ ਨੇ ਆਪਣੇ ਯੂਟਿਊਬ ਚੈਨਲ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਸੀ।

2017 ਦਾ ਮਾਓਵਾਦੀ ਹਮਲਾ

ਇੱਕ ਤਸਵੀਰ ਤਿਰੰਗੇ ਵਿੱਚ ਲਿਪਟੇ ਤਾਬੂਤ ਦੀ ਹੈ। ਇਸ ਵਿੱਚ ਸਾਥੀ ਜਵਾਨ ਸ਼ਰਧਾਂਜਲੀ ਦੇ ਰਹੇ ਹਨ। ਇਸ ਨੂੰ ਵੀ ਪੁਲਵਾਮਾ ਦੇ ਨਾਮ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਪਰ ਇਹ ਤਸਵੀਰ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ 2017 ਵਿੱਚ ਨਕਸਲੀ ਹਮਲੇ 'ਚ ਮਾਰੇ ਗਏ ਸੀਆਰਪੀਐੱਫ ਜਵਾਨ ਦੀ ਹੈ।

ਕਈ ਲੋਕ ਅਤੇ ਇੱਥੋਂ ਤੱਕ ਕਿ ਨੇਤਾ ਵੀ ਇਨ੍ਹਾਂ ਤਸਵੀਰਾਂ ਨੂੰ ਪੁਲਵਾਮਾ ਹਮਲੇ ਦੇ ਨਾਮ 'ਤੇ ਸਾਂਝਾ ਕਰ ਰਹੇ ਹਨ ਜਦ ਕਿ ਇਹ ਪੁਰਾਣੀਆਂ ਤਸਵੀਰਾਂ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)