ਪੰਜਾਬ ਬਜਟ ਸੈਸ਼ਨ : ਨਹੀਂ ਲੱਗੇਗਾ ਕੋਈ ਨਵਾਂ ਟੈਕਸ, ਪੈਟਰੋਲ ਦੀ ਕੀਮਤ ਘਟੇਗੀ ਅਤੇ ਹੋਰ ਐਲਾਨ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 2019-20 ਦਾ ਬਜਟ ਪੇਸ਼ ਕਰਦੇ ਕਿਹਾ ਕਿ ਪੰਜਾਬ ਦੇ ਲੋਕਾਂ 'ਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ।
ਉਨ੍ਹਾਂ ਨੇ 1.58 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ।
ਪੰਜਾਬ ਸਿਰ ਕਰਜ਼ੇ ਦਾ ਭਾਰ ਹੋਰ ਵਧਣ ਦੀ ਸੰਭਾਵਨਾ ਹੈ। 31 ਮਾਰਚ ਤੋਂ ਲੈ ਕੇ ਹੁਣ ਤੱਕ ਪੰਜਾਬ ਸਿਰ ਕਰਜ਼ਾ 212276 ਕਰੋੜ ਸੀ ਜੋ ਸਾਲ 2019-20 ਤੱਕ ਵੱਧ ਕੇ 229612 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ।
ਇਹ ਹਨ ਬਜਟ ਦੀਆਂ ਕੁਝ ਮੁੱਖ ਗੱਲਾਂ:-
ਪੈਟਰੋਲ ਅਤੇ ਡੀਜ਼ਲ ਸਸਤਾ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਘਟਾਉਣ ਦਾ ਐਲਾਨ ਕਰ ਦਿੱਤਾ ਹੈ।
ਐਲਾਨ ਦੇ ਨਾਲ ਪੰਜਾਬ ਵਿਚ ਪੈਟਰੋਲ ਪੰਜ ਰੁਪਏ ਅਤੇ ਡੀਜ਼ਲ ਇੱਕ ਰੁਪਏ ਸਸਤਾ ਹੋਇਆ ਹੈ।
ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਘਟਾਉਣ ਦੇ ਐਲਾਨ ਤੋਂ ਬਾਅਦ ਨਵੀਂ ਦਰਾਂ ਮੰਗਲਵਾਰ ਰਾਤੀ 12 ਵਜੇ ਤੋਂ ਲਾਗੂ ਹੋਣਗੀਆਂ।
ਰੋਜ਼ਗਾਰ ਦੇ ਮੌਕੇ
ਬਜਟ ਵਿਚ ਪੰਜਾਬ ਸਰਕਾਰ ਨੇ 'ਮੇਰਾ ਕੰਮ , ਮੇਰਾ ਮਾਣ' ਨਾਮਕ ਸਕੀਮ ਦੀ ਤਜਵੀਜ਼ ਰੱਖੀ ਗਈ ਹੈ।
ਇਸ ਦੇ ਅਧੀਨ 18 ਤੋਂ 35 ਸਾਲ ਦੇ ਉਮਰ ਦੇ ਸ਼ਹਿਰੀ ਬੇਰੁਜ਼ਗਾਰ ਨੌਜਵਾਨਾਂ ਨੂੰ ਸਾਲ ਵਿਚ ਨਿਰਧਾਰਿਤ ਦਿਨਾਂ ਦੇ ਲਈ ਰੋਜ਼ਗਾਰ ਦਿੱਤਾ ਜਾਵੇਗਾ।
ਖੇਤੀਬਾੜੀ ਸੈਕਟਰ
ਸੂਬੇ ਵਿਚ ਕਣਕ ਅਤੇ ਝੋਨੇ ਹੇਠਲੇ ਰਕਬੇ ਨੂੰ ਘਟਾਉਣ ਦੇ ਲਈ ਖੇਤੀ ਭਿੰਨਤਾ ਉੱਤੇ ਜ਼ੋਰ ਦਿੱਤਾ ਹੈ ਇਸ ਦੇ ਲਈ 60 ਕਰੋੜ ਵੱਖਰੇ ਉੱਤੇ ਰੱਖੇ ਗਏ ਹਨ।
ਇਸ ਦੇ ਨਾਲ ਹੀ ਕਿਸਾਨ ਕਰਜ਼ ਮੁਆਫ਼ੀ ਦੇ ਲਈ 3000 ਕਰੋੜ ਰੁਪਏ ਰੱਖੇ ਹਨ।
ਇਹ ਵੀ ਪੜ੍ਹੋ-
ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਸਾਨਾਂ ਨੂੰ ਖੇਤੀਬਾੜੀ ਦੇ ਲਈ ਮੁਫ਼ਤ ਬਿਜਲੀ ਦੀ ਸਹੂਲਤ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਸਿੱਖਿਆ
ਪੰਜਾਬ ਦੇ ਦੋ ਹਜ਼ਾਰ ਤੋਂ ਵੱਧ ਸਕੂਲਾਂ ਨੂੰ ਅੰਗਰੇਜ਼ੀ ਮੀਡੀਅਮ ਵਿਚ ਤਬਦੀਲ ਕੀਤਾ ਜਾ ਰਿਹਾ ਹੈ।
ਫ਼ਿਲਹਾਲ ਸੂਬੇ ਵਿਚ 2387 ਅੰਗਰੇਜ਼ੀ ਮੀਡੀਅਮ ਵਾਲੇ ਸਕੂਲ ਹਨ।
ਪੰਜਾਬ ਵਿੱਚ 261 ਸਮਾਰਟ ਸਕੂਲ ਬਣਾਏ ਜਾਣਗੇ।
ਹੈਲਥ ਸੈਕਟਰ
ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿਚ ਨਵਾਂ ਸਰਕਾਰੀ ਮੈਡੀਕਲ ਕਾਲਜ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਪੰਜਾਹ ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।
ਇਸ ਦੇ ਨਾਲ ਹੀ ਗੁਰਦਾਸਪੁਰ, ਪਠਾਨਕੋਟ ਅਤੇ ਸੰਗਰੂਰ ਜ਼ਿਲਿਆਂ ਵਿਚ ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣ ਦੀ ਵੀ ਤਜਵੀਜ਼ ਕੀਤੀ ਗਈ ਹੈ।
ਨਸ਼ੇ ਦੀ ਰੋਕਥਾਮ
ਨਸ਼ੇ ਦੀ ਰੋਕਥਾਮ ਦੇ ਸਰਕਾਰ ਨੇ ਕਿਤਾਬਾਂ ਰਾਹੀਂ ਜਾਗਰੂਕਤਾ ਫੈਲਾਉਣ ਦਾ ਫ਼ੈਸਲਾ ਕੀਤਾ ਹੈ।
ਅੱਠਵੀਂ ਅਤੇ ਅਤੇ ਦਸਵੀਂ ਦੀਆਂ ਕਿਤਾਬਾਂ ਵਿਚ ਨਸ਼ੇ ਬਾਰੇ ਜਾਗਰੂਕਤਾ ਪਾਠਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਹੋਰ ਐਲਾਨ
- ਅੰਮ੍ਰਿਤਸਰ ਨੂੰ ਆਈਕਨ ਸਿਟੀ ਬਣਾਉਣ ਲਈ 10 ਕਰੋੜ ਰਪਏ ਦੀ ਤਜਵੀਜ਼
- ਹੁਸ਼ਿਆਪੁਰ, ਫਾਜ਼ਿਲਕਾ ਤੇ ਅੰਮ੍ਰਿਤਸਰ 'ਚ ਕੈਂਸਰ ਸੈਂਟਰ ਬਣਾਏ ਜਾਣਗੇ
- ਕਿਸੇ ਤਰ੍ਹਾਂ ਦਾ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ
- ਸੂਬੇ ਵਿੱਚ 100 ਨਵੀਆਂ ਬੱਸਾਂ ਚਲਾਈਆਂ ਜਾਣਗੀਆਂ
- ਪੰਜਾਬ ਯਨੀਵਰਸਿਟੀ ਲਈ 50 ਕਰੋੜ ਰੁਪਏ ਦੀ ਗਰਾਂਟ ਦਾ ਐਲਾਨ
- ਪਟਿਆਲਾ ਵਿੱਚ ਬਣੇਗੀ ਓਪਨ ਯੂਨੀਵਰਸਿਟੀ ਜਿਸ ਲਈ 5 ਕਰੋੜ ਦਿੱਤੇ ਗਏ
- ਜਲੰਧਰ ਵਿੱਚ ਬਣੇਗਾ 'ਸਪੋਰਟਸ ਕੰਪਲੈਕਸ'
- ਪਟਿਆਲਾ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਲਈ 189 ਕਰੋੜ ਦਾ ਐਲਾਨ
- ਗੁਰਦਾਸਪੁਰ, ਸੰਗਰੂਰ ਤੇ ਪਠਾਨਕੋਟ 'ਚ ਬਣਨਗੇ ਮੈਡੀਕਲ ਕਾਲਜ
ਮਜੀਠੀਆ ਨੇ ਨਵਜੋਤ ਸਿੱਧੂ 'ਤੇ ਸਾਧਿਆ ਨਿਸ਼ਾਨਾ
ਜਿਵੇਂ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਅਕਾਲੀ ਦਲ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਕਥਿਤ ਪਾਕਿਸਤਾਨ ਬਾਰੇ ਟਿੱਪਣੀਆਂ ਦੇ ਮੁੱਦੇ ਨੂੰ ਲੈ ਕੇ ਰੋਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਤਿੱਖੀ ਬਹਿਸ ਹੋਈ। ਦੋਵਾਂ ਵਿਚਾਲੇ ਬਹਿਸ ਇੰਨੀ ਵੱਧ ਗਈ ਗਈ ਕਿ ਵਿਧਾਨ ਸਭਾ ਵਿੱਚ ਦੋਵਾਂ ਨੇ ਇੱਕ ਦੂਜੇ ਨੂੰ ਅਪਸ਼ਬਦ ਆਖੇ।
ਬਹਿਸ ਨੂੰ ਦੇਖਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਸਦਨ ਦੀ ਕਾਰਵਾਈ ਕੁਝ ਸਮੇਂ ਲਈ ਰੋਕਣੀ ਵੀ ਪਈ।
ਇਸ ਤੋਂ ਬਾਅਦ ਮਾਰਸ਼ਲਾਂ ਨੂੰ ਬੁਲਾ ਕੇ ਅਕਾਲੀ ਦਲ ਅਤੇ ਭਾਜਪਾ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕਰ ਦਿੱਤਾ ਗਿਆ।
ਬਜਟ ਦਾ ਭਾਸ਼ਣ ਮਨਪ੍ਰੀਤ ਬਾਦਲ ਨੇ ਸੈਸ਼ਨ ਦੁਆਰਾ ਸ਼ੁਰੁ ਹੋਨ 'ਤੇ ਪੂਰਾ ਕੀਤਾ।