ਪੁਲਵਾਮਾ ਹਮਲੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, 'ਉਨ੍ਹਾਂ ਨੇ 41 ਮਾਰੇ, ਸਾਨੂੰ ਉਨ੍ਹਾਂ ਦੇ 82 ਮਾਰਨੇ ਚਾਹੀਦੇ ਹਨ'

ਤਸਵੀਰ ਸਰੋਤ, NARINDER NANU/AFP/GETTY IMAGES
ਮੁੱਖ ਅਮਰਿੰਦਰ ਸਿੰਘ ਨੇ ਪੁਲਵਾਮਾ ਹਮਲੇ ਬਾਰੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਵੇਲਾ ਕੁਝ ਕਰਨ ਦਾ ਹੈ, ਪੂਰਾ ਦੇਸ ਗੁੱਸੇ ਵਿੱਚ ਹੈ
ਪੁਲਵਾਮਾ ਹਮਲੇ 'ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਜਦੋਂ ਸਾਡੇ 41 ਮਾਰੇ ਗਏ ਹਨ ਤਾਂ ਸਾਨੂੰ ਉਨ੍ਹਾਂ ਦੇ 82 ਮਾਰਨੇ ਚਾਹੀਦੇ ਹਨ।"
ਉਨ੍ਹਾਂ ਨੇ ਕਿਹਾ ਕਿ ਜਵਾਨਾਂ ਦੇ ਰੋਜ਼ ਇਸ ਤਰ੍ਹਾਂ ਮਾਰੇ ਜਾਣ 'ਤੇ ਪੂਰਾ ਦੇਸ ਤੰਗ ਆ ਗਿਆ ਹੈ ਅਤੇ ਹੁਣ ਕੇਂਦਰ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਕਿਹੜੀ ਕਾਰਵਾਈ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਪਰ ਇਹ ਸਪੱਸ਼ਟ ਹੈ ਕਿ ਕਾਰਵਾਈ ਤਾਂ ਤੁਰੰਤ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ, "ਕੋਈ ਕਿਸੇ ਨੂੰ ਜੰਗ ਲਈ ਨਹੀਂ ਕਹਿ ਰਿਹਾ ਪਰ ਇਨ੍ਹਾਂ ਜਵਾਨਾਂ ਦਾ ਮਰਨਾ ਕੋਈ ਮਜ਼ਾਕ ਨਹੀਂ ਹੈ। ਕੁਝ ਕਰਨ ਦੀ ਲੋੜ ਹੈ। ਮੈਂ ਤੰਗ ਆ ਗਿਆ ਹਾਂ, ਪੂਰਾ ਦੇਸ ਤੰਗ ਆ ਗਿਆ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਪਾਕਿਸਤਾਨ ਨੂੰ ਇਸ ਕਰਕੇ ਨਹੀਂ ਬਖ਼ਸ਼ਿਆ ਜਾ ਸਕਦਾ ਕਿ ਉਸ ਕੋਲ ਪਰਮਾਣੂ ਸ਼ਕਤੀ ਹੈ, ਉਹ ਤਾਂ ਸਾਡੇ ਕੋਲ ਵੀ ਹੈ ਅਤੇ ਕਾਰਗਿਲ ਵੇਲੇ ਵੀ ਪਾਕਿਸਤਾਨ ਕੋਲ ਪਰਮਾਣੂ ਸਮਰਥਾ ਸੀ ਪਰ ਅਸੀਂ ਉਨ੍ਹਾਂ ਨੂੰ ਫੌਜ ਨਾਲ ਹਰਾਇਆ ਸੀ।"
ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫ਼ਲੇ 'ਤੇ ਹੋਏ ਹਮਲੇ ਵਿੱਚ ਮਾਰੇ ਜਾਣ ਵਾਲੇ ਜਵਾਨਾਂ ਵਿੱਚ 4 ਪੰਜਾਬ ਤੋਂ ਸਨ।
ਕੈਪਟਨ ਅਮਰਿੰਦਰ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਬਾਰੇ ਕਿਹਾ ਕਿ ਸਿੱਧੂ ਨੂੰ ਸੁਰੱਖਿਆ ਮਾਮਲਿਆਂ ਬਾਰੇ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ-
ਤਸਵੀਰ ਸਰੋਤ, Getty Images
ਸਿੱਧੂ ਦੇ ਬਿਆਨ ਨੂੰ ਲੈ ਕੇ ਹੋਇਆ ਬਜਟ ਸੈਸ਼ਨ ਦੌਰਾਨ ਹੰਗਾਮਾ
ਸਿੱਧੂ 14 ਫਰਵਰੀ ਨੂੰ ਪੁਲਵਾਮਾ ਵਿੱਚ ਹੋਏ ਆਤਮਘਾਤੀ ਹਮਲੇ ਬਾਰੇ ਦਿੱਤੇ ਆਪਣੇ ਬਿਆਨ ਕਾਰਨ ਚਰਚਾ ਵਿੱਚ ਹਨ।
ਸਿੱਧੂ ਨੇ ਕੀ ਕਿਹਾ ਸੀ?
ਸ਼ੁੱਕਰਵਾਰ ਨੂੰ ਸਿੱਧੂ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਹਮਲੇ ਦੀ ਨਿੰਦਾ ਕਰਨ ਤੋਂ ਬਾਅਦ ਕਿਹਾ ਸੀ, "ਅਜਿਹੇ ਲੋਕਾਂ (ਅੱਤਵਾਦੀਆਂ) ਦਾ ਕੋਈ ਮਜ਼ਹਬ ਨਹੀਂ ਹੁੰਦਾ, ਦੇਸ ਨਹੀਂ ਹੁੰਦਾ, ਜਾਤ ਨਹੀਂ ਹੁੰਦੀ।"
"ਲੋਹਾ ਲੋਹੇ ਨੂੰ ਕੱਟਦਾ ਹੈ, ਜ਼ਹਿਰ ਜ਼ਹਿਰ ਨੂੰ ਮਾਰਦਾ ਹੈ, ਸੱਪ ਦੇ ਡੰਗੇ ਦਾ ਐਂਟੀ-ਡੋਟ ਜ਼ਹਿਰ ਹੀ ਹੁੰਦੀ ਹੈ ਪਰ ਜਿੱਥੇ-ਜਿੱਥੇ ਵੀ ਜੰਗਾਂ ਹੁੰਦੀਆਂ ਰਹੀਆਂ ਹਨ ਉੱਥੇ ਨਾਲ-ਨਾਲ ਗੱਲਬਾਤ ਵੀ ਹੁੰਦੀ ਰਹੀ ਹੈ, ਤਾਂ ਕਿ ਕੋਈ ਸਥਾਈ ਹੱਲ ਕੱਢਿਆ ਜਾ ਸਕੇ।"
"ਕਿਸੇ ਨੂੰ ਗਾਲਾਂ ਕੱਢ ਕੇ ਇਹ ਠੀਕ ਨਹੀਂ ਹੋਵੇਗਾ, ਇਸ ਦਾ ਕੋਈ ਸਥਾਈ ਹੱਲ ਆਉਣਾ ਚਾਹੀਦਾ ਹੈ। ਕਦੋਂ ਤੱਕ ਸਾਡੇ ਜਵਾਨ ਸ਼ਹੀਦ ਹੁੰਦੇ ਰਹਿਣਗੇ? ਕਦੋਂ ਤੱਕ ਇਹ ਖੂਨ-ਖ਼ਰਾਬਾ ਹੁੰਦਾ ਰਹੇਗਾ?"
ਇਹ ਵੀ ਪੜ੍ਹੋ:-
ਬਜਟ ਸੈਸ਼ਨ ਦੌਰਾਨ ਹੋਇਆ ਹੰਗਾਮਾ
ਜਿਵੇਂ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਅਕਾਲੀ ਦਲ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਕਥਿਤ ਪਾਕਿਸਤਾਨ ਬਾਰੇ ਟਿੱਪਣੀਆਂ ਦੇ ਮੁੱਦੇ ਨੂੰ ਲੈ ਕੇ ਰੌਲਾ-ਰੱਪਾ ਪਾਉਣਾ ਸ਼ੁਰੂ ਕਰ ਦਿੱਤਾ।
ਤਸਵੀਰ ਸਰੋਤ, Getty Images
ਸੈਸ਼ਨ ਦੌਰਾਨ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਤਿੱਖੀ ਬਹਿਸ ਹੋਈ
ਇਸ ਤੋਂ ਬਾਅਦ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਤਿੱਖੀ ਬਹਿਸ ਹੋਈ। ਦੋਵਾਂ ਵਿਚਾਲੇ ਬਹਿਸ ਇੰਨੀ ਵੱਧ ਗਈ ਗਈ ਕਿ ਵਿਧਾਨ ਸਭਾ ਵਿੱਚ ਦੋਵਾਂ ਨੇ ਇੱਕ ਦੂਜੇ ਨੂੰ ਅਪਸ਼ਬਦ ਆਖੇ।
ਬਹਿਸ ਨੂੰ ਦੇਖਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਸਦਨ ਦੀ ਕਾਰਵਾਈ ਕੁਝ ਸਮੇਂ ਲਈ ਰੋਕਣੀ ਵੀ ਪਈ।
ਇਸ ਤੋਂ ਬਾਅਦ ਮਾਰਸ਼ਲਾਂ ਨੂੰ ਬੁਲਾ ਕੇ ਅਕਾਲੀ ਦਲ ਅਤੇ ਭਾਜਪਾ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕਰ ਦਿੱਤਾ ਗਿਆ।