ਪੁਲਵਾਮਾ: #PakistanAndCongress ਦੇ ਨਾਲ ਵਾਇਰਲ ਦਾਅਵਿਆਂ ਦੀ ਸੱਚਾਈ

ਪ੍ਰਿਅੰਕਾ, ਰਾਹੁਲ ਗਾਂਧੀ Image copyright Getty Images

ਭਾਰਤ ਸ਼ਾਸ਼ਿਤ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਭਾਰਤੀ ਫੌਜ ਦੇ ਚਾਰ ਜਵਾਨਾਂ ਦੀ ਮੌਤ ਦੀ ਖ਼ਬਰ ਆਉਣ ਦੇ ਕੁਝ ਦੇਰ ਬਾਅਦ #PakistanAndCongress ਟਵਿੱਟਰ ਦੇ ਟਾਪ ਟਰੈਂਡ ਵਿੱਚ ਸ਼ਾਮਿਲ ਹੋ ਗਿਆ।

#PakistanAndCongress ਦੇ ਨਾਲ ਜਿਨ੍ਹਾਂ ਲੋਕਾਂ ਨੇ ਟਵੀਟ ਕੀਤੇ ਹਨ ਉਨ੍ਹਾਂ ਵਿੱਚ ਸੱਜੇ ਪੱਖੀ ਰੁਝਾਣ ਵਾਲੇ ਜ਼ਿਆਦਾਤਰ ਸੋਸ਼ਲ ਮੀਡੀਆ ਯੂਜ਼ਰਜ਼ ਨੇ ਕਈ ਤਰੀਕੇ ਦੇ ਇਲਜ਼ਾਮ ਲਗਾਏ ਹਨ।

ਉਨ੍ਹਾਂ ਦੇ ਇਲਜ਼ਾਮ ਹਨ ਕਿ ਪੁਲਵਾਮਾ ਹਮਲੇ ਤੋਂ ਬਾਅਦ ਵੀ ਪਾਕਿਸਤਾਨ ਲਈ ਕਾਂਗਰਸ ਪਾਰਟੀ ਦਾ ਰੁਖ 'ਨਰਮ' ਹੈ।

ਹਜ਼ਾਰਾਂ ਲੋਕਾਂ ਨੇ ਇਸ ਹੈਸ਼ਟੈਗ ਨਾਲ ਨਾ ਕੇਵਲ ਟਵਿੱਟਰ 'ਤੇ ਹੀ ਨਹੀਂ ਬਲਕਿ ਫੇਸਬੁੱਕ ਅਤੇ ਸ਼ੇਅਰ ਚੈਟ ਵਰਗੀਆਂ ਐਪਸ 'ਤੇ ਭੜਕਾਉਣ ਵਾਲੀ ਸਮੱਗਰੀ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ:

ਬਹੁਤ ਸਾਰੇ ਲੋਕਾਂ ਨੇ ਇਸ ਹੈਸ਼ਟੈਗ ਨਾਲ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਇਸਤੇਮਾਲ ਕੀਤੇ ਹਨ।

ਪਰ ਸਾਡੀ ਪੜਤਾਲ ਵਿੱਚ ਇਹ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਗਲਤ ਅਤੇ ਬੇਬੁਨਿਆਦ ਸਾਬਿਤ ਹੋਏ ਹਨ।

Image copyright Twitter
ਫੋਟੋ ਕੈਪਸ਼ਨ #PakistanAndCongress ਨਾਲ ਜੁੜੇ ਕਈ ਫਰਜ਼ੀ ਖ਼ਬਰਾਂ ਦੇ ਟਵੀਟ ਕੀਤੇ ਜਾ ਰਹੇ ਹਨ

ਪ੍ਰਿਅੰਕਾ ਗਾਂਧੀ ਦੀ ਮੁਲਾਕਾਤ

ਸੱਜੇ ਪੱਖੀ ਹਮਾਇਤੀ ਆਪਣੇ ਫੇਸਬੁੱਕ ਗਰੁੱਪਸ ਵਿੱਚ ਟ੍ਰੈਂਡਿੰਗ ਹੈਸ਼ਟੈਗ ਦੇ ਨਾਲ ਲਿਖ ਰਹੇ ਹਨ ਕਿ ਕਾਂਗਰਸ ਪਾਰਟੀ ਦੀ ਨਵੀਂ ਜਨਰਲ ਸਕਤੱਰ ਪ੍ਰਿਅੰਕਾ ਗਾਂਧੀ 7 ਫਰਵਰੀ ਨੂੰ ਦੁਬਈ ਵਿੱਚ ਪਾਕਿਸਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਮਿਲੇ ਸਨ।

ਟਵਿੱਟਰ ਅਤੇ ਫੇਸਬੁੱਕ 'ਤੇ ਇਸ ਤਰੀਕੇ ਦੇ ਸੰਦੇਸ਼ ਹਜ਼ਾਰਾਂ ਬਾਰ ਸ਼ੇਅਰ ਕੀਤੇ ਜਾ ਚੁੱਕੇ ਹਨ।

ਪਰ ਤੱਥਾਂ ਦੇ ਆਧਾਰ 'ਤੇ ਇਹ ਦਾਅਵਾ ਗਲਤ ਸਾਬਿਤ ਹੋਇਆ ਹੈ।

Image copyright Getty Images
ਫੋਟੋ ਕੈਪਸ਼ਨ ਪੁਲਵਾਮਾ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਈ ਤਰੀਕੇ ਦੀਆਂ ਫਰਜ਼ੀ ਖ਼ਬਰਾਂ ਪੇਸ਼ ਕੀਤੀਆਂ ਜਾ ਰਹੀਆਂ ਹਨ

ਕਿਉਂਕਿ 7 ਫਰਵਰੀ ਨੂੰ ਪ੍ਰਿਅੰਕਾ ਗਾਂਧੀ ਆਗਾਮੀ ਲੋਕ ਸਭਾ ਚੋਣਾਂ ਵਿੱਚ ਅਧਿਕਾਰਿਕ ਤੌਰ 'ਤੇ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਦੇ ਮੁੱਖ ਦਫ਼ਤਰ ਮੀਟਿੰਗ ਲਈ ਪਹੁੰਚੇ ਸਨ।

ਇਸ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਸਾਰੇ ਜਨਰਲ ਸਕੱਤਰ ਅਤੇ ਸੂਬਿਆਂ ਦੇ ਪ੍ਰਭਾਰੀ ਸ਼ਾਮਿਲ ਹੋਏ ਹਨ।

ਰਾਹੁਲ ਗਾਂਧੀ ਦਾ ਟਵੀਟ

ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਦਾ 24 ਅਕਤੂਬਰ 2018 ਦਾ ਇੱਕ ਟਵੀਟ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਟਵੀਟ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਇਹ ਕਹਿੰਦੇ ਹੋਏ ਨਿਸ਼ਾਨਾ ਬਣਾਇਆ ਹੈ ਕਿ, "ਪ੍ਰਧਾਨ ਮੰਤਰੀ ਨੇ ਸੀਬੀਆਈ ਡਾਇਰੈਕਟਰ ਨੂੰ ਹਟਾ ਦਿੱਤਾ ਤਾਂ ਜੋ ਜਾਂਚ ਨੂੰ ਰੋਕਿਆ ਜਾ ਸਕੇ।"

ਵਾਇਰਲ ਹੋਏ ਇਸ ਟਵੀਟ ਨੂੰ ਹੁਣ ਤੱਕ 10 ਹਜ਼ਾਰ ਤੋਂ ਵੱਧ ਲੋਕ ਰੀ-ਟਵੀਟ ਕਰ ਚੁੱਕੇ ਹਨ।

Image copyright Twitter

ਪਰ ਕੁਝ ਲੋਕਾਂ ਨੇ ਅਜਿਹਾ ਦਾਅਵਾ ਕੀਤਾ ਕਿ "ਪਾਕਿਸਤਾਨ ਡਿਫੈਂਸ ਨੇ ਵੀ ਰਾਹੁਲ ਦਾ ਇਹ ਟਵੀਟ ਰੀ-ਟਵੀਟ ਕੀਤਾ ਸੀ ਕਿਉਂਕਿ ਮੋਦੀ ਨੂੰ ਹਟਾਉਣ ਲਈ ਪਾਕਿਸਤਾਨ ਕਾਂਗਰਸ ਪਾਰਟੀ ਦੀ ਮਦਦ ਕਰ ਰਿਹਾ ਹੈ।"

ਇਹ ਦਾਅਵਾ ਬਿਲਕੁਲ ਗਲਤ ਹੈ ਕਿਉਂਕਿ ਪਾਕਿਸਤਾਨ ਦੇ ਰੱਖਿਆ ਮੰਤਰਾਲੇ ਅਤੇ ਪਾਕਿਸਤਾਨੀ ਫੌਜ ਦਾ 'ਪਾਕਿਸਤਾਨ ਡਿਫੈਂਸ' ਨਾਂ ਦਾ ਕੋਈ ਅਧਿਕਾਰਿਕ ਟਵਿੱਟਰ ਹੈਂਡਲ ਨਹੀਂ ਹੈ।

ਇਹ ਵੀ ਪੜ੍ਹੋ:

ਪਾਕਿਸਤਾਨ ਆਪਣੇ ਡਿਫੈਂਸ ਅਤੇ ਫੌਜ ਨਾਲ ਜੁੜੀ ਜਾਣਕਾਰੀ ਟਵੀਟ ਕਰਨ ਲਈ 'ਇੰਟਰ ਸਰਵਿਸ ਪਬਲਿਕ ਰਿਲੇਸ਼ਨ' (ISPR) ਦੇ ਅਧਿਕਾਰਿਕ ਹੈਂਡਲ ਦਾ ਇਸਤੇਮਾਲ ਕਰਦਾ ਹੈ।

ਸਿੱਬਲ ਦਾ ਬਿਆਨ

ਦੱਖਣੀ ਭਾਰਤ ਦੇ ਜ਼ਿਆਦਾਤਰ ਕਥਿਤ ਮੋਦੀ ਹਮਾਇਤੀ ਸੋਸ਼ਲ ਮੀਡੀਆ ਗਰੁੱਪਸ ਵਿੱਚ ਕਾਂਗਰਸ ਨੇਤਾ ਕਪਿਲ ਸਿੱਬਲ ਦਾ ਬਿਆਨ #PakistanAndCongress ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਅਨੁਸਾਰ ਸਿੱਬਲ ਨੇ 'ਅੱਤਵਾਦੀ ਰਾਸ਼ਟਰਵਾਦ' ਨੂੰ ਪੁਲਵਾਮਾ ਹਮਲੇ ਦਾ ਕਾਰਨ ਦੱਸਿਆ ਹੈ।

ਇਸ ਨੂੰ ਸੱਜੇ ਪੱਖੀ ਰੁਝਾਨਾਂ ਵਾਲੇ ਵੱਡੇ ਹਿੰਦੀ ਭਾਸ਼ੀ ਗਰੁੱਪਾਂ ਵਿੱਚ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਬਾਰੇ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਬੀਬੀਸੀ ਨਾਲ ਹੋਈ ਗੱਲਬਾਤ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਨੇ 14 ਫਰਵਰੀ ਨੂੰ ਹੋਏ ਪੁਲਵਾਮਾ ਹਮਲੇ 'ਤੇ ਨਾ ਕੇਵਲ ਸੋਸ਼ਲ ਮੀਡੀਆ ਜ਼ਰੀਏ, ਬਲਕਿ ਦੂਜੀ ਮੀਡੀਆ ਜ਼ਰੀਏ ਵੀ ਇਸ ਤਰੀਕੇ ਦਾ ਕੋਈ ਬਿਆਨ ਨਹੀਂ ਦਿੱਤਾ ਹੈ।

Image copyright viral video

ਕਸ਼ਮੀਰੀ ਟਰੱਕ ਡਰਾਈਵਰ

ਸੋਸ਼ਲ ਮੀਡੀਆ 'ਤੇ ਕਾਫ਼ੀ ਲੋਕ ਕਸ਼ਮੀਰ ਦੇ ਬਾਸ਼ਿੰਦਿਆਂ ਬਾਰੇ ਜ਼ਹਿਰ ਉਗਲ ਰਹੇ ਹਨ ਅਤੇ ਉਨ੍ਹਾਂ ਦੇ ਖਿਲਾਫ਼ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਬਹੁਤ ਲੋਕਾਂ ਨੇ ਲਿਖਿਆ ਹੈ ਕਿ 'ਕਾਂਗਰਸੀ ਨੇਤਾ ਉਨ੍ਹਾਂ ਕਸ਼ਮੀਰੀ ਲੋਕਾਂ ਦਾ ਸਾਥ ਦੇ ਰਹੇ ਹਨ ਜਿਨ੍ਹਾਂ ਨੇ ਪੁਲਵਾਮਾ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।'

ਪਰ ਕੁਝ ਅਜਿਹੇ ਲੋਕ ਵੀ ਹਨ ਜੋ ਪੁਰਾਣੇ ਵੀਡੀਓਜ਼ ਸ਼ੇਅਰ ਕਰਕੇ ਕਸ਼ਮੀਰੀ ਲੋਕਾਂ ਵਿੱਚ ਡਰ ਪੈਦਾ ਕਰਨ ਅਤੇ ਉਨ੍ਹਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀਡੀਓਜ਼ ਦੋਵੇਂ ਤਰੀਕੇ ਨਾਲ ਇਸਤੇਮਾਲ ਕੀਤੇ ਜਾ ਰਹੇ ਹਨ।

ਅਜਿਹਾ ਹੀ ਇੱਕ ਹੋਰ ਵੀਡੀਓ ਹੈ ਜਿਸ ਦੇ ਨਾਲ ਲਿਖਿਆ ਹੈ ਕਿ ਪੁਲਵਾਮਾ ਹਮਲੇ ਕਰਕੇ ਗੁੱਸੇ ਵਿੱਚ ਆਏ ਲੋਕਾਂ ਨੇ ਕਸ਼ਮੀਰੀ ਟਰੱਕ ਡਰਾਈਵਰ ਨਾਲ ਕੁੱਟਮਾਰ ਕੀਤੀ ਹੈ।

ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਵੀਡੀਓ ਨੂੰ ਜੰਮੂ ਦੇ ਉੱਧਮਪੁਰ ਦਾ ਦੱਸਿਆ ਹੈ ਪਰ ਜੰਮੂ-ਕਸ਼ਮੀਰ ਪੁਲਿਸ ਨੇ ਸਾਲ 2018 ਵਿੱਚ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਇਸ ਵੀਡੀਓ ਦਾ ਪੁਲਵਾਮਾ ਘਟਨਾ ਨਾਲ ਜੁੜੇ ਹੋਣ ਦਾ ਖੰਡਨ ਕੀਤਾ ਹੈ।

16 ਫਰਵਰੀ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਆਪਣੇ ਅਧਿਕਾਰਿਕ ਟਵੀਟ ਵਿੱਚ ਲਿਖਿਆ ਹੈ, "ਕਸ਼ਮੀਰੀ ਡਰਾਈਵਰ ਦੀ ਕੁੱਟਮਾਰ ਦਾ ਇੱਕ ਵੀਡੀਓ ਜਿਸ ਨੂੰ ਉਧਮਪੁਰ ਦਾ ਦੱਸ ਕੇ ਅਫਵਾਹ ਫੈਲਾਈ ਜਾ ਰਹੀ ਹੈ, ਉਹ ਫੇਕ ਹੈ, ਅਜਿਹੀਆਂ ਅਫਵਾਹਾਂ 'ਤੇ ਧਿਆਨ ਨਾ ਦਿੱਤਾ ਜਾਵੇ।"

ਕਸ਼ਮੀਰੀ ਵਰਕਰਾਂ ਦੀ ਕੁੱਟਮਾਰ

ਇਸ ਤਰ੍ਹਾਂ ਕਸ਼ਮੀਰ ਦੇ ਸਥਾਨਕ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਕੁਝ ਦਿਨ ਪਹਿਲਾਂ ਇੰਟਰਨੈੱਟ 'ਤੇ ਵਾਇਰਲ ਹੋਇਆ ਵਿਆਹ ਦੌਰਾਨ ਹਿੰਸਾ ਦਾ ਵੀਡੀਓ, ਕਸ਼ਮੀਰੀ ਵਰਕਰਾਂ ਨਾਲ ਕੁੱਟਮਾਰ ਦਾ ਵੀਡੀਓ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਵੀਡੀਓ ਨੂੰ ਚੰਡੀਗੜ੍ਹ ਦਾ ਦੱਸਿਆ ਜਾ ਰਿਹਾ ਹੈ। ਜਦਕਿ ਇਹ ਵੀਡੀਓ ਦਿੱਲੀ ਦੇ ਜਨਕਪੁਰੀ ਸਥਿਤ ਇੱਕ ਫਾਈਵ ਸਟਾਰ ਹੋਟਲ ਦਾ ਹੈ ਜਿੱਥੇ ਖਾਣੇ ਦੀ ਸਰਵਿਸ ਨੂੰ ਲੈ ਕੇ ਮਹਿਮਾਨਾਂ ਅਤੇ ਹੋਟਲ ਸਟਾਫ ਵਿਚਾਲੇ ਝਗੜਾ ਹੋ ਗਿਆ ਸੀ।

ਹਾਲਾਂਕਿ ਸੋਸ਼ਲ ਮੀਡੀਆ ਵਿੱਚ ਕਈ ਅਜਿਹੀਆਂ ਰਿਪੋਰਟਾਂ ਆਈਆਂ ਹਨ ਜਿਨ੍ਹਾਂ ਵਿੱਚ ਕਸ਼ਮੀਰੀ ਮੂਲ ਦੇ ਲੋਕਾਂ ਨਾਲ ਬਦਸਲੂਕੀ ਅਤੇ ਮਾੜੇ ਵਤੀਰੇ ਦੀਆਂ ਗੱਲਾਂ ਸਾਹਮਣੇ ਆਈਆਂ ਹਨ।

ਪਰ ਵਿਆਹ ਦੇ ਵੀਡੀਓ ਦਾ ਇੱਕ ਹਿੱਸਾ ਜਿਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ ਉਸ ਦਾ ਪੁਲਵਾਮਾ ਹਮਲੇ ਅਤੇ ਕਸ਼ਮੀਰੀ ਮੂਲ ਦੇ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Image copyright viral video
ਫੋਟੋ ਕੈਪਸ਼ਨ ਨੇਪਾਲ ਸਿੰਘ ਦੇ ਪੁਰਾਣੇ ਬਿਆਨ ਨੂੰ ਪੁਲਵਾਮਾ ਹਮਲੇ ਨਾਲ ਜੋੜਿਆ ਗਿਆ

ਭਾਜਪਾ ਆਗੂ ਦਾ ਬਿਆਨ

ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ #PakistanAndCongress ਦੇ ਜਵਾਬ ਵਿੱਚ ਭਾਜਪਾ ਦੇ ਮੈਂਬਰ ਪਾਰਲੀਮੈਂਟ ਨੇਪਾਲ ਸਿੰਘ ਦਾ ਪੁਰਾਣਾ ਬਿਆਨ ਪੁਲਵਾਮਾ ਹਮਲੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਨਾ ਕੇਵਲ ਕਾਂਗਰਸ ਹਮਾਇਤੀ ਫੇਸਬੁੱਕ ਗਰੁੱਪਾਂ ਵਿੱਚ, ਬਲਕਿ ਮੁੰਬਈ ਕਾਂਗਰਸ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੇ ਵੀ ਭਾਜਪਾ ਦੇ ਮੈਂਬਰ ਪਾਰਲੀਮੈਂਟ ਦੇ ਬਿਆਨ 'ਤੇ ਆਧਾਰਿਤ ਸਾਲ ਪੁਰਾਣੀ ਖ਼ਬਰ ਨੂੰ ਪੁਲਵਾਮਾ ਹਮਲੇ ਨਾਲ ਜੋੜ ਕੇ ਟਵੀਟ ਕੀਤਾ ਹੈ।

Image copyright Mumbai congress/twitter
ਫੋਟੋ ਕੈਪਸ਼ਨ ਨੇਪਾਲ ਸਿੰਘ ਦੇ ਬਿਆਨ ਨੂੰ ਮੁੰਬਈ ਕਾਂਗਰਸ ਵੱਲੋਂ ਵੀ ਟਵੀਟ ਕੀਤਾ ਗਿਆ

ਸਾਲ 2017 ਦੇ ਅੰਤ ਵਿੱਚ ਸੀਆਰਪੀਐੱਫ ਦੇ ਟਰੇਨਿੰਗ ਕੈਂਪ 'ਤੇ ਹੋਏ ਹਮਲੇ ਵਿੱਚ ਭਾਰਤ ਦੇ ਚਾਰ ਜਵਾਨ ਮਾਰੇ ਗਏ ਸਨ।

ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਆਗੂ ਨੇਪਾਲ ਸਿੰਘ ਨੇ ਕਿਹਾ ਸੀ, "ਆਰਮੀ ਵਿੱਚ ਤਾਂ ਰੋਜ਼ ਮਰਨਗੇ, ਕੋਈ ਅਜਿਹਾ ਦੇਸ ਹੈ ਜਿੱਥੇ ਝਗੜਾ ਹੋਵੇ ਅਤੇ ਫੌਜੀ ਮਰਦਾ ਨਾ ਹੋਣ।"

ਨੇਪਾਲ ਸਿੰਘ ਦੀ ਕਾਫ਼ੀ ਆਲੋਚਨਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਇਸ ਬਿਆਨ ਲਈ ਮਾਫੀ ਮੰਗਣੀ ਪਈ ਸੀ। ਉਨ੍ਹਾਂ ਦੇ ਇਸ ਬਿਆਨ ਨੂੰ ਪੁਲਵਾਮਾ ਨਾਲ ਜੋੜਨਾ ਪੂਰੇ ਤਰੀਕੇ ਨਾਲ ਗ਼ਲਤ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)