ਪੁਲਵਾਮਾ ਹਮਲਾ : ਨਵਜੋਤ ਸਿੰਘ ਸਿੱਧੂ ਨੇ ਟਰੋਲ ਕਰਨ ਵਾਲਿਆਂ ਨੂੰ ਮੋਦੀ-ਸ਼ਰੀਫ਼ ਦੀਆਂ ਤਸਵੀਰਾਂ ਦਿਖਾਈਆਂ - ਸੋਸ਼ਲ

ਤਸਵੀਰ ਸਰੋਤ, Getty Images
ਨਵਜੋਤ ਸਿੱਧੂ ਨੂੰ ਕਾਂਗਰਸ ਨੇ ਹਾਲ ਵਿੱਚ ਪੰਜ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸਟਾਰ ਪ੍ਰਚਾਰਕ ਵਜੋਂ ਉਤਾਰਿਆ ਸੀ
ਪੁਲਵਾਮਾ ਹਮਲੇ ਤੋਂ ਬਾਅਦ ਦਿੱਤੇ ਬਿਆਨ ਕਾਰਨ ਨਵਜੋਤ ਸਿੰਘ ਸਿੱਧੂ ਵਿਰੋਧੀਆਂ ਦੀ ਰਡਾਰ 'ਤੇ ਹਨ। ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾ ਕੇ ਦੋਹਾਂ ਦੇਸਾਂ ਵਿਚਕਾਰ ਹਰ ਤਰ੍ਹਾਂ ਦੀ ਗੱਲਬਾਤ ਬੰਦ ਕਰਨ ਦੀ ਰਾਇ ਨੂੰ ਸਿੱਧੂ ਨੇ ਗਲਤ ਠਹਿਰਾਇਆ ਹੈ।
ਸਿੱਧੂ ਦੇ ਇਸ ਬਿਆਨ ਨੂੰ ਉਨ੍ਹਾਂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤੀ ਅਤੇ ਪਾਕਿਸਤਾਨ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਜੱਫ਼ੀ ਦੀ ਤਸਵੀਰ ਨਾਲ ਜੋੜਿਆ ਜਾ ਰਿਹਾ ਹੈ।
ਨਵਜੋਤ ਸਿੱਧੂ ਨੇ ਕੀ ਕਿਹਾ ਸੀ?
ਦਰਅਸਲ ਪੁਲਵਾਮਾ ਹਮਲੇ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ, "ਕੁਝ ਲੋਕਾਂ ਦੀ ਵਜ੍ਹਾ ਨਾਲ ਤੁਸੀਂ ਪੂਰੀ ਕੌਮ ਜਾਂ ਕਿਸੇ ਦੇਸ ਨੂੰ ਬੁਰਾ ਨਹੀਂ ਕਹਿ ਸਕਦੇ। ਅੱਤਵਾਦੀ ਦਾ ਕੋਈ ਦੇਸ, ਜਾਤ ਜਾਂ ਇਮਾਨ ਨਹੀਂ ਹੁੰਦਾ।"
14 ਫਰਵਰੀ ਨੂੰ ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਵਿੱਚ ਸੀਆਰਪੀਐੱਫ ਦੇ 40 ਜਵਾਨ ਮਾਰੇ ਗਏ ਸਨ।
ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਗੱਲਬਾਤ ਬੰਦ ਕਰਨ ਦੇ ਵਿਚਾਰਾਂ ਨੂੰ ਸਿੱਧੂ ਨੇ ਜਾਇਜ਼ ਨਹੀਂ ਠਹਿਰਾਇਆ ਸੀ।
ਇਹ ਵੀ ਪੜ੍ਹੋ:
ਤਿੱਖੇ ਵਿਰੋਧ ਦੇ ਬਾਵਜੂਦ ਉਹ ਆਪਣੇ ਸਟੈਂਡ 'ਤੇ ਅੜੇ ਹੋਏ ਹਨ।
ਗੁਆਂਢੀ ਦੇਸ ਨਾਲ ਦੋਸਤੀ ਦੇ ਸੰਦੇਸ਼ ਦੇਣ ਕਾਰਨ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਵਾਲ ਕੀਤਾ।
ਟਰੋਲ ਕਰਨ ਵਾਲਿਆਂ ਨੂੰ ਸਿੱਧੂ ਦਾ ਸਵਾਲ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ 'ਤੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਤਸਵੀਰਾਂ ਪੋਸਟ ਕੀਤੀਆਂ ਹਨ।
ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਵੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਤਸਵੀਰ ਇਸ ਪੋਸਟ ਵਿੱਚ ਹੈ।
ਆਪਣੀ ਇਸ ਪੋਸਟ ਵਿੱਚ ਸਿੱਧੂ ਨੇ ਪੁੱਛਿਆ ਹੈ ਕਿ ਕੀ ਇਸ ਦਾ ਅਸਰ ਨਜ਼ਰ ਆਵੇਗਾ ਅਤੇ ਇਸੇ ਹੈਸ਼ਟੈਗ ਨਾਲ ਹੀ ਤਸਵੀਰਾਂ ਪੋਸਟ ਕੀਤੀਆਂ ਹਨ।
ਕਪਿਲ ਸ਼ਰਮਾ ਦੇ ਸ਼ੋਅ ਵਿੱਚੋਂ ਸਿੱਧੂ ਨੂੰ ਬਾਹਰ ਕਰਨ ਦੀ ਮੰਗ
ਕਪਿਲ ਸ਼ਰਮਾ ਦੇ ਸ਼ੋਅ ਤੋਂ ਲੈ ਕੇ ਪੰਜਾਬ ਕੈਬਨਿਟ ਤੱਕ ਤੋਂ ਸਿੱਧੂ ਨੂੰ ਬਾਹਰ ਕਰਨ ਦੀ ਮੰਗ ਉੱਠ ਰਹੀ ਹੈ।
ਸਿੱਧੂ ਦੇ ਹੱਕ ਵਿੱਚ ਬਿਆਨ ਦੇ ਕੇ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਵਿਵਾਦ ਸਹੇੜ ਲਿਆ ਹੈ।
ਦਰਅਸਲ, ਸਿੱਧੂ ਨੂੰ ਸੋਨੀ ਟੀਵੀ 'ਤੇ ਪ੍ਰਸਾਰਿਤ ਹੁੰਦੇ ਕਪਿਲ ਸ਼ਰਮਾ ਸ਼ੋਅ ਵਿੱਚੋਂ ਬਾਹਰ ਕਰਨ ਦੀਆਂ ਅਟਕਲਾਂ ਬਾਰੇ ਕਪਿਲ ਤੋਂ ਸਵਾਲ ਪੁੱਛਿਆ ਗਿਆ ਸੀ।
ਕਪਿਲ ਸ਼ਰਮਾ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਸੋਸ਼ਲ ਮੀਡੀਆ 'ਤੇ ਚਲਾਇਆ ਜਾ ਰਿਹਾ ਇਹ ਏਜੰਡਾ ਨੌਜਵਾਨਾਂ ਦਾ ਧਿਆਨ ਅਸਲ ਮੁੱਦੇ ਤੋਂ ਭਟਕਾ ਰਿਹਾ ਹੈ।"
"ਸਿੱਧੂ ਨੂੰ ਸ਼ੋਅ ਵਿੱਚੋਂ ਬਾਹਰ ਕਰਨ ਨਾਲ ਜੇਕਰ ਮਸਲੇ ਦਾ ਹੱਲ ਹੋ ਸਕਦਾ ਤਾਂ ਸਿੱਧੂ ਇੰਨੇ ਸਮਝਦਾਰ ਹਨ ਕਿ ਉਹ ਖੁਦ ਹੀ ਸ਼ੋਅ ਤੋਂ ਬਾਹਰ ਹੋ ਜਾਣਗੇ।"
ਕਪਿਲ ਨੇ ਅੱਗੇ ਕਿਹਾ ਕਿ ਸ਼ੋਅ ਵਿੱਚ ਰੱਖਣ ਜਾਂ ਕੱਢਣ ਦਾ ਫ਼ੈਸਲਾ ਚੈਨਲ ਜਾਂ ਪ੍ਰੋਡਿਊਸਰ ਦਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਦੋ ਐਪੀਸੋਡਜ਼ ਵਿੱਚ ਸਿੱਧੂ ਦੀ ਬਜਾਏ ਅਰਚਨਾ ਪੂਰਨ ਸਿੰਘ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਸਿੱਧੂ ਦੇ ਰੁਝੇਵਿਆਂ ਕਾਰਨ ਲਿਆ ਗਿਆ ਸੀ।
ਇਹ ਵੀ ਪੜ੍ਹੋ:
ਸਿੱਧੂ ਦੇ ਹੱਕ ਵਿੱਚ ਇਹ ਬਿਆਨ ਦੇਣ ਕਾਰਨ ਕਪਿਲ ਸ਼ਰਮਾ ਵੀ ਸੋਸ਼ਲ ਮੀਡੀਆ 'ਤੇ ਟਰੌਲ ਹੋਣ ਲੱਗੇ ਹਨ।
ਹੁਣ ਸਿੱਧੂ ਦੇ ਨਾਲ-ਨਾਲ ਕਪਿਲ ਸ਼ਰਮਾ ਦੇ ਬਾਈਕਾਟ ਦੀ ਮੁਹਿੰਮ ਵੀ ਸੋਸ਼ਲ ਮੀਡੀਆ 'ਤੇ ਜ਼ੋਰ ਫੜ ਰਹੀ ਹੈ।
ਇੱਥੋਂ ਤੱਕ ਕਿ ਕਈ ਲੋਕ ਸੋਨੀ ਟੀਵੀ ਨੂੰ ਅਣ-ਸਬਸਕਰਾਈਬ ਕਰਕੇ ਸੋਸ਼ਲ ਮੀਡੀਆ 'ਤੇ ਖ਼ੁਦ ਦੇ ਦੇਸ ਭਗਤ ਹੋਣ ਦਾ ਦਾਅਵਾ ਕਰ ਰਹੇ ਹਨ।
ਹਾਲਾਂਕਿ ਕਈ ਅਜਿਹੇ ਵੀ ਲੋਕ ਹਨ ਜੋ ਸਿੱਧੂ ਅਤੇ ਕਪਿਲ ਸ਼ਰਮਾ ਬਾਰੇ ਨਕਰਾਤਮਕ ਪ੍ਰਚਾਰ ਨੂੰ ਗਲਤ ਠਹਿਰਾ ਰਹੇ ਹਨ।
ਫੇਸਬੁੱਕ ਤੇ ਬਲਤੇਜ ਸਿੰਘ ਸਿੱਧੂ ਨਾਲ ਸਹਿਮਤ ਹੋ ਕੇ ਲਿਖਦੇ ਹਨ ਕਿ ਅਫਗਾਨਿਸਤਾਨ ਤੇ ਅਮਰੀਕਾ ਵਾਂਗ ਗੱਲਬਾਤ ਦਾ ਰਾਹ ਲੱਭਣਾ ਚਾਹੀਦਾ ਹੈ।

ਤਸਵੀਰ ਸਰੋਤ, facebook
ਇਸ ਦੇ ਨਾਲ ਹੀ ਪਾਲ ਸਿੰਘ ਵੀ ਸਿੱਧੂ ਨਾਲ ਸਹਿਮਤ ਨਜ਼ਰ ਆਉਂਦੇ ਹਨ ਤੇ ਕਹਿੰਦੇ ਹਨ ਕਿ ਆਉਣ ਵਾਲੇ ਵਕਤ ਵਿੱਚ ਲੋਕ ਸਿੱਧੂ ਨਾਲ ਸਹਿਮਤ ਨਜ਼ਰ ਆਉਣਗੇ।

ਸਿੱਧੂ ਦੇ ਬਿਆਨ 'ਤੇ ਸਿਆਸੀ ਪ੍ਰਤੀਕਰਮ
ਪੁਲਵਾਮਾ ਹਮਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਬਿਆਨ ਦੇ ਸੇਕ ਨੇ ਪੰਜਾਬ ਵਿਧਾਨ ਸਭਾ ਦਾ ਮਾਹੌਲ ਵੀ ਭਖਾਇਆ।
18 ਫ਼ਰਵਰੀ ਨੂੰ ਬਜਟ ਪੇਸ਼ ਕੀਤੇ ਜਾਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਅਤੇ ਸਿੱਧੂ ਵਿਚਕਾਰ ਕਾਫ਼ੀ ਬਹਿਸ ਹੋਈ ਸੀ।
ਇਸ ਤੋਂ ਇਲਾਵਾ ਵਿਧਾਨ ਸਭਾ ਦੇ ਬਾਹਰ ਲਗਾਤਾਰ ਵਿਰੋਧੀ ਸਿੱਧੂ ਨੂੰ ਅਹੁਦੇ ਤੋਂ ਲਾਹੇ ਜਾਣ ਦੀ ਮੰਗ ਕਰ ਰਹੇ ਹਨ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿਹਾ ਹੈ ਕਿ ਪਾਕਿਸਤਾਨ-ਪੱਖੀ ਬਿਆਨ ਦੇਣ ਕਾਰਨ ਸਿੱਧੂ 'ਤੇ ਕੇਸ ਦਰਜ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ, "ਕਾਂਗਰਸ ਨੂੰ ਚਾਹੀਦਾ ਹੈ ਕਿ ਨਵਜੋਤ ਸਿੱਧੂ ਨੂੰ ਪਾਰਟੀ ਵਿੱਚੋਂ ਬਾਹਰ ਕਰ ਦੇਵੇ ਅਤੇ ਦੇਸ ਨੂੰ ਧੋਖਾ ਦੇਣ ਦਾ ਕੇਸ ਸਿੱਧੂ ਖ਼ਿਲਾਫ ਦਰਜ ਕੀਤਾ ਜਾਵੇ।"
ਬੀਜੇਪੀ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀ ਨੇ ਟਵੀਟ ਕਰਕੇ ਨਵਜੋਤ ਸਿੱਧੂ ਨੂੰ ਨਿਸ਼ਾਨਾ ਬਣਾਇਆ ਹੈ।
ਉਨ੍ਹਾਂ ਕਿਹਾ, "ਮਸਖ਼ਰੇ ਸਿੱਧੂ ਦੀ ਪਾਕਿਸਤਾਨ ਪ੍ਰਤੀ ਮੋਹ ਆਖ਼ਰ ਕਦੋਂ ਤੱਕ ਸਿਹਣ ਕੀਤਾ ਜਾਵੇ। ਕਪਿਲ ਸ਼ਰਮਾ ਦੇ ਸ਼ੋਅ ਤੋਂ ਬਾਹਰ ਕੱਢ ਦੇਣਾ ਹੀ ਕਾਫ਼ੀ ਨਹੀਂ। ਇਨ੍ਹਾਂ ਨੂੰ ਤਾਂ ਪੰਜਾਬ ਸਰਕਾਰ ਦੇ ਮੰਤਰੀ ਅਹੁਦੇ ਤੋਂ ਵੀ ਕੱਢਣਾ ਚਾਹੀਦਾ ਹੈ।"
ਕੈਪਟਨ ਅਮਰਿੰਦਰ ਨੇ ਕੀਤਾ ਸਿੱਧੂ ਦਾ ਬਚਾਅ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਪਾਕਿਸਤਾਨ ਤੋਂ ਬਦਲਾ ਲੈਣ ਦੀ ਗੱਲ ਕਹਿ ਰਹੇ ਨੇ, ਪਰ ਸਿੱਧੂ ਦਾ ਬਚਾਅ ਵੀ ਕਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੂੰ ਕਿਹਾ, "ਸਿੱਧੂ ਇੱਕ ਕ੍ਰਿਕਟਰ ਹੈ ਅਤੇ ਮੈਂ ਇੱਕ ਫੌਜੀ ਇਸ ਲਈ ਸਾਡਾ ਨਜ਼ਰੀਆ ਵੱਖਰਾ ਹੈ।
"ਪਰ ਉਨ੍ਹਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਆਪਣੀ ਪਾਕਿਸਤਾਨ ਫ਼ੇਰੀ ਨੂੰ ਲੈ ਕੇ ਵੀ ਮੁਸੀਬਤ ਵਿੱਚ ਫਸੇ ਸੀ।"

ਤਸਵੀਰ ਸਰੋਤ, Getty Images
ਨਵਜੋਤ ਸਿੱਧੂ ’ਤੇ ਹੋ ਰਹੇ ਹਮਲਿਆਂ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਬਚਾਅ ਕੀਤਾ ਹੈ
ਉਨ੍ਹਾਂ ਕਿਹਾ, "ਸਿੱਧੂ ਫੌਜ ਦੀਆਂ ਪੇਚੀਦਗੀਆਂ ਨੂੰ ਨਹੀਂ ਸਮਝਦੇ। ਉਨ੍ਹਾਂ ਦੀ ਪ੍ਰਤੀਕਿਰਿਆ ਦੋਸਤੀ ਤੋਂ ਪ੍ਰੇਰਿਤ ਸੀ ਪਰ ਉਨ੍ਹਾਂ ਦੀ ਮੰਸ਼ਾ ਐਂਟੀ-ਨੈਸ਼ਨਲ ਨਹੀਂ ਹੈ।"
ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਲੀਡਰ ਦਿਗਵਿਜੇ ਸਿੰਘ ਨੇ ਸਿੱਧੂ ਨੂੰ ਸੰਬੋਧਨ ਕਰਦਿਆਂ ਲਿਖਿਆ,"ਨਵਜੋਤ ਸਿੱਧੂ ਜੀ ਆਪਣੇ ਦੋਸਤ ਇਮਰਾਨ ਭਾਈ ਨੂੰ ਸਮਝਾਓ, ਉਹਨਾਂ ਕਾਰਨ ਤੁਹਾਨੂੰ ਗਾਲ੍ਹਾਂ ਪੈ ਰਹੀਆਂ ਹਨ।"
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਜ਼ਰੂਰ ਦੇਖੋ-