ਜਲ੍ਹਿਆਂਵਾਲਾ ਬਾਗ਼ ਕਤਲੇਆਮ: ਕੀ ਬ੍ਰਿਟੇਨ ਨੂੰ ਮੰਗਣੀ ਚਾਹੀਦੀ ਹੈ ਮਾਫੀ — ਨਜ਼ਰੀਆ

ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਵਿੱਚ 1919 ਦੇ ਕਤਲੇਆਮ ਵੇਲੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਦੇਖਦੀਆਂ ਕੁਝ ਲੜਕੀਆਂ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਵਿੱਚ 1919 ਦੇ ਕਤਲੇਆਮ ਵੇਲੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਦੇਖਦੀਆਂ ਕੁਝ ਲੜਕੀਆਂ।

ਅੰਮ੍ਰਿਤਸਰ ਵਿੱਚ 13 ਅਪ੍ਰੈਲ 1919 ਨੂੰ ਸੈਂਕੜੇ ਭਾਰਤੀ ਇੱਕ ਇਜਲਾਸ ਵਿੱਚ ਹਿੱਸਾ ਲੈ ਰਹੇ ਸਨ ਜਦੋਂ ਬ੍ਰਿਟਿਸ਼ ਸੈਨਿਕਾਂ ਨੇ ਗੋਲੀ ਚਲਾ ਦਿੱਤੀ ਅਤੇ ਕਤਲੇਆਮ ਨੂੰ ਅੰਜਾਮ ਦਿੱਤਾ।

ਭਾਰਤ ਵਿੱਚ ਪੰਜਾਬ ਵਿਧਾਨ ਸਭਾ ਨੇ ਇੱਕ ਮਤਾ ਪਾਸ ਕਰ ਕੇ ਬ੍ਰਿਟੇਨ ਤੋਂ ਇਸ ਸਾਕੇ ਲਈ ਮਾਫੀ ਦੀ ਮੰਗ ਕੀਤੀ ਹੈ।

ਇਤਿਹਾਸਕਾਰ ਕਿਮ ਵਾਗਨਰ ਇਸ ਲੇਖ ਰਾਹੀਂ ਸੱਚ ਨੂੰ ਸਾਫ਼-ਸਾਫ਼ ਸਾਹਮਣੇ ਲਿਆ ਰਹੇ ਹਨ ਕਿਉਂਕਿ ਯੂਕੇ ਦੀ ਸੰਸਦ ਦੇ ਹਾਊਸ ਆਫ ਲੋਰਡਜ਼ ਨੇ ਇਸ ਉੱਪਰ ਹੁਣ ਬਹਿਸ ਕਰਨੀ ਹੈ ਕਿ ਮਾਫ਼ੀ ਮੰਗੀ ਜਾਵੇ ਜਾਂ ਨਹੀਂ:

ਉਸ ਦਿਨ ਦਾ ਕਤਲੇਆਮ ਸਾਰਜੈਂਟ ਡਬਲਿਊ.ਜੇ. ਐਂਡਰਸਨ ਨੇ ਅੱਖੀਂ ਦੇਖਿਆ ਸੀ।

ਉਨ੍ਹਾਂ ਨੇ ਬਾਅਦ ਵਿੱਚ ਦੱਸਿਆ, "ਜਦੋਂ ਗੋਲੀ ਚੱਲੀ ਤਾਂ ਇੰਝ ਲੱਗਿਆ ਕਿ ਸਾਰੀ ਭੀੜ ਹੇਠਾਂ ਬੈਠ ਗਈ, ਸਫੇਦ ਕੱਪੜਿਆਂ ਦਾ ਇੱਕ ਢੇਰ ਜਿਹਾ... ਕੁਝ ਦਰਵਾਜ਼ੇ ਵੱਲ ਭੱਜੇ ਅਤੇ ਕੁਝ ਦੀਵਾਰ ਚੜ੍ਹਨ ਲੱਗੇ।"

"ਦੀਵਾਰ ਚੜ੍ਹਨ ਵਾਲਿਆਂ ਨੂੰ ਛੱਡ ਕੇ ਬਾਕੀਆਂ ਵੱਲੋਂ ਜ਼ਿਆਦਾ ਹਲਚਲ ਨਹੀਂ ਹੋ ਸਕੀ। ਦਰਵਾਜ਼ਾ ਭੀੜ ਕਰਕੇ ਜੰਮ ਗਿਆ। ਮੈਨੂੰ ਸੈਨਿਕਾਂ ਵੱਲ ਭੱਜਦਾ ਕੋਈ ਨਜ਼ਰ ਨਹੀਂ ਆਇਆ।"

ਇਹ ਵੀ ਜ਼ਰੂਰ ਪੜ੍ਹੋ

ਬ੍ਰਿਗੇਡੀਅਰ ਜਨਰਲ ਡਾਇਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬ੍ਰਿਗੇਡੀਅਰ ਜਨਰਲ ਡਾਇਰ ਨੂੰ ਇਹ ਲੱਗਿਆ ਕਿ ਉਹ ਇੱਕ ਵੱਡੇ ਇਨਕਲਾਬ ਨੂੰ ਰੋਕਣ ਲਈ ਗੋਲੀ ਚਲਵਾ ਰਹੇ ਹਨ।

ਲਾਸ਼ਾਂ ਹੀ ਲਾਸ਼ਾਂ

ਇਹੀ ਸਾਰਜੈਂਟ ਡਬਲਿਊ.ਜੇ. ਐਂਡਰਸਨ ਇਸ ਕਤਲੇਆਮ ਦਾ ਹੁਕਮ ਦੇਣ ਵਾਲੇ ਬ੍ਰਿਗੇਡੀਅਰ ਜਨਰਲ ਆਰ.ਐੱਚ. ਡਾਇਰ ਦੇ ਬਾਡੀਗਾਰਡ ਦਾ ਕੰਮ ਕਰ ਚੁੱਕੇ ਸਨ।

ਡਾਇਰ ਨੂੰ ਲੱਗਦਾ ਸੀ ਕਿ ਉਹ ਅੰਮ੍ਰਿਤਸਰ ਜਾ ਕੇ ਉੱਥੇ ਉੱਠ ਰਹੇ ਇੱਕ ਵੱਡੇ ਇਨਕਲਾਬ ਨੂੰ ਖਤਮ ਕਰ ਦੇਵੇਗਾ।

ਉਸ ਦਿਨ 20,000 ਲੋਕਾਂ ਦੇ ਉਸ ਹੁਜੂਮ ਵਿੱਚ ਕਿਸੇ ਕੋਲ ਹਥਿਆਰ ਨਹੀਂ ਸੀ। ਉਹ ਜ਼ਿਆਦਾਤਰ ਸਥਾਨਕ ਜਾਂ ਨੇੜੇ ਦੇ ਪਿੰਡਾਂ ਦੇ ਲੋਕ ਸਨ ਜੋ ਸਿਆਸੀ ਭਾਸ਼ਣ ਸੁਣਨ ਜਾਂ ਉਂਝ ਹੀ ਬਾਗ਼ ਵਿੱਚ ਘੁੱਮਣ ਆਏ ਸਨ।

ਉਸੇ ਦਿਨ ਵਿਸ਼ਾਖੀ ਵੀ ਸੀ ਅਤੇ ਉਸੇ ਦਿਨ ਨੂੰ ਖਾਲਸਾ ਪੰਥ ਦੀ ਸਥਾਪਨਾ ਦੇ ਦਿਨ ਵਜੋਂ ਸਿੱਖਾਂ ਦੁਆਰਾ ਖਾਸ ਤੌਰ 'ਤੇ ਵੀ ਮਨਾਇਆ ਜਾਂਦਾ ਹੈ।

ਭੀੜ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ, ਸਭ ਸਨ। ਜ਼ਿਆਦਾਤਰ ਜਵਾਨ ਆਦਮੀ ਸਨ, ਕਈ ਬੱਚੇ ਵੀ ਸਨ ਪਰ ਔਰਤਾਂ ਬਹੁਤ ਘੱਟ ਸਨ।

ਇਹ ਵੀ ਜ਼ਰੂਰ ਪੜ੍ਹੋ

ਜਦੋਂ ਡਾਇਰ ਨੇ ਗੋਲੀਬਾਰੀ ਰੋਕਣ ਦੇ ਹੁਕਮ ਦਿੱਤੇ ਤਾਂ ਬਾਗ਼ ਕਿਸੇ ਜੰਗੀ ਮੈਦਾਨ ਵਰਗਾ ਬਣ ਗਿਆ ਸੀ। ਲਾਸ਼ਾਂ ਹੀ ਲਾਸ਼ਾਂ ਸਨ। ਘੱਟੋਘੱਟ 500 ਤੋਂ 600 ਲੋਕ ਮਾਰੇ ਗਏ ਸਨ ਅਤੇ ਇਸ ਨਾਲੋਂ ਤਿੰਨ ਗੁਨਾ ਜ਼ਖਮੀ ਸਨ।

ਮੌਤ ਦਾ ਸਹੀ ਅੰਕੜਾ ਤਾਂ ਨਹੀਂ ਮਿਲਿਆ ਪਰ ਅਧਿਕਾਰਤ ਤੌਰ 'ਤੇ ਇਹ 379 ਸੀ।

ਮਾਫ਼ੀ ਦੀ ਮੰਗ

ਹਾਲ ਦੇ ਕੁਝ ਸਾਲਾਂ ਵਿੱਚ ਇੱਕ ਮੰਗ ਉੱਠੀ ਹੈ ਕਿ ਬ੍ਰਿਟੇਨ ਨੂੰ ਇਸ ਲਈ ਅਧਿਕਾਰਤ ਮਾਫ਼ੀ ਮੰਗਣੀ ਚਾਹੀਦੀ ਹੈ। ਮੰਗ ਕਰਨ ਵਾਲਿਆਂ ਵਿੱਚ ਲੇਖਕ ਅਤੇ ਕਾਂਗਰਸ ਪਾਰਟੀ ਦੇ ਆਗੂ ਸ਼ਸ਼ੀ ਥਰੂਰ ਸ਼ਾਮਲ ਹਨ।

ਮਹਾਰਾਣੀ ਐਲਿਜ਼ਾਬੈਥ (ਦੂਜੀ) ਨੇ 1997 ਵਿੱਚ ਭਾਰਤ ਦੌਰੇ ਦੌਰਾਨ ਜਲ੍ਹਿਆਂਵਾਲਾ ਬਾਗ਼ ਜਾ ਕੇ ਸਨਮਾਨ ਦਾ ਪ੍ਰਗਟਾਵਾ ਤਾਂ ਕੀਤਾ ਪਰ ਮਾਫ਼ੀ ਨਹੀਂ ਮੰਗੀ।

ਡੇਵਿਡ ਕੈਮਰਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

2013 ਵਿੱਚ ਉਸ ਵੇਲੇ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਵੀ ਆਪਣੀ ਯਾਤਰਾ ਦੌਰਾਨ ਵੀ ਮਾਫ਼ੀ ਨਹੀਂ ਮੰਗੀ

ਦਸੰਬਰ 2017 ਵਿੱਚ ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਆਪਣੀ ਅੰਮ੍ਰਿਤਸਰ ਯਾਤਰਾ ਦੌਰਾਨ ਬ੍ਰਿਟਿਸ਼ ਸਰਕਾਰ ਵੱਲੋਂ ਮਾਫ਼ੀ ਦੀ ਮੰਗ ਦਾ ਸਮਰਥਨ ਕੀਤਾ।

ਉਨ੍ਹਾਂ ਕਿਹਾ, "ਇਹ ਸਾਫ਼ ਹੈ ਕਿ ਸਰਕਾਰ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਖਾਸ ਤੌਰ 'ਤੇ ਜਦੋਂ ਇਸ ਕਤਲੇਆਮ ਦੇ ਸੌ ਸਾਲ ਹੋਣ ਵਾਲੇ ਹਨ।"

ਹੋਇਆ ਕੀ? ਸਵਾਲ ਬਾਕੀ

13 ਅਪ੍ਰੈਲ 1919 ਨੂੰ ਬਾਗ਼ ਵਿੱਚ ਅਸਲ 'ਚ ਹੋਇਆ ਕੀ, ਇਸ ਬਾਰੇ ਕਈ ਸਵਾਲ ਬਾਕੀ ਹਨ।

ਬ੍ਰਿਟਿਸ਼ ਰਾਜ ਦੇ ਕੁਝ ਸਮਰਥਕ ਅੱਜ ਵੀ ਕਹਿੰਦੇ ਹਨ ਕਿ ਡਾਇਰ ਨੇ ਗੋਲੀ ਉਦੋਂ ਚਲਵਾਈ ਜਦੋਂ ਭੀੜ ਨੇ ਖਿੰਡਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਉਸ ਲਈ ਕੋਈ ਹੋਰ ਵਿਕਲਪ ਛੱਡਿਆ ਹੀ ਨਹੀਂ।

ਇਸ ਨੂੰ ਮੰਨਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਭਾਰਤ ਵਿੱਚ ਉਸ ਵੇਲੇ ਹੋਏ ਜ਼ਿਆਦਾਤਰ ਦੰਗਿਆਂ ਦਾ ਕਾਰਨ ਬ੍ਰਿਟਿਸ਼ ਰਾਜ ਦੇ ਕੁਝ ਫੈਸਲੇ ਸਨ।

ਉਸ ਦਿਨ ਬਾਗ਼ ਵਿੱਚ ਜਮ੍ਹਾ ਹੋਏ ਲੋਕਾਂ ਕੋਲ ਹਥਿਆਰ ਨਹੀਂ ਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਉਸ ਦਿਨ ਬਾਗ਼ ਵਿੱਚ ਜਮ੍ਹਾ ਹੋਏ ਲੋਕਾਂ ਕੋਲ ਹਥਿਆਰ ਨਹੀਂ ਸਨ

ਜਲ੍ਹਿਆਂਵਾਲਾ ਬਾਗ਼ ਵਿੱਚ ਬਣੇ ਸਮਾਰਕ ਵਿੱਚ ਵੀ ਤੱਥਾਂ ਨੂੰ ਲੈ ਕੇ ਗ਼ਲਤੀਆਂ ਹਨ।

ਮਸਲਨ ਇੱਕ ਥਾਂ ਲਿਖਿਆ ਹੈ ਕਿ 'ਸ਼ਹੀਦਾਂ ਦੇ ਖੂਹ' ਵਿੱਚੋਂ 120 ਲਾਸ਼ ਕੱਢੀਆਂ ਗਈਆਂ। ਇਹ ਖੂਹ ਉਹ ਜਿਸ ਵਿੱਚ ਕਈ ਲੋਕਾਂ ਨੇ ਛਾਲ਼ ਮਾਰ ਕੇ ਗੋਲੀਆਂ ਤੋਂ ਖੁਦ ਨੂੰ ਬਚਾਇਆ ਸੀ।

ਪਰ ਇਸ ਅੰਕੜੇ ਅਤੇ ਕਹਾਣੀ ਦਾ ਕੋਈ ਸਬੂਤ ਨਹੀਂ ਹੈ। ਜਾਪਦਾ ਹੈ ਕਿ ਇਸ ਦਾ ਆਧਾਰ ਕਾਨਪੁਰ ਦੀ ਉਸ ਘਟਨਾ ਨਾਲ ਜੋੜਿਆ ਜਾ ਸਕਦਾ ਹੈ ਜਿਸ ਵਿੱਚ 1857 ਦੇ ਇੱਕ ਕਤਲੇਆਮ ਤੋਂ ਬਾਅਦ ਲਾਸ਼ਾਂ ਨੂੰ ਇੱਕ ਖੂਹ 'ਚ ਸੁੱਟਿਆ ਗਿਆ ਸੀ।

ਕਤਲੇਆਮ ਨੂੰ ਦਰਸ਼ਾਉਂਦੀਆਂ ਕਈ ਕਲਾਕ੍ਰਿਤਾਂ ਵਿੱਚ ਮਸ਼ੀਨ ਗਨ ਦੀ ਵਰਤੋਂ ਦਿਖਾਈ ਗਈ ਹੈ ਜਦਕਿ ਰਿਕਾਰਡ ਵਿੱਚ ਸਾਫ਼ ਹੈ ਕਿ 50 ਫੌਜੀਆਂ ਨੇ ਰਾਈਫਲਾਂ ਵਰਤ ਕੇ ਕਤਲੇਆਮ ਨੂੰ ਅੰਜਾਮ ਦਿੱਤਾ ਸੀ।

ਇਹ ਵੀ ਸਹੀ ਨਹੀਂ ਹੈ ਕਿ ਜਨਰਲ ਡਾਇਰ ਨੇ ਯੋਜਨਾ ਤਹਿਤ ਭੀੜ ਨੂੰ ਬਾਗ਼ ਵਿੱਚ ਧੱਕਿਆ ਸੀ।

ਇਹ ਵੀ ਜ਼ਰੂਰ ਪੜ੍ਹੋ

ਭਾਰਤ ਵਿੱਚ ਉਸ ਵੇਲੇ ਮਚੇ ਸਿਆਸੀ ਹੜਕੰਪ ਨੂੰ ਬ੍ਰਿਟਿਸ਼ ਰਾਜ ਵੱਲੋਂ ਸਹੀ ਤਰ੍ਹਾਂ ਨਾ ਪੜ੍ਹਿਆ ਜਾਣਾ ਵੀ ਇਸ ਹਿੰਸਾ ਪਿੱਛੇ ਵੱਡਾ ਕਾਰਨ ਸੀ।

ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਭਾਰਤੀ ਰਾਸ਼ਟਰਵਾਦੀ ਤਾਕਤਾਂ ਚਾਹੁੰਦੀਆਂ ਸਨ ਕਿ ਖੁਦਮੁਖਤਿਆਰੀ ਮਿਲੇ ਜਦਕਿ ਬ੍ਰਿਟਿਸ਼ ਹਕੂਮਤ ਨੂੰ ਅਜੇ ਵੀ 1857 ਦਾ ਭੂਤ ਡਰਾ ਰਿਹਾ ਸੀ।

ਜਦੋਂ 10 ਅਪ੍ਰੈਲ ਨੂੰ ਅੰਮ੍ਰਿਤਸਰ ਵਿੱਚ ਦੰਗੇ ਭੜਕੇ ਤਾਂ ਇਨ੍ਹਾਂ ਵਿੱਚ ਪੰਜ ਯੂਰਪੀ ਅਤੇ ਦਰਜਨਾਂ ਭਾਰਤੀ ਮਾਰੇ ਗਏ ਸਨ। ਅਧਿਕਾਰੀਆਂ ਨੇ ਪੂਰੇ ਜ਼ੋਰ ਨਾਲ ਇਸ ਦੇ ਖਿਲਾਫ ਕਾਰਵਾਈ ਕੀਤੀ।

ਤਿੰਨ ਦਿਨਾਂ ਬਾਅਦ ਜਦੋਂ ਡਾਇਰ ਨੇ ਭੀੜ ਦੇਖੀ ਤਾਂ ਉਸ ਨੇ ਸਥਿਤੀ ਨਹੀਂ ਸਮਝੀ, ਉਸ ਨੂੰ ਲੱਗਿਆ ਕਿ ਇਹ ਤਾਂ ਜੰਗ ਦਾ ਮੈਦਾਨ ਹੈ।

ਕੰਧ ਉੱਪਰ ਗੋਲੀਆਂ ਦੇ ਨਿਸ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜਦੋਂ ਗੋਲੀਬਾਰੀ ਬੰਦ ਹੋਈ ਤਾਂ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ

ਮੰਨਿਆ ਜਾਂਦਾ ਹੈ ਕਿ ਭੀੜ ਆਰਾਮ ਨਾਲ ਬਹਿ ਕੇ ਭਾਸ਼ਣ ਸੁਨ ਰਹੀ ਸੀ ਪਰ ਡਾਇਰ ਨੂੰ ਇਸ ਭੀੜ ਦੁਆਰਾ ਖੂਨ-ਖਰਾਬੇ ਦੀ ਸੰਭਾਵਨਾ ਨਜ਼ਰ ਆਈ। ਉਸ ਨੂੰ ਯਾਦ ਸੀ ਕਿ ਇੱਕ ਭੀੜ ਨੇ ਹੀ ਤਿੰਨ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਹੰਗਾਮਾ ਕੀਤਾ ਸੀ।

ਜਦੋਂ ਉਸ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਤਾਂ ਇਹ ਇੱਕ ਡਰ ਵਿੱਚੋਂ ਪੈਦਾ ਹੋਈ ਸਥਿਤੀ ਸੀ ਕਿਉਂਕਿ ਉਸ ਨੇ ਅੰਦਾਜ਼ਾ ਬੇਹੱਦ ਗਲਤ ਲਗਾਇਆ ਸੀ।

ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਜਨਰਲ ਡਾਇਰ ਨੇ ਇੱਕ ਕਤਲੇਆਮ ਨੂੰ ਅੰਜਾਮ ਨਹੀਂ ਦਿੱਤਾ। ਨਾ ਹੀ ਇਸ ਦਲੀਲ ਰਾਹੀਂ ਇਹ ਕਿਹਾ ਜਾ ਸਕਦਾ ਹੈ ਕਿ ਭਾਰਤੀਆਂ ਨੂੰ ਦਿੱਤੇ ਗਏ ਤਸ਼ੱਦਦ ਸਹੀ ਸਨ।

ਇਹ ਵੀ ਜ਼ਰੂਰ ਪੜ੍ਹੋ

ਜਲ੍ਹਿਆਂਵਾਲਾ ਬਾਗ਼ ਕਤਲੇਆਮ ਨੂੰ ਉਲੀਕਣ ਲਈ ਕੁਝ ਜ਼ਿਆਦਾ ਕਹਿਣ ਦੀ ਲੋੜ ਨਹੀਂ।

ਫਿਰ ਵੀ ਤੱਥ ਸਾਹਮਣੇ ਰੱਖਣੇ ਜ਼ਰੂਰੀ ਹਨ ਤਾਂ ਜੋ ਸੱਚ ਪੂਰਾ ਸਾਹਮਣੇ ਆਵੇ ਅਤੇ ਕੁਝ ਸਿਆਸੀ ਮਿਥਕ ਨਾ ਬਣਾਏ ਜਾ ਸਕਣ।

ਪੂਰਾ ਸੱਚ ਜ਼ਰੂਰੀ

ਕਤਲੇਆਮ ਨੂੰ ਪੂਰਾ ਸਮਝਣ ਦੀ ਕੋਸ਼ਿਸ਼ ਦਾ ਮਤਲਬ ਇਸ ਦਾ ਸਮਰਥਨ ਕਰਨਾ ਨਹੀਂ ਹੈ।

ਮਾਫੀਆਂ ਤਾਂ ਹਾਲ ਦੇ ਸਮੇਂ ਲਈ ਹੁੰਦੀਆਂ ਹਨ। ਇਨ੍ਹਾਂ ਰਾਹੀਂ ਅਸੀਂ ਇਤਿਹਾਸ ਦੇ ਤੱਥਾਂ ਦੀ ਪੂਰੀ ਜਾਂਚ ਨਹੀਂ ਕਰ ਸਕਦੇ।

ਬ੍ਰਿਟੇਨ ਪਹਿਲਾਂ ਹੀ ਯੂਰਪ ਨੂੰ ਛੱਡਣ (ਬ੍ਰੈਕਜ਼ਿਟ) ਦੇ ਫੈਸਲੇ ਵਿੱਚ ਫਸਿਆ ਹੋਇਆ ਹੈ ਅਤੇ ਅਜਿਹੇ ਸਮੇਂ ਮਾਫ਼ੀ ਆਉਣਾ ਔਖਾ ਜਾਪਦਾ ਹੈ।

ਜੇ ਮਾਫ਼ੀ ਆ ਵੀ ਜਾਵੇ ਤਾਂ ਇਸ ਨੂੰ ਸਿਆਸੀ ਜ਼ਰੂਰਤ ਤੋਂ ਵੱਧ ਸ਼ਾਇਦ ਹੀ ਕੁਝ ਸਮਝਿਆ ਜਾਵੇ।

ਸਵਾਲ ਇਹ ਬਣਦਾ ਹੈ ਕਿ ਬੀਤੇ ਸਮੇਂ ਨੂੰ ਪੂਰੀ ਤਰ੍ਹਾਂ ਸਮਝੇ ਬਗੈਰ ਕਿਸੇ ਵੀ ਮਾਫ਼ੀ ਨੂੰ ਕਿੰਨੀ ਕੁ ਤਵੱਜੋ ਮਿਲੇ। ਕੀ ਅਜਿਹੀ ਮਾਫ਼ੀ ਕਾਫ਼ੀ ਹੋਵੇਗੀ?

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)