ਪੁਲਵਾਮਾ ਹਮਲੇ ਮਗਰੋਂ ਫੇਸਬੁੱਕ 'ਤੇ ਪੋਸਟ ਪਾਉਣ ਕਰਕੇ ਜਲੰਧਰ ਦੀ ਯੂਨੀਵਰਸਿਟੀ ਦੇ ਕਸ਼ਮੀਰੀ ਪ੍ਰੋਫੈਸਰ ਤੋਂ ਅਸਤੀਫਾ ਲੈਣ ਦਾ ਇਲਜ਼ਾਮ - 5 ਅਹਿਮ ਖ਼ਬਰਾਂ

ਫੇਸਬੁੱਕ

ਤਸਵੀਰ ਸਰੋਤ, Getty Images

ਪੁਲਵਾਮਾ ਹਮਲੇ ਤੋਂ ਬਾਅਦ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਇੱਕ ਕਸ਼ਮੀਰੀ ਪ੍ਰੋਫੈਸਰ ਨੂੰ ਕਥਿਤ ਤੌਰ 'ਤੇ ਇੱਕ ਫੇਸਬੁੱਕ ਪੋਸਟ ਤੋਂ ਬਾਅਦ ਅਸਤੀਫ਼ਾ ਦੇਣ ਲਈ ਦਬਾਅ ਪਾਇਆ ਗਿਆ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਅੰਗਰੇਜ਼ੀ ਦੇ ਪ੍ਰੋਫੈਸਰ ਸਲਮਾਨ ਸ਼ਾਹੀਨ ਨੇ ਦੱਸਿਆ ਕਿ ਕਿਸੇ ਨੇ ਉਨ੍ਹਾਂ ਦੀ ਹਮਲੇ ਤੋਂ ਬਾਅਦ ਲਿਖੀ ਫੇਸਬੁੱਕ ਪੋਸਟ ਦਾ ਸਕਰੀਨ ਸ਼ਾਟ ਲੈਕੇ ਉਸ ਨਾਲ ਛੇੜ-ਛਾੜ ਕੀਤੀ ਅਤੇ ਵਾਇਰਲ ਕਰ ਦਿੱਤੀ। ਜਦੋਂ ਉਨ੍ਹਾਂ ਨੇ ਇਹ ਗੱਲ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਦੇ ਧਿਆਨ ਵਿੱਚ ਲਿਆਂਦੀ ਤਾਂ ਉਨ੍ਹਾਂ ਨੇ ਅਸਤੀਫ਼ਾ ਦੇਣ ਲਈ ਕਿਹਾ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਨੂੰ ਪੁਲਿਸ ਹਵਾਲੇ ਕਰਨ ਦੀ ਗੱਲ ਕਹੀ ਗਈ, ਕਿਉਂਕਿ ਵਿਦਿਆਰਥੀ ਗੁੱਸੇ ਵਿੱਚ ਹਨ।

ਅਖ਼ਬਾਰ ਦੀ ਖ਼ਬਰ ਮੁਤਾਬਕ ਪ੍ਰੋਫੈਸਰ ਨੇ ਦੱਸਿਆ ਕਿ ਉਨ੍ਹਾਂ ਲਿਖਿਆ ਸੀ, "ਕਸ਼ਮੀਰ ਵਿੱਚ ਸਾਨੂੰ ਬੰਦੂਕ ਦੀ ਥਾਂ ਪਿਆਰ ਦੀ ਬੋਲੀ ਵਰਤਣੀ ਚਾਹੀਦੀ ਹੈ।" "ਜਦੋਂ ਕਸ਼ਮੀਰੀਆਂ ਦਾ ਲਹੂ ਵਹਿੰਦਾ ਹੈ ਸਾਨੂੰ ਉਹ ਵੀ ਦੱਸਣਾ ਚਾਹੀਦਾ ਹੈ।" "ਅਸੀਂ ਅੱਤਵਾਦ ਨੂੰ ਉਤਸ਼ਾਹਿਤ ਨਹੀਂ ਕਰਦੇ ਪਰ ਸਾਨੂੰ ਅੰਨ੍ਹੇਵਾਹ ਪ੍ਰਤੀਕਿਰਿਆ ਵੀ ਨਹੀਂ ਦੇਣੀ ਚਾਹੀਦੀ।"

ਪ੍ਰੋਫੈਸਰ ਸ਼ਾਹੀਨ ਨੇ ਅਖ਼ਬਾਰ ਨੂੰ ਦੱਸਿਆ ਕਿ ਕਿਸੇ ਨੇ ਉਨ੍ਹਾਂ ਦੀ ਪੋਸਟ ਦੀ ਤਸਵੀਰ ਨਾਲ ਛੇੜ-ਛਾੜ ਕੀਤੀ ਅਤੇ ਐਡਿਟ ਕਰਕੇ ਲਿੱਖ ਦਿੱਤਾ "ਜੋ ਬੀਜੋਂਗੇ ਉਹੀ ਵੱਢੋਂਗੇ। ਇਹ ਹਮਲਾ ਉਸੇ ਦਾ ਜਵਾਬ ਹੈ"।

ਉਨ੍ਹਾਂ ਦੀ ਅਸਲੀ ਪੋਸਟ ਬਾਰੇ ਪੁੱਛੇ ਜਾਣ ਤੇ ਪ੍ਰੋਫੈਸਰ ਨੇ ਅਖ਼ਬਾਰ ਨੂੰ ਦੱਸਿਆ ਕਿ ਜਦੋਂ ਉਹ ਪ੍ਰੋ-ਵਾਈਸ ਚਾਂਸਲਰ ਨੂੰ ਮਿਲਣ ਉਨ੍ਹ੍ਹਾਂ ਦੇ ਦਫ਼ਤਰ ਗਏ ਸਨ ਤਾਂ ਆਪਣਾ ਫੋਨ ਬਾਹਰ ਰੱਖ ਕੇ ਗਏ ਸਨ। ਇਸ ਦੌਰਾਨ ਉਨ੍ਹਾਂ ਦਾ ਫੋਨ ਕਿਵੇਂ ਅਨਲਾਕ ਕਰਕੇ ਉਨ੍ਹਾਂ ਦੀ ਪੋਸਟ ਡਿਲੀਟ ਕਰ ਦਿੱਤੀ ਗਈ ਉਨ੍ਹਾਂ ਨੂੰ ਨਹੀਂ ਪਤਾ।

ਉਨ੍ਹਾਂ ਯੂਨੀਵਰਸਿਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪ੍ਰੋਫੈਸਰ ਇਲਜ਼ਾਮ ਲਗਾਇਆ ਕਿ ਉਸ 'ਤੇ ਕੁਝ ਲੋਕਾਂ ਨੇ ਹਮਲਾ ਵੀ ਕੀਤਾ ਸੀ।

ਯੂਨੀਵਰਸਿਟੀ ਦੇ ਕੌਮਾਂਤਰੀ ਮਾਮਲਿਆਂ ਦੇ ਡਾਇਰੈਕਟਰ ਅਮਨ ਮਿੱਤਲ ਨੇ ਬਿਆਨ ਦਿੱਤਾ ਹੈ ਕਿ ਅਸੀਂ ਫੇਸਬੁੱਕ ਪੋਸਟ ਬਾਰੇ ਪੁੱਛਗਿੱਛ ਕੀਤੀ ਤਾਂ ਪ੍ਰੋਫੈਸਰ ਨੇ ਆਪਣੀ ਗਲਤੀ ਸਵੀਕਾਰੀ ਅਤੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਜੋ ਪ੍ਰਵਾਨ ਕਰ ਲਿਆ ਗਿਆ।

ਇਹ ਵੀ ਪੜ੍ਹੋ:

ਤਸਵੀਰ ਸਰੋਤ, @RAJKAMALBOOKS

ਹਿੰਦੀ ਦੇ ਆਲੋਚਕ ਨਾਮਵਰ ਸਿੰਘ ਨਹੀਂ ਰਹੇ

ਹਿੰਦੀ ਸਾਹਿਤ ਦੇ ਉੱਘੇ ਆਲੋਚਕ ਅਤੇ ਸਾਹਿਤਕਾਰ ਨਾਮਵਰ ਸਿੰਘ ਦਾ ਦਿੱਲੀ ਦੇ ਏਮਜ਼ ਹਸਪਤਾਲ ਵਿੱਚ 93 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ।

ਸੀਨੀਅਰ ਪੱਤਰਕਾਰ ਓਮ ਥਾਨਵੀ ਨੇ ਬੀਬੀਸੀ ਨੂੰ ਮਰਹੂਮ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।

28 ਜੁਲਾਈ 1927 ਨੂੰ ਵਾਰਾਣਸੀ ਵਿੱਚ ਜਨਮੇ ਨਾਮਵਰ ਸਿੰਘ ਨੇ ਹਿੰਦੀ ਵਿੱਚ ਐੱਮਏ ਤੇ ਪੀਐੱਚਡੀ ਕੀਤੀ ਅਤੇ ਕਈ ਸਾਲ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਪੜ੍ਹਾਉਣ ਮਗਰੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਆ ਗਏ ਸਨ। ਉਹ ਉੱਥੋਂ ਹੀ ਰਿਟਾਇਰ ਹੋਏ ਸਨ।

ਉਨ੍ਹਾਂ ਨੂੰ ਉਰਦੂ ਦੀ ਵੀ ਵਧੀਆ ਜਾਣਕਾਰੀ ਸੀ ਜੋ ਉਨ੍ਹਾਂ ਦੀ ਲੇਖਣੀ ਚੋਂ ਝਲਕਦੀ ਸੀ। ਬੀਬੀਸੀ ਦੀ ਵੈੱਬਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, MANDEL NGAN VIA GETTY IMAGES

ਅਮਰੀਕਾ ਦੀ ਸਾਊਦੀ ਵਿੱਚ ਪ੍ਰਮਾਣੂ ਰਿਐਕਟ ਲਾਉਣ ਦੀ ਯੋਜਨਾ

ਅਮਰੀਕੀ ਸੰਸਦ ਦੀ ਇੱਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵ੍ਹਾਈਟ ਹਾਊਸ ਸਾਊਦੀ ਅਰਬ ਵਿੱਚ ਪ੍ਰਮਾਣੂ ਰਿਐਕਟ ਲਾਉਣ ਦੀ ਯੋਜਨਾ ਬਣਾ ਰਿਹਾ ਹੈ।

ਕਾਰਕੁਨਾਂ ਨੇ ਸੰਸਦੀ ਕਮੇਟੀ ਨੂੰ ਦੱਸਿਆ ਸੀ ਕਿ ਇਸ ਨਾਲ ਮੱਧ ਏਸ਼ੀਆਈ ਦੇਸਾਂ ਵਿੱਚ ਹਥਿਆਰਾਂ ਦੀ ਦੌੜ ਵਧੇਗੀ ਅਤੇ ਖਿੱਤੇ ਵਿੱਚ ਅਸਥਿਰਤਾ ਵਧੇਗੀ।

ਇਹ ਵੀ ਰਿਪੋਰਟਾਂ ਹਨ ਕਿ ਰਾਸ਼ਟਰਪਤੀ ਟਰੰਪ ਨਾਲ ਜੁੜੀਆਂ ਕੰਪਨੀਆਂ ਨੇ ਇਹ ਪ੍ਰਸਤਾਵ ਰੱਖੇ ਹਨ। ਬੀਬੀਸੀ ਦੀ ਵੈੱਬਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Getty Images

ਰੱਖਿਆ ਵਿਭਾਗ ਵੱਲੋਂ ਅਪੰਗ ਫੌਜੀਆਂ ਖਿਲਾਫ ਕੀਤੀਆਂ ਅਪੀਲਾਂ ਵਾਪਸ ਲੈਣ ਦੀ ਹਦਾਇਤ

ਭਾਰਤ ਦੇ ਰੱਖਿਆ ਵਿਭਾਗ ਨੇ ਅਪੰਗ ਫੌਜੀਆਂ ਖਿਲਾਫ ਕੀਤੀਆਂ ਅਪੀਲਾਂ ਵਾਪਸ ਲੈਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਵੀ ਇਸ ਬਾਰੇ ਅਸੰਤੁਸ਼ਟੀ ਜ਼ਾਹਰ ਕਰ ਚੁੱਕਿਆ ਹੈ ਕਿ ਰੱਖਿਆ ਮੰਤਰਾਲਾ ਫੌਜੀਆਂ ਦੇ ਹੱਕ ਵਿੱਚ ਸੁਣਾਏ ਹਰੇਕ ਫੈਸਲੇ ਖਿਲਾਫ਼ ਅਪੀਲ ਕਰ ਦਿੰਦਾ ਹੈ।

ਆਪਣੇ ਹਾਲੀਆ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਮੰਤਰਾਲੇ ਨੂੰ ਯਾਦ ਕਰਾਇਆ ਸੀ ਕਿ ਸੇਵਾ ਦੌਰਾਨ ਅੰਪਗ ਹੋਣ ਵਾਲੇ ਫੌਜੀਆਂ ਨੂੰ ਬਣਦੀ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੀ ਅਪੰਗਤਾ ਦਾ ਸੇਵਾ ਨਾਲ ਸੰਬੰਧ ਸਾਬਤ ਕਰਨ ਲਈ ਨਹੀਂ ਕਿਹਾ ਜਾਣਾ ਚਾਹੀਦਾ।

ਤਸਵੀਰ ਸਰੋਤ, MEAINDIA

ਸਾਊਦੀ ਕ੍ਰਾਊਨ ਪ੍ਰਿੰਸ ਦਾ ਭਾਰਤ ਦੌਰਾ

ਪਾਕਿਸਤਾਨ ਤੋਂ ਬਾਅਦ ਭਾਰਤ ਦੌਰੇ 'ਤੇ ਪਹੁੰਚੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਅੱਡੇ ’ਤੇ ਲੈਣ ਪਹੁੰਚੇ।

ਸੋਮਵਾਰ ਨੂੰ ਇਸਲਾਮਾਬਾਦ ਵਿੱਚ ਸਾਊਦੀ ਦੇ ਵਿਦੇਸ਼ ਮੰਤਰੀ ਆਦੇਲ ਅਲ ਜ਼ੁਬੈਰ ਨੇ ਕਿਹਾ ਸੀ, "ਸਾਡਾ ਮਕਸਦ ਦੋਂਹਾਂ ਦੇਸਾਂ, ਗੁਆਂਢੀ ਦੇਸਾਂ ਦਰਮਿਆਨ ਤਣਾਅ ਨੂੰ ਘਟਾਉਣਾ ਹੈ ਅਤੇ ਇਹ ਦੇਖਣਾ ਹੈ ਕਿ ਕੀ ਸ਼ਾਂਤੀ ਨਾਲ ਮੱਤਭੇਦ ਖ਼ਤਮ ਕਰਨ ਦਾ ਕੋਈ ਰਾਹ ਹੋ ਸਕਦਾ ਹੈ।"

ਬੀਬੀਸੀ ਦੀ ਵੈੱਬਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)