ਨਵਜੋਤ ਸਿੰਘ ਸਿੱਧੂ ਦੀ ਜ਼ਿੰਦਗੀ ਵਿੱਚ 5 ਮੌਕੇ ਜਦੋਂ ਉਹ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ

ਸਿੱਧੂ

ਭਾਵੇਂ ਕ੍ਰਿਕਟ ਦਾ ਸਫ਼ਰ ਹੋਵੇ, ਟੈਲੀਵਿਜ਼ਨ ਹੋਵੇ, ਆਮ ਜ਼ਿੰਦਗੀ ਹੋਵੇ ਅਤੇ ਭਾਵੇਂ ਹੋਵੇ ਸਿੱਧੂ ਦੀ ਸਿਆਸੀ ਪਾਰੀ। ਹਰ ਥਾਂ ਸਿੱਧੂ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖ਼ੀਆਂ 'ਚ ਰਹੇ।

ਸਿੱਧੂ ਨਾਲ ਸਬੰਧਤ ਉਹ 5 ਕਿੱਸੇ ਜਿਸ ਕਰਕੇ ਉਹ ਲਗਾਤਾਰ ਚਰਚਾ ਵਿੱਚ ਰਹੇ।

ਪੁਲਵਾਮਾ ਹਮਲੇ ਮਗਰੋਂ ਬਿਆਨ

14 ਫਰਵਰੀ ਨੂੰ ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਆਤਮਘਾਤੀ ਹਮਲੇ ਮਗਰੋਂ ਨਵਜੋਤ ਸਿੰਘ ਸਿੱਧੂ ਆਪਣੇ ਬਿਆਨ ਕਾਰਨ ਸੁਰਖੀਆਂ ਵਿੱਚ ਆ ਗਏ।

ਇਸ ਹਮਲੇ ਦਾ ਇਲਜ਼ਾਮ ਭਾਰਤ ਨੇ ਪਾਕਿਸਤਾਨ ਸਿਰ ਲਾਇਆ। ਮੁਲਕ ਅੰਦਰ ਪਾਕਿਸਤਾਨ ਪ੍ਰਤੀ ਗੁੱਸਾ ਵੀ ਦੇਖਣ ਨੂੰ ਮਿਲਿਆ। ਅਜਿਹੇ ਵਿੱਚ ਸਿੱਧੂ ਨੇ ਬਿਆਨ ਦਿੱਤਾ 'ਕੁਝ ਬੁਰੇ ਲੋਕਾਂ ਕਾਰਨ, ਪੂਰੀ ਕੌਮ ਜਾਂ ਪੂਰੇ ਦੇਸ਼ ਨੂੰ ਬੁਰਾ ਨਹੀਂ ਕਿਹਾ ਜਾ ਸਕਦਾ।'

ਸੋਸ਼ਲ ਮੀਡੀਆ 'ਤੇ ਸਿੱਧੂ ਦੇ ਖਿਲਾਫ ਅਤੇ ਹੱਕ ਵਿੱਚ ਲੋਕਾਂ ਨੇ ਆਪੋ ਆਪਣੀ ਰਾਇ ਜ਼ਾਹਿਰ ਕੀਤੀ।

ਪਾਕਿਸਤਾਨ ਨਾਲ ਗੱਲਬਾਤ ਜਾਰੀ ਰੱਖਣ ਦੀ ਹਮਾਇਤ ਕਾਰਨ ਨਵਜੋਤ ਸਿੱਧੂ ਦੇ ਸਿਆਸੀ ਵਿਰੋਧੀਆਂ ਨੇ ਮੰਤਰੀ ਦੇ ਅਹੁਦੇ ਤੋਂ ਲਾਹੇ ਜਾਣ ਅਤੇ ਕਾਂਗਰਸ ਪਾਰਟੀ ਵਿੱਚੋਂ ਬਾਹਰ ਕਰਨ ਦੀ ਮੰਗ ਕੀਤੀ। ਇਸ ਸਭ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਆਪਣੇ ਸਟੈਂਡ 'ਤੇ ਕਾਇਮ ਹਨ।

ਇਹ ਵੀ ਪੜ੍ਹੋ

ਜਨਰਲ ਬਾਜਵਾ ਨੂੰ ਜੱਫ਼ੀ ਨੇ ਮਚਾਇਆ ਬਵਾਲ

ਤਸਵੀਰ ਕੈਪਸ਼ਨ,

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਂਦੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ

ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਜੱਫ਼ੀ ਦੀ ਤਸਵੀਰ ਖੂਬ ਵਾਇਰਲ ਹੋਈ। ਇਸ ਉੱਤੇ ਵੀ ਸਿੱਧੂ ਦੇ ਵਿਰੋਧੀਆਂ ਤੇ ਹਮਾਇਤੀਆਂ ਨੇ ਆਪੋ ਆਪਣੇ ਤਰਕ ਦਿੱਤੇ ਸਨ।

ਇਹ ਤਸਵੀਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੀ ਸੀ। ਇਮਰਾਨ ਖ਼ਾਨ ਨਾਲ ਕ੍ਰਿਕਟ ਦੀ ਸਾਂਝ ਹੋਣ ਕਰਕੇ ਨਵਜੋਤ ਸਿੱਧੂ ਨੂੰ ਖਾਸ ਤੌਰ 'ਤੇ ਪਾਕਿਸਤਾਨ ਸੱਦਿਆ ਗਿਆ ਸੀ।

ਸਹੁੰ ਚੁੱਕ ਸਮਾਗਮ ਤੋਂ ਪਰਤਦਿਆਂ ਹੀ ਜੱਫ਼ੀ ਬਾਰੇ ਪੁੱਛੇ ਸਵਾਲਾਂ 'ਤੇ ਨਵਜੋਤ ਸਿੰਘ ਸਿੱਧੂ ਨੇ ਸਪਸ਼ਟੀਕਰਨ ਦਿੱਤਾ। ਉਹਨਾਂ ਕਿਹਾ, ''ਪਾਕਿਸਤਾਨ ਦੇ ਫ਼ੌਜ ਮੁਖੀ ਨਾਲ ਉਸ ਵੇਲੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਗੱਲ ਹੋ ਰਹੀ ਸੀ। ਜਦੋਂ ਕਮਰ ਜਾਵੇਦ ਬਾਜਵਾ ਨੇ ਦੱਸਿਆ ਕਿ ਪਾਕਿਸਤਾਨ ਲਾਂਘਾ ਖੋਲ੍ਹਣ ਦੇ ਹੱਕ ਵਿੱਚ ਹਨ ਤਾਂ ਭਾਵੁਕ ਹੋ ਕੇ ਉਹਨਾਂ ਨੇ ਜੱਫ਼ੀ ਪਾਈ ਅਤੇ ਜੱਫ਼ੀ ਪਾ ਕੇ ਮਿਲਣ ਨੂੰ ਉਹਨਾਂ ਨੇ ਪੰਜਾਬੀਆਂ ਦਾ ਸੁਭਾਅ ਦੱਸਿਆ।''

ਇਹ ਵੀ ਪੜ੍ਹੋ

ਅੰਮ੍ਰਿਤਸਰ ਰੇਲ ਹਾਦਸਾ

ਸਾਲ 2018 ਵਿੱਚ ਦੁਸ਼ਹਿਰੇ ਦੀ ਸ਼ਾਮ ਅੰਮ੍ਰਿਤਸਰ ਵਿੱਚ ਭਿਆਨਕ ਰੇਲ ਹਾਦਸਾ ਵਾਪਰਿਆ। ਜੌੜਾ ਫਾਟਕ ਨੇੜੇ ਰੇਲਵੇ ਲਾਈਨਾਂ 'ਤੇ ਖੜ੍ਹੇ ਰਾਵਣ ਦਹਿਨ ਦੇਖ ਰਹੇ ਲੋਕ ਟਰੇਨ ਦੀ ਚਪੇਟ ਵਿੱਚ ਆ ਗਏ।

ਜਿਸ ਰਾਵਣ ਦਹਿਨ ਨੂੰ ਦੇਖ ਰਹੇ ਲੋਕ ਹਾਦਸੇ ਦਾ ਸ਼ਿਕਾਰ ਹੋਏ, ਉਸ ਸਮਾਗਮ ਵਿੱਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਸਨ।

ਕਈ ਲੋਕਾਂ ਨੇ ਇਲਜ਼ਾਮ ਲਗਾਏ ਕਿ ਨਵਜੋਤ ਕੌਰ ਸਿੱਧੂ ਦੇ ਸਮਾਗਮ ਵਿੱਚ ਦੇਰੀ ਨਾਲ ਪਹੁੰਚਣ ਕਾਰਨ ਰਾਵਣ ਦਹਿਨ ਹਨੇਰੇ ਹੋਏ ਕੀਤਾ ਗਿਆ। ਜਿਸ ਕਾਰਨ ਹਾਦਸਾ ਵਾਪਰਿਆ। ਵਿਰੋਧੀਆਂ ਨੇ ਨਵਜੋਤ ਸਿੱਧੂ ਦੇ ਅਸਤੀਫ਼ੇ ਦੇ ਵੀ ਮੰਗ ਕੀਤੀ। ਸਿੱਧੂ ਨੇ ਅਸਤੀਫ਼ੇ ਤੋਂ ਇਨਕਾਰ ਕਰ ਦਿੱਤਾ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕਰਨ ਦੀ ਵਕਾਲਤ ਕੀਤੀ।

ਇਲਜ਼ਾਮਾਂ ਵਿਚਕਾਰ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਜ਼ਖਮੀਆਂ ਦਾ ਇਲਾਜ ਕਰਦੇ ਦਿਸੇ ਅਤੇ ਸਿੱਧੂ ਨੇ ਹਾਦਸੇ ਵਿੱਚ ਅਨਾਥ ਹੋਏ ਬੱਚਿਆਂ ਨੂੰ ਗੋਦ ਲੈਣ ਦਾ ਵੀ ਐਲਾਨ ਕੀਤਾ।

ਭਾਜਪਾ ਛੱਡ ਕਾਂਗਰਸ ਵਿੱਚ ਆਏ

ਤਸਵੀਰ ਕੈਪਸ਼ਨ,

ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਸਿੱਧੂ

ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਲੰਬੇ ਸਮੇਂ ਤੋਂ ਬੀਜੇਪੀ ਨਾਲ ਜੁੜੇ ਸੀ। ਪੰਜਾਬ ਵਿੱਚ ਸਿੱਧੂ ਜੋੜੇ ਦੇ ਸ਼੍ਰੋਮਣੀ ਅਕਾਲੀ ਦਲ ਖ਼ਾਸਕਰ ਬਾਦਲ ਪਰਿਵਾਰ ਨਾਲ ਮਤਭੇਦ ਕਾਰਨ, ਉਹਨਾਂ ਨੂੰ ਬੀਜੇਪੀ ਦਾ ਅਕਾਲੀ ਦਲ ਨਾਲ ਗਠਜੋੜ ਹਜ਼ਮ ਨਹੀਂ ਸੀ ਹੋ ਰਿਹਾ। 2017 ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਜੋੜੇ ਨੇ ਬੀਜੇਪੀ ਦਾ ਸਾਥ ਛੱਡ ਦਿੱਤਾ।

ਫ਼ਿਰ ਕਾਫ਼ੀ ਸਮਾਂ ਕਸ਼ਮਕਸ਼ ਰਹੀ ਕਿ ਆਖ਼ਿਰ ਸਿੱਧੂ ਪਤੀ-ਪਤਨੀ ਕਿਹੜੀ ਪਾਰਟੀ ਵਿੱਚ ਜਾਣਗੇ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਕਿਆਸ ਜ਼ਬਰਦਸਤ ਰਹੇ। ਫ਼ਿਰ ਬੈਂਸ ਭਰਾਵਾਂ, ਪਰਗਟ ਸਿੰਘ ਅਤੇ ਨਵਜੋਤ ਸਿੱਧੂ ਦੇ ਇਕੱਠਿਆਂ ਹੋਣ ਦੀਆਂ ਸੰਭਾਵਾਨਾਵਾਂ ਬਾਰੇ ਵੀ ਖ਼ਬਰਾਂ ਆਈਆਂ। ਆਖ਼ਿਰਕਾਰ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਵਿੱਚ ਸ਼ਾਮਲ ਹੋ ਕੇ ਸਭ ਨੂੰ ਹੈਰਾਨ ਕਰ ਦਿੱਤਾ।

ਪਟਿਆਲਾ ਦਾ ਰੋਡਰੇਜ ਕੇਸ

27 ਦਸੰਬਰ 1988 ਨੂੰ ਪਟਿਆਲਾ ਵਿੱਚ ਵਾਪਰੀ ਘਟਨਾ ਨੇ ਲੰਬੇ ਵਕਤ ਤੱਕ ਸਿੱਧੂ ਦਾ ਸਾਥ ਨਹੀਂ ਛੱਡਿਆ। ਸਿੱਧੂ 'ਤੇ ਇਲਜ਼ਾਮ ਲੱਗੇ ਕਿ ਪਾਰਿਕੰਗ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਸਿੱਧੂ ਨੇ 65 ਸਾਲਾ ਗੁਰਨਾਮ ਸਿੰਘ ਨਾਲ ਕੁੱਟਮਾਰ ਕੀਤੀ, ਜਿਸ ਦੌਰਾਨ ਵੱਜੀ ਸੱਟ ਕਾਰਨ ਉਹਨਾਂ ਦੀ ਮੌਤ ਹੋ ਗਈ।

ਮਾਮਲੇ ਵਿੱਚ ਟਰਾਇਲ ਕੋਰਟ ਨੇ ਸਿੱਧੂ ਨੂੰ ਬਰੀ ਕਰ ਦਿੱਤਾ ਸੀ ਪਰ ਹਾਈ ਕੋਰਟ ਨੇ ਸਿੱਧੂ ਅਤੇ ਉਹਨਾਂ ਦੇ ਦੋਸਤ ਰੁਪਿੰਦਰ ਸੰਧੂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ।

ਸਜ਼ਾ ਖ਼ਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਗਈ। ਪਿਛਲੇ ਸਾਲ ਮਈ ਵਿੱਚ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਫ਼ੈਸਲੇ ਨੂੰ ਖਾਰਜ ਕਰਦਿਆਂ ਸਿੱਧੂ ਅਤੇ ਉਹਨਾਂ ਦੇ ਦੋਸਤ ਨੂੰ ਕੇਸ ਵਿੱਚੋਂ ਬਰੀ ਕਰ ਦਿੱਤਾ।

ਟੀਵੀ ਸ਼ੋਅ ਬਿੱਗ ਬੌਸ ਦਾ ਸੀਜ਼ਨ 6 ਵੀ ਸਿੱਧੂ ਨੂੰ ਇੱਕ ਵਾਰ ਸੁਰਖੀਆਂ ਵਿੱਚ ਲੈ ਆਇਆ ਸੀ। ਸਿੱਧੂ ਸਾਲ 2012 ਵਿੱਚ ਸ਼ੋਅ ਵਿੱਚ ਹਿੱਸਾ ਲੈ ਰਹੇ ਸਨ। ਕਰੀਬ ਇੱਕ ਮਹੀਨਾ ਇੱਥੇ ਗੁਜ਼ਾਰਿਆ ਅਤੇ ਫ਼ਿਰ ਸਿਆਸੀ ਜ਼ਿੰਮੇਵਾਰੀਆਂ ਦਾ ਹਵਾਲਾ ਦਿੰਦਿਆਂ ਬਾਹਰ ਆ ਗਏ।

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)