ਪਾਕਿਸਤਾਨੀ ਕੈਦੀ ਦਾ ਜੈਪੁਰ ਜੇਲ੍ਹ ’ਚ ਕੁੱਟ-ਕੁੱਟ ਕੇ ਕਤਲ

  • ਨਾਰਾਇਨ ਬਾਰੇਠ
  • ਜੈਪੁਰ ਤੋਂ ਬੀਬੀਸੀ ਹਿੰਦੀ ਲਈ
ਸ਼ਕਰੁੱਲਾਹ, ਪਾਕਿਸਤਾਨੀ ਨਾਗਰਿਕ

ਤਸਵੀਰ ਸਰੋਤ, file photo

ਰਾਜਸਥਾਨ 'ਚ ਜੈਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਇੱਕ ਪਾਕਿਸਤਾਨੀ ਨਾਗਰਿਕ ਸ਼ਕਰੁੱਲਾਹ ਦਾ ਸਾਥੀ ਕੈਦੀਆਂ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਹੈ।

ਪਾਕਿਸਤਾਨ ਦੇ ਸਿਆਲਕੋਟ ਦਾ ਰਹਿਣ ਵਾਲਾ ਕੈਦੀ ਸ਼ਕਰੁੱਲਾਹ ਉਮਰ ਕੈਦ ਕੱਟ ਰਿਹਾ ਸੀ। ਇਲਜ਼ਾਮ ਹੈ ਕਿ ਚਾਰ ਭਾਰਤੀ ਬੰਦੀਆਂ ਨੇ ਪੱਥਰ ਮਾਰ-ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ।

ਘਟਨਾ ਬੁੱਧਵਾਰ (20 ਫਰਵਰੀ) ਦੁਪਹਿਰ ਦੀ ਹੈ। ਸੀਨੀਅਰ ਪੁਲਿਸ ਅਫਸਰ ਲਕਸ਼ਮਣ ਗੌੜ ਨੇ ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਘਟਨਾ ਦੀ ਪੁਸ਼ਟੀ ਕੀਤੀ।

ਗੌੜ ਮੁਤਾਬਕ ਸ਼ੁਰੂਆਤੀ ਜਾਂਚ ਮੁਤਾਬਕ ਟੀਵੀ ਦੀ ਆਵਾਜ਼ ਨੂੰ ਲੈ ਕੇ ਝਗੜਾ ਹੋਇਆ ਸੀ ਜੋ ਕਿ ਵੱਧ ਗਿਆ। ਗੌੜ ਨੇ ਦੱਸਿਆ ਕਿ ਚਾਰ ਬੰਦਿਆਂ ਨੂੰ ਹੱਤਿਆ ਦਾ ਮਾਮਲਾ ਦਰਜ ਕਰ ਕੇ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਜ਼ਰੂਰ ਪੜ੍ਹੋ

ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਜੇਲ ਦੇ ਮਹਾਨਿਦੇਸ਼ਕ ਐੱਨ.ਆਰ.ਕੇ ਰੈੱਡੀ ਸਮੇਤ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਫੋਰੈਂਸਿਕ ਵਿਗਿਆਨੀਆਂ ਦੀ ਟੀਮ ਵੀ ਪਹੁੰਚ ਗਈ।

ਗੌੜ ਨੇ ਕਿਹਾ ਕਿ ਅਜੇ ਜਾਂਚ ਜਾਰੀ ਹੈ ਤਾਂ ਜੋ ਪੂਰੀ ਤਸਵੀਰ ਸਾਫ ਹੋ ਸਕੇ।

'ਪੁਲਵਾਮਾ ਨਾਲ ਸਬੰਧ'

ਪੱਤਰਕਾਰਾਂ ਨੇ ਪੁਲਿਸ ਅਫਸਰ ਗੌੜ ਨੂੰ ਪੁੱਛਿਆ ਕਿ ਇਸ ਕਤਲ ਨੂੰ ਭਾਰਤ-ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ ਨਾਲ ਜੋੜਿਆ ਜਾ ਸਕਦਾ ਹੈ ਜਾਂ ਨਹੀਂ।

ਗੌੜ ਦਾ ਜਵਾਬ ਸੀ ਕਿ ਹੁਣ ਤੱਕ ਇਹੀ ਪਤਾ ਲੱਗਿਆ ਹੈ ਕਿ ਟੀਵੀ ਦੀ ਵਾਲਯੂਮ ਉੱਪਰ ਝਗੜਾ ਸ਼ੁਰੂ ਹੋਇਆ।

ਕਸ਼ਮੀਰੀ ਵਿਦਿਆਰਥੀ ਸਹਿਮੇ ਹੋਏ ਕਿਉਂ?ਵੀਡੀਓ

ਕਿਉਂ ਸੀ ਕੈਦ

ਸ਼ਕਰੁੱਲਾਹ ਅਤੇ ਦੋ ਹੋਰ ਪਾਕਿਸਤਾਨੀ ਕੈਦੀਆਂ ਨੂੰ 2017 ਵਿੱਚ ਜੈਪੁਰ ਦੀ ਇੱਕ ਅਦਾਲਤ ਨੇ ਭਾਰਤ ਵਿੱਚ ਦਹਿਸ਼ਤਗਰਦੀ ਫੈਲਾਉਣ ਦਾ ਦੋਸ਼ੀ ਮੰਨਦਿਆਂ ਉਮਰ ਕੈਦ ਦੀ ਸਜ਼ਾ ਦਿੱਤੀ ਸੀ।

ਸ਼ਕਰੁੱਲਾਹ ਉੱਪਰ ਲਸ਼ਕਰ-ਏ-ਤਾਇਬਾ ਲਈ ਕੰਮ ਕਰਨ ਦਾ ਇਲਜ਼ਾਮ ਸੀ। ਉਸ ਵੇਲੇ ਦੇ ਹੀ ਇਹ ਤਿੰਨ ਆਦਮੀ ਇੱਥੇ ਕੈਦ ਸਨ।

ਇਹ ਵੀ ਜ਼ਰੂਰ ਪੜ੍ਹੋ

ਇਸ ਮਾਮਲੇ ਵਿੱਚ ਪੰਜ ਭਾਰਤੀਆਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਇਸ ਘਟਨਾ ਤੋਂ ਬਾਅਦ ਜੇਲ੍ਹ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਰਾਜਸਥਾਨ ਦੀਆਂ ਜੇਲ੍ਹਾਂ ਵਿੱਚ 20,000 ਤੋਂ ਜ਼ਿਆਦਾ ਕੈਦੀ ਹਨ। ਇਨ੍ਹਾਂ ਵਿੱਚ 62 ਵਿਦੇਸ਼ੀ ਨਾਗਰਿਕ ਹਨ ਜਿਨ੍ਹਾਂ ਵਿੱਚੋਂ ਘੱਟੋਘੱਟ 12 ਪਾਕਿਸਤਾਨੀ ਹਨ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)