ਕਸ਼ਮੀਰੀਆਂ ਦੀ ਮਦਦ ਲਈ ਸਿੱਖਾਂ ਦਾ ਧੰਨਵਾਦ ਕਰਦੇ ਓਮਰ ਅਬਦੁੱਲਾਹ ਦੇ ਟਵੀਟ ਨੇ ਛੇੜੀ ਬਹਿਸ — ਸੋਸ਼ਲ

ਓਮਰ ਅਬਦੁੱਲਾਹ
ਫੋਟੋ ਕੈਪਸ਼ਨ ਓਮਰ ਅਬਦੁੱਲਾਹ ਨੇ ਆਪਣੇ ਟਵੀਟ ਨਾਲ 'ਗ੍ਰੇਟਰ ਕਸ਼ਮੀਰ' ਅਖਬਾਰ ਦਾ ਇੱਕ ਕਾਰਟੂਨ ਲਗਾਇਆ

ਭਾਰਤ-ਸ਼ਾਸਤ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਰਹੇ ਓਮਰ ਅਬਦੁੱਲਾਹ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸੱਜੇਪੱਖੀ ਸੰਗਠਨਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਮਦਦ ਲਈ ਸਿੱਖ ਸੰਗਤ ਦਾ ਧੰਨਵਾਦ ਟਵਿੱਟਰ ਉੱਪਰ ਇੱਕ ਸੰਦੇਸ਼ ਰਾਹੀਂ ਜ਼ਾਹਰ ਕੀਤਾ ਹੈ।

ਟਵੀਟ ਦੇ ਜਵਾਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਬਦੁੱਲਾਹ ਦਾ ਧੰਨਵਾਦ ਕੀਤਾ ਪਰ ਨਾਲ ਹੀ ਅਬਦੁੱਲਾਹ ਨੂੰ ਟਰੋਲਿੰਗ ਦਾ ਸ਼ਿਕਾਰ ਵੀ ਬਣਨਾ ਪਿਆ।

ਅਬਦੁੱਲਾਹ ਨੇ ਆਪਣੇ ਟਵੀਟ ਨਾਲ 'ਗ੍ਰੇਟਰ ਕਸ਼ਮੀਰ' ਅਖ਼ਬਾਰ ਦਾ ਇੱਕ ਕਾਰਟੂਨ ਲਗਾਇਆ ਸੀ ਜਿਸ ਵਿੱਚ ਇੱਕ ਸਿੱਖ ਇੱਕ ਮੁਸਲਮਾਨ ਆਦਮੀ ਦੀ ਮਦਦ ਕਰਦਾ ਦਰਸ਼ਾਇਆ ਗਿਆ ਸੀ।

ਉਨ੍ਹਾਂ ਨੇ ਲਿਖਿਆ ਕਿ ਇਹ ਕਾਰਟੂਨ ਬਹੁਤ ਉਚਿਤ ਹੈ। "ਸਿੱਖ ਸੰਗਤ ਨੇ ਮੁਸੀਬਤ ਵਿੱਚ ਫਸੇ ਕਸ਼ਮੀਰੀਆਂ ਦੀ ਜੰਮੂ ਅਤੇ ਸੂਬੇ ਤੋਂ ਬਾਹਰ ਵੀ ਬਹੁਤ ਸਹਾਇਤਾ ਕੀਤੀ। ਮੈਂ ਕੈਪਟਨ ਅਮਰਿੰਦਰ ਸਾਹਿਬ ਦਾ ਖਾਸ ਧੰਨਵਾਦ ਕਰਦਾ ਹਾਂ।"

ਉਂਝ ਅਮਰਿੰਦਰ ਸਿੰਘ ਨੇ ਪਾਕਿਸਤਾਨ ਤੋਂ 'ਵੱਡਾ ਬਦਲਾ' ਲੈਣ ਦੀ ਹਮਾਇਤ ਕੀਤੀ ਹੈ ਅਤੇ ਪੁਲਵਾਮਾ ਵਿੱਚ 14 ਫਰਵਰੀ ਨੂੰ ਮਾਰੇ ਹਰੇਕ ਸੀ.ਆਰ.ਪੀ.ਐੱਫ ਜਵਾਨ ਬਦਲੇ ਦੋ ਪਾਕਿਸਤਾਨੀ ਸੈਨਿਕਾਂ ਨੂੰ ਮਾਰਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਵੀ ਗੁੱਸੇ ਨਾਲ ਜਵਾਬ ਦਿੱਤਾ ਹੈ।

ਇਹ ਵੀ ਪੜ੍ਹੋ-

ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਦੀ ਸਹਾਇਤਾ — ਵੀਡੀਓ ਜ਼ਰੂਰ ਦੇਖੋ

ਓਮਰ ਅਬਦੁੱਲਾਹ ਨੂੰ ਕਈ ਟਵਿੱਟਰ ਯੂਜ਼ਰਜ਼ ਨੇ ਜਵਾਬ ਦਿੰਦਿਆਂ ਲਿਖਿਆ ਕਿ ਉਹ ਕਸ਼ਮੀਰ ਮੁੱਦੇ ਨੂੰ ਵਰਤਦੇ ਰਹੇ ਹਨ।

ਪੱਤਰਕਾਰ ਮੀਨਾ ਦਾਸ ਨਾਰਾਇਣ ਨੇ ਟਵੀਟ ਦੇ ਜਵਾਬ ਵਿੱਚ ਲਿਖਿਆ, "ਫੌਜ ਨੂੰ ਨਾ ਭੁੱਲੋ। ਉਨ੍ਹਾਂ ਨੇ ਤਾਂ ਤੁਹਾਡੇ ਵੱਖਵਾਦੀ ਭਰਾਵਾਂ ਦੀ ਵੀ ਮਦਦ ਕੀਤੀ ਹੈ।"

ਇੱਕ ਟੀਵੀ ਪ੍ਰੋਗਰਾਮ ਦੇ ਕਿਰਦਾਰ 'ਜੇਠਾ ਲਾਲ' ਦੇ ਨਾਂ ਦਾ ਹੈਂਡਲ ਬਣਾ ਕੇ ਟਵੀਟ ਕਰਨ ਵਾਲੇ ਇੱਕ ਯੂਜ਼ਰ ਨੇ ਸਲਾਹ ਦਿੱਤੀ ਕਿ ਓਮਰ ਅਬਦੁੱਲਾਹ ਕਸ਼ਮੀਰੀਆਂ ਨੂੰ ਨਸੀਹਤ ਦੇਣ ਕਿ ਬੰਦੂਕ ਰਾਹੀਂ ਕੋਈ ਸਮੱਸਿਆ ਹੱਲ ਨਹੀਂ ਹੋ ਸਕਦੀ।

ਉਨ੍ਹਾਂ ਲਿਖਿਆ, "ਇੱਕ ਸਮਾਂ ਸੀ ਜਦੋਂ ਪੰਜਾਬ ਵੀ ਅਸ਼ਾਂਤ ਸੀ ਪਰ ਹੁਣ ਸ਼ਾਂਤ ਹੈ, ਇਸ ਦਾ ਫਾਇਦਾ ਪੰਜਾਬੀਆਂ ਨੂੰ ਮਿਲ ਰਿਹਾ ਹੈ। ਇਸੇ ਤਰ੍ਹਾਂ ਕਸ਼ਮੀਰੀਆਂ ਨੂੰ ਵੀ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਭਾਰਤੀ ਉਨ੍ਹਾਂ ਦਾ ਭਲਾ ਸੋਚਦੇ ਹਨ। ਉਹ ਜ਼ਰਾ ਸਬਰ ਰੱਖਣ ਅਤੇ ਹਾਲਾਤ ਬਿਹਤਰ ਕਰਨ ਵਿੱਚ ਮਦਦ ਕਰਨ।"

ਨਿਸ਼ੀਤ ਨਾਂ ਦੇ ਇੱਕ ਵਿਅਕਤੀ ਨੇ ਟਵੀਟ ਕੀਤਾ ਕਿ ਅਬਦੁੱਲਾਹ ਇੱਕੋ ਸਮੁਦਾਇ ਨੂੰ ਧੰਨਵਾਦ ਕਰ ਕੇ ਸਿਆਸਤ ਖੇਡ ਰਹੇ ਹਨ।

ਕਈਆਂ ਨੇ ਅਬਦੁੱਲਾਹ ਦੇ ਟਵੀਟ ਦੇ ਜਵਾਬ ਵਿੱਚ ਕਸ਼ਮੀਰੀ ਪੰਡਿਤਾਂ ਦੇ ਦੁਖਾਂਤ ਦਾ ਜ਼ਿਕਰ ਕੀਤਾ ਤਾਂ ਓਮਰ ਅਬਦੁੱਲਾਹ ਨੇ ਟਵੀਟ ਕਰ ਕੇ ਕਿਹਾ ਕਿ ਕਿਸੇ ਵੀ ਅਕਲਮੰਦ ਕਸ਼ਮੀਰੀ ਨੇ ਕਸ਼ਮੀਰੀ ਪੰਡਿਤਾਂ ਨੂੰ 1990 ਵਿੱਚ ਵਾਦੀ ਵਿੱਚੋਂ ਬਾਹਰ ਧੱਕੇ ਜਾਣ ਦਾ ਸਮਰਥਣ ਨਹੀਂ ਕੀਤਾ।

"ਕਈ ਬਿਮਾਰ ਦਿਮਾਗ ਵਾਲੇ ਲੋਕਾਂ ਨੂੰ ਲੱਗਦਾ ਹੈ ਕਿ ਕਸ਼ਮੀਰੀ ਪੰਡਿਤਾਂ ਨਾਲ ਹੋਏ ਧੱਕੇ ਕਰਕੇ ਹੁਣ ਕਸ਼ਮੀਰੀ ਮੁਸਲਮਾਨਾਂ ਨੂੰ ਨਿਸ਼ਾਨਾਂ ਬਣਾਉਣਾ ਸਹੀ ਹੈ।"

ਜਸਪ੍ਰੀਤ ਸਿੰਘ ਨਾਂ ਦੇ ਇੱਕ ਯੂਜ਼ਰ ਨੇ ਗੱਲ ਨੂੰ ਵੱਡਾ ਪਰਿਪੇਖ ਦਿੰਦਿਆਂ ਲਿਖਿਆ, "ਵੇਖੋ, ਕਿਹੋ ਜਿਹੇ ਸਮੇਂ ਵਿੱਚ ਪਹੁੰਚ ਗਏ ਹਾਂ। ਇੱਕ ਭਾਰਤੀ ਨੂੰ ਦੂਜੇ ਭਾਰਤੀ ਦਾ ਇਸ ਲਈ ਧੰਨਵਾਦ ਕਰਨਾ ਪੈ ਰਿਹਾ ਹੈ ਕਿ ਉਸ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਈ ਹੈ। ਆਪਣੇ ਬੱਚਿਆਂ ਲਈ ਕਿਸ ਤਰ੍ਹਾਂ ਦੀ ਡਰਾਉਣੀ ਥਾਂ ਬਣਾ ਰਹੇ ਹਾਂ।"

ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਵਿੱਚ ਆਪਣੇ ਸਖਤ ਰਵੱਈਏ ਬਾਰੇ ਕਿਹਾ, "ਲੜਾਈ ਸਿਰਫ ਦਹਿਸ਼ਤਗਰਦਾਂ ਨਾਲ ਹੈ"। ਉਨ੍ਹਾਂ ਕਿਹਾ ਕਿ ਪੰਜਾਬ ਕਸ਼ਮੀਰੀਆਂ ਨਾਲ ਖੜ੍ਹਾ ਹੈ ਕਿਉਂਕਿ ਉਹ ਵੀ ਕਿਸੇ ਹੋਰ ਜਿੰਨੇ ਹੀ ਭਾਰਤੀ ਹਨ।

ਉਨ੍ਹਾਂ ਦੇ ਇਸ ਟਵੀਟ ਦੇ ਬਦਲੇ ਕਈ ਅਜਿਹੇ ਟਵੀਟ ਆਏ ਜਿਨ੍ਹਾਂ ਵਿੱਚ ਉਨ੍ਹਾਂ ਦੀ ਸ਼ਲਾਘਾ ਕੀਤੀ, ਹਾਲਾਂਕਿ ਕਈਆਂ ਨੇ ਉਨ੍ਹਾਂ ਨੂੰ ਚਿਤਾਇਆ ਕਿ ਉਹ ਭਾਰਤ ਦੇ ਜਵਾਨਾਂ ਦਾ ਵੀ ਪੂਰਾ ਖਿਆਲ ਰੱਖਣ।

ਅਭਿਨਵ ਚਤੁਰਵੇਦੀ ਨੇ ਕਿਹਾ, "ਭਟਕੇ ਹੋਏ ਕਸ਼ਮੀਰੀ ਸਾਡੇ ਜਵਾਨਾਂ ਉੱਤੇ ਪੱਥਰਬਾਜ਼ੀ ਕਰਨਗੇ ਤਾਂ ਜਵਾਬ 'ਚ ਸੈਨਾ ਗੋਲੀ ਹੀ ਮਾਰੇਗੀ।"

ਕਾਫੀ ਸੰਖਿਆ ਵਿੱਚ ਟਵੀਟ ਕਰਨ ਵਾਲਿਆਂ ਨੇ ਸਿੱਖਾਂ ਅਤੇ ਪੰਜਾਬੀਆਂ ਦੀ ਸ਼ਲਾਘਾ ਸਿਆਸਤ ਤੋਂ ਅਗਾਂਹ ਜਾ ਕੇ ਕੀਤੀ।

ਵਿਕਾਸ਼ ਨਾਂ ਦੇ ਟਵਿੱਟਰ ਯੂਜ਼ਰ ਨੇ ਕੇਵਲ ਇੰਨਾ ਲਿਖਿਆ, "ਨਾਨਕ ਦੇ ਬੰਦੇ ਹਾਂ ਅਸੀਂ।"

ਕਈ ਸੱਜੇਪੱਖੀ ਟਵਿੱਟਰ ਯੂਜਰਜ਼ ਨੇ ਉਨ੍ਹਾਂ ਨੂੰ ਹੋਰ ਕਾਂਗਰਸੀਆਂ ਨੂੰ ਵੀ ਨਸੀਹਤ ਦੇਣ ਦੀ ਸਲਾਹ ਦਿੱਤੀ।

ਇਹ ਵੀ ਜ਼ਰੂਰ ਪੜ੍ਹੋ

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)