ਭਾਰਤੀ ਕਾਰਡੀਨਲ ਜੋ ‘ਸਰੀਰਕ ਸ਼ੋਸ਼ਣ ਦੇ ਪੀੜਤਾਂ ਨੂੰ ਇਨਸਾਫ਼ ਨਹੀਂ ਦਿਵਾ ਸਕੇ’

  • ਪ੍ਰਿਅੰਕਾ ਪਾਠਕ
  • ਬੀਬੀਸੀ ਪੱਤਰਕਾਰ
ਕਾਰਡੀਨਲ ਓਸਵਾਲਡ ਗ੍ਰੈਸੀਐੱਸ ਭਾਰਤ ਵਿੱਚ ਕੈਥੋਲਿਕ ਚਰਚ ਦੇ ਅਹਿਮ ਨੁਮਾਇੰਦਿਆਂ ਵਿੱਚੋਂ ਇੱਕ ਹਨ
ਤਸਵੀਰ ਕੈਪਸ਼ਨ,

ਕਾਰਡੀਨਲ ਓਸਵਾਲਡ ਗ੍ਰੈਸੀਐੱਸ ਭਾਰਤ ਵਿੱਚ ਕੈਥੋਲਿਕ ਚਰਚ ਦੇ ਅਹਿਮ ਨੁਮਾਇੰਦਿਆਂ ਵਿੱਚੋਂ ਇੱਕ ਹਨ

ਭਾਰਤ ਵਿੱਚ ਕੈਥੋਲਿਕ ਚਰਚ ਦੇ ਮੁੱਖ ਅਹੁਦੇਦਾਰ ਨੇ ਇਹ ਮੰਨਿਆ ਹੈ ਕਿ ਜੋ ਸਰੀਰਕ ਸ਼ੋਸ਼ਣ ਦੇ ਮਾਮਲੇ ਉਨ੍ਹਾਂ ਕੋਲ ਆਏ, ਉਨ੍ਹਾਂ ਨਾਲ ਉਹ ਹੋਰ ਚੰਗੇ ਤਰੀਕੇ ਨਾਲ ਨਜਿੱਠ ਸਕਦੇ ਸਨ।

ਇਹ ਅਹੁਦੇਦਾਰ ਬੱਚਿਆਂ ਦੇ ਸਰੀਰਕ ਸ਼ੋਸ਼ਣ ਬਾਰੇ ਇਸ ਹਫ਼ਤੇ ਹੋ ਰਹੀ ਇੱਕ ਵੱਡੀ ਵੈਟੀਕਨ ਕਾਨਫਰੰਸ ਕਰਨ ਵਾਲੇ 4 ਪ੍ਰਬੰਧਕਾਂ ਵਿੱਚੋਂ ਇੱਕ ਹਨ।

ਓਸਵਾਲਡ ਗ੍ਰੇਸੀਐੱਸ ਮੁੰਬਈ ਦੇ ਆਰਚਬਿਸ਼ਪ ਹਨ। ਉਨ੍ਹਾਂ ਨੇ ਬੀਬੀਸੀ ਦੀ ਜਾਂਚ ਵੇਲੇ ਇਹ ਬਿਆਨ ਦਿੱਤਾ ਹੈ।

ਬੀਬੀਸੀ ਦੀ ਉਸ ਜਾਂਚ ਵਿੱਚ ਇਹ ਸਾਹਮਣੇ ਆਇਆ ਸੀ ਕਿ ਓਸਵਾਲਡ ਗ੍ਰੈਸੀਐੱਸ ਨੇ ਬੱਚਿਆਂ ਦੇ ਸਰੀਰਕ ਸ਼ੋਸ਼ਣ ਦੇ ਇੱਕ ਮਾਮਲੇ ਵਿੱਚ ਫੌਰਨ ਐਕਸ਼ਨ ਨਹੀਂ ਲਿਆ ਸੀ ਅਤੇ ਨਾ ਹੀ ਇਲਜ਼ਾਮਾਂ ਬਾਰੇ ਪੁਲਿਸ ਨੂੰ ਦੱਸਿਆ ਸੀ।

ਇਹ ਵੀ ਪੜ੍ਹੋ:

ਓਸਵਾਲਡ ਗ੍ਰੈਸੀਐੱਸ ਭਾਰਤ ਵਿੱਚ ਚਰਚ ਦੇ ਸਭ ਤੋਂ ਸੀਨੀਅਰ ਅਹੁਦੇਦਾਰਾਂ ਵਿੱਚੋਂ ਇੱਕ ਹਨ ਅਤੇ ਸਰੀਰਕ ਸ਼ੋਸ਼ਣ ਬਾਰੇ ਕਰਵਾਏ ਜਾ ਰਹੀ ਕਾਨਫਰੰਸ ਦੇ ਅਹਿਮ ਪ੍ਰਬੰਧਕ ਹਨ।

ਪੀੜਤਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਦਾ ਇਲਜ਼ਾਮ ਹੈ ਕਿ ਜਦੋਂ ਉਨ੍ਹਾਂ ਨੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਬਾਰੇ ਓਸਵਾਲਡ ਗ੍ਰੈਸੀਐੱਸ ਨੂੰ ਦੱਸਿਆ ਸੀ ਤਾਂ ਉਨ੍ਹਾਂ ਨੇ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ।

‘ਮੈਨੂੰ ਨਹੀਂ ਸਮਝ ਆਇਆ ਮੈਂ ਕੀ ਕਰਾਂ’

ਭਾਰਤ ਦੇ ਕੈਥੋਲਿਕ ਈਸਾਈ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਪਾਦਰੀਆਂ ਵੱਲੋਂ ਸਰੀਰਕ ਸ਼ੋਸ਼ਣ ਕਰਨ ਬਾਰੇ ਡਰ ਤੇ ਖਾਮੋਸ਼ੀ ਦੀ ਇੱਕ ਮਾਹੌਲ ਹੈ। ਜੋ ਲੋਕ ਇਸ ਦੇ ਖਿਲਾਫ਼ ਬੋਲਣ ਦੀ ਹਿੰਮਤ ਕਰਦੇ ਹਨ ਉਨ੍ਹਾਂ ਲਈ ਇਹ ਇੱਕ ਮੁਸ਼ਕਿਲ ਇਮਤਿਹਾਨ ਹੈ।

ਸਾਨੂੰ ਅਜਿਹੋ ਦੋ ਮਾਮਲੇ ਮਿਲੇ ਜਿੱਥੇ ਕੈਥੋਲਿਕ ਚਰਚ ਦੇ ਮੁੱਖ ਅਹੁਦੇਦਾਰ ਫੌਰਨ ਐਕਸ਼ਨ ਲੈਣ ਜਾਂ ਪੀੜਤਾਂ ਨੂੰ ਮਦਦ ਪਹੁੰਚਾਉਣ ਵਿੱਚ ਨਾਕਾਮ ਰਹੇ।

ਪਹਿਲਾ ਮਾਮਲਾ 2015 ਦਾ ਮੁੰਬਈ ਦਾ ਹੈ। ਉਹ ਸ਼ਾਮ ਆਮ ਦਿਨਾਂ ਵਾਂਗ ਸੀ ਜਦੋਂ ਉਸ ਔਰਤ ਦੀ ਜ਼ਿੰਦਗੀ ਬਦਲ ਗਈ।

ਕਾਰਡੀਨਲ ਓਸਵਾਲਡ ਗ੍ਰੈਸੀਐੱਸ ਬੱਚਿਆਂ ਦੇ ਸਰੀਰਕ ਸ਼ੋਸ਼ਣ ਬਾਰੇ ਇਸ ਹਫ਼ਤੇ ਹੋ ਰਹੀ ਇੱਕ ਵੱਡੀ ਵੈਟੀਕਨ ਕਾਨਫਰੰਸ ਕਰਨ ਵਾਲੇ 4 ਪ੍ਰਬੰਧਕਾਂ ਵਿੱਚੋਂ ਇੱਕ ਹਨ
ਤਸਵੀਰ ਕੈਪਸ਼ਨ,

ਕਾਰਡੀਨਲ ਓਸਵਾਲਡ ਗ੍ਰੈਸੀਐੱਸ ਬੱਚਿਆਂ ਦੇ ਸਰੀਰਕ ਸ਼ੋਸ਼ਣ ਬਾਰੇ ਇਸ ਹਫ਼ਤੇ ਹੋ ਰਹੀ ਇੱਕ ਵੱਡੀ ਵੈਟੀਕਨ ਕਾਨਫਰੰਸ ਕਰਨ ਵਾਲੇ 4 ਪ੍ਰਬੰਧਕਾਂ ਵਿੱਚੋਂ ਇੱਕ ਹਨ

ਉਸ ਸ਼ਾਮ ਉਸ ਦਾ ਪੁੱਤਰ ਚਰਚ ਮਾਸ (ਚਰਚ ਦੀ ਉਹ ਰਵਾਇਤ ਜਿਸ ਵਿੱਚ ਈਸਾ ਮਸੀਹ ਦੇ ਆਖਰੀ ਖਾਣੇ ਨੂੰ ਯਾਦ ਕਰਦੇ ਹੋਏ ਸਾਰੇ ਲੋਕ ਭੋਜਨ ਛਕਦੇ ਹਨ) ਤੋਂ ਪਰਤਿਆ ਸੀ।

ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਚਰਚ ਦੇ ਪਾਦਰੀ ਨੇ ਉਸ ਦਾ ਬਲਾਤਕਾਰ ਕੀਤਾ ਹੈ।

ਉਸ ਔਰਤ ਨੇ ਦੱਸਿਆ, " ਮੈਨੂੰ ਸਮਝ ਨਹੀਂ ਆਇਆ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ।"

ਉਸ ਵੇਲੇ ਉਸ ਔਰਤ ਨੂੰ ਇਹ ਨਹੀਂ ਪਤਾ ਸੀ ਕਿ ਇਹ ਮਾਮਲਾ ਉਸ ਨੂੰ ਭਾਰਤ ਦੀ ਕੈਥੋਲਿਕ ਚਰਚ ਨਾਲ ਟਾਕਰੇ ਦੀ ਰਾਹ 'ਤੇ ਲਿਜਾਵੇਗਾ।

ਉਹ ਔਰਤ ਜਿਸ ਸ਼ਖਸ ਕੋਲ ਮਦਦ ਲਈ ਗਈ, ਉਹ ਉਸ ਵੇਲੇ ਅਤੇ ਹੁਣ ਵੀ ਭਾਰਤ ਵਿੱਚ ਕੈਥੋਲਿਕ ਚਰਚ ਦੇ ਮੁੱਖ ਨੁਮਾਇੰਦਿਆਂ ਵਿੱਚੋਂ ਇੱਕ ਹੈ।

‘ਸਰੀਰਕ ਸ਼ੋਸ਼ਣ ਵੈਟੀਕਨ ਲਈ ਮੁਸੀਬਤ ਬਣਿਆ’

ਕਥਿਤ ਰੇਪ ਤੋਂ 72 ਘੰਟਿਆਂ ਬਾਅਦ ਪੀੜਤ ਦਾ ਪਰਿਵਾਰ ਥੋੜ੍ਹੇ ਹੀ ਸਮੇਂ ਲਈ ਕਾਰਡੀਨਲ ਅਤੇ ਮੁੰਬਈ ਦੇ ਆਰਚਬਿਸ਼ਪ ਓਸਵਾਲਡ ਗ੍ਰੈਸੀਐੱਸ ਨੂੰ ਮਿਲ ਸਕਿਆ।

ਓਸਵਾਲਡ ਗ੍ਰੈਸੀਐੱਸ ਉਸ ਵੇਲੇ ਕੈਥੋਲਿਕ ਬਿਸ਼ਪ ਕਾਨਫਰੰਸ ਆਫ ਇੰਡੀਆ ਅਤੇ ਫੈਡਰੇਸ਼ਨ ਆਫ ਏਸ਼ੀਅਨ ਬਿਸ਼ਪਜ਼ ਕਾਨਫਰੰਸ ਦੇ ਪ੍ਰਧਾਨ ਦੇ ਅਹੁਦੇ 'ਤੇ ਤਾਇਨਾਤ ਸਨ।

ਜਾਣਕਾਰ ਇਹ ਦੱਸਦੇ ਹਨ ਕਿ ਉਹ ਅਗਲੇ ਪੋਪ ਵੀ ਹੋ ਸਕਦੇ ਹਨ। ਸਭ ਤੋਂ ਖ਼ਾਸ ਗੱਲ ਤਾਂ ਇਹ ਹੈ ਕਿ ਇਸ ਹਫ਼ਤੇ ਵੈਟੀਕਰਨ ਵਿੱਚ ਸਰੀਰਕ ਸ਼ੋਸ਼ਣ ਬਾਰੇ ਗਲੋਬਲ ਸਮਿਟ ਦੇ ਉਹ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਹਨ।

ਕਾਰਡੀਨਲ ਓਸਵਾਲਡ ਗ੍ਰੈਸੀਐੱਸ ਨੇ ਮੰਨਿਆ ਕਿ ਉਨ੍ਹਾਂ ਨੂੰ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਬਾਰੇ ਪੁਲਿਸ ਨੂੰ ਜਾਣਕਾਰੀ ਦੇਣੀ ਚਾਹੀਦੀ ਸੀ
ਤਸਵੀਰ ਕੈਪਸ਼ਨ,

ਕਾਰਡੀਨਲ ਓਸਵਾਲਡ ਗ੍ਰੈਸੀਐੱਸ ਨੇ ਮੰਨਿਆ ਕਿ ਉਨ੍ਹਾਂ ਨੂੰ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਬਾਰੇ ਪੁਲਿਸ ਨੂੰ ਜਾਣਕਾਰੀ ਦੇਣੀ ਚਾਹੀਦੀ ਸੀ

ਚਰਚਾਂ ਵਿੱਚ ਹੁੰਦੇ ਸਰੀਰਕ ਸ਼ੋਸਣ ਦਾ ਮੁੱਦਾ ਮੌਜੂਦਾ ਵੇਲੇ ਵੈਟੀਕਨ ਲਈ ਸਭ ਤੋਂ ਵੱਡੀ ਮੁਸੀਬਤ ਹੈ। ਕੈਥੋਲਿਕ ਚਰਚ ਦੀ ਸਾਕ ਵੀ ਸਰੀਰਕ ਸ਼ੋਸ਼ਣ ਬਾਰੇ ਹੋ ਰਹੀ ਕਾਨਫਰੰਸ 'ਤੇ ਨਿਰਭਰ ਹੈ।

ਬੀਤੇ ਇੱਕ ਸਾਲ ਵਿੱਚ ਦੁਨੀਆਂ ਭਰ ਵਿੱਚ ਕੈਥੋਲਿਕ ਚਰਚ 'ਤੇ ਸਰੀਰਕ ਸ਼ੋਸ਼ਣ ਦੇ ਕਈ ਇਲਜ਼ਾਮ ਲੱਗੇ ਹਨ।

ਭਾਵੇਂ ਉੱਤਰੀ ਤੇ ਦੱਖਣੀ ਅਮਰੀਕਾ, ਯੂਰਪ ਅਤੇ ਆਸਟਰੇਲੀਆ ਵਿੱਚ ਸਰੀਰਕ ਸ਼ੋਸ਼ਣ ਦੇ ਮਾਮਲੇ ਸੁਰਖ਼ੀਆਂ ਵਿੱਚ ਰਹੇ ਹਨ ਪਰ ਏਸ਼ੀਆਈ ਦੇਸਾਂ ਵਿੱਚ ਇਸ ਸਮੱਸਿਆ ਬਾਰੇ ਕਾਫੀ ਘੱਟ ਜਾਣਕਾਰੀ ਹੈ।

ਭਾਰਤ ਵਰਗੇ ਦੇਸਾਂ ਵਿੱਚ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਕਰਨਾ ਸਮਾਜਿਕ ਸ਼ਰਮ ਦਾ ਵਿਸ਼ਾ ਹੈ। ਭਾਰਤ ਵਿੱਚ ਈਸਾਈ ਇੱਕ ਘੱਟ ਗਿਣਤੀ ਕੌਮ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਦੀ ਆਬਾਦੀ ਕਰੀਬ 2.8 ਕਰੋੜ ਹੈ। ਡਰ ਅਤੇ ਖਾਮੋਸ਼ੀ ਦੇ ਮਾਹੌਲ ਵਿੱਚ ਸਰੀਰਕ ਸ਼ੋਸ਼ਣ ਦੀ ਸਮੱਸਿਆ ਦੇ ਅਸਲ ਪੱਧਰ ਬਾਰੇ ਜਾਣਨਾ ਤਕਰੀਬਨ ਨਾਮੁਮਕਿਨ ਹੈ।

ਸ਼ਿਕਾਗੋ ਦੇ ਕਾਰਡੀਨਲ ਬਲੇਸ਼ ਕਿਊਪਿਸ਼ ਕਾਨਫਰੰਸ ਦੀ ਪ੍ਰਬੰਧ ਕਮੇਟੀ ਵਿੱਚ ਓਸਵਾਲਡ ਗ੍ਰੈਸੀਐੱਸ ਦੇ ਸਾਥੀ ਹਨ।

ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਰੋਮ ਵਿੱਚ ਅਤੇ ਪੂਰੀ ਦੁਨੀਆਂ ਦੀਆਂ ਚਰਚਾਂ ਵਿੱਚ ਮੀਟਿੰਗ ਤੋਂ ਬਾਅਦ ਕਦਮ ਚੁੱਕੇ ਜਾਣਗੇ ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਕੀਤਾ ਜਾ ਸਕੇ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ।

‘ਕਾਰਡੀਨਲ ਨੂੰ ਰੋਮ ਜਾਣਾ ਸੀ’

ਕਾਰਡੀਨਲ ਓਸਵਾਲਡ ਗ੍ਰੈਸੀਐੱਸ ਦੂਜੇ ਦਿਨ ਕਾਨਫਰੰਸ ਦੀ ਸ਼ੁਰੂਆਤ, 'ਚਰਚ ਦੀ ਜਵਾਬਦੇਹੀ' ਬਾਰੇ ਗੱਲਬਾਤ ਨਾਲ ਕਰਨਗੇ।

ਇਸ ਅਹਿਮ ਕਾਨਫਰੰਸ ਵਿੱਚ ਓਸਵਾਲਡ ਗ੍ਰੈਸੀਐੱਸ ਨੂੰ ਇੱਕ ਅਹਿਮ ਜ਼ਿੰਮੇਵਾਰੀ ਦਿੱਤੇ ਜਾਣ 'ਤੇ ਭਾਰਤ ਵਿੱਚ ਕੁਝ ਲੋਕ ਨਾਖੁਸ਼ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਓਸਵਾਲਡ ਗ੍ਰੈਸੀਐੱਸ ਦਾ ਬੱਚਿਆਂ ਅਤੇ ਔਰਤਾਂ ਨੂੰ ਸਰੀਰਕ ਸ਼ੋਸਣ ਤੋਂ ਬਚਾਉਣ ਵਿੱਚ ਰਿਕਾਰਡ ਸਵਾਲਾਂ ਦੇ ਘੇਰੇ ਵਿੱਚ ਹੈ।

ਅਸੀਂ ਉਨ੍ਹਾਂ ਪੀੜਤਾਂ ਨਾਲ ਗੱਲਬਾਤ ਕੀਤੀ ਜੋ ਆਪਣੀ ਸ਼ਿਕਾਇਤ ਕਾਰਡੀਨਲ ਓਸਵਾਲਡ ਗ੍ਰੈਸੀਐੱਸ ਕੋਲ ਲੈ ਕੇ ਗਏ ਸਨ ਅਤੇ ਉਨ੍ਹਾਂ ਨੂੰ ਕੋਈ ਖ਼ਾਸ ਮਦਦ ਨਹੀਂ ਮਿਲੀ ਸੀ।

ਸਰੀਰਕ ਸ਼ੋਸਣ ਖਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਸਮਾਜਿਕ ਬਾਈਕਾਟ ਦਾ ਸ਼ਿਕਾਰ ਹੋਣਾ ਪਿਆ ਹੈ
ਤਸਵੀਰ ਕੈਪਸ਼ਨ,

ਸਰੀਰਕ ਸ਼ੋਸਣ ਖਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਸਮਾਜਿਕ ਬਾਈਕਾਟ ਦਾ ਸ਼ਿਕਾਰ ਹੋਣਾ ਪਿਆ ਹੈ

ਪੀੜਤ ਦੀ ਮਾਂ ਨੇ ਕਿਹਾ, "ਮੈਂ ਕਾਰਡੀਨਲ ਨੂੰ ਦੱਸਿਆ ਸੀ ਕਿ ਪਾਦਰੀ ਨੇ ਮੇਰੇ ਬੱਚੇ ਨਾਲ ਕੀ ਸਲੂਕ ਕੀਤਾ ਅਤੇ ਉਸ ਕਰਕੇ ਮੇਰਾ ਬੱਚਾ ਕਾਫੀ ਪੀੜਾ ਵਿੱਚ ਹੈ।"

"ਉਨ੍ਹਾਂ ਨੇ ਸਾਡੇ ਲਈ ਪ੍ਰਾਰਥਨਾ ਕੀਤੀ ਅਤੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਰੋਮ ਜਾਣਾ ਹੈ। ਉਸ ਵੇਲੇ ਮੇਰਾ ਦਿਲ ਕਾਫੀ ਦੁਖੀ ਹੋਇਆ ਸੀ।"

"ਇੱਕ ਮਾਂ ਹੋਣ ਦੇ ਨਾਤੇ ਮੈਂ ਬੜੀ ਉਮੀਦਾਂ ਨਾਲ ਉਨ੍ਹਾਂ ਨੂੰ ਮਿਲਣ ਗਈ ਸੀ। ਮੈਨੂੰ ਲਗਦਾ ਸੀ ਕਿ ਉਹ ਮੇਰੇ ਬੱਚੇ ਨੂੰ ਇਨਸਾਫ ਦਿਵਾਉਣਗੇ ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਸਾਡੇ ਲਈ ਵਕਤ ਨਹੀਂ ਹੈ।"

"ਉਨ੍ਹਾਂ ਨੂੰ ਕੇਵਲ ਰੋਮ ਜਾਣ ਦੀ ਫਿਕਰ ਸੀ।"

ਮੈਨੂੰ ਪੁਲਿਸ ਨੂੰ ਦੱਸਣਾ ਚਾਹੀਦਾ ਸੀ - ਕਾਰਡੀਨਲ

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੈਡੀਕਲ ਮਦਦ ਲਈ ਬੇਨਤੀ ਕੀਤੀ ਸੀ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ।

ਕਾਰਡੀਨਲ ਨੇ ਸਾਨੂੰ ਦੱਸਿਆ ਕਿ, 'ਇਹ ਸੁਣ ਕੇ ਦੁੱਖ ਹੋਇਆ' ਅਤੇ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਬੱਚੇ ਨੂੰ ਮੈਡੀਕਲ ਮਦਦ ਦੀ ਲੋੜ ਸੀ। ਜੇ ਪਤਾ ਹੁੰਦਾ ਤੇ ਉਹ ਉਨ੍ਹਾਂ ਦੀ ਫੌਰਨ ਮਦਦ ਕਰਦੇ।

ਕਾਰਡੀਨਲ ਨੇ ਇਹ ਮੰਨਿਆ ਕਿ ਉਹ ਉਸੇ ਰਾਤ ਪ੍ਰਸ਼ਾਸਨ ਨੂੰ ਬਿਨਾਂ ਕੋਈ ਜਾਣਕਾਰੀ ਦਿੱਤੇ ਰੋਮ ਲਈ ਰਵਾਨਾ ਹੋ ਗਏ ਸਨ।

ਜੇ ਕਾਰਡੀਨਲ ਓਸਵਾਲਡ ਗ੍ਰੈਸੀਐੱਸ ਨੇ ਪੁਲਿਸ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਨਹੀਂ ਦਿੱਤੀ ਹੋਵੇਗੀ ਤਾਂ ਇਹ ਭਾਰਤ ਦੇ ਪ੍ਰੀਵੈਂਸ਼ਨ ਆਫ ਚਿਲਡਰਨ ਫਰੌਮ ਸੈਕਸੁਅਲ ਓਫੈਂਸ, 2012 ਦੀ ਉਲੰਘਣਾ ਹੋਵੇਗੀ।

ਸਰੀਰਕ ਸ਼ੋਸ਼ਣ ਦੇ ਮਾਮਲੇ ਕੈਥੋਲਿਕ ਚਰਚ ਲਈ ਇੱਕ ਵੱਡੀ ਮੁਸੀਬਤ ਬਣਿਆ ਹੋਇਆ ਹੈ
ਤਸਵੀਰ ਕੈਪਸ਼ਨ,

ਸਰੀਰਕ ਸ਼ੋਸ਼ਣ ਦੇ ਮਾਮਲੇ ਕੈਥੋਲਿਕ ਚਰਚ ਲਈ ਇੱਕ ਵੱਡੀ ਮੁਸੀਬਤ ਬਣਿਆ ਹੋਇਆ ਹੈ

ਇਹ ਐਕਟ ਭਾਰਤ ਵਿੱਚ ਬੱਚਿਆਂ ਨੂੰ ਸਰੀਰਕ ਸ਼ੋਸ਼ਣ ਤੋਂ ਬਚਾਉਂਦਾ ਹੈ। ਇਸ ਐਕਟ ਅਨੁਸਾਰ ਜੇ ਕਿਸੇ ਕੰਪਨੀ ਜਾਂ ਸੰਸਥਾ ਦਾ ਮੁਖੀ ਆਪਣੇ ਕਿਸੇ ਮੁਲਾਜ਼ਮ ਵੱਲੋਂ ਕੀਤੇ ਸਰੀਰਕ ਸ਼ੋਸ਼ਣ ਦੇ ਅਪਰਾਧ ਬਾਰੇ ਜਾਣਕਾਰੀ ਨਹੀਂ ਦਿੰਦਾ ਤਾਂ ਉਹ ਇੱਕ ਅਪਰਾਧ ਮੰਨਿਆ ਜਾਂਦਾ ਹੈ।

ਇਸ ਅਪਰਾਧ ਲਈ ਉਸ ਨੂੰ ਵੱਧ ਤੋਂ ਵੱਧ ਇੱਕ ਸਾਲ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ।

ਕਾਰਡੀਨਲ ਨੇ ਸਾਨੂੰ ਦੱਸਿਆ ਕਿ ਅਗਲੇ ਦਿਨ ਉਸ ਨੇ ਪਾਦਰੀ ਨੂੰ ਫੋਨ ਕੀਤਾ ਸੀ ਅਤੇ ਉਸ ਨੇ ਦੱਸਿਆ ਕਿ ਪਰਿਵਾਰ ਨੇ ਹੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ।

ਅਸੀਂ ਪੁੱਛਿਆ ਕਿ, ਕੀ ਉਨ੍ਹਾਂ ਨੂੰ ਅਫਸੋਸ ਹੈ ਕਿ ਉਨ੍ਹਾਂ ਨੇ ਖੁਦ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ।

ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਈਮਾਨਦਾਰੀ ਨਾਲ ਦੱਸਾਂ ਤਾਂ ਮੈਂ 100 ਫੀਸਦੀ ਪੱਕਾ ਨਹੀਂ ਹਾਂ, ਪਰ ਮੈਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਮੈਂ ਇਹ ਮੰਨਦਾ ਹਾਂ ਕਿ ਭਾਵੇਂ ਫੌਰਨ ਜਾਂ ਕਿਸੇ ਵੀ ਪੱਧਰ 'ਤੇ ਪੁਲਿਸ ਨੂੰ ਜਾਣੂ ਕਰਵਾਉਣਾ ਚਾਹੀਦਾ ਸੀ।"

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁਲਜ਼ਮ ਪਾਦਰੀ ਨਾਲ ਗੱਲਬਾਤ ਕਰਕੇ ਇਲਜ਼ਾਮਾਂ ਦੀ ਹਕੀਕਤ ਬਾਰੇ ਪਤਾ ਲਗਾਉਣਾ ਆਪਣਾ ਪਹਿਲਾ ਫਰਜ਼ ਸਮਝਿਆ ਸੀ।

ਮੈਡੀਕਲ ਜਾਂਚ ਵਿੱਚ ਪੁਸ਼ਟੀ ਹੋਈ

ਕਾਰਡੀਨਲ ਨਾਲ ਮੀਟਿੰਗ ਤੋਂ ਬਾਅਦ ਪਰਿਵਾਰ ਨੇ ਡਾਕਟਰ ਵੱਲ ਜਾਣ ਦਾ ਫੈਸਲਾ ਕੀਤਾ। ਪੀੜਤ ਦੀ ਮਾਂ ਨੇ ਦੱਸਿਆ, "ਡਾਕਟਰ ਨੇ ਮੇਰੇ ਬੇਟੇ ਨੂੰ ਇੱਕ ਨਜ਼ਰ ਵੇਖਿਆ ਅਤੇ ਕਿਹਾ ਕਿ ਉਸ ਨਾਲ ਕੁਝ ਵਾਪਰਿਆ ਹੈ।"

"ਉਸ ਨੇ ਕਿਹਾ ਕਿ ਇਹ ਤਾਂ ਪੁਲਿਸ ਕੇਸ ਹੈ, ਜੇ ਤੁਸੀਂ ਦੱਸਦੇ ਹੋ ਤਾਂ ਠੀਕ ਹੈ ਨਹੀਂ ਤਾਂ ਮੈਂ ਦੱਸਾਂਗਾ। ਉਸ ਰਾਤ ਅਸੀਂ ਪੁਲਿਸ ਕੋਲ ਗਏ।"

ਪੁਲਿਸ ਨੇ ਮੈਡੀਕਲ ਜਾਂਚ ਕਰਵਾਈ ਜਿਸ ਵਿੱਚ ਇਹ ਪੁਸ਼ਟੀ ਹੋਈ ਕਿ ਬੱਚੇ ਦਾ ਸਰੀਰਕ ਸ਼ੋਸਣ ਹੋਇਆ ਹੈ।

ਭਾਰਤ ਵਿੱਚ ਚਰਚਾਂ ਵਿੱਚ ਹੁੰਦੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਬਾਰੇ ਪਤਾ ਕਰਨਾ ਕਾਫੀ ਮੁਸ਼ਕਿਲ ਹੈ
ਤਸਵੀਰ ਕੈਪਸ਼ਨ,

ਭਾਰਤ ਵਿੱਚ ਚਰਚਾਂ ਵਿੱਚ ਹੁੰਦੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਬਾਰੇ ਪਤਾ ਕਰਨਾ ਕਾਫੀ ਮੁਸ਼ਕਿਲ ਹੈ

ਇੱਕ ਦੂਜੇ ਪਾਦਰੀ ਨੇ ਆਪਣੀ ਪਛਾਣ ਲੁਕਾਉਣ ਦੀ ਸ਼ਰਤ 'ਤੇ ਸਾਨੂੰ ਦੱਸਿਆ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਇਸ ਮੁਲਜ਼ਮ ਪਾਦਰੀ 'ਤੇ ਲੱਗੇ ਇਲਜ਼ਾਮਾਂ ਨੂੰ ਕਾਰਡੀਨਲ ਦੇ ਧਿਆਨ ਵਿੱਚ ਲਿਆਇਆ ਗਿਆ ਹੋਵੇ।

ਉਸ ਪਾਦਰੀ ਨੇ ਸਾਨੂੰ ਦੱਸਿਆ, "ਇਸ ਕਥਿਤ ਘਟਨਾ ਤੋਂ ਕੁਝ ਸਾਲ ਪਹਿਲਾਂ ਮੈਂ ਮੁਲਜ਼ਮ ਪਾਦਰੀ ਨੂੰ ਮਿਲਿਆ ਸੀ।"

"ਮੁਲਜ਼ਮ ਪਾਦਰੀ ਬਾਰੇ ਸਰੀਰਕ ਸ਼ੋਸ਼ਣ ਨਾਲ ਜੁੜੀਆਂ ਕਈ ਅਫਵਾਹਾਂ ਚਰਚ ਪ੍ਰਸ਼ਾਸਨ ਵਿੱਚ ਜ਼ੋਰਾਂ 'ਤੇ ਸਨ।"

"ਫਿਰ ਵੀ ਮੁਲਜ਼ਮ ਪਾਦਰੀ ਦੀ ਆਰਾਮ ਨਾਲ ਇੱਕ ਚਰਚ ਤੋਂ ਦੂਜੀ ਚਰਚ ਵਿੱਚ ਪੋਸਟਿੰਗ ਹੋ ਰਹੀ ਸੀ। ਕਾਰਡੀਨਲ ਨੇ ਮੈਨੂੰ ਦੱਸਿਆ ਸੀ ਕਿ ਉਹ ਸਾਰੀਆਂ ਗੱਲਾਂ ਬਾਰੇ ਸਿੱਧੇ ਤੌਰ 'ਤੇ ਜਾਣਕਾਰੀ ਨਹੀਂ ਰੱਖਦੇ ਹਨ।"

‘ਕਾਰਡੀਨਲ ’ਤੇ ਦਬਾਅ ਬਣਾਇਆ ਗਿਆ’

ਕਾਰਡੀਨਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੱਲਬਾਤ ਦਾ ਚੇਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕੋਈ ਵਕਤ ਚੇਤੇ ਨਹੀਂ ਆਉਂਦਾ ਜਦੋਂ ਉਨ੍ਹਾਂ ਨੂੰ ਮੁਲਜ਼ਮ ਪਾਦਰੀ ਬਾਰੇ 'ਕੋਈ ਸ਼ੱਕ' ਹੋਇਆ ਹੋਵੇ।

ਅਸੀਂ ਆਪਣੀ ਜਾਂਚ ਦੌਰਾਨ ਇਹ ਜਾਣਨਾ ਚਾਹੁੰਦੇ ਸੀ ਕਿ ਕਾਰਡੀਨਲ ਖਿਲਾਫ਼ ਅਜਿਹੇ ਕੋਈ ਮਾਮਲੇ ਹਨ ਜਿਨ੍ਹਾਂ ਵਿੱਚ ਉਨ੍ਹਾਂ 'ਤੇ ਦੇਰੀ ਨਾਲ ਐਕਸ਼ਨ ਲੈਣ ਦੇ ਇਲਜ਼ਾਮ ਹੋਣ।

ਸਾਨੂੰ ਇੱਕ ਮਾਮਲਾ ਮਿਲਿਆ ਜੋ ਇੱਕ ਦਹਾਕੇ ਪੁਰਾਣਾ ਸੀ। ਇਹ ਮਾਮਲਾ ਕਾਰਡੀਨਲ ਸਾਹਮਣੇ ਕਰੀਬ ਦੋ ਸਾਲ ਪਹਿਲਾਂ ਉਦੋਂ ਆਇਆ ਸੀ ਜਦੋਂ ਉਹ ਮੁੰਬਈ ਦੇ ਆਰਚਬਿਸ਼ਪ ਬਣੇ ਸਨ।

ਚਰਚ ਵਿੱਚ ਔਰਤਾਂ ਲਈ ਕੰਮ ਕਰ ਚੁੱਕੀ ਵਰਜੀਨੀਆ ਸਾਲਦਾਨਾਹਾ ਨੇ ਵੀ ਕਾਰਡੀਨਲ ਦੇ ਰਵੱਈਏ ਕਾਰਨ ਚਰਚ ਤੋਂ ਦੂਰੀ ਬਣਾ ਲਈ ਹੈ
ਤਸਵੀਰ ਕੈਪਸ਼ਨ,

ਚਰਚ ਵਿੱਚ ਔਰਤਾਂ ਲਈ ਕੰਮ ਕਰ ਚੁੱਕੀ ਵਰਜੀਨੀਆ ਸਾਲਦਾਨਾਹਾ ਨੇ ਵੀ ਕਾਰਡੀਨਲ ਦੇ ਰਵੱਈਏ ਕਾਰਨ ਚਰਚ ਤੋਂ ਦੂਰੀ ਬਣਾ ਲਈ ਹੈ

ਮਾਰਚ 2009 ਵਿੱਚ ਇੱਕ ਮਹਿਲਾ ਨੇ ਕਾਰਡੀਨਲ ਕੋਲ ਇੱਕ ਪਾਦਰੀ ਖਿਲਾਫ਼ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ। ਉਹ ਪਾਦਰੀ ਰੀਟਰੀਟ (ਇੱਕ ਪ੍ਰਕਿਰਿਆ ਜਿਸ ਤਹਿਤ ਜ਼ਿੰਦਗੀ ਦੇ ਸਾਰੇ ਕੰਮ ਛੱਡ ਕੇ ਰੱਬ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ) ਕਰਵਾਉਂਦਾ ਸੀ।

ਉਸ ਮਹਿਲਾ ਦਾ ਕਹਿਣਾ ਹੈ ਕਿ ਕਾਰਡੀਨਲ ਨੇ ਉਸ ਪਾਦਰੀ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਸੀ। ਇਸ ਤੋਂ ਬਾਅਦ ਉਹ ਮਹਿਲਾ ਕੈਥੋਲਿਕ ਮਹਿਲਾ ਕਾਰਕੁਨਾਂ ਕੋਲ ਪਹੁੰਚੀ ਸੀ। ਇਨ੍ਹਾਂ ਕਾਰਕੁਨਾਂ ਦੇ ਦਖਲ ਕਾਰਨ ਕਾਰਡੀਨਲ ਐਕਸ਼ਨ ਲੈਣ ਲਈ ਮਜਬੂਰ ਹੋਇਆ ਸੀ।

ਦਬਾਅ ਵਿੱਚ ਆ ਕੇ ਕਾਰਡੀਨਲ ਨੇ 2011 ਵਿੱਚ ਜਾਂਚ ਕਮੇਟੀ ਬਣਾਈ ਸੀ। ਜਾਂਚ ਦੇ 6 ਮਹੀਨੇ ਬਾਅਦ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਅਤੇ ਮੁਲਜ਼ਮ ਪਾਦਰੀ ਆਪਣੇ ਅਹੁਦੇ 'ਤੇ ਕਾਇਮ ਰਿਹਾ ਸੀ।

ਪਾਦਰੀ ਮੁੜ ਤੋਂ ਬਹਾਲ ਹੋਇਆ

ਵਰਜੀਨੀਆ ਸਾਲਦਾਨਾਹਾ ਇੱਕ ਸ਼ਰਧਾਵਾਨ ਕੈਥੋਲਿਕ ਹਨ। ਉਹ ਦੋ ਦਹਾਕਿਆਂ ਤੱਕ ਚਰਚ ਨਾਲ ਜੁੜੇ ਔਰਤਾਂ ਦੇ ਕਈ ਡੈਸਕ 'ਤੇ ਕੰਮ ਕਰ ਚੁੱਕੇ ਹਨ।

ਵਰਜੀਨੀਆ ਨੇ ਦੱਸਿਆ, "ਅਸੀਂ ਕਾਰਡੀਨਲ ਨੂੰ ਐਕਸ਼ਨ ਲੈਣ ਲਈ ਤਿੰਨ ਕਾਨੂੰਨੀ ਨੋਟਿਸ ਭੇਜੇ ਸਨ। ਅਸੀਂ ਚੇਤਾਵਨੀ ਵੀ ਦਿੱਤੀ ਸੀ ਕਿ, ਜੇ ਤੁਸੀਂ ਕੋਈ ਕਦਮ ਨਹੀਂ ਚੁੱਕਿਆ ਤਾਂ ਅਸੀਂ ਅਦਾਲਤ ਜਾਵਾਂਗੇ।"

ਕਾਰਡੀਨਲ ਨੇ ਜਵਾਬ ਵਿੱਚ ਕਿਹਾ ਸੀ, "ਪਾਦਰੀ ਮੇਰੀ ਗੱਲ ਨਹੀਂ ਸੁਣ ਰਿਹਾ ਹੈ।"

ਵਰਜੀਨੀਆ ਸਾਲਦਾਨਾਹਾ ਨੇ ਕਿਹਾ ਕਿ ਉਨ੍ਹਾਂ ਨੂੰ ਚਰਚ ਛੱਡਣ ਲਈ ਮਜਬੂਰ ਹੋਣਾ ਪਿਆ ਸੀ।

ਉਨ੍ਹਾਂ ਕਿਹਾ, "ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਸੀ ਕਿ ਉਸ ਵਿਅਕਤੀ ਨੂੰ ਚਰਚ ਵਿੱਚ ਮਾਸ ਦੀ ਰਸਮ ਨਿਭਾਉਣ ਨੂੰ ਦਿੱਤੀ ਜਾ ਰਹੀ ਸੀ। ਮੈਨੂੰ ਉੱਥੇ ਜਾਣਾ ਚੰਗਾ ਨਹੀਂ ਲਗਦਾ ਸੀ।"

ਦੁਨੀਆਂ ਦੇ ਕਈ ਹਿੱਸਿਆਂ ਤੋਂ ਚਰਚ ਦੇ ਪਾਦਰੀਆਂ ਵੱਲੋਂ ਸ਼ਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਸਾਹਮਣੇ ਆਏ ਹਨ
ਤਸਵੀਰ ਕੈਪਸ਼ਨ,

ਦੁਨੀਆਂ ਦੇ ਕਈ ਹਿੱਸਿਆਂ ਤੋਂ ਚਰਚ ਦੇ ਪਾਦਰੀਆਂ ਵੱਲੋਂ ਸ਼ਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਸਾਹਮਣੇ ਆਏ ਹਨ

ਉਸ ਪਾਦਰੀ ਨੂੰ ਪੈਰਿਸ਼ ਤੋਂ ਹਟਾ ਦਿੱਤਾ ਗਿਆ ਸੀ ਪਰ ਉਸ ਦੇ ਪਿੱਛ ਦੇ ਕਾਰਨ ਕਦੇ ਵੀ ਜਨਤਕ ਨਹੀਂ ਕੀਤੇ ਗਏ ਸਨ।

ਅਕਤੂਬਰ 2011 ਵਿੱਚ ਕਾਰਡੀਨਲ ਵੱਲੋਂ ਜੋ ਸਜ਼ਾ ਤੈਅ ਕੀਤੀ ਗਈ, ਉਸ ਅਨੁਸਾਰ ਪਾਦਰੀ ਨੂੰ ਮਾਨਸਿਕ ਤੌਰ 'ਤੇ ਸਿਹਤਮੰਦ ਹੋਣ ਲਈ ਜ਼ਿੰਮੇਵਾਰੀਆਂ ਤੋਂ ਹਟਾਇਆ ਗਿਆ ਸੀ।

ਜਦੋਂ ਅਸੀਂ ਕਾਰਡੀਨਲ ਨੂੰ ਪੂਰੀ ਪ੍ਰਕਿਰਿਆ ਦੀ ਰਫ਼ਤਾਰ ਅਤੇ ਸਜ਼ਾ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇੱਕ 'ਪੇਚੀਦਾ ਮਾਮਲਾ' ਸੀ।

ਕੁਝ ਦਿਨਾਂ ਦੀ ਰੋਕ ਤੋਂ ਬਾਅਦ ਮੁਲਜ਼ਮ ਪਾਦਰੀ ਨੂੰ ਫਿਰ ਤੋਂ ਚਰਚ ਦੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈ ਸਨ ਅਤੇ ਉਹ ਹੁਣ ਵੀ ਰੀਟ੍ਰੀਟ ਦੀ ਰਸਮ ਕਰਵਾਉਂਦਾ ਹੈ।

‘ਅਸੀਂ ਸਭ ਕੁਝ ਪਿੱਛੇ ਛੱਡ ਦਿੱਤਾ’

ਪੀੜਤ ਬੱਚੇ ਦਾ ਪਰਿਵਾਰ ਉਸ ਚਰਚ ਵੱਲੋਂ ਤਿਆਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਜਿਸ ਆਲੇ-ਦੁਆਲੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਿਰਜਿਆ ਸੀ।

ਪੀੜਤ ਦੀ ਮਾਂ ਨੇ ਕਿਹਾ, "ਇਹ ਇੱਕ ਇੱਕਲੀ ਲੜਨ ਵਾਲੀ ਜੰਗ ਬਣ ਗਈ ਹੈ।"

ਪੀੜਤ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਚਰਚ ਅਤੇ ਸਮਾਜ ਤੋਂ ਬਾਈਕਾਟ ਕਰ ਦਿੱਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ, "ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਜਦੋਂ ਵੀ ਅਸੀਂ ਚਰਚ ਵਿੱਚ ਜਾਂਦੇ ਲੋਕ ਸਾਡੇ ਨਾਲ ਗੱਲ ਨਹੀਂ ਕਰਦੇ ਨਾ ਹੀ ਸਾਡੇ ਨਾਲ ਬੈਠਦੇ ਸਨ। ਜੇ ਮੈਂ ਕਿਸੇ ਨੇੜੇ ਬੈਠ ਜਾਂਦੀ ਤਾਂ ਉਹ ਬੰਦਾ ਉੱਠ ਕੇ ਚਲਾ ਜਾਂਦਾ ਸੀ।"

"ਇਸ ਵਤੀਰੇ ਕਾਰਨ ਸਾਨੂੰ ਚਰਚ ਛੱਡਣਾ ਪਿਆ ਸੀ। ਹਾਲਾਤ ਇੰਨੇ ਮੁਸ਼ਕਿਲ ਹੋ ਗਏ ਕਿ ਸਾਨੂੰ ਘਰ ਵੀ ਛੱਡਣਾ ਪਿਆ ਸੀ। ਅਸੀਂ ਸਭ ਕੁਝ ਪਿੱਛੇ ਛੱਡ ਦਿੱਤਾ।"

ਚਰਚ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸਮਾਜਿਕ ਬਾਈਕਾਟ ਹੀ ਹੈ ਜੋ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਖਾਮੋਸ਼ੀ ਦਾ ਕਾਰਨ ਬਣਦਾ ਹੈ।

ਪੀੜਤ ਸਹਿਯੋਗ ਨਾ ਕਰਨ ਵਾਲੇ ਚਰਚ ਪ੍ਰਸ਼ਾਸਨ ਅਤੇ ਵੈਰੀਆਂ ਵਰਗੇ ਸਮਾਜਿਕ ਵਤੀਰੇ ਕਾਰਨ ਆਪਣਾ ਮੂੰਹ ਨਹੀਂ ਖੋਲ੍ਹ ਸਕਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)