ਸਾਬਕਾ ਐੱਸਪੀ ਸਲਵਿੰਦਰ ਨੂੰ ਬਲਾਤਕਾਰ ਮਾਮਲੇ ਵਿੱਚ 10 ਸਾਲ ਕੈਦ

  • ਗੁਰਪ੍ਰੀਤ ਚਾਵਲਾ
  • ਬੀਬੀਸੀ ਪੰਜਾਬੀ ਲਈ
ਸਲਵਿੰਦਰ ਸਿੰਘ

ਤਸਵੀਰ ਸਰੋਤ, Gurpreet Chawla/BBC

ਪੰਜਾਬ ਪੁਲਿਸ ਦੇ ਸਾਬਕਾ ਐੱਸਪੀ ਸਲਵਿੰਦਰ ਸਿੰਘ ਨੂੰ ਗੁਰਦਾਸਪੁਰ ਦੀ ਇੱਕ ਅਦਾਲਤ ਨੇ ਬਲਾਤਕਾਰ ਦੇ ਮਾਮਲੇ ਵਿੱਚ 10 ਸਾਲ ਦੀ ਕੈਦ ਅਤੇ 50,000 ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਸਲਵਿੰਦਰ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਸਲਵਿੰਦਰ ਨੂੰ ਅਦਾਲਤ ਨੇ 15 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਸੀ। 55-ਸਾਲਾ ਸਲਵਿੰਦਰ ਸਿੰਘ ਖ਼ਿਲਾਫ਼ ਇਹ ਕੇਸ 2016 ਵਿੱਚ ਦਰਜ ਕੀਤਾ ਗਿਆ ਸੀ।

ਇਸ ਕੇਸ ਵਿੱਚ ਉਨ੍ਹਾਂ ਖਿਲਾਫ਼ ਬਲਾਤਕਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਧਾਰਾਵਾਂ ਲਾਈਆਂ ਗਈਆਂ ਸਨ। ਅਜੇ ਅਦਾਲਤ ਦੇ ਫੈਸਲੇ ਦੀ ਤਫ਼ਸੀਲ ਮੁਹੱਈਆ ਨਹੀਂ ਹੋਈ ਹੈ।

ਸਲਵਿੰਦਰ ਉੱਪਰ ਇਲਜ਼ਾਮ ਲੱਗੇ ਸਨ ਕਿ 2016 ’ਚ ਪਠਾਨਕੋਟ ਏਅਰ ਫੋਰਸ ਬੇਸ ਉੱਪਰ ਹੋਏ ਅੱਤਵਾਦੀ ਹਮਲੇ ਵਿੱਚ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਵਰਤੀ ਸੀ।

ਇਹ ਵੀ ਜ਼ਰੂਰ ਪੜ੍ਹੋ

ਇਸ ਮਾਮਲੇ ਵਿੱਚ ਬਾਅਦ ਵਿੱਚ ਸਲਵਿੰਦਰ ਉੱਪਰ ਕੋਈ ਕਾਰਵਾਈ ਲਾਇਕ ਸਬੂਤ ਨਾ ਮਿਲਣ ਦੀ ਗੱਲ ਕਹੀ ਗਈ ਪਰ ਉਂਝ ਆਚਾਰ-ਵਿਹਾਰ ਵੇਖਦਿਆਂ ਉਨ੍ਹਾਂ ਨੂੰ ਸਮੇਂ ਤੋਂ ਪਹਿਲਾ 2017 ’ਚ ਸੇਵਾਮੁਕਤੀ ਦੇ ਦਿੱਤੀ ਗਈ ਸੀ।

ਸਲਵਿੰਦਰ ਸਿੰਘ ਨੇ ਮੀਡੀਆ ਨੇਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਫੈਸਲੇ ਦੇ ਖ਼ਿਲਾਫ਼ ਹਾਈ ਕੋਰਟ ਵਿੱਚ ਅਪੀਲ ਕਰਨਗੇ।

ਸ਼ਿਕਾਇਤਕਰਤਾ ਦੇ ਵਕੀਲ ਭੁਪਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਦੰਡ ਸੰਹਿਤਾ ਦੀ ਧਾਰਾ 376 (ਬਲਾਤਕਾਰ) ਤਹਿਤ 10 ਸਾਲ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਨਾਲ ਜੁੜੀਆਂ ਧਾਰਾਵਾਂ ਤਹਿਤ 5 ਸਾਲ ਸਜ਼ਾ ਹੋਈ ਹੈ।

ਸਲਵਿੰਦਰ ਨੂੰ ਕੁੱਲ 10 ਸਾਲ ਜੇਲ੍ਹ ਕੱਟਣੀ ਪਵੇਗੀ ਕਿਉਂਕਿ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)