ਫਿਲਮ ਰਿਵੀਊ : ਫਿਲਮ ਟੋਟਲ ਧਮਾਲ ਵੇਖਣ ਜਾਈਏ ਜਾਂ ਨਹੀਂ?

ਟੋਟਲ ਧਮਾਲ

ਤਸਵੀਰ ਸਰੋਤ, Universal PR

ਤਸਵੀਰ ਕੈਪਸ਼ਨ,

'ਟੋਟਲ ਧਮਾਲ' ਵਿੱਚ ਮਾਧੁਰੀ ਦੀਕਸ਼ਿਤ ਅਤੇ ਅਨਿਲ ਕਪੂਰ ਮੁੜ ਤੋਂ ਕਾਫੀ ਸਮੇਂ ਬਾਅਦ ਪਰਦੇ 'ਤੇ ਇਕੱਠਾ ਹੋਏ ਹਨ

ਸੀਰੀਜ਼ ਫਿਲਮਾਂ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਇਸ ਹਫਤੇ ਫਿਲਮ 'ਟੋਟਲ ਧਮਾਲ' ਰਿਲੀਜ਼ ਹੋਈ ਹੈ।

ਬਹੁਤ ਸਾਰੇ ਸਿਤਾਰਿਆਂ ਵਾਲੀ ਫਿਲਮ ਵਿੱਚ ਅਜੇ ਦੇਵਗਨ, ਅਰਸ਼ਦ ਵਾਰਸੀ, ਮਾਧੁਰੀ ਦੀਕਸ਼ਿਤ ਤੇ ਅਨਿਲ ਕਪੂਰ ਮੁੱਖ ਕਿਰਦਾਰ ਨਿਭਾਅ ਰਹੇ ਹਨ ਤੇ ਇਸਦਾ ਨਿਰਦੇਸ਼ਨ ਇੰਦਰ ਕੁਮਾਰ ਨੇ ਕੀਤਾ ਹੈ।

ਫਿਲਮ ਦੀ ਕਹਾਣੀ ਸੀਰੀਜ਼ ਵਿੱਚ ਪਹਿਲੀਆਂ ਦੋ ਫਿਲਮਾਂ, 'ਧਮਾਲ' ਤੇ 'ਡਬਲ ਧਮਾਲ' ਨਾਲ ਮਿਲਦੀ ਜੁਲਦੀ ਹੈ।

ਵੀਡੀਓ ਕੈਪਸ਼ਨ,

ਫਿਲਮ ਰਿਵੀਊ: 'ਟੋਟਲ ਧਮਾਲ' ਵਿੱਚ ਚੱਲਿਆ ਮਾਧੁਰੀ ਅਤੇ ਅਨਿਲ ਦਾ ਜਾਦੂ?

ਫਿਲਮ ਦਾ ਹਰ ਕਿਰਦਾਰ ਕਿਤੇ ਲੁਕੇ ਹੋਏ 50 ਕਰੋੜ ਰੁਪਏ ਲੱਭ ਰਿਹਾ ਹੈ ਅਤੇ ਰਾਹ ਵਿੱਚ ਨਵੀਆਂ ਮੁਸੀਬਤਾਂ ਤੇ ਖਤਰਿਆਂ ਦਾ ਸਾਹਮਣਾ ਕਰਦਾ ਹੈ, ਪਰ ਕੀ ਇਸ ਸਭ ਦੇ ਬਾਵਜੂਦ ਉਸਨੂੰ ਇਹ ਰੁਪਏ ਮਿਲਦੇ ਹਨ?

ਜਾਣਦੇ ਹਾਂ ਕਿ ਫਿਲਮ ਵੇਖਣ ਵਾਲੇ ਮਾਹਿਰਾਂ ਨੂੰ ਕਿਹੋ ਜਿਹੀ ਲੱਗੀ ਇਹ ਫਿਲਮ?

ਇਹ ਵੀ ਪੜ੍ਹੋ:

ਟਾਈਮਜ਼ ਆਫ ਇੰਡੀਆ - 2 ਸਟਾਰ

ਟਾਈਮਜ਼ ਆਫ ਇੰਡੀਆ ਦੇ ਰੌਣਕ ਕੋਟੇਚਾ ਮੁਤਾਬਕ ਟ੍ਰੇਲਰ ਵੇਖ ਕੇ ਫਿਲਮ ਬਾਰੇ ਜੋ ਅੰਦਾਜ਼ਾ ਲਗਾਇਆ ਜਾ ਰਿਹਾ ਸੀ, ਫਿਲਮ ਦਾ ਪਲੌਟ ਉਸ ਤੋਂ ਕਿਤੇ ਵੱਧ ਕਮਜ਼ੋਰ ਹੈ। ਹਾਲਾਂਕਿ ਕੁਝ ਅਦਾਕਾਰਾਂ ਦੀਆਂ ਸ਼ਾਨਦਾਰ ਪਰਫੌਰਮੰਸਿਸ ਇਸਨੂੰ ਪੂਰੀ ਤਰ੍ਹਾਂ ਡਿੱਗਣ ਤੋਂ ਸਾਂਭ ਲੈਂਦੀਆਂ ਹਨ।

ਸਭ ਤੋਂ ਵੱਧ ਹਾਸਾ ਅਨਿਲ ਅਤੇ ਮਾਧੁਰੀ ਦੀ ਜੋੜੀ ਦੀ ਕਾਮੇਡੀ 'ਤੇ ਆਉਂਦਾ ਹੈ। 90 ਦੇ ਦਹਾਕੇ ਦੀ ਜੋੜੀ ਦੀ ਕੈਮਿਸਟ੍ਰੀ ਅੱਜ ਵੀ ਬਰਕਰਾਰ ਹੈ। ਹਾਲਾਂਕਿ ਜਾਵੇਦ ਜਾਫਰੀ ਅਤੇ ਅਰਸ਼ਦ ਵਾਰਸੀ ਦੀ ਕੈਮਿਸਟ੍ਰੀ ਪਿਛਲੀਆਂ ਦੋ ਫਿਲਮਾਂ ਵਿੱਚ ਬਿਹਤਰ ਸੀ।

ਅਜੇ ਦੇਵਗਨ ਕਮਜ਼ੋਰ ਲਿਖੇ ਗਏ ਕਿਰਦਾਰ ਵਿੱਚ ਜਿੰਨਾ ਵਧੀਆ ਕਰ ਸਕਦੇ ਸੀ ਉਨਾਂ ਨੇ ਕੀਤਾ ਹੈ।

ਸਿਰਫ ਕਹਾਣੀ ਹੀ ਨਹੀਂ, ਕੌਮੇਡੀ ਫਿਲਮ ਦੇ ਪੰਚਿਜ਼ ਵਿੱਚ ਵੀ ਕੁਝ ਖਾਸ ਮਜ਼ਾ ਨਹੀਂ ਹੈ। ਖਾਸ ਤੌਰ 'ਤੇ ਸੈਕੇਂਡ ਹਾਫ ਕਮਜ਼ੋਰ ਹੈ, ਕਿਉਂਕਿ ਪਲੌਟ ਨਹੀਂ ਹੈ ਅਤੇ ਕਿਰਦਾਰ ਬਹੁਤ ਹਨ।

ਦਿ ਇੰਡੀਅਨ ਐਕਸਪ੍ਰੈਸ - 1.5 ਸਟਾਰ

ਦਿ ਇੰਡੀਅਨ ਐਕਸਪ੍ਰੈਸ ਦੀ ਸ਼ੁਭਰਾ ਗੁਪਤਾ ਮੁਤਾਬਕ ਫਿਲਮ ਬਿਨਾਂ ਕਿਸੇ ਕਹਾਣੀ ਦੇ ਹੀ ਸ਼ੂਟ ਕੀਤੀ ਗਈ ਹੈ। ਫਿਲਮ ਦੇ ਕਿਰਦਾਰਾਂ ਤੋਂ ਵੱਧ ਫਿਲਮ ਵਿੱਚ ਦਰਸਾਏ ਗਏ ਜਾਨਵਰ ਜ਼ਿਆਦਾ ਡੂੰਘੇ ਕਿਰਦਾਰ ਰੱਖਦੇ ਹਨ।

ਫਿਲਮ ਵਿੱਚ ਔਰਤਾਂ ਨੂੰ ਟਾਰਗੇਟ ਕਰਕੇ ਕੀਤੇ ਗਏ ਮਜ਼ਾਕ, ਜਿਵੇਂ ਕਿ ਕੁੜੀਆਂ ਪੈਸੇ ਉਡਾਉਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ, ਬਹੁਤ ਜ਼ਿਆਦਾ ਹਨ।

ਗੁੱਜਰਾਤੀ ਪਤੀ ਅਨਿਲ ਕਪੂਰ ਅਤੇ ਮਰਾਠੀ ਪਤਨੀ ਮਾਧੁਰੀ ਦੀਕਸ਼ਿਤ ਦੀ ਜੋੜੀ ਫਿਲਮ ਨੂੰ ਬਚਾਉਂਦੀ ਹੈ।

ਇਹ ਵੀ ਪੜ੍ਹੋ:

ਐਨਡੀਟੀਵੀ - 1 ਸਟਾਰ

ਐਨਡੀਟੀਵੀ ਦੇ ਸਾਇਬਲ ਚੈਟਰਜੀ ਮੁਤਾਬਕ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦ ਮਰਦਾ ਹੋਇਆ ਇੱਕ ਆਦਮੀ ਇੱਕ ਜੋੜੇ ਨੂੰ ਖਜ਼ਾਨੇ ਬਾਰੇ ਦੱਸਦਾ ਹੈ ਪਰ ਉਸਦੀ ਅਸਲੀ ਥਾਂ ਨਹੀਂ ਦੱਸ ਪਾਂਦਾ।

ਫਿਲਮ ਪੂਰੀ ਤਰ੍ਹਾਂ ਅਨਿਲ ਅਤੇ ਮਾਧੁਰੀ ਦੀ ਜੋੜੀ 'ਤੇ ਨਿਰਭਰ ਕਰਦੀ ਹੈ ਜੋ ਫਿਲਮ ਦਾ ਸਭ ਤੋਂ ਕਮਜ਼ੋਰ ਪਾਇੰਟ ਸੀ। ਦੋਵੇਂ ਕਿਰਦਾਰ ਸੈਂਸਲੈਸ ਕੌਮੇਡੀ ਵਿੱਚ ਗੁੰਮ ਹੋ ਜਾਂਦੇ ਹਨ।

ਸੋਨਾਕਸ਼ੀ ਸਿੰਹਾ ਦਾ ਆਈਟਮ ਸੌਂਗ ਵੀ ਕੁਝ ਖਾਸ ਜਾਦੂ ਨਹੀਂ ਕਰ ਪਾਉਂਦਾ ਹੈ।

ਤਸਵੀਰ ਸਰੋਤ, Universal PR

ਮੁੰਬਈ ਮਿਰਅਰ- 2 ਸਟਾਰ

ਮੁੰਬਈ ਮਿਰਅਰ ਦੇ ਕੁਨਾਲ ਗੁਹਾ ਮੁਤਾਬਕ ਕਹਾਣੀ ਪਹਿਲੀ ਦੋ ਫਿਲਮਾਂ ਤੋਂ ਬਹੁਤੀ ਵੱਖਰੀ ਨਹੀਂ ਹੈ। ਪੈਸੇ ਲਈ ਬਹੁਤ ਸਾਰੇ ਕਿਰਦਾਰਾਂ ਦੀ ਦੌੜ ਤੇ ਉਸ ਵਿੱਚ ਆਉਂਦੀਆਂ ਔਕੜਾਂ ਰਾਹੀਂ ਹਸਾਉਣ ਦੀ ਕੋਸ਼ਿਸ਼, ਪਰ ਇਹ ਬਹੁਤ ਮੁਸ਼ਕਿਲ ਨਾਲ ਹੋ ਪਾਂਦਾ ਹੈ।

ਇਹ ਕਹਿਣਾ ਸਹੀ ਹੋਵੇਗਾ ਕਿ ਦਿੱਤੀ ਗਈ ਸਕ੍ਰਿਪਟ 'ਚੋਂ ਸਭ ਤੋਂ ਵਧੀਆ ਕੰਮ ਅਜੇ ਦੇਵਗਨ, ਸੰਜੇ ਮਿਸ਼ਰਾ ਤੇ ਰਿਤੇਸ਼ ਦੇਸ਼ਮੁੱਖ ਨੇ ਕੀਤਾ ਹੈ।

ਕੌਮੇਡੀ ਦਾ ਲੈਵਲ ਇੰਨਾ ਹੈ ਕਿ ਅਜੇ ਸਕੂਲ ਦੀ ਉਮਰ ਦੇ ਨਾ ਹੋਏ ਬੱਚਿਆਂ ਨੂੰ ਵੀ ਚੁਟਕੁਲੇ ਸਮਝ ਆ ਜਾਣਗੇ।

ਉਹਨਾਂ ਮੁਤਾਬਕ ਇਹ ਫਿਲਮ ਇੱਕ ਵਾਰ ਵੇਖੀ ਜਾ ਸਕਦੀ ਹੈ ਪਰ ਸਿਰਫ ਓਦੋਂ ਜਦ ਸੰਡੇ ਦੀ ਦੋਪਹਿਰ ਨੂੰ ਟੀਵੀ 'ਤੇ ਆ ਰਹੀ ਹੋਵੇ ਤੇ ਟੀਵੀ ਬੰਦ ਕਰਨ ਲਈ ਰਿਮੋਟ ਨਾ ਲੱਭ ਰਿਹਾ ਹੋਵੇ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)