ਭਾਰਤੀ ਕੈਥੋਲਿਕ ਚਰਚ ਨੇ ਕਾਰਡੀਨਲ ਗ੍ਰੈਸੀਐੱਸ ਦਾ 'ਪੀੜਤਾਂ ਦੀ ਮਦਦ ਨਾ ਕਰਨ' ਦੇ ਇਲਜ਼ਾਮਾਂ ਵਿੱਚ ਕੀਤਾ ਬਚਾਅ

ਕਾਰਡੀਨਲ ਗ੍ਰੇਸੀਐੱਸ

ਭਾਰਤੀ ਕੈਥੋਲਿਕ ਚਰਚ ਨੇ ਬੀਬੀਸੀ ਵੱਲੋਂ ਰਿਪੋਰਟ ਕੀਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਨਾਲ ਨਾਕਸ ਤਰੀਕੇ ਨਾਲ ਨਜਿੱਠਣ ਬਾਰੇ ਆਪਣਾ ਬਚਾਅ ਕੀਤਾ ਹੈ।

ਵੀਰਵਾਰ ਨੂੰ ਇੱਕ ਸੀਨੀਅਰ ਕਾਰਡੀਨਲ ਨੇ ਮੰਨਿਆ ਸੀ ਕਿ ਜੇ ਇਲਜ਼ਾਮ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਜਾਂਦੇ ਤਾਂ ਉਹ ਇਲਜ਼ਾਮਾਂ ਨਾਲ ਇਸ ਤੋਂ ਵਧੀਆ (ਜਿਵੇਂ ਨਜਿੱਠੇ ਗਏ) ਤਰੀਕੇ ਨਾਲ ਨਜਿੱਠ ਸਕਦੇ ਸਨ।

ਬੀਬੀਸੀ ਨੇ ਅਜਿਹੇ ਦੋ ਮਾਮਲੇ ਰਿਪੋਰਟ ਕੀਤੇ ਸਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਾਰਡੀਨਲ ਗ੍ਰੈਸੀਐੱਸ ਨੇ ਪੀੜਤਾਂ ਦੀ ਫੌਰੀ ਤੌਰ 'ਤੇ ਮਦਦ ਨਹੀਂ ਕੀਤੀ।

ਕਾਰਡੀਨਲ ਗ੍ਰੈਸੀਐੱਸ ਨੂੰ ਕੁਝ ਲੋਕਾਂ ਵੱਲੋਂ ਸੰਭਾਵੀ ਪੋਪ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਫਿਲਹਾਲ ਉਹ ਮੁੰਬਈ ਦੇ ਆਰਚਬਿਸ਼ਪ ਹਨ।

ਇਹ ਵੀ ਪੜ੍ਹੋ:

ਪੀੜਤਾਂ ਅਤੇ ਉਨ੍ਹਾਂ ਦਾ ਪੱਖ ਰੱਖਣ ਵਾਲਿਆ ਦਾ ਇਲਜ਼ਾਮ ਸੀ ਕਿ ਜਦੋਂ ਉਨ੍ਹਾਂ ਨੇ ਕਾਰਡੀਨਲ ਕੋਲ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਤਾਂ ਕਾਰਡੀਨਲ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਮੁੰਬਈ ਦੇ ਆਰਚਬਿਸ਼ਪ ਦੇ ਦਫ਼ਤਰ ਨੇ ਬੀਬੀਸੀ ਨੂੰ ਭੇਜੇ ਆਪਣੇ ਬਿਆਨ ਵਿੱਚ ਕਿਹਾ ਕਿ ਸਾਲ 2015 ਵਿੱਚ ਮੁੰਬਈ ਪੈਰਿਸ਼ ਦੇ ਇੱਕ ਪਾਦਰੀ ਵੱਲੋਂ ਇੱਕ ਲੜਕੇ ਦੇ ਕਥਿਤ ਬਲਾਤਕਾਰ ਦੇ ਮਾਮਲੇ ਵਿੱਚ ਕਾਰਡੀਨਲ ਨੇ ਪੀੜਤ ਅਤੇ ਉਸਦੇ ਪਰਿਵਾਰ ਨਾਲ ਉਨ੍ਹਾਂ ਦੀ ਮੰਗ ਮੁਤਾਬਕ ਮੁਲਾਕਾਤ ਕੀਤੀ ਸੀ।

"ਕਾਰਡੀਨਲ ਨੇ ਮਾਪਿਆਂ ਨੂੰ ਹੌਂਸਲਾ ਦੇਣ ਦਾ ਯਤਨ ਕੀਤਾ। ਕਾਰਡੀਨਲ ਨੇ ਉਸੇ ਰਾਤ ਰੋਮ ਜਾਣਾ ਸੀ। ਮਾਪਿਆਂ ਦੇ ਜਾਣ ਮਗਰੋਂ ਕਾਰਡੀਨਲ ਨੇ ਤੁਰੰਤ ਉਸ ਪਾਦਰੀ ਨੂੰ ਫੋਨ ਕਰਕੇ ਉਨ੍ਹਾਂ ਖਿਲਾਫ਼ ਲਾਏ ਇਲਜ਼ਾਮਾਂ ਬਾਰੇ ਸੂਚਿਤ ਕੀਤਾ।"

ਬਿਆਨ ਵਿੱਚ ਕਿਹਾ ਗਿਆ ਕਿ ਪਾਦਰੀ ਨੇ ਇਲਜ਼ਾਮਾਂ ਨੂੰ ਰੱਦ ਕੀਤਾ ਪਰ "ਕਾਰਡੀਨਲ ਨੇ ਉਨ੍ਹਾਂ ਨੂੰ ਤਤਕਾਲ ਪ੍ਰਭਾਵ ਨਾਲ ਅਹੁਦੇ ਤੋਂ ਹਟਾ ਦਿੱਤਾ ਅਤੇ ਕਿਹਾ ਕਿ ਉਹ ਅਗਲੀ ਸਵੇਰ ਹੋਣ ਵਾਲੇ ਮਾਸ ਵਿੱਚ ਵੀ ਸ਼ਾਮਲ ਨਹੀਂ ਹੋਣਗੇ।"

ਇਸ ਤੋਂ ਬਾਅਦ ਕਾਰਡੀਨਲ ਨੇ ਇੱਕ ਪਾਦਰੀ ਨੂੰ "ਪਰਿਵਾਰ ਦੇ ਸੰਪਰਕ ਵਿੱਚ ਰਹਿਣ ਅਤੇ ਜਾਂਚ ਕਰਨ ਦੇ ਹੁਕਮ ਦਿੱਤੇ" ਅਤੇ ਫਿਰ ਰੋਮ ਲਈ ਰਵਾਨਾ ਹੋ ਗਏ।

ਰੋਮ ਪਹੁੰਚ ਕੇ ਕਾਰਡੀਨਲ ਨੇ ਪਾਦਰੀ ਨੂੰ ਫੋਨ ਕੀਤਾ, ਜਿਸ ਨੇ ਦੱਸਿਆ ਕਿ ਪਰਿਵਾਰ ਨੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਸੀ।

ਬਿਆਨ ਵਿੱਚ ਕਿਹਾ ਗਿਆ ਕਿ ਇਸ ਤੋਂ ਬਾਅਦ ਚਰਚ ਨੇ ਪਰਿਵਾਰ ਨੂੰ ਹੋਰ ਮਦਦ ਦੀ ਪੇਸ਼ਕਸ਼ ਕੀਤੀ ਪਰ ਪਰਿਵਾਰ ਨੇ ਇਹ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ।

ਕਾਰਡੀਨਲ ਵੈਟੀਕਨ ਵੱਲੋਂ ਬਾਲ ਜਿਣਸੀ ਸ਼ੋਸ਼ਣ ਬਾਰੇ ਕਰਵਾਈ ਜਾ ਰਹੀ ਇੱਕ ਵੱਡੀ ਕਾਨਫਰੰਸ ਦੇ ਚਾਰ ਪ੍ਰਬੰਧਕਾਂ ਵਿੱਚ ਵੀ ਸ਼ਾਮਲ ਹਨ।

ਬਾਲ ਜਿਣਸੀ ਸ਼ੋਸ਼ਣ ਨੂੰ ਆਧੁਨਿਕ ਸਮੇਂ ਵਿੱਚ ਚਰਚ ਦਾ ਸਭ ਤੋਂ ਵੱਡਾ ਸੰਕਟ ਕਿਹਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਚਰਚ ਦਾ ਭਵਿੱਖ ਇਸ ਕਾਨਫਰੰਸ ਦੇ ਨਤੀਜਿਆਂ 'ਤੇ ਨਿਰਭਰ ਕਰੇਗਾ।

ਪਿਛਲੇ ਸਾਲ ਦੌਰਾਨ ਕੈਥੋਲਿਕ ਚਰਚ ਉੱਪਰ ਦੁਨੀਆਂ ਭਰ ਤੋਂ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ।

ਹਾਲਾਂਕਿ ਇਸ ਬਾਰੇ ਉੱਤਰੀ ਅਤੇ ਦੱਖਣੀ ਅਮਰੀਕਾ, ਯੂਰਪ ਅਤੇ ਆਸਟਰੇਲੀਆ ਦੀਆਂ ਅਖ਼ਬਾਰਾਂ ਵਿੱਚ ਸੁਰਖੀਆਂ ਬਣਦੀਆਂ ਰਹੀਆਂ ਹਨ ਪਰ ਏਸ਼ੀਆਈ ਦੇਸਾਂ ਵਿੱਚ ਅਜਿਹੇ ਮਾਮਲਿਆਂ ਬਾਰੇ ਬਹੁਤ ਘੱਟ ਜਾਣਕਾਰੀ ਹੈ। ਭਾਰਤ ਵਰਗੇ ਦੇਸਾਂ ਵਿੱਚ ਤਾਂ ਸ਼ੋਸ਼ਣ ਨੂੰ ਰਿਪੋਰਟ ਕਰਨ ਬਾਰੇ ਸਮਾਜਿਕ ਝਿਜਕ ਵੀ ਜੁੜੀ ਹੋਈ ਹੈ

ਭਾਰਤ ਦੇ ਕੈਥੋਲਿਕ ਈਸਾਈਆਂ ਦਾ ਕਹਿਣਾ ਹੈ ਕਿ ਕੈਥੋਲਿਕ ਚਰਚ ਵਿੱਚ ਪਾਦਰੀਆਂ ਵੱਲੋਂ ਕੀਤੇ ਜਾਂਦੇ ਜਿਣਸੀ ਸ਼ੋਸ਼ਣ ਬਾਰੇ ਇੱਕ ਡਰ ਅਤੇ ਖ਼ਾਮੋਸ਼ੀ ਦੀ ਰਵਾਇਤ ਰਹੀ ਹੈ।

ਜਿਨ੍ਹਾਂ ਨੇ ਇਸ ਬਾਰੇ ਮੂੰਹ ਖੋਲ੍ਹਣ ਦੀ ਹਿੰਮਤ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ, ਇਹ ਉਨ੍ਹਾਂ ਲਈ ਬੜਾ ਮੁਸ਼ਕਿਲ ਸਮਾਂ ਸੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)