ਪੰਜਾਬ 'ਚ ਕਸ਼ਮੀਰੀਆਂ ਲਈ ਖ਼ਾਸ ਹੈਲਪ ਲਾਈਨ ਡੈਸਕ

ਤਸਵੀਰ ਸਰੋਤ, Abid Bhat/BBC
ਪੰਜਾਬ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਕਸ਼ਮੀਰੀ ਵਿਦਿਆਰਥੀਆਂ ਦੀਆਂ ਸਮੱਸਿਆਂਵਾਂ ਦੇ ਹੱਲ ਲਈ ਉਸ ਨੇ ਇੱਕ ਖ਼ਾਸ ਹੈਲਪ ਡੈਸਕ ਬਣਾਇਆ ਹੈ।
ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਸੀ।
ਇਸ ਡੈਸਕ ਨੂੰ ਪੁਲਿਸ ਵੱਲੋਂ ਟੋਲ ਫਰੀ ਨੰਬਰ 181 ਨਾਲ ਜੋੜਿਆ ਗਿਆ ਹੈ ਤਾਂ ਜੋ ਮੁਸ਼ਕਿਲ ਵਿੱਚ ਫਸਿਆ ਕੋਈ ਵੀ ਕਸ਼ਮੀਰੀ ਵਿਦਿਆਰਥੀ ਇਸ 'ਤੇ ਸੰਪਰਕ ਕਰ ਸਕੇ ਅਤੇ ਜਿੰਨੀ ਜਲਦੀ ਹੋ ਸਕੇ ਉਨ੍ਹਾਂ ਨੂੰ ਮਦਦ ਪਹੁੰਚਾਈ ਜਾ ਸਕੇ।
ਪੁਲਵਾਮਾ ਹਮਲੇ ਤੋਂ ਬਾਅਦ ਦੇਸ ਦੇ ਕਈ ਹਿੱਸਿਆਂ ਵਿੱਚੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਏ ਜਾਣ ਦੀਆਂ ਖ਼ਬਰਾਂ ਆਈਆਂ ਸਨ।
ਮੁੱਖ ਮੰਤਰੀ ਨੇ ਫੌਰੀ ਤੌਰ 'ਤੇ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਰਹਿ ਰਹੇ ਕਸ਼ਮੀਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਅਤੇ ਕਿਸੇ ਨੂੰ ਵੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:
ਹੈਲਪਡੈਸਕ ਨੂੰ ਕਿਵੇਂ ਪਹੁੰਚ ਕੀਤੀ ਜਾ ਸਕਦੀ ਹੈ?
- ਪੀੜਤ ਟੋਲ ਫਰੀ ਨੰਬਰ 181 'ਤੇ ਫੋਨ ਕਰ ਸਕਦੇ ਹਨ।
- ਪੀੜਤ 76961-81181'ਤੇ ਐੱਸਐੱਮਐੱਸ ਜਾਂ ਵਟਸਐੱਪ ਮੈਸਜ ਕਰ ਸਕਦੇ ਹਨ
- 0172-6626181 ’ਤੇ ਫੈਕਸ ਕਰ ਸਕਦੇ ਹਨ।
- ਇਸ ਦੇ ਇਲਾਵਾ help@181pph.com 'ਤੇ ਈਮੇਲ ਵੀ ਕਰ ਸਕਦੇ ਹਨ।
- ਨੋਡਲ ਅਫਸਰ ਸੁਰਜੀਤ ਸਿੰਘ ਡੀਆਈਜੀ ਲਾਅ ਐਂਡ ਆਰਡਰ ਨੂੰ ਮੋਬਾਈਲ ਨੰਬਰ 94645-00004 ਜਾਂ ਚੰਡੀਗੜ੍ਹ ਦੇ ਸੈਕਟਰ-9 ਵਿੱਚ ਪੰਜਾਬ ਪੁਲਿਸ ਹੈਡਕੁਆਰਟਰ ਵਿੱਚ ਉਨ੍ਹਾਂ ਦੇ ਦਫ਼ਤਰ ਵਿੱਚ 0172-2747767 'ਤੇ ਫੋਨ ਕਰ ਸਕਦੇ ਹਨ।
ਪੰਜਾਬ ਪੁਲਿਸ ਨੇ ਸੁਰਜੀਤ ਸਿੰਘ ਡੀਆਈਜੀ ਲਾਅ ਐਂਡ ਆਰਡਰ ਇਸ ਹੈਲਪ ਲਾਈਨ 'ਤੇ ਪੰਜਾਬ ਵਿੱਚ ਰਹਿ ਰਹੇ ਕਸ਼ਮੀਰੀਆਂ ਵੱਲੋਂ ਕੀਤੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਅਤੇ ਸਮੁੱਚੀ ਪ੍ਰਕਿਰਿਆ ਲਈ ਜ਼ਿੰਮੇਵਾਰ ਹੋਣਗੇ।
ਪੰਜਾਬ ਪੁਲਿਸ ਦੇ ਬੁਲਾਰੇ ਮੁਤਾਬਕ ਮੁੱਖ ਮੰਤਰੀ ਦੀਆਂ ਹਦਾਇਤਾਂ ਹਨ ਕਿ ਪੰਜਾਬ ਪੁਲਿਸ ਪੰਜਾਬ ਵਿੱਚ ਵਸਦੇ ਕਸ਼ਮੀਰੀਆਂ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਸਮੱਸਿਆਵਾਂ ਦਾ ਫੌਰੀ ਹੱਲ ਕੀਤਾ ਜਾਵੇ ਅਤੇ ਇਸ ਮਾਮਲੇ ਵਿੱਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: