ਥਕਾਨ ਮਿਟਾਉਣ ਲਈ ਪੀਤੀ ਗਈ ਸਸਤੀ ਸ਼ਰਾਬ ਨੇ ਬੁਝਾਏ ਕਈ ਘਰਾਂ ਦੇ ਚਿਰਾਗ

  • ਦਿਲੀਪ ਕੁਮਾਰ ਸ਼ਰਮਾ
  • ਅਸਮ ਤੋਂ ਬੀਬੀਸੀ ਲਈ
ਹਸਪਤਾਲ ਵਿੱਚ ਬੈਡ ’ਤੇ ਪਿਆ ਵਿਅਕਤੀ

ਤਸਵੀਰ ਸਰੋਤ, RITUPALLAB SAIKIA

ਤਸਵੀਰ ਕੈਪਸ਼ਨ,

ਜ਼ਹਿਰੀਲੀ ਸ਼ਰਾਬ ਕਾਰਨ ਅਸਾਮ ਵਿੱਚ ਹੁਣ ਤੱਕ 90 ਤੋਂ ਵੱਧ ਮੌਤਾਂ ਹੋਈਆਂ ਹਨ

ਅਸਾਮ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 99 ਮੌਤਾਂ ਹੋ ਗਈਆਂ ਹਨ ਜਦ ਕਿ 200 ਤੋਂ ਵਧੇਰੇ ਲੋਕ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ।

ਪੀੜਤ ਅਸਾਮ ਦੇ ਗੋਲਾਘਾਟ ਅਤੇ ਜੋਰਹਾਟ ਜਿਲ੍ਹਿਆਂ ਦੇ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਔਰਤਾਂ ਅਤੇ ਮਰਦ ਹਨ। ਸਥਾਨਕ ਰਿਪੋਰਟਾਂ ਮੁਤਾਬਕ ਮੌਤਾਂ ਦੀ ਗਿਣਤੀ ਵਧ ਸਕਦੀ ਹੈ।

ਇਹ ਵੀ ਪੜ੍ਹੋ:

ਗੋਲਾਘਾਟ ਦੇ ਐੱਸਪੀ ਪੁਸ਼ਕਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ 58 ਮੌਤਾਂ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਹੋਈਆਂ ਹਨ ਜਦ ਕਿ ਇੱਕ ਹੋਰ ਸਰੋਤ ਮੁਤਾਬਕ 12 ਹੋਰ ਮੌਤਾਂ ਜੋਰਹਾਟ ਜ਼ਿਲ੍ਹੇ ਵਿੱਚ ਹੋਈਆਂ ਹਨ।

ਗੋਲਾਘਾਟ ਜ਼ਿਲ੍ਹੇ ਦੇ ਸਿਹਤ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਡਾ਼ ਰਾਤੁਲ ਬੋਰਡੋਲੋਈ ਨੇ ਦੱਸਿਆ ਕਿ ਪੀੜਤ "ਹਸਪਤਾਲ ਵਿੱਚ ਉਲਟੀਆਂ, ਛਾਤੀ ਵਿੱਚ ਦਰਦ ਅਤੇ ਦਮ ਘੁੱਟਣ ਦੀ ਸ਼ਿਕਾਇਤ ਲੈ ਕੇ ਆਏ ਸਨ।"

ਗੋਲਾਘਾਟ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਇੱਕ ਮਰੀਜ਼ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਵੀਰਵਾਰ ਨੂੰ ਚਾਹ ਦੇ ਪੌਦੇ ਲਾ ਰਹੇ ਸਨ।

ਤਸਵੀਰ ਸਰੋਤ, Reuters

ਉਨ੍ਹਾਂ ਦੱਸਿਆ, "ਮੈਂ ਸ਼ਰਾਬ ਦਾ ਅਧੀਆ ਲਿਆ ਅਤੇ ਖਾਣੇ ਤੋਂ ਪਹਿਲਾਂ ਪੀ ਲਿਆ, ਸ਼ੁਰੂ ਵਿੱਚ ਤਾਂ ਸਭ ਠੀਕ ਸੀ ਪਰ ਕੁਝ ਸਮੇਂ ਬਾਅਦ ਮੇਰਾ ਸਿਰ ਦਰਦ ਕਰਨ ਲੱਗ ਪਿਆ। ਸਿਰ ਦਰਦ ਇਨਾਂ ਵੱਧ ਗਿਆ ਕਿ ਨਾ ਮੈਂ ਖਾ ਤੇ ਨਾ ਹੀ ਸੌਂ ਸਕਿਆ।"

ਸਵੇਰੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਨਾਲ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲੈ ਗਈ ਜਿੱਥੋਂ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅਸਾਮ ਵਿੱਚ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਮਜ਼ਦੂਰ ਘਰ ਪਰਤ ਕੇ ਸ਼ਰਾਬ ਪੀਂਦੇ ਹਨ

ਭਾਰਤ ਵਿੱਚ ਅਖੌਤੀ ਦੇਸੀ ਸ਼ਰਾਬ ਕਾਨੂੰਨੀ ਤੌਰ 'ਤੇ ਵਿਕਣ ਵਾਲੀ ਸ਼ਰਾਬ ਨਾਲੋਂ ਕਈ ਗੁਣਾਂ ਸਸਤੀ ਹੁੰਦੀ ਹੈ। ਇਸ ਦੀ ਵਜ੍ਹਾ ਨਾਲ ਹੋਣ ਵਾਲੀਆਂ ਮੌਤਾਂ ਵੀ ਆਮ ਹਨ।

ਸਥਾਨਕ ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਬਕਾਰੀ ਵਿਭਾਗ ਦੇ ਦੋ ਕਰਮਚਾਰੀਆਂ ਅਣਗਹਿਲੀ ਕਾਰਨ ਨੂੰ ਮੁਅੱਤਲ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

‘ਸ਼ਰਾਬ ਪੀਣਾ ਰਵਾਇਤ ਦਾ ਹਿੱਸਾ’

ਅਸਾਮ ਵਿੱਚ ਚਾਹ ਦੇ ਬਗਾਨਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਅਕਸਰ ਆਪਣੀ ਥਕਾਣ ਮਿਟਾਉਣ ਲਈ ਕੰਮ ਤੋਂ ਪਰਤ ਕੇ ਸ਼ਾਮ ਵੇਲੇ ਸ਼ਰਾਬ ਪੀਂਦੇ ਹਨ।

ਜਿਸ ਸ਼ਰਾਬ ਦੇ ਪੀਣ ਨਾਲ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਈ ਹੈ, ਉਹ ਸਥਾਨਕ ਲੋਕਾਂ ਵੱਲੋਂ ਹੀ ਬਣਾਈ ਗਈ ਸੀ।

ਜਾਣਕਾਰ ਦੱਸਦੇ ਹਨ ਕਿ ਇਹ ਸ਼ਰਾਬ ਉੱਥੇ ਮਿਲਮ ਵਾਲੀ ਦੇਸੀ ਸ਼ਰਾਬ ਤੋਂ ਸਸਤੀ ਅਤੇ ਵੱਧ ਨਸ਼ੀਲੀ ਹੁੰਦੀ ਹੈ। ਪੰਜ ਲੀਟਰ ਸ਼ਰਾਬ ਲਈ ਕੇਵਲ 300 ਤੋਂ 400 ਰੁਪਏ ਅਦਾ ਕਰਨੇ ਹੁੰਦੇ ਹਨ।

ਐੱਸਪੀ ਪੁਸ਼ਕਰ ਸਿੰਘ ਨੇ ਦੱਸਿਆ ਕਿ ਇਸੇ ਬਣਾਉਣ ਵਿੱਚ ਮਿਥਾਈਲ ਅਤੇ ਯੂਰੀਆ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਹ ਕਹਿੰਦੇ ਹਨ ਕਿ ਇਨ੍ਹਾਂ ਕੈਮੀਕਲਾਂ ਦਾ ਇਸਤੇਮਾਲ ਜ਼ਿਆਦਾ ਹੋਣ ਕਾਰਨ ਕਦੇ-ਕਦੇ ਸ਼ਰਾਬ ਜ਼ਹਿਰੀਲੀ ਬਣ ਜਾਂਦੀ ਹੈ।

ਸੂਬੇ ਵਿੱਚ ਨਿੱਜੀ ਪੱਧਰ ’ਤੇ ਬਣਾਈ ਗਈ ਸ਼ਰਾਬ ਵੇਚਣੀ ਗ਼ੈਰ-ਕਾਨੂੰਨੀ ਹੈ। ਆਬਕਾਰੀ ਵਿਭਾਗ ਵਿੱਚ ਮੰਤਰੀ ਪਰਿਮਲ ਸ਼ੁਕਲ ਵੇਦ ਨੇ ਬੀਬੀਸੀ ਨੇ ਕਿਹਾ ਕਿ ਇਨ੍ਹਾਂ ਮੌਤਾਂ ਦੀ ਜਾਂਚ ਲਈ ਸੀਨੀਅਰ ਆਈਏਐੱਸ ਅਫਸਰ ਦੀ ਅਗਵਾਈ ਵਿੱਚ ਇੱਕ ਟੀਮ ਬਣਾਈ ਗਈ ਹੈ।

ਮੰਤਰੀ ਨੇ ਕਿਹਾ, “ਨਿੱਜੀ ਪੱਧਰ ’ਤੇ ਬਣਾਈ ਗਈ ਸ਼ਰਾਬ ’ਤੇ ਰੋਕ ਲਗਾਉਣ ਲਈ ਕਾਨੂੰਨ ਸਖ਼ਤ ਕੀਤੇ ਗਏ ਹਨ। ਸਜ਼ਾ ਦੀਆਂ ਤਜਵੀਜ਼ਾਂ ਵੀ ਸਖਤ ਕੀਤੀਆਂ ਗਈਆਂ ਹਨ। ਇਹ ਇੱਕ ਪੁਰਾਣਾ ਰਿਵਾਜ਼ ਹੈ ਜਿਸ ਨੂੰ ਫੌਰਨ ਨਹੀਂ ਬਦਲਿਆ ਜਾ ਸਕਦਾ ਹੈ।”

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)