ਭਾਰਤੀ ਚੋਣਾਂ 2019: ਬੀਬੀਸੀ ਨਿਊਜ਼ ਵੱਲੋਂ ਲੜੀਵਾਰ ਰਿਐਲਿਟੀ ਚੈੱਕ ਦੀ ਸ਼ੁਰੂਆਤ

ਰਿਐਲਿਟੀ ਚੈੱਕ

ਤਸਵੀਰ ਸਰੋਤ, Getty Images

ਬੀਬੀਸੀ ਨਿਊਜ਼ ਨੇ ਭਾਰਤ ਵਿੱਚ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਰਿਐਲਿਟੀ ਚੈੱਕ ਸੀਰੀਜ਼ ਸ਼ੁਰੂ ਕੀਤੀ ਹੈ।

ਸੋਮਵਾਰ, 25 ਫ਼ਰਵਰੀ ਤੋਂ ਸ਼ੁਰੂ ਹੋਣ ਵਾਲੀ ਇਸ ਸੀਰੀਜ਼ ਤਹਿਤ ਹਫ਼ਤੇ ਦੇ ਪੰਜ ਦਿਨ ਰੋਜ਼ਾਨਾ ਇੱਕ ਰਿਪੋਰਟ ਛਾਪੀ ਜਾਵੇਗੀ।

ਹਰ ਰਿਪੋਰਟ ਸਿਆਸੀ ਪਾਰਟੀਆਂ ਦੇ ਦਾਅਵਿਆਂ ਨੂੰ ਖੰਗਾਲੇਗੀ ਅਤੇ ਇਨ੍ਹਾਂ ਪਿੱਛੇ ਲੁਕੀ ਸੱਚਾਈ ਨੂੰ ਅੰਕੜਿਆਂ ਅਤੇ ਤੱਥਾਂ ਦੇ ਆਧਾਰ 'ਤੇ ਬਾਹਰ ਵੀ ਲਿਆਏਗੀ।

ਇਹ ਪੇਸ਼ਕਸ਼ ਪੰਜਾਬੀ ਅਤੇ ਅੰਗਰੇਜ਼ੀ ਤੋਂ ਇਲਾਵਾ ਤਮਿਲ, ਤੇਲੁਗੂ, ਮਰਾਠੀ, ਗੁਜਰਾਤੀ ਭਾਸ਼ਾਵਾਂ ਵਿੱਚ ਵੀ ਹੋਵੇਗੀ।

ਇਹ ਵੀ ਜ਼ਰੂਰ ਪੜ੍ਹੋ

ਪਿਛਲੇ ਸਾਲ ਸਤੰਬਰ ਵਿੱਚ ਹੀ ਬੀਬੀਸੀ ਵਰਲਡ ਸਰਵਿਸ ਗਰੁੱਪ ਦੇ ਡਾਇਰੈਕਟਰ, ਜੇਮੀ ਐਂਗਸ ਨੇ ਟੀਚਾ ਮਿੱਥਿਆ ਸੀ ਕਿ ਚੋਣਾਂ ਲਈ ਭਾਰਤ ਵਿੱਚ ਵੀ ਰਿਐਲਿਟੀ ਚੈੱਕ ਸ਼ੁਰੂ ਕੀਤੀ ਜਾਵੇਗੀ।

ਬੀਬੀਸੀ ਰਿਐਲਿਟੀ ਚੈੱਕ ਲਗਾਤਾਰ ਹਸਤੀਆਂ ਅਤੇ ਅਦਾਰਿਆਂ ਵੱਲੋਂ ਕੀਤੇ ਜਾਂਦੇ ਦਾਅਵਿਆਂ ਨੂੰ ਸੱਚ ਦੀ ਤੱਕੜੀ ਵਿੱਚ ਤੋਲਦਾ ਹੈ। ਇਹ ਦੱਸਦਾ ਹੈ ਕਿ ਕਿਤੇ ਇਹ ਨਿਰਾ ਝੂਠ ਜਾਂ ਭਟਕਾਉਣ ਵਾਲੀ ਜਾਣਕਾਰੀ ਤਾਂ ਨਹੀਂ।

ਜੇਮੀ ਐਂਗਸ ਨੇ ਕਿਹਾ ਸੀ, "ਸਾਡੇ ਦਰਸ਼ਕ ਸਾਨੂੰ ਦੱਸਦੇ ਹਨ ਕਿ ਉਹ ਚੋਣਾਂ ਵਰਗੇ ਮਸਲਿਆਂ ਉੱਪਰ ਸਾਡੇ ਆਜ਼ਾਦ ਵਿਸ਼ਲੇਸ਼ਣ ਨੂੰ ਬਹੁਤ ਮਹੱਤਤਾ ਦਿੰਦੇ ਹਨ। ਚੰਗੀ ਤਿਆਰੀ ਰਾਹੀਂ ਹੀ ਝੂਠੀਆਂ ਖ਼ਬਰਾਂ ਦਾ ਲੋਕਾਂ ਸਾਹਮਣੇ ਤੇਜ਼ੀ ਨਾਲ ਖੁਲਾਸਾ ਕੀਤਾ ਜਾ ਸਕਦਾ ਹੈ।"

ਤਸਵੀਰ ਸਰੋਤ, Getty Images

ਭਾਰਤ ਵਿੱਚ ਇਸ ਸੇਵਾ ਦੀ ਸ਼ੁਰੂਆਤ ਤੋਂ ਪਹਿਲਾਂ ਪਿਛਲੇ ਨਵੰਬਰ ਵਿੱਚ ਬੀਬੀਸੀ ਨੇ 'ਬਿਓਂਡ ਫੇਕ ਨਿਊਜ਼' ਪ੍ਰੋਜੈਕਟ ਤਹਿਤ ਕਈ ਥਾਵਾਂ ਉੱਤੇ ਅਜਿਹੇ ਸਮਾਗਮ ਰੱਖੇ ਜਿੱਥੇ ਲੋਕਾਂ ਦੇ ਵਿਚਾਰ ਸਾਹਮਣੇ ਆਏ। ਇਸੇ ਤਹਿਤ ਵਿਦਿਆਰਥੀਆਂ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਡਿਜੀਟਲ ਲਿਟਰੇਸੀ ਵਰਕਸ਼ਾਪ ਵੀ ਕੀਤੇ ਗਏ।

ਇਹ ਵੀ ਜ਼ਰੂਰ ਪੜ੍ਹੋ

ਬੀਬੀਸੀ ਲਈ ਭਾਰਤੀ ਭਾਸ਼ਾਵਾਂ ਦੀ ਮੁਖੀ ਰੂਪ ਝਾਅ ਨੇ ਕਿਹਾ, "ਅਸੀਂ ਉਮੀਦ ਕਰਦੇ ਹਾਂ ਕਿ ਰਿਐਲਿਟੀ ਚੈੱਕ ਰਾਹੀਂ ਅਸੀਂ ਭਾਰਤ ਦੀਆਂ ਸਿਆਸੀ ਬਹਿਸਾਂ ਵਿੱਚ ਚੁੱਕੇ ਜਾਂਦੇ ਮੁੱਦਿਆਂ ਦੀ ਚੰਗੀ ਤਰ੍ਹਾਂ ਜਾਂਚ ਕਰ ਸਕਾਂਗੇ। ਅਸੀਂ ਚਾਹੁੰਦੇ ਹਾਂ ਕਿ ਲੋਕਾਂ ਲਈ ਵਿਸ਼ਵਾਸਯੋਗ ਜਾਣਕਾਰੀ ਦਾ ਸਰੋਤ ਬਣੇ ਰਹੀਏ।"

ਬੀਬੀਸੀ ਰਿਐਲਿਟੀ ਚੈੱਕ ਦੀਆਂ ਰਿਪੋਰਟਾਂ ਦੀ ਨਜ਼ਰ ਮੁੱਖ ਤੌਰ 'ਤੇ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਉਨ੍ਹਾਂ ਜੀਵਨ ਲਈ ਜ਼ਰੂਰੀ ਸਾਧਨਾਂ ਉੱਤੇ ਰਹੇਗੀ। ਭਾਵੇਂ ਮਹਿੰਗਾਈ ਹੋਵੇ, ਸਫ਼ਾਈ ਦੇ ਅਭਿਆਨ ਹੋਣ, ਆਵਾਜਾਈ ਦੇ ਸਾਧਨ ਹੋਣ ਜਾਂ ਸੁਰੱਖਿਆ ਦਾ ਮੁੱਦਾ, ਇਹ ਰਿਪੋਰਟਾਂ ਅੰਕੜਿਆਂ ਦੇ ਆਧਾਰ 'ਤੇ ਹੋਣਗੀਆਂ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)