ਕਸ਼ਮੀਰ ਵਿੱਚ ਅਫ਼ਵਾਹਾਂ ਵਿਚਾਲੇ ਕਿਵੇਂ ਲੰਘਿਆ ਦਿਨ
- ਮਾਜਿਦ ਜਹਾਂਗੀਰ
- ਸ਼੍ਰੀਨਗਰ ਤੋਂ ਬੀਬੀਸੀ ਲਈ

ਤਸਵੀਰ ਸਰੋਤ, Getty Images
ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ
ਸ਼ੁੱਕਰਵਾਰ ਤੋਂ ਜਮਾਤ-ਏ-ਇਸਲਾਮੀ ਅਤੇ ਕੁਝ ਸੀਨੀਅਰ ਵੱਖਵਾਦੀ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਤੋਂ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਅਨਿਸ਼ਚਿਤਤਾ ਅਤੇ ਦਹਿਸ਼ਤ ਦਾ ਮਾਹੌਲ ਹੈ।
ਸ਼ੁੱਕਰਵਾਰ ਦੇਰ ਰਾਤ ਜੇਕੇਐੱਲਐੱਫ਼ ਮੁਖੀ ਯਾਸੀਨ ਮਲਿਕ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਉਨ੍ਹਾਂ ਨੂੰ ਕੋਠੀਬਾਗ ਪੁਲਿਸ ਥਾਣੇ 'ਚ ਰੱਖਿਆ ਗਿਆ।
ਸ਼ਨੀਵਾਰ ਨੂੰ ਕਸ਼ਮੀਰ ਵਿੱਚ ਵੱਡੀ ਗਿਣਤੀ 'ਚ ਫ਼ੌਜ ਨੂੰ ਭੇਜਣ 'ਤੇ ਇਹ ਅਫ਼ਵਾਹ ਸਿਖ਼ਰਾਂ 'ਤੇ ਸੀ ਕਿ ਕਸ਼ਮੀਰ 'ਤੇ ਕੇਂਦਰ ਸਰਕਾਰ ਕੁਝ ਵੱਡੇ ਕਦਮ ਚੁੱਕਣ ਜਾ ਰਹੀ ਹੈ। ਪਰ ਇਹ ਸਪੱਸ਼ਟ ਨਹੀਂ ਸੀ ਕਿ ਕੀ ਹੋਣ ਜਾ ਰਿਹਾ ਹੈ।
ਤਸਵੀਰ ਸਰੋਤ, Getty Images
ਵੱਡੀਆਂ ਗ੍ਰਿਫ਼ਤਾਰੀਆਂ ਅਤੇ ਆਰਟੀਕਲ 35-ਏ ਦੇ ਨਾਲ ਸੰਭਾਵਿਤ ਛੇੜਛਾੜ ਦੇ ਖ਼ਦਸ਼ੇ ਦੇ ਮੱਦੇਨਜ਼ਰ ਵੱਖਵਾਦੀਆਂ ਨੇ ਐਤਵਾਰ ਨੂੰ ਕਸ਼ਮੀਰ ਬੰਦ ਦਾ ਐਲਾਨ ਕੀਤਾ ਸੀ। ਵੱਖਵਾਦੀਆਂ ਅਤੇ ਵਪਾਰ ਮੰਡਲ ਨੇ ਧਮਕੀ ਦਿੱਤੀ ਹੈ ਕਿ ਜੇ ਆਰਟੀਕਲ 35-ਏ 'ਚ ਕੋਈ ਛੇੜਛਾੜ ਕੀਤੀ ਗਈ ਤਾਂ ਇਸ ਖ਼ਿਲਾਫ਼ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਜ਼ਰੂਰ ਪੜ੍ਹੋ:
ਆਲ ਪਾਰਟੀ ਹੁਰੀਅਤ ਕਾਨਫਰੰਸ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਨਾ ਖ਼ਤਮ ਹੋਣ ਵਾਲੀ ਇਹ ਲੜਾਈ ਅਤੇ ਲਗਾਤਾਰ ਗ੍ਰਿਫ਼ਤਾਰੀਆਂ ਭਾਰਤ ਦੀ ਮਾਯੂਸੀ ਵੱਲ ਇਸ਼ਾਰੇ ਹਨ ਅਤੇ ਉਨ੍ਹਾਂ ਨੇ (ਭਾਰਤ ਨੇ) ਪੂਰੇ ਆਵਾਮ ਦੇ ਖ਼ਿਲਾਫ਼ ਲੜਾਈ ਵਿੱਢ ਦਿੱਤੀ ਹੈ।
ਵੱਖਵਾਦੀਆਂ ਵੱਲੋਂ ਸੱਦੇ ਗਏ ਬੰਦ ਕਾਰਨ ਕਸ਼ਮੀਰ 'ਚ ਐਤਵਾਰ ਨੂੰ ਜਨਜੀਵਨ ਪੂਰੀ ਤਰ੍ਹਾਂ ਨਾਲ ਠੱਪ ਰਿਹਾ, ਦੁਕਾਨਾਂ ਨਹੀਂ ਖੁਲ੍ਹੀਆਂ ਅਤੇ ਸੜਕਾਂ ਸੁੰਨੀਆਂ ਰਹੀਆਂ।
ਐਤਵਾਰ ਨੂੰ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਪੂਰੇ ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਵੱਡੀ ਗਿਣਤੀ 'ਚ ਤੈਨਾਤ ਕੀਤਾ ਤੇ ਸ਼੍ਰੀਨਗਰ ਸ਼ਹਿਰ ਦੇ ਕਈ ਇਲਾਕਿਆਂ 'ਚ ਪਾਬੰਦੀ ਲਗਾਈ।
ਤਸਵੀਰ ਸਰੋਤ, AFP
ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ
ਰਾਜਪਾਲ ਦੀ ਅਪੀਲ: ਅਫ਼ਵਾਹਾਂ 'ਤੇ ਧਿਆਨ ਨਾ ਦਿਓ
ਰਾਜਪਾਲ ਸਤਿਆਪਾਲ ਮਲਿਕ ਨੇ ਐਤਵਾਰ ਨੂੰ ਕਸ਼ਮੀਰ ਦੇ ਲੋਕਾਂ ਨੂੰ ਦੱਸਿਆ ਕਿ ਸੁਰੱਖਿਆ ਬਲਾਂ ਦੀ ਤੈਨਾਤੀ ਚੋਣਾਂ ਨੂੰ ਲੈ ਕੇ ਕੀਤੀ ਗਈ ਹੈ। ਉਨ੍ਹਾਂ ਨੇ ਲੋਕਾਂ ਤੋਂ ਇਸ ਤੈਨਾਤੀ ਨੂੰ ਕਿਸੇ ਹੋਰ ਕਾਰਨਾਂ ਨਾਲ ਨਾ ਜੋੜਣ ਦੀ ਅਪੀਲ ਕੀਤੀ।
ਬੀਬੀਸੀ ਨੂੰ ਉਨ੍ਹਾਂ ਨੇ ਦੱਸਿਆ, ''ਕਸ਼ਮੀਰ ਵਿੱਚ ਲੋਕ ਅਫ਼ਵਾਹਾਂ ਫ਼ੈਲਾ ਰਹੇ ਹਨ ਅਤੇ ਮੈਂ ਕੀ ਕਰ ਸਕਦਾ ਹਾਂ, ਇਸਨੂੰ ਕਿੰਝ ਰੋਕਾਂ? ਕੁਝ ਹਲਕਿਆਂ ਵਿੱਚ ਫ਼ੈਲ ਰਹੀਆਂ ਵੱਡੀਆਂ ਅਫ਼ਵਾਹਾਂ 'ਤੇ ਲੋਕਾਂ ਨੂੰ ਯਕੀਨ ਨਹੀਂ ਕਰਨਾ ਚਾਹੀਦਾ ਅਤੇ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ। ਇਹ ਅਫ਼ਵਾਹਾਂ ਗ਼ੈਰ-ਜ਼ਰੂਰੀ ਰੂਪ ਨਾਲ ਲੋਕਾਂ ਦੇ ਮਨ 'ਚ ਡਰ ਪੈਦਾ ਕਰ ਰਹੀਆਂ ਹਨ, ਜਿਸ ਨਾਲ ਆਮ ਜੀਵਨ 'ਚ ਤਣਾਅ ਪੈਦਾ ਹੋ ਰਿਹਾ ਹੈ। ਫ਼ੌਜ ਨੇ ਸੁਰੱਖਿਆ ਸਬੰਧੀ ਕੁਝ ਪ੍ਰਬੰਧ ਕੀਤੇ ਹਨ, ਇਹ ਪੁਲਵਾਮਾ ਵਿੱਚ ਹੋਏ ਹਮਲੇ ਨੂੰ ਲੈ ਕੇ ਚੁੱਕੇ ਜਾ ਰਹੇ ਉਪਾਅ ਹਨ।''
ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਹਾ, ''ਪੁਲਵਾਮਾ 'ਚ ਹਮਲੇ ਅਤੇ ਭਾਰਤ ਦੀਆਂ ਲੋਕਤੰਤਰੀ ਪ੍ਰਕਿਰਿਆਵਾਂ ਦੇ ਰਾਹ 'ਚ ਰੋੜੇ ਖੜੇ ਕਰਨ ਦੀਆਂ ਪੁਰਜ਼ੋਰ ਕੋਸ਼ਿਸ਼ਾਂ 'ਚ ਲੱਗੇ ਕੱਟੜਪੰਥੀ ਸੰਗਠਨਾਂ ਦੇ ਕਿਸੇ ਵੀ ਸੰਭਾਵਿਤ ਕਰਤੂਤ ਨਾਲ ਮੁਕਾਬਲਾ ਕਰਨ ਨੂੰ ਲੈ ਕੇ ਸੁਰੱਖਿਆ ਬਲ ਇਹ ਕਦਮ ਚੁੱਕ ਰਹੇ ਹਨ। ਇਸ ਸੁਰੱਖਿਆ ਤੈਨਾਤੀ ਨੂੰ ਸਿਰਫ਼ ਚੋਣ ਪ੍ਰਕਿਰਿਆ ਦੇ ਸੰਦਰਭ 'ਚ ਦੇਖਿਆ ਜਾਣਾ ਚਾਹੀਦਾ ਹੈ। ਅਗਲੇ ਕੁਝ ਦਿਨਾਂ 'ਚ ਭਾਰਤੀ ਚੋਣ ਕਮਿਸ਼ਨ ਦੀ ਇੱਕ ਵੱਡੀ ਟੀਮ ਇੱਥੋਂ ਦਾ ਦੌਰਾ ਕਰ ਕੇ ਚੋਣ ਪ੍ਰਕਿਰਿਆ ਨਾਲ ਜੁੜੇ ਆਖ਼ਰੀ ਫ਼ੈਸਲੇ ਲੈਣ ਵਾਲੀ ਹੈ। ਅਗਲੇ ਕੁਝ ਦਿਨਾਂ 'ਚ ਹੋਰ ਸੁਰੱਖਿਆ ਦਸਤੇ ਤੈਨਾਤ ਕੀਤੇ ਜਾਣਗੇ।''
ਤਸਵੀਰ ਸਰੋਤ, Getty Images
ਜਦੋਂ ਉਨ੍ਹਾਂ ਨੂੰ ਇੱਹ ਪੁੱਛਿਆ ਗਿਆ ਕਿ ਜਮਾਤ-ਏ-ਇਸਲਾਮੀ ਦੇ ਵਰਕਰਾਂ ਅਤੇ ਹੋਰ ਵੱਖਵਾਦੀਆਂ ਨੂੰ ਹਿਰਾਸਤ ਵਿੱਚ ਕਿਉਂ ਲਿਆ ਗਿਆ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ''ਕਸ਼ਮੀਰ 'ਚ ਇਹ ਕੋਈ ਨਹੀਂ ਗੱਲ ਨਹੀਂ ਹੈ। ਇਹ ਲੋਕ ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ 'ਤੇ ਕੱਟੜਤਾ ਫ਼ੈਲਾਉਂਦੇ ਹਨ, ਖ਼ਾਸ ਤੌਰ 'ਤੇ ਜਮਾਤ ਦੇ ਲੋਕ। ਦੱਖਣੀ ਕਸ਼ਮੀਰ 'ਚ ਇਹ ਲੋਕ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਂਦੇ ਹਨ। ਜਦੋਂ ਵੀ ਕੋਈ ਮੁੱਠਭੇੜ ਹੁੰਦੀ ਹੈ, ਇਹ ਮਸਜਿਦਾਂ ਤੋਂ ਲੋਕਾਂ ਨੂੰ ਪੱਥਰਬਾਜ਼ੀ ਲਈ ਉਕਸਾਉਂਦੇ ਹਨ।''
ਤਸਵੀਰ ਸਰੋਤ, AFP
ਕੁਝ ਪੈਟਰੋਲਿਅਮ ਉਤਪਾਦਾਂ ਦੀ ਰਾਸ਼ਨਿੰਗ ਦੇ ਹੁਕਮ ਦਿੱਤੇ ਗਏ ਹਨ
ਪੈਟਰੋਲ-ਡੀਜ਼ਲ ਦੀ ਸਪਲਾਈ ਸੀਮਿਤ ਕੀਤੀ ਗਈ
ਸਥਾਨਕ ਪ੍ਰਸ਼ਾਸਨ ਨੇ ਐਤਵਾਰ ਨੂੰ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਨੂੰ ਸੀਮਿਤ ਕਰਨ ਦੇ ਹੁਕਮ ਦਿੱਤੇ, ਇਸ ਨਾਲ ਦਹਿਸ਼ਤ ਦੇ ਮਾਹੌਲ 'ਚ ਘਿਰੇ ਕਸ਼ਮੀਰ 'ਚ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ।
ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਬਸ਼ੀਰ ਅਹਿਮਦ ਖ਼ਾਨ ਨੇ ਐਤਵਾਰ ਨੂੰ ਦੱਸਿਆ ਕਿ ਸ਼੍ਰੀਨਗਰ-ਜੰਮੂ ਕੌਮੀ ਰਾਜ ਮਾਰਗ ਦੇ ਲਗਾਤਾਰ ਬੰਦ ਰਹਿਣ ਦੇ ਕਾਰਨ ਇਲਾਕੇ 'ਚ ਕੁਝ ਪੈਟਰੋਲੀਅਮ ਉਤਪਾਦਾਂ ਦੀ ਰਾਸ਼ਨਿੰਗ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਜ਼ਰੂਰ ਪੜ੍ਹੋ:
ਵੱਖਵਾਦੀ ਅਗਵਾਈ ਕਰਨ ਵਾਲਿਆਂ ਨੇ ਪ੍ਰੈੱਸ ਨੂੰ ਜਾਰੀ ਬਿਆਨ 'ਚ ਕਿਹਾ ਹੈ ਕਿ ਕਰੀਬ 200 ਜਮਾਤ-ਏ-ਇਸਲਾਮੀ ਵਰਕਰਾਂ ਅਤੇ ਵੱਖਵਾਦੀ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇੱਕ ਵੱਖਵਾਦੀ ਨੇਤਾ ਦੇ ਭਰਾ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ 23-24 ਫ਼ਰਵਰੀ ਦੀ ਰਾਤ ਨੂੰ ਪੁਲਿਸ ਨੇ ਉਨ੍ਹਾਂ ਦੇ ਭਰਾ ਦੇ ਘਰ ਉਨ੍ਹਾਂ ਦੀ ਤਲਾਸ਼ੀ 'ਚ ਛਾਪਾ ਮਾਰਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਭਰਾ ਪਿਛਲੇ ਕੁਝ ਦਿਨਾਂ ਤੋਂ ਘਰ ਮੌਜੂਦ ਨਹੀਂ ਸਨ।
ਤਸਵੀਰ ਸਰੋਤ, Getty Images
ਇਸ ਵਿਚਾਲੇ ਐਤਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਅਤੇ ਕੱਟੜਪੰਥੀਆਂ ਵਿਚਾਲੇ ਮੁੱਠਭੇੜ ਹੋਈ। ਇਸ 'ਚ ਡੀਐੱਸਪੀ ਅਮਨ ਠਾਕੁਰ ਦੀ ਮੌਤ ਹੋ ਗਈ ਜਦੋਂ ਕਿ ਫ਼ੌਜ ਦਾ ਇੱਕ ਜਵਾਨ ਜ਼ਖ਼ਮੀ ਹੋਇਆ ਹੈ।
ਕੁਝ ਪੁਸ਼ਟੀ ਨਾ ਹੋਣ ਵਾਲੀਆਂ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਮੁੱਠਭੇੜ 'ਚ ਤਿੰਨ ਕੱਟੜਪੰਥੀ ਵੀ ਮਾਰੇ ਗਏ ਹਨ।