ਸਿੱਧੂ ਦਾ ਇਲਜ਼ਾਮ : ਅੰਗਰੇਜ਼ਾਂ ਨਾਲ ਮਿਲ ਕੇ ਸਿੱਖਾਂ ਖ਼ਿਲਾਫ਼ ਕਾਰਵਾਈਆਂ ਕਰਦਾ ਸੀ ਮਜੀਠੀਆ ਦਾ ਦਾਦਾ - 5 ਅਹਿਮ ਖਬਰਾਂ

ਨਵਜੋਤ ਸਿੰਘ ਸਿੱਧੂ

ਹਿੰਦੁਸਤਾਨ ਟਾਈਮਜ਼ ਮੁਤਾਬਕ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠਿਆ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ-ਦੂਜੇ ਉੱਤੇ ਇਲਜ਼ਾਮ ਲਾਏ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਵੱਲੋਂ ਅੰਗਰੇਜ਼ਾਂ ਨਾਲ ਮਿਲ ਕੇ ਸਿੱਖਾਂ ਖ਼ਿਲਾਫ਼ ਕਾਰਵਾਈਆਂ ਕੀਤੀਆਂ, ਜਿਸ ਦੇ ਸਬੂਤ ਉਨ੍ਹਾਂ ਕੋਲ ਹਨ।

ਸਿੱਧੂ ਨੇ ਇਤਿਹਾਸਕਾਰ ਬੀਐਨ ਦੱਤਾ ਦੀ ਕਿਤਾਬ ਦਾ ਹਾਵਾਲਾ ਦਿੰਦਿਆਂ ਕਿਹਾ ਸੁੰਦਰ ਸਿੰਘ ਮਜੀਠੀਆ ਨੇ ਜਲਿਆਂਵਾਲਾ ਬਾਗ ਹਤਿਆਕਾਂਡ ਤੋਂ ਬਾਅਦ ਜਨਰਲ ਡਾਇਰ ਦੀ ਸ਼ਲਾਘਾ ਕੀਤੀ ਅਤੇ ਅੰਗਰੇਜ਼ਾਂ ਨੇ ਬਾਅਦ ਵਿੱਚ ਉਨ੍ਹਾਂ ਨੂੰ 'ਸਰਦਾਰ ਬਹਾਦੁਰ' ਕਹਿ ਕੇ ਨਵਾਜਿਆ ਅਤੇ ਗੋਰਖਪੁਰ ਰਿਆਸਤ ਦਿੱਤੀ।

ਇਹ ਵੀ ਪੜ੍ਹੋ:

ਸਿੱਧੂ ਨੇ ਕਿਹਾ ਕਿ ਇਸ ਮਾਮਲੇ 'ਚ ਮਜੀਠੀਆ ਦੇਸ ਭਰ ਦੇ ਸਿੱਖਾਂ ਕੋਲੋਂ ਮੁਆਫ਼ੀ ਮੰਗੇ ਨਹੀਂ ਤਾਂ ਅਸੀ ਉਨ੍ਹਾਂ ਨੂੰ ਸਦਨ 'ਚ ਬੋਲਣ ਨਹੀਂ ਦਿਆਂਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਦਨ 'ਚ ਮੁਆਫ਼ੀ ਮੰਗੇ।

ਉੱਧਰ ਬਿਕਰਮ ਮਜੀਠੀਆ ਨੇ ਸਿੱਧੂ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਸੁੰਦਰ ਸਿੰਘ ਮਜੀਠੀਆ ਵੱਲੋਂ ਕੀਤੇ ਕਾਰਜਾਂ ਦਾ ਹਵਾਲਾ ਦਿੰਦੀਆਂ ਉਨ੍ਹਾਂ ਨੂੰ ਪੰਥ ਦੀ ਮਹਾਨ ਸਖ਼ਸ਼ੀਅਤ ਕਰਾਰ ਦਿੱਤਾ।

ਮਨਪ੍ਰੀਤ ਤੇ ਸੁਖਬੀਰ ਬਾਦਲ ਵਿਚਾਲੇ ਬਹਿਸ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਿਚਾਲੇ ਪੰਜਾਬ ਵਿਧਾਨ ਸਭਾ ਵਿੱਚ ਕਾਫ਼ੀ ਬਹਿਸ ਹੋਈ। ਦਰਅਸਲ ਮਨਪ੍ਰੀਤ ਸਿੰਘ ਬਾਦਲ ਬਜਟ ਉੱਤੇ ਚਰਚਾ ਖਤਮ ਕਰ ਰਹੇ ਸਨ ਅਤੇ ਉਨ੍ਹਾਂ ਪੰਜਾਬ ਉੱਤੇ ਕਰਜ਼ੇ ਲਈ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ।

ਸੁਖਬੀਰ ਸਿੰਘ ਬਾਦਲ ਜੋ ਵਿਧਾਨ ਸਭਾ ਦੀ ਕਾਰਵਾਈ ਦੇ ਆਖਰੀ ਦਿਨ ਹੀ ਪਹੁੰਚੇ ਸਨ, ਨੇ ਕਿਹਾ ਕਿ ਮਨਪ੍ਰੀਤ ਵਿੱਤ ਮੰਤਰੀ ਬਣਨ ਦੇ ਲਾਇਕ ਹੀ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਇਸ ਵਿਸ਼ੇ ਦੀ ਕੋਈ ਜਾਣਕਾਰੀ ਨਹੀਂ ਹੈ।

ਉਨ੍ਹਾਂ ਕਿਹਾ, "ਮਨਪ੍ਰੀਤ ਨੇ ਇਤਿਹਾਸ ਵਿੱਚ ਐਮਏ ਕੀਤੀ ਹੈ, ਇਸ ਲਈ ਉਨ੍ਹਾਂ ਨੂੰ ਸੈਰ-ਸਪਾਟਾ ਮਹਿਕਮਾ ਦੇਣਾ ਚਾਹੀਦਾ ਸੀ। ਉਨ੍ਹਾਂ ਨੂੰ ਵਿੱਤ ਬਾਰੇ ਕੋਈ ਜਾਣਕਾਰੀ ਨਹੀਂ ਹੈ।"

ਮਨਪ੍ਰੀਤ ਬਾਦਲ ਨੇ ਪਲਟਵਾਰ ਕਰਦਿਆਂ ਕਿਹਾ, "ਪਿਛਲੀ ਸਰਕਾਰ ਨੇ ਪੰਜਾਬ ਨੂੰ ਸਿਰਫ਼ ਲੁੱਟਣ ਦਾ ਕੰਮ ਕੀਤਾ ਹੈ। ਪ੍ਰਤਾਪ ਸਿੰਘ ਕੈਰੋਂ ਸਾਹਿਬ ਨੇ ਪੰਜਾਬ 'ਤੇ 8 ਸਾਲ 5 ਮਹੀਨੇ ਰਾਜ ਕੀਤਾ ਅਤੇ ਲੋਕ ਅੱਜ ਵੀ ਉਨ੍ਹਾਂ ਨੂੰ ਕੰਮ ਲਈ ਯਾਦ ਕਰਦੇ ਹਨ ਜਦੋਂਕਿ ਪ੍ਰਕਾਸ ਸਿੰਘ ਬਾਦਲ 19 ਸਾਲ 10 ਦਿਨ ਪੰਜਾਬ ਦੇ ਮੁੱਖ ਮੰਤਰੀ ਰਹੇ ਪਰ ਉਨ੍ਹਾਂ ਨੂੰ ਕੋਈ ਵੀ ਯਾਦ ਨਹੀਂ ਕਰਦਾ।"

ਪੁਲਵਾਮਾ ਹਮਲੇ ਲਈ 10 ਪਹਿਲਾਂ ਹੀ ਖਰੀਦੀ ਸੀ ਗੱਡੀ

ਦਿ ਹਿੰਦੂ ਮੁਤਾਬਕ 14 ਫਰਵਰੀ ਨੂੰ ਪੁਲਵਾਮਾ ਵਿੱਚ ਸੀਆਰਪੀਐਫ਼ ਦੇ ਕਾਫਲੇ ਉੱਤੇ ਜਿਸ ਗੱਡੀ ਨਾਲ ਹਮਲਾ ਕੀਤਾ ਗਿਆ ਸੀ ਉਸ ਦੇ ਮਾਲਿਕ ਬਾਰੇ ਪਤਾ ਲਾ ਲਿਆ ਗਿਆ ਹੈ। ਐਨਆਈਏ ਮੁਤਾਬਕ ਸੱਜਾਦ ਬੱਟ ਜੈਸ਼-ਏ ਮੁਹੰਮਦ ਵਿੱਚ ਸ਼ਾਮਿਲ ਹੋ ਗਿਆ ਹੈ।

ਤਸਵੀਰ ਕੈਪਸ਼ਨ,

ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫਲੇ 'ਤੇ ਹਮਲਾ ਹੋਇਆ ਸੀ

ਐਨਨਆਈਏ ਮੁਤਾਬਕ ਸਾਲ 2011 ਵਿੱਚ ਮਾਰੂਤੀ ਸੁਜ਼ੂਕੀ ਈਕੋ ਅਨੰਤਨਾਗ ਦੇ ਰਹਿਣ ਵਾਲੇ ਮੁਹੰਮਦ ਜਲੀਲ ਅਹਿਮਦ ਹਕਾਨੀ ਨੂੰ ਵੇਚੀ ਗਈ ਸੀ। ਉਸ ਤੋਂ ਬਾਅਦ ਇਸ ਨੂੰ ਵਾਰੀ-ਵਾਰੀ ਵੇਚਿਆ ਗਿਆ ਅਤੇ ਇਹ ਸੱਤ ਲੋਕਾਂ ਕੋਲ ਪਹੁੰਚੀ।

ਅਖੀਰ ਵਿੱਚ ਇਹ ਅਨੰਤਨਾਗ ਦੇ ਬਿਜਬੇਹਰਾ ਦੇ ਰਹਿਣ ਵਾਲੇ ਨੌਜਵਾਨ ਸੱਜਾਦ ਬੱਟ ਦੇ ਨਾਮ ਸੀ। ਉਸ ਨੇ 10 ਦਿਨ ਪਹਿਲਾਂ ਹੀ ਇਹ ਗੱਡੀ ਖਰੀਦੀ ਸੀ।

ਐਨਆਈਏ ਅਤੇ ਪੁਲਿਸ ਦੀ ਟੀਮ ਨੇ ਸੱਜਾਦ ਬੱਟ ਦੇ ਘਰ 23 ਫਰਵਰੀ ਨੂੰ ਛਾਪਾ ਮਾਰਿਆ। ਐਨਆਈਏ ਦੇ ਬੁਲਾਰੇ ਨੇ ਕਿਹਾ, "ਹਾਲਾਂਕਿ ਇਸ ਦੌਰਾਨ ਸੱਜਾਦ ਨਹੀਂ ਮਿਲਿਆ। ਉਹ ਹਮਲੇ ਵਾਲੇ ਦਿਨ ਤੋਂ ਹੀ ਫਰਾਰ ਹੈ। ਉਹ ਕਥਿਤ ਤੌਰ ਤੇ ਜੈਸ਼-ਏ-ਮੁਹੰਮਦ ਵਿੱਚ ਸ਼ਾਮਿਲ ਹੋ ਗਿਆ ਹੈ।"

ਅਜੀਤ ਡੋਵਾਲ ਉੱਤੇ ਰਾਜ ਠਾਕਰੇ ਦੇ ਇਲਜ਼ਾਮ

ਡੈਕਨ ਕਰੋਨੀਕਲ ਮੁਤਾਬਕ ਐਮਐਨਐਸ ਮੁਖੀ ਰਾਜ ਠਾਕਰੇ ਦਾ ਕਹਿਣਾ ਹੈ ਕਿ ਜੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਪੁੱਛਗਿੱਛ ਕੀਤੀ ਜਾਵੇ ਤਾਂ ਪੁਲਵਾਮਾ ਹਮਲੇ ਦਾ ਸੱਚ ਸਾਹਮਣੇ ਆ ਜਾਵੇਗਾ।

ਉਨ੍ਹਾਂ ਕਿਹਾ, "ਐਨਐਸਏ ਅਜੀਤ ਡੋਵਾਲ ਤੋਂ ਸਵਾਲ ਕੀਤੇ ਜਾਣ ਤਾਂ ਪੁਲਵਾਮਾ ਹਮਲੇ ਦਾ ਸਾਰਾ ਸੱਚ ਬਾਹਰ ਆ ਜਾਏਗਾ। ਪੁਲਵਾਮਾ ਹਮਲੇ ਵਿੱਚ ਮਾਰੇ ਗਏ 40 ਜਵਾਨ ਸਿਆਸੀ ਦਮਨ ਦਾ ਸ਼ਿਕਾਰ ਬਣੇ ਹਨ ਅਤੇ ਸਰਕਾਰਾਂ ਅਜਿਹੀਆਂ ਕਾਰਵਾਈਆਂ ਕਰਦੀਆਂ ਰਹਿੰਦਿਆਂ ਹਨ ਪਰ ਮੋਦੀ ਸਰਕਾਰ ਵਿੱਚ ਅਜਿਹਾ ਕਾਫ਼ੀ ਆਮ ਹੋ ਰਿਹਾ ਹੈ।"

ਭਾਜਪਾ ਦੇ ਬੁਲਾਰੇ ਮਾਧਵ ਭੰਡਾਰੀ ਦਾ ਕਹਿਣਾ ਹੈ, "ਰਾਜ ਠਾਕਰੇ ਆਪਣੇ ਪੂਰੇ ਕਰੀਅਰ ਦੌਰਾਨ ਮਿਮਿਕਰੀ ਕਰਦੇ ਰਹੇ ਹਨ। ਉਹ ਹੁਣ ਰਾਹੁਲ ਗਾਂਧੀ ਵਾਂਗ ਹੀ ਅਜੀਤ ਡੋਵਾਲ ਉੱਤੇ ਇਲਜ਼ਾਮ ਲਾ ਰਹੇ ਹਨ।"

ਇਰਾਨ ਦੇ ਵਿਦੇਸ਼ ਮੰਤਰੀ ਦਾ ਅਚਾਨਕ ਅਸਤੀਫ਼ਾ

ਇਰਾਨ ਦੇ ਵਿਦੇਸ਼ ਮੰਤਰੀ ਜਵਾਦ ਜ਼ਰੀਫ਼ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜ਼ਰੀਫ਼ ਨੇ ਅਚਾਨਕ ਅਸਤੀਫ਼ੇ ਦਾ ਐਲਾਨ ਇੰਸਟਾਗਰਾਮ 'ਤੇ ਕੀਤਾ। ਇਰਾਨ ਦੀ ਸਰਕਾਰੀ ਖ਼ਬਰ ਏਜੰਸੀ ਇਰਨਾ ਨੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਹੋਈਆਂ ਗਲਤੀਆਂ ਲਈ ਮੁਆਫ਼ੀ ਮੰਗੀ ਹੈ।

ਜ਼ਰੀਫ਼ ਨੇ ਸਾਲ 2015 ਵਿੱਚ ਅਮਰੀਕਾ ਨਾਲ ਪਰਮਾਣੂ ਸਮਝੌਤੇ ਦੌਰਾਨ ਅਹਿਮ ਭੂਮੀਕਾ ਨਿਭਾਈ ਸੀ ਪਰ ਬਾਅਦ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਸਮਝੌਤੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ।

ਅਮਰੀਕਾ ਦੇ ਇਰਾਨ ਵਨਾਲ ਪਰਮਾਣੂ ਸਮਝੌਤਾ ਰੱਦ ਹੋਣ ਤੋਂ ਬਾਅਦ ਤੋਂ ਜ਼ਰੀਫ਼ ਇਰਾਨ ਦੇ ਕੱਟੜਪੰਥੀਆਂ ਦੇ ਨਿਸ਼ਾਨੇ ਉੱਤੇ ਸਨ। ਸਮਝੌਤੇ ਤਹਿਤ ਇਰਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਸੀਮਿਤ ਕਰਨਾ ਪਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)