#AirStrike : ਪਾਕਿਸਤਾਨ ਦੇ ਬਾਲਾਕੋਟ 'ਚ ਭਾਰਤੀ ਆਪਰੇਸ਼ਨ ਤੋਂ ਬਾਅਦ 'ਚਸ਼ਮਦੀਦਾਂ' ਨੇ ਕੀ ਦੱਸਿਆ

#Balakot: ਪ੍ਰਤੱਖਦਰਸ਼ੀ
ਤਸਵੀਰ ਕੈਪਸ਼ਨ,

ਮੁਹੰਮਦ ਆਦਿਲ ਅਤੇ ਵਾਜਿਦ ਨੇ ਦੱਸਿਆ ਕਿ ਉਨ੍ਹਾਂ ਨੂੰ ਧਮਾਕਿਆਂ ਦੀ ਆਵਾਜ਼ ਆਈ

ਭਾਰਤ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇੱਕ ਆਪ੍ਰੇਸ਼ਨ ਵਿੱਚ ਜੈਸ਼-ਏ-ਮੁਹੰਮਦ ਦੇ ਵੱਡੀ ਗਿਣਤੀ ਵਿਚ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ।

ਇਸ ਵਿਚਾਲੇ ਇਸ ਗੱਲ ਉੱਤੇ ਬਹਿਸ ਛਿੜ ਗਈ ਹੈ ਕਿ ਕਿਸ ਬਾਲਾਕੋਟ ਵਿੱਚ ਭਾਰਤੀ ਲੜਾਕੂ ਜਹਾਜ਼ ਪਹੁੰਚੇ ਸਨ। ਇਹ ਬਹਿਸ ਪਾਕਸਿਤਾਨ ਅਤੇ ਭਾਰਤ ਦੋਹਾਂ ਥਾਵਾਂ ਉੱਤੇ ਹੋ ਰਹੀ ਹੈ।

ਭਾਰਤ ਦੇ ਅਧਿਕਾਰਤ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ, "ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਦੇ ਜੰਗਲ ਵਿੱਚ ਜੈਸ਼-ਏ-ਮੁਹੰਮਦ ਕੈਂਪ ਉੱਤੇ ਹਮਲਾ ਕੀਤਾ।"

ਇਸ ਉੱਤੇ ਕਾਫ਼ੀ ਬਹਿਸ ਹੋ ਰਹੀ ਹੈ ਕਿ ਭਾਰਤ ਦੇ ਫਾਈਟਰ ਪਲੇਨ ਪਾਕਿਸਤਾਨ ਦੇ ਅੰਦਰ ਜਾ ਕੇ ਹਮਲਾ ਕੀਤਾ ਜਾਂ ਨਹੀਂ ਅਤੇ ਕੀ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਬਾਲਾਕੋਟ ਨੂੰ ਨਿਸ਼ਾਨਾਂ ਬਣਾਇਆ ਗਿਆ।

ਹਾਲਾਂਕਿ ਅਧਿਕਾਰਿਤ ਸੂਤਰਾਂ ਨੇ ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਨੂੰ ਜਾਣਕਾਰੀ ਦਿੱਤੀ ਹੈ ਕਿ ਖੈਬਰ ਪਖ਼ਤੂਨਖਵਾ ਵਿੱਚ ਬਾਲਾਕੋਟ ਦੇ ਇੱਕ ਟਰੇਨਿੰਗ ਕੈਂਪ ਉੱਤੇ ਹਮਲਾ ਕੀਤਾ ਗਿਆ ਸੀ।

'ਚਸ਼ਮਦੀਦਾਂ' ਦੀ ਜ਼ੁਬਾਨੀ- ਵੀਡੀਓ

ਇਹ ਵੀ ਪੜ੍ਹੋ :

ਪ੍ਰਤੱਖਦਰਸ਼ੀਆਂ ਨੇ ਜੋ ਦੇਖਿਆ

ਇਸ ਇਲਾਕੇ ਵਿੱਚ ਮੌਜੂਦ ਲੋਕਾਂ ਨੇ ਬੀਬੀਸੀ ਨੂੰ ਅੱਖੀਂ-ਡਿੱਠਾ ਹਾਲ ਦੱਸਿਆ। ਪ੍ਰਤੱਖਦਰਸ਼ੀਆਂ ਮੁਤਾਬਕ ਭਾਰਤੀ ਹਵਾਈ ਫੌਜ ਦੇ ਹਮਲੇ ਕਾਫ਼ੀ ਭਿਆਨਕ ਸਨ। ਇਸ ਕਾਰਨ ਸੁੱਤੇ ਹੋਏ ਲੋਕਾਂ ਦੀ ਨੀਂਦ ਖੁੱਲ੍ਹ ਗਈ।

ਜਾਬਾ ਟੌਪ ਬਾਲਾਕੋਟ ਦੇ ਰਹਿਣ ਵਾਲੇ ਮੁਹੰਮਦ ਆਦਿਲ ਨੇ ਬੀਬੀਸੀ ਨੂੰ ਦੱਸਿਆ ਕਿ ਧਮਾਕੇ ਇੰਨੀ ਤੇਜ਼ ਸਨ ਜਿਵੇਂ ਕੋਈ ਜ਼ਲਜ਼ਲਾ ਆ ਗਿਆ ਹੋਵੇ।

ਮੁਹੰਮਦ ਆਦਿਲ ਨੇ ਦੱਸਿਆ, "ਸਵੇਰੇ ਤਿੰਨ ਵਜੇ ਦਾ ਸਮਾਂ ਸੀ, ਬਹੁਤ ਭਿਆਨਕ ਆਵਾਜ਼ ਆਈ। ਅਜਿਹਾ ਲੱਗਿਆ ਜਿਵੇਂ ਜ਼ਲਜ਼ਲਾ ਆ ਗਿਆ ਹੋਵੇ। ਅਸੀਂ ਪੂਰੀ ਰਾਤ ਨਹੀਂ ਸੁੱਤੇ। 5-10 ਮਿੰਟ ਬਾਅਦ ਸਾਨੂੰ ਪਤਾ ਚੱਲਿਆ ਕਿ ਧਮਾਕਾ ਹੋਇਆ ਹੈ।"

ਆਦਿਲ ਨੇ ਦੱਸਿਆ ਕਿ ਪੰਜ ਧਮਾਕੇ ਇੱਕੋ ਵੇਲੇ ਹੋਏ ਅਤੇ ਕਈ ਜ਼ਖਮੀ ਹੋ ਗਏ। ਫਿਰ ਕੁਝ ਦੇਰ ਬਾਅਦ ਆਵਾਜ਼ ਆਉਣੀ ਬੰਦ ਹੋ ਗਈ।

"ਸਵੇਰੇ ਅਸੀਂ ਉਹ ਥਾਂ ਦੇਖਣ ਗਏ ਜਿੱਥੇ ਧਮਾਕੇ ਹੋਏ ਸਨ। ਕਈ ਮਕਾਨ ਵੀ ਹਾਦਸਾਗ੍ਰਸਤ ਹੋ ਗਏ ਸੀ। ਇੱਕ ਵਿਅਕਤੀ ਜ਼ਖਮੀ ਵੀ ਨਜ਼ਰ ਆਇਆ।"

ਬਾਲਾਕੋਟ ਦੇ ਇੱਕ ਹੋਰ ਪ੍ਰਤੱਖਦਰਸ਼ੀ ਵਾਜਿਦ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਧਮਾਕੇ ਦੀ ਆਵਾਜ਼ ਸੁਣੀ।

ਉਨ੍ਹਾਂ ਨੇ ਕਿਹਾ, "ਅਜਿਹਾ ਲੱਗਿਆ ਜਿਵੇਂ ਕਿ ਕੋਈ ਰਾਈਫਲ ਰਾਹੀਂ ਫਾਇਰ ਕਰ ਰਿਹਾ ਹੋਵੇ। ਤਿੰਨ ਵਾਰੀ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਫਿਰ ਚੁੱਪੀ ਛਾ ਗਈ।"

ਪਾਕਿਸਤਾਨੀ ਪੱਤਰਕਾਰ ਮੁਸ਼ਰਫ਼ ਜ਼ੈਦੀ ਸਣੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਪੁੱਛਿਆ ਸੀ ਕਿ ਇਹ ਬਾਲਾਕੋਟ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਾਲਾ ਹੈ ਜਾਂ ਖੈਬਰ ਪਖ਼ਤੂਨਖਵਾ ਵਾਲਾ।

ਬੀਬੀਸੀ ਉਰਦੂ ਦੇ ਪੱਤਰਕਾਰ ਜ਼ੁਬੈਰ ਖਾਨ ਨੂੰ ਖੈਬਰ ਪਖ਼ਤੂਨਖਵਾ ਦੇ ਬਾਲਾਕੋਟ ਦੇ ਕਈ ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਮੰਗਲਵਾਰ ਸਵੇਰੇ ਧਮਾਕੇ ਦੀਆਂ ਚਾਰ-ਪੰਜ ਆਵਾਜ਼ਾਂ ਸੁਣੀਆਂ।

ਹਾਲਾਂਕਿ ਪਾਕਿਸਤਾਨ ਦੇ ਸੁਰੱਖਿਆ ਮੁਲਾਜ਼ਮਾਂ ਨੇ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਜੇ ਇਹ ਖੈਬਰ ਪਖ਼ਤੂਨਖਵਾ ਦੇ ਬਾਲਾਕੋਟ ਵਿੱਚ ਹਮਲਾ ਹੋਇਆ ਹੈ ਤਾਂ 1971 ਤੋਂ ਬਾਅਦ ਭਾਰਤ ਨੇ ਅਜਿਹਾ ਪਹਿਲੀ ਵਾਰੀ ਕੀਤਾ ਹੈ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ, "ਭਾਰਤੀ ਲੜਾਕੂ ਜਹਾਜ਼ ਲਾਈਨ ਆਫ਼ ਕੰਟਰੋਲ ਤੋਂ ਪਾਰ ਮੁਜ਼ੱਫਰਾਬਾਦ ਸੈਕਟਰ ਦੇ ਤਿੰਨ-ਚਾਰ ਕਿਲੋਮੀਟਰ ਅੰਦਰ ਤੱਕ ਵੜੇ ਸਨ। ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਅਤੇ ਕੋਈ ਜ਼ਖਮੀ ਨਹੀਂ ਹੋਇਆ ਹੈ।"

ਪਾਕਿਤਸਾਨੀ ਪੱਤਰਕਾਰ ਮੁਸ਼ਰਫ਼ ਜ਼ੈਦੀ ਨੇ ਟਵੀਟ ਕਰਕੇ ਕਿਹਾ ਸੀ, "ਬਾਲਾਕੋਟ ਆਜ਼ਾਦ ਕਸ਼ਮੀਰ ਵਿੱਚ ਨਹੀਂ ਹੈ। ਜੇ ਭਾਰਤੀ ਹਵਾਈ ਫੌਜ ਨੇ ਬਾਲਾਕੋਟ ਵਿੱਚ ਬੰਬ ਸੁੱਟੇ ਹਨ ਤਾਂ ਇਹ ਲਾਈਨ ਆਫ਼ ਕੰਟਰੋਲ ਅਤੇ ਆਜ਼ਾਦ ਕਸ਼ਮੀਰ ਦੇ ਵੀ ਪਾਰ ਹੈ। ਬਾਲਾਕੋਟ ਖੈਬਰ ਪਖ਼ਤੂਨਖ਼ਵਾ ਵਿੱਚ ਹੈ। ਇੰਡੀਆ ਨੇ ਸਿਰਫ਼ ਲਾਈਨ ਆਫ਼ ਕੰਟਰੋਲ ਹੀ ਪਾਰ ਨਹੀਂ ਕੀਤੀ ਹੈ ਸਗੋਂ ਇਹ ਪਾਕਿਸਤਾਨ ਉੱਤੇ ਹਮਲਾ ਹੈ।"

ਕਿੱਥੇ ਹੈ ਬਾਲਾਕੋਟ

ਬੀਬੀਸੀ ਪੱਤਰਕਾਰ ਇਲੀਆਸ ਖਾਨ ਦਾ ਕਹਿਣਾ ਹੈ ਕਿ ਬਾਲਾਕੋਟ ਪਾਕਿਸਤਾਨ ਖੈਬਰ ਪਖ਼ਤੂਨਖਫ਼ਾ ਸੂਬੇ ਦੇ ਮਨਸ਼ੇਰਾ ਜ਼ਿਲ੍ਹੇ ਵਿੱਚ ਹੈ। ਇਹ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ 160 ਕਿਲੋਮੀਟਰ ਦੀ ਦੂਰੀ 'ਤੇ ਹੈ।

ਜਿਸ ਥਾਂ ਉੱਤੇ ਹਮਲਾ ਹੋਇਆ ਹੈ ਉਹ ਜਾਬਾ ਟੌਪ ਹੈ। ਹਿਜ਼ਬੁਲ ਮੁਜਾਹੀਦੀਨ ਦਾ ਜਾਬਾ ਕੈਂਪਸ ਵਿੱਚ ਇੱਕ ਕੈਂਪ ਹੈ।

ਆਈਐਸਪੀਆਰ ਅਤੇ ਪੁਲਿਸ ਦਾ ਕਹਿਣਾ ਹੈ ਕਿ ਭਾਰਤੀ ਲੜਾਕੇ ਜਹਾਜਾਂ ਨੇ ਬੰਬ ਸੁੱਟਿਆ ਅਤੇ ਭੱਜ ਗਏ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਘੱਟੋ-ਘੱਟ ਇੱਕ ਮਿਜ਼ਾਈਲ ਵੀ ਦਾਗੀ ਗਈ ਸੀ।

ਕਸ਼ਮੀਰ ਵਿੱਚ ਜਦੋਂ 2005 ਵਿੱਚ ਭੂਚਾਲ ਆਇਆ ਤਾਂ ਬਾਲਾਕੋਟ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਸੀ। 2005 ਦੇ ਭੂਚਾਲ ਤੋਂ ਬਾਅਦ ਇਸ ਸ਼ਹਿਰ ਨੂੰ ਫਿਰ ਤੋਂ ਪਟੜੀ ਉੱਤੇ ਲਿਆਉਣ ਵਿੱਚ ਕਾਫ਼ੀ ਸਮਾਂ ਲੱਗਿਆ ਸੀ। ਇਸ ਸ਼ਹਿਰ ਨੂੰ ਫਿਰ ਤੋਂ ਬਣਾਉਣ ਵਿੱਚ ਸਾਊਦੀ ਨੇ ਵੀ ਕਾਫ਼ੀ ਮਦਦ ਕੀਤੀ ਸੀ।

ਇਹ ਵੀ ਪੜ੍ਹੋ:

7.6 ਦੀ ਤੀਬਰਤਾ ਵਾਲੇ ਭੂਚਾਲ ਵਿੱਚ ਬਾਲਾਕੋਟ ਦੇ 12 ਯੂਨੀਅਨ ਕੌਂਸਲ ਦੱਬ ਗਏ ਸਨ ਅਤੇ ਇਨ੍ਹਾਂ ਵਿੱਚ ਘੱਟੋ-ਘੱਟ 40 ਹਜ਼ਾਰ ਲੋਕਾਂ ਦੇ ਘਰ ਸਨ।

ਬਾਲਾਕੋਟ ਪਹਾੜੀ ਅਤੇ ਬੇਹੱਦ ਖੂਬਸੂਰਤ ਇਲਾਕਾ ਹੈ। ਖੈਬਰ ਪਖ਼ਤੂਨਖਵਾ ਅਤੇ ਗਿਲਗਿਤ ਬਾਲਟੀਸਤਾਨ ਸੁਹਾਨੇ ਮੌਸਮ ਲਈ ਜਾਣੇ ਜਾਂਦੇ ਹਨ।

ਬਾਲਾਕੋਟ ਕੁਨਹਰ ਨਦੀ ਦੇ ਕੰਢੇ 'ਤੇ ਹੈ। ਬਾਲਾਕੋਟ ਆਪਣੀ ਖੂਬਸੂਰਤੀ ਤੋਂ ਇਲਾਵਾ ਵੱਖ-ਵੱਖ ਸੱਭਿਆਚਾਰ ਅਤੇ ਇਤਿਹਾਸਤਕ ਪਿਛੋਕੜ ਲਈ ਜਾਣਿਆ ਜਾਂਦਾ ਹੈ। ਬਾਲਾਕੋਟ ਪਾਕਿਸਤਾਨ ਵਿੱਚ ਸੈਰ-ਸਪਾਟੇ ਲਈ ਕਾਫ਼ੀ ਮਸ਼ਹੂਰ ਹੈ। ਬਾਲਾਕੋਟ ਸਿੰਧੂ ਘਾਟੀ ਸੱਭਿਅਤਾ ਦੇ ਚਾਰ ਪੁਰਾਤਨ ਕੰਢੀ ਖੇਤਰਾਂ ਵਿੱਚੋਂ ਇੱਕ ਹੈ।

ਇਹ ਵੀ ਪੜ੍ਹੋ:

ਕੀ ਹੈ ਐੱਲਓਸੀ (ਲਾਈਨ ਆਫ ਕੰਟਰੋਲ)?

  • ਭਾਰਤ ਪਾਕਿਸਤਾਨ ਵਿਚਾਲੇ 1947-48 ਦੀ ਜੰਗ ਤੋਂ ਬਾਅਦ 1949 ਵਿੱਚ ਕਰਾਚੀ ਸਮਝੌਤਾ ਹੋਇਆ ਸੀ। ਇਸ ਸਮਝੌਤੇ ਤਹਿਤ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਤੇ ਭਾਰਤ ਵਿਚਾਲੇ ਜੰਗਬੰਦੀ ਦੀ ਹੱਦ ( ਸੀਜ਼ਫਾਇਰ ਲਾਈਨ) ਨਿਰਧਾਰਿਤ ਹੋਈ ਸੀ।
  • 1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ 1972 ਵਿੱਚ ਸ਼ਿਮਲਾ ਸਮਝੌਤਾ ਹੋਇਆ ਸੀ। ਇਸ ਦੇ ਤਹਿਤ ਲਗਪਗ 1949 ਦੀ ਜੰਗਬੰਦੀ ਦੀ ਰੇਖਾ ਨੂੰ ਹੀ ਲਾਈਨ ਆਫ ਕੰਟਰੋਲ ਮੰਨ ਲਿਆ ਗਿਆ ਸੀ।
  • ਐੱਲਓਸੀ ਦੇ ਇੱਕ ਪਾਸੇ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਹੈ ਤੇ ਦੂਜੇ ਪਾਸੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਹੈ। ਐੱਲਓਸੀ 740 ਕਿਲੋਮੀਟਰ ਲੰਬੀ ਹੈ। ਇਸ ਦੇ ਦੋਨੋਂ ਪਾਸੇ ਭਾਰਤ ਤੇ ਪਾਕਿਸਤਾਨ ਦੇ ਹਜ਼ਾਰਾਂ ਫੌਜੀ ਕਈ ਦਹਾਕਿਆਂ ਤੋਂ ਤਾਇਨਾਤ ਹਨ।
  • 1972 ਦੇ ਸਮਝੌਤੇ ਤਹਿਤ ਭਾਰਤ ਤੇ ਪਾਕਿਸਤਾਨ ਦੇ ਫੌਜੀ ਅਫਸਰਾਂ ਦੀ ਰਜ਼ਾਮੰਦੀ ਨਾਲ ਐੱਲਓਸੀ ਜੰਮੂ-ਕਸ਼ਮੀਰ ਵਿੱਚ ਸੰਗਮ ਤੋਂ ਪੁਆਈਂਟ NJ9842 (ਨੌਰਥ ਜਲੌਟਾ) ਤੱਕ ਹੈ।
  • ਆਮ ਲੋਕਾਂ ਦੀ ਸਮਝ ਵਿੱਚ ਜੰਮੂ ਵਿੱਚ ਐੱਲਓਸੀ ਪੁੰਛ ਤੇ ਰਾਜੌਰੀ ਕੋਲੋਂ ਨਿਕਲਦੀ ਹੈ ਤੇ ਕਸ਼ਮੀਰ ਵਿੱਚ ਇਹ ਕੁਪਵਾੜਾ ਤੇ ਉੜੀ ਕੋਲੋਂ ਲੰਘਦੀ ਹੈ।
  • ਐੱਲਓਸੀ ਦੇ ਦੋਵੇਂ ਪਾਸੇ ਫੌਜੀਆਂ ਦੀ ਫਾਇਰਿੰਗ ਆਮ ਗੱਲ ਹੈ। 1990ਵਿਆਂ ਵਿੱਚ ਭਾਰਤੀ ਫੌਜ ਨੇ ਐੱਲਓਸੀ ਦੀ ਤਾਰਬੰਦੀ ਦਾ ਕੰਮ ਸ਼ੁਰੂ ਕੀਤਾ ਸੀ ਜਿਸ ਦਾ ਪਾਕਿਸਤਾਨ ਨੇ ਵਿਰੋਧ ਕੀਤਾ ਸੀ।
  • 2003 ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਐੱਲਓਸੀ 'ਤੇ ਜੰਗਬੰਦੀ ਦੇ ਐਲਾਨ ਤੋਂ ਬਾਅਦ 2004 ਵਿੱਚ ਐੱਲਓਸੀ 'ਤੇ ਜੰਗਬੰਦੀ ਦਾ ਕੰਮ ਪੂਰਾ ਕਰ ਲਿਆ ਗਿਆ ਸੀ। 2003 ਤੋਂ 2013 ਤੱਕ ਐੱਲਓਸੀ 'ਤੇ ਫਾਇਰਿੰਗ ਦੀਆਂ ਘਟਨਾਵਾਂ ਬਹੁਤ ਘੱਟ ਗਈਆਂ ਸਨ ਪਰ 2013 ਤੋਂ ਬਾਅਦ ਇਹ ਫਿਰ ਵਧ ਗਈਆਂ ਹਨ।
  • ਐੱਲਓਸੀ ਕੌਮਾਂਤਰੀ ਤੌਰ 'ਤੇ ਮਾਨਤਾ ਪ੍ਰਾਪਤ ਕੌਮਾਂਤਰੀ ਸਰਹੱਦ ਨਹੀਂ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)