ਪਾਕਿਸਤਾਨ-ਭਾਰਤ ਤਣਾਅ : ਬਾਲਾਕੋਟ ਬਾਰੇ ਪਾਕਿਸਤਾਨੀ ਫੌਜ - ਹੁਣ ਭਾਰਤ ਇੰਤਜ਼ਾਰ ਕਰੇ, ਸਾਡਾ ਜਵਾਬ ਕਰ ਦੇਵੇਗਾ ਹੈਰਾਨ

ਮੇਜਰ ਜਨਰਲ ਆਸਿਫ ਗਾਫੂਰ
ਤਸਵੀਰ ਕੈਪਸ਼ਨ,

ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਟਵੀਟ ਕੀਤਾ ਕਿ ਪਾਕਿਸਤਾਨ ਫੌਜ ਨੇ ਭਾਰਤ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ

ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਕਿਹਾ ਹੈ, “ਹੁਣ ਭਾਰਤ ਇੰਤਜ਼ਾਰ ਕਰੇ ਅਸੀਂ ਜਵਾਬ ਦੇਵਾਂਗੇ।”

ਉਨ੍ਹਾਂ ਨੇ ਭਾਰਤੀ ਹਵਾਈ ਫੌਜ ਵੱਲੋਂ ਵੱਡੇ ਜਾਨੀ ਨੁਕਸਾਨ ਦੇ ਦਾਅਵੇ ਨੂੰ ਸਿਰੇ ਤੋਂ ਖਾਰਿਜ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਦੱਸੀ ਗਈ ਥਾਂ ’ਤੇ ਮਲਬੇ ਦੀ ਇੱਕ ਵੀ ਇੱਟ ਮੌਜੂਦ ਨਹੀਂ ਹੈ।

ਮੇਜਰ ਜਨਰਲ ਆਸਿਫ ਗਫੂਰ ਭਾਰਤ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਕੀਤੀ ਕਾਰਵਾਈ ਦੇ ਦਾਅਵਿਆਂ ’ਤੇ ਜਵਾਬ ਦੇ ਰਹੇ ਸਨ।

ਭਾਰਤ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਟਿਕਾਣੇ ਨੂੰ ਤਬਾਹ ਕਰ ਦਿੱਤਾ ਹੈ।

ਮੇਜਰ ਗਫੂਰ ਨੇ ਕਿਹਾ, “ਭਾਰਤੀ ਜਹਾਜ਼ਾਂ ਨੂੰ ਤਿੰਨ ਥਾਂਵਾਂ ’ਤੇ ਸਾਡੇ ਰਡਾਰ ਨੇ ਨੋਟਿਸ ਕੀਤਾ ਸੀ ਅਤੇ ਅਸੀਂ ਤਿੰਨੋਂ ਥਾਵਾਂ ’ਤੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਸੀ। ਇੱਕ ਥਾਂ ਤੋਂ ਉਹ ਦਾਖਿਲ ਹੋ ਗਏ ਸੀ। ਸਾਡੇ ਜਵਾਬ ਤੋਂ ਬਾਅਦ ਉਨ੍ਹਾਂ ਨੂੰ ਉੱਥੋਂ ਵੀ ਭੱਜਣਾ ਪਿਆ ਸੀ।”

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਵੱਲੋਂ ਐੱਲਓਸੀ ਪਾਰ ਕਰਨ ਨੂੰ ਭਾਰਤ ਦੀ ਭੜਕਾਊ ਕਾਰਵਾਈ ਕਰਾਰ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਰਤ ਦੀ ਇਸ ਕਾਰਵਾਈ ਦਾ ਜਵਾਬ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:

ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਹੈ।

ਪਾਕਿਸਤਾਨ ਵਿੱਚ ਸੁਰੱਖਿਆ ਕੌਂਸਲ ਦੀ ਐਮਰਜੈਂਸੀ ਮੀਟਿੰਗ ਸੱਦੀ ਗਈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਵਿੱਚ ਭਾਰਤ ਦੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਗਿਆ ਹੈ।

ਪਾਕਿਸਤਾਨ ਦੀ ਸਥਾਨਕ ਅਤੇ ਕੌਮਾਂਤਰੀ ਮੀਡੀਆ ਦੇ ਪੱਤਰਕਾਰਾਂ ਨੂੰ ਵੀ ਮੌਕੇ ’ਤੇ ਲਿਜਾਇਆ ਜਾ ਰਿਹਾ ਹੈ। ਪਾਕਿਸਤਾਨ ਵੱਲੋਂ ਕਿਹਾ ਗਿਆ ਹੈ ਕਿ ਉਹ ਭਾਰਤ ਦੇ ਇਸ ਗ਼ੈਰ-ਜ਼ਰੂਰੀ ਹਮਲੇ ਦਾ ਆਪਣੀ ਪਸੰਦ ਵਾਲੀ ਥਾਂ ਅਤੇ ਵਕਤ ’ਤੇ ਜਵਾਬ ਦੇਵੇਗਾ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਮੀਟਿੰਗ ਤੋਂ ਬਾਅਦ ਕਿਹਾ, “ਇੱਕ ਵਾਰ ਫਿਰ ਭਾਰਤ ਸਰਕਾਰ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਬੇਬੁਨਿਆਦ ਦਾਅਵੇ ਕੀਤੇ ਹਨ।”

“ਇਹ ਆਪਣੀ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤਾ ਗਿਆ ਹੈ ਕਿਉਂਕਿ ਚੋਣਾਂ ਦਾ ਮਾਹੌਲ ਹੈ। ਇਸ ਦੇ ਲਈ ਖੇਤਰੀ ਸੁਰੱਖਿਆ ਅਤੇ ਸਥਿਰਤਾ ਲਈ ਗੰਭੀਰ ਖ਼ਤਰੇ ਵਾਲੇ ਹਾਲਾਤ ਪੈਦਾ ਕਰ ਦਿੱਤੇ ਹਨ।”

ਭਾਰਤੀ ਹਵਾਈ ਫੌਜ ਨੇ ਮੰਗਲਵਾਰ ਤੜਕੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ। ਪਾਕਿਸਤਾਨ ਨੇ ਕਿਹਾ ਕਿ ਹੈ ਕਿ ਸਾਡੀ ਫੌਜ ਨੇ ਭਾਰਤੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ।

ਭਾਰਤ ਦੇ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਕਿਹਾ ਕਿ ਖੂਫ਼ੀਆ ਜਾਣਕਾਰੀ ਦੇ ਆਧਾਰ 'ਤੇ ਮੰਗਲਵਾਰ ਤੜਕੇ ਭਾਰਤੀ ਜਹਾਜ਼ਾਂ ਨੇ ਬਾਲਾਕੋਟ ਵਿੱਚ ਜੈਸ਼ ਦੇ ਟਰੇਨਿੰਗ ਕੈਂਪ ਨੂੰ ਨਿਸ਼ਾਨਾ ਬਣਾਇਆ।

ਭਾਰਤੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਬੀਬੀਸੀ ਪੱਤਰਾਕਰ ਜ਼ੂਬੈਰ ਅਹਿਮਦ ਨੂੰ ਦੱਸਿਆ, " ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਖ਼ੈਬਰ ਪਖਤੂਖਵਾ ਸੂਬੇ ਵਿਚ ਜੈਸ਼-ਏ-ਮੁਹੰਮਦ ਦੇ ਕੈਂਪ ਨੂੰ ਤਬਾਹ ਕੀਤਾ ਹੈ।"

ਬੀਬੀਸੀ ਨੂੰ ਜਾਣਕਾਰੀ ਮਿਲੀ ਹੈ ਕਿ ਭਾਰਤੀ ਹਵਾਈ ਫੌਜ ਨੇ ਜੈਸ਼-ਏ-ਮੁਹੰਮਦ ਜੇ ਜਿਹੜੇ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਹੈ ਨਾ ਕਿ ਐਲਓਸੀ ਦੇ ਨੇੜੇ।

ਪਾਕਿਸਤਾਨ ਦਾ ਦਾਅਵਾ

ਮੰਗਲਵਾਰ ਸਵੇਰੇ ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਹਵਾਈ ਫੌਜ ਨੇ ਐਲਓਸੀ ਦੀ ਉਲੰਘਣਾ ਕੀਤੀ ਹੈ ਅਤੇ ਪਾਕਿਸਤਾਨ ਦੀ ਸਰਹੱਦ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ।

ਇਸ ਸਬੰਧੀ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਟਵੀਟ ਕੀਤਾ ਕਿ ਪਾਕਿਸਤਾਨ ਫੌਜ ਨੇ ਭਾਰਤ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ।

ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਹੋਰ ਟਵੀਟ ਕਰਕੇ ਲਿਖਿਆ, "ਭਾਰਤੀ ਜਹਾਜ਼ਾਂ ਨੇ ਮੁਜ਼ਫਰਾਬਾਦ ਸੈਕਟਰ ਤੋਂ ਘੁਸਪੈਠ ਕੀਤੀ। ਪਾਕਿਸਤਾਨੀ ਹਵਾਈ ਫੌਜ ਵੱਲੋਂ ਤਤਕਾਲ ਅਤੇ ਅਸਰਦਾਰ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਉਹ ਭੱਜਣ ਲੱਗੇ। ਭੱਜਦੇ ਹੋਏ ਉਨ੍ਹਾਂ ਨੇ ਜਲਦਬਾਜ਼ੀ ਵਿੱਚ ਕੁਝ ਬੰਬ ਸੁੱਟੇ ਜੋ ਬਾਲਕੋਟ ਨੇੜੇ ਡਿੱਗੇ। ਇਸ ਵਿੱਚ ਕੋਈ ਨੁਕਸਾਨ ਜਾਂ ਜ਼ਖਮੀ ਨਹੀਂ ਹੋਇਆ।"

ਪਾਕਿਸਤਾਨ ਨੇ ਇਹ ਦਾਅਵਾ ਉਸ ਵੇਲੇ ਕੀਤਾ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੁਲਵਾਮਾ ਹਮਲੇ ਕਾਰਨ ਤਣਾਅ ਚੱਲ ਰਿਹਾ ਹੈ।

ਬਾਲਾਕੋਟ ਦੇ 'ਚਸ਼ਮਦੀਦਾਂ' ਦੀ ਜ਼ੁਬਾਨੀ- ਵੀਡੀਓ

ਪੁਲਵਾਮਾ ਹਮਲਾ, 40 ਜਵਾਨ ਹਲਾਕ ਹੋਏ ਸਨ

14 ਫਰਵਰੀ ਨੂੰ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਪੁਲਵਾਮਾ ਜ਼ਿਲ੍ਹੇ ਦੇ ਲੇਥਪੁਰਾ ਨੇੜੇ ਸ੍ਰੀਨਗਰ-ਜੰਮੂ ਰਾਜਮਾਰਗ ਉੱਤੇ ਅੱਤਵਾਦੀਆਂ ਨੇ ਆਈਈਡੀ ਧਮਾਕਾ ਕਰਕੇ ਸੀਆਰਪੀਐੱਫ਼ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਮਲੇ ਵਿਚ 40 ਜਵਾਨ ਮਾਰੇ ਗਏ ਅਤੇ ਕਈ ਜ਼ਖ਼ਮੀ ਹੋਏ ਸਨ ।

ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬੁਲਾਰੇ ਮੁਹੰਮਦ ਹਸਨ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਸੀ ਕਿ ਆਦਿਲ ਅਹਿਮਦ ਉਰਫ਼ ਵਿਕਾਸ ਕਮਾਂਡੋ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ। ਵਿਕਾਸ ਕਮਾਂਡੋ ਪੁਲਵਾਮਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ।

ਬਾਲਾਕੋਟ 'ਹਮਲੇ' ਬਾਰੇ ਪਾਕਿਸਤਾਨੀ ਸੋਸ਼ਲ ਮੀਡੀਆ ਵਿੱਚ ਕੀ ਕਿਹਾ ਜਾ ਰਿਹਾ ਹੈ

ਭਾਰਤੀ ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਨੂੰ ਪਾਰ ਕੀਤਾ ਇਸ ਦੀ ਜਾਣਕਾਰੀ ਪਹਿਲਾਂ ਪਾਕਿਸਾਨ ਨੇ ਹੀ ਦਿੱਤੀ।

ਪਾਕਿਸਤਾਨੀ ਆਰਮੀ ਦੇ ਬੁਲਾਰੇ ਆਸਿਫ ਗਫੂਰ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਦੇ ਲੜਾਕੂ ਜਹਾਜ ਮੁਜੱਫਰਾਬਾਦ ਸੈਕਟਰ ਦੇ ਅੰਦਰ ਤਿੰਨ ਤੋਂ ਚਾਰ ਕਿਲੋਮੀਟਰ ਤੱਕ ਦਾਖ਼ਲ ਹੋਏ ਸਨ ਪਰ ਪਾਕਿਸਤਾਨ ਦੀ ਫੌਰੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ।

ਪਾਕਿਸਾਤਨ ਆਰਮੀ ਦੇ ਇਸ ਟਵੀਟ ਤੋਂ ਬਾਅਦ ਹੀ ਭਾਰਤ ਵਿੱਚ ਰੌਲਾ ਪੈ ਗਿਆ। ਦੇਖਦੇ ਹੀ ਦੇਖਦੇ ਭਾਰਤੀ ਮੀਡੀਆ ਵਿੱਚ ਕਿਹਾ ਜਾਣ ਲੱਗਿਆ ਕਿ ਭਾਰਤ ਨੇ ਪੁਲਵਾਮਾ ਹਮਲੇ ਦਾ ਬਦਲਾ ਲੈ ਲਿਆ ਹੈ।

ਇਸ ਕਾਰਵਾਈ ਬਾਰੇ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਸਰਗਰਮੀ ਹੈ। ਪਾਕਿਸਤਾਨੀ ਨਾਗਰਿਕ ਸੋਸ਼ਲ ਮੀਡੀਆ ਤੇ ਆਪਣੀ ਏਅਰ ਫੋਰਸ ਦੀ ਸਿਫਤ ਕਰ ਰਹੇ ਹਨ ਕਿ ਫੌਰੀ ਕਾਰਵਾਈ ਤੋਂ ਬਾਅਦ ਪਿੱਛੇ ਹਟਣਾ ਪਿਆ।

ਪਾਕਿਸਤਾਨ ਵਿੱਚ ਟਵਿੱਟਰ ਤੇ ਬਾਲਾਕੋਟ, ਪਾਕਿਸਤਾਨੀ ਆਰਮੀ ਅਤੇ ਪਾਕਿਸਤਾਨੀ ਏਅਰ ਫੋਰਸ ਟਰੈਂਡ ਕਰ ਰਿਹਾ ਹੈ। ਲੋਕ ਇਨ੍ਹਾਂ ਸ਼ਬਦਾਂ ਨੂੰ ਹੈਸ਼ਟੈਗ ਬਣਾਕੇ ਟਵੀਟ ਕਰ ਰਹੇ ਹਨ।

ਨਿਆਬ ਕਯਾਨੀ ਨੇ ਲਿਖਿਆ, "ਅਸੀਂ ਸੌਂ ਰਹੇ ਸੀ ਪਰ ਸਾਡੇ ਜਵਾਨ ਜਾਗ ਰਹੇ ਸਨ, ਅੱਲ੍ਹਾ ਉਨ੍ਹਾਂ ਦਾ ਸਾਥ ਦੇਈਂ।"

ਯਾਸਿਰ ਮਲਿਕ ਨੇ ਟਵੀਟ ਕੀਤਾ, "ਭਾਰਤ ਨੇ ਇੱਕ ਵਾਰ ਫੇਰ ਐੱਲਓਸੀ ਦੀ ਉਲੰਘਣਾ ਕੀਤੀ ਹੈ ਅਤੇ ਆਪਣੀ ਫੌਜ ਦੇ ਹਵਾਈ ਜਹਾਜਾਂ ਨੂੰ ਸਰਹੱਦ ਦੇ ਪਾਰ ਭੇਜਿਆ ਹੈ। ਪਰ ਮਾਸ਼ਾਅੱਲ੍ਹਾ ਸਾਡੀ ਏਅਰ ਫੋਰਸ ਨੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।"

ਅਰਲਨ ਯਾਕੂਬ ਨੇ ਲਿਖਿਆ ਹੈ, 100 ਕਰੋੜ ਹਿੰਦੂ ਸਾਡੇ ਤੇ ਹਮਲਾ ਕਰਨ ਲਈ ਤਿਆਰ ਹਨ ਅਤੇ ਅਸੀਂ 20 ਕਰੋੜ ਪਾਕਿਸਤਾਨੀ ਬਿਨਾਂ ਕਿਸੇ ਫਿ੍ਕਰ ਦੇ ਪੀਐੱਸਐੱਲ ਦੇਖ ਰਹੇ ਹਾਂ ਕਿਉਂਕਿ੍ ਇਹ ਜੋ ਇਨ੍ਹਾਂ ਸ਼ਾਂਤੀ ਹੈ ਉਸ ਦੇ ਪਿੁੱਛੇ ਫੌਜੀ ਜਵਾਨ ਹਨ।"

ਖ਼ੁਰਮ ਕੇਟੀਐੱਸ ਨਾਮ ਦੇ ਟਵਿੱਟਰ ਹੈਂਡਲ ਨੇ ਲਿਖਿਆ, "ਭਾਰਤ ਵੱਲੋਂ ਹਵਾਈ ਹਮਲੇ ਦੀ ਪਹਿਲੀ ਜਾਣਕਾਰੀ ਖੇਤੀਬਾੜੀ ਮੰਤਰੀ ਨੇ ਦਿੱਤੀ ਹੈ, ਪਤਾ ਕਰੋ ਟਮਾਟਰ ਤਾਂ ਨਹੀਂ ਸੁੱਟੇ।"

ਇਸ ਦੌਰਾਨ ਪਾਕਿਸਤਾਨ ਦੇ ਕੁਝ ਲੋਕਾਂ ਨੇ ਆਪਣੀ ਸਰਕਾਰ ਅਤੇ ਫੌਜ ਨੂੰ ਵੀ ਸਵਾਲ ਪੁੱਛੇ ਹਨ।

ਪਾਕਿਸਤਾਨ ਦੇ ਫਵਾਦ ਜਾਵੇਦ ਨੇ ਪਾਕਿਸਤਾਨੀ ਫੌਜ ਨੂੰ ਸਵਾਲ ਪੁੱਛਿਆ ਹੈ ਕਿ ਭਾਰਤੀ ਜਹਾਜ ਸਰਹੱਦ ਪਾਰ ਆਏ ਕਿਵੇਂ? ਜਾਵੇਦ ਨੇ ਟਵੀਟ ਕੀਤਾ, "ਉਹ ਸਾਡੇ ਹਵਾਈ ਖੇਤਰ ਵਿੱਚ ਆ ਗਏ ਅਤੇ ਸਾਡੀ ਫੌਜ ਨੇ ਉਨ੍ਹਾਂ ਨੂੰ ਫੁੰਡਿਆ ਨਹੀਂ। ਹੁ ਤੁਸੀਂ ਟਵਿੱਟਰ ਤੇ ਫਾਇਰਿੰਗ ਕਰ ਰਹੇ ਹੋ।"

ਕੁਝ ਲੋਕਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਬੈਠਕ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਆਰਾਮ ਕਰਨ ਦੀ ਤਸਵੀਰ ਟਵੀਟ ਕੀਤਾ ਹੈ।

ਇੱਕ ਪਾਕਿਸਤਾਨੀ ਪੱਤਰਕਾਰ ਅਹਿਮਦ ਨੂਰਾਨੀ ਨੇ ਲਿਖਿਆ, "ਕੱਲ੍ਹ ਰਾਤ ਨੇ ਪਾਕਿਸਤਾਨ ਦੇ ਖਿਲਾਫ਼ ਜੋ ਮੈਂ ਉਨ੍ਹਾਂ ਦੀ ਨਿੰਦਾ ਕਰਦਾ ਹਾਂ। ਵੈਸੇ ਤਾਂ ਮੈਂ ਲੜਾਈ ਦੇ ਖਿਲਾਫ਼ ਹਾਂ ਪਰ ਉਸੇ ਸਮੇਂ ਮੈਨੂੰ ਪਾਕਿਸਤਾਨੀ ਫੌਜ ਤੇ ਯਕੀਨ ਹੈ ਕਿ ਉਹ ਭਾਰਤ ਦੀ ਕਾਰਵਾਈ ਦਾ ਪੂਰੀ ਤਾਕਤ ਨਾਲ ਜਵਾਬ ਦਿਆਂਗੇ। ਇਹ ਪਾਕਿਸਤਾਨ ਦੀ ਇੱਜਤ ਦਾ ਸਵਾਲ ਹੈ।"

ਕੀ ਹੈ ਐੱਲਓਸੀ (ਲਾਈਨ ਆਫ ਕੰਟਰੋਲ)?

  • ਭਾਰਤ ਪਾਕਿਸਤਾਨ ਵਿਚਾਲੇ 1947-48 ਦੀ ਜੰਗ ਤੋਂ ਬਾਅਦ 1949 ਵਿੱਚ ਕਰਾਚੀ ਸਮਝੌਤਾ ਹੋਇਆ ਸੀ। ਇਸ ਸਮਝੌਤੇ ਤਹਿਤ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਤੇ ਭਾਰਤ ਵਿਚਾਲੇ ਜੰਗਬੰਦੀ ਦੀ ਹੱਦ ( ਸੀਜ਼ਫਾਇਰ ਲਾਈਨ) ਨਿਰਧਾਰਿਤ ਹੋਈ ਸੀ।
  • 1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ 1972 ਵਿੱਚ ਸ਼ਿਮਲਾ ਸਮਝੌਤਾ ਹੋਇਆ ਸੀ। ਇਸ ਦੇ ਤਹਿਤ ਲਗਪਗ 1949 ਦੀ ਜੰਗਬੰਦੀ ਦੀ ਰੇਖਾ ਨੂੰ ਹੀ ਲਾਈਨ ਆਫ ਕੰਟਰੋਲ ਮੰਨ ਲਿਆ ਗਿਆ ਸੀ।
  • ਐੱਲਓਸੀ ਦੇ ਇੱਕ ਪਾਸੇ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਹੈ ਤੇ ਦੂਜੇ ਪਾਸੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਹੈ। ਐੱਲਓਸੀ 740 ਕਿਲੋਮੀਟਰ ਲੰਬੀ ਹੈ। ਇਸ ਦੇ ਦੋਨੋਂ ਪਾਸੇ ਭਾਰਤ ਤੇ ਪਾਕਿਸਤਾਨ ਦੇ ਹਜ਼ਾਰਾਂ ਫੌਜੀ ਕਈ ਦਹਾਕਿਆਂ ਤੋਂ ਤਾਇਨਾਤ ਹਨ।
  • 1972 ਦੇ ਸਮਝੌਤੇ ਤਹਿਤ ਭਾਰਤ ਤੇ ਪਾਕਿਸਤਾਨ ਦੇ ਫੌਜੀ ਅਫਸਰਾਂ ਦੀ ਰਜ਼ਾਮੰਦੀ ਨਾਲ ਐੱਲਓਸੀ ਜੰਮੂ-ਕਸ਼ਮੀਰ ਵਿੱਚ ਸੰਗਮ ਤੋਂ ਪੁਆਈਂਟ NJ9842 (ਨੌਰਥ ਜਲੌਟਾ) ਤੱਕ ਹੈ।
  • ਆਮ ਲੋਕਾਂ ਦੀ ਸਮਝ ਵਿੱਚ ਜੰਮੂ ਵਿੱਚ ਐੱਲਓਸੀ ਪੁੰਛ ਤੇ ਰਾਜੌਰੀ ਕੋਲੋਂ ਨਿਕਲਦੀ ਹੈ ਤੇ ਕਸ਼ਮੀਰ ਵਿੱਚ ਇਹ ਕੁਪਵਾੜਾ ਤੇ ਉੜੀ ਕੋਲੋਂ ਲੰਘਦੀ ਹੈ।
  • ਐੱਲਓਸੀ ਦੇ ਦੋਵੇਂ ਪਾਸੇ ਫੌਜੀਆਂ ਦੀ ਫਾਇਰਿੰਗ ਆਮ ਗੱਲ ਹੈ। 1990ਵਿਆਂ ਵਿੱਚ ਭਾਰਤੀ ਫੌਜ ਨੇ ਐੱਲਓਸੀ ਦੀ ਤਾਰਬੰਦੀ ਦਾ ਕੰਮ ਸ਼ੁਰੂ ਕੀਤਾ ਸੀ ਜਿਸ ਦਾ ਪਾਕਿਸਤਾਨ ਨੇ ਵਿਰੋਧ ਕੀਤਾ ਸੀ।
  • 2003 ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਐੱਲਓਸੀ 'ਤੇ ਜੰਗਬੰਦੀ ਦੇ ਐਲਾਨ ਤੋਂ ਬਾਅਦ 2004 ਵਿੱਚ ਐੱਲਓਸੀ 'ਤੇ ਜੰਗਬੰਦੀ ਦਾ ਕੰਮ ਪੂਰਾ ਕਰ ਲਿਆ ਗਿਆ ਸੀ। 2003 ਤੋਂ 2013 ਤੱਕ ਐੱਲਓਸੀ 'ਤੇ ਫਾਇਰਿੰਗ ਦੀਆਂ ਘਟਨਾਵਾਂ ਬਹੁਤ ਘੱਟ ਗਈਆਂ ਸਨ ਪਰ 2013 ਤੋਂ ਬਾਅਦ ਇਹ ਫਿਰ ਵਧ ਗਈਆਂ ਹਨ।
  • ਐੱਲਓਸੀ ਕੌਮਾਂਤਰੀ ਤੌਰ 'ਤੇ ਮਾਨਤਾ ਪ੍ਰਾਪਤ ਕੌਮਾਂਤਰੀ ਸਰਹੱਦ ਨਹੀਂ ਹੈ।

ਹੇਠ ਦਿੱਤੇ ਗਏ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)