ਪਾਕਿਸਤਾਨ-ਭਾਰਤ ਤਣਾਅ: ਬਾਲਾਕੋਟ 'ਚ ਭਾਰਤ ਦੀ ਏਅਰ ਸਟਰਾਈਕ ਪਾਕ ਪਰਮਾਣੂ ਹਮਲੇ ਦੀ ਨੀਤੀ ਦਾ ਟੈਸਟ - ਨਜ਼ਰੀਆ

ਮਿਰਾਜ Image copyright AFP
ਫੋਟੋ ਕੈਪਸ਼ਨ ਮਿਰਾਜ ਜਹਾਜਾਂ ਨੇ ਅਭਿਆਨ ਵਿੱਚ ਹਿੱਸਾ ਲਿਆ (ਫਾਈਲ ਫੋਟੋ)

ਭਾਰਤੀ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਕਿਹਾ ਹੈ ਕਿ ਭਾਰਤੀ ਜਹਾਜ਼ਾਂ ਨੇ 26 ਫਰਵਰੀ ਨੂੰ ਤੜਕੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕੈਂਪ ਉੱਤੇ ਹਮਲਾ ਕੀਤਾ ਹੈ।

ਗੋਖਲੇ ਨੇ ਇਨ੍ਹਾਂ ਹਮਲਿਆਂ ਨੂੰ ਗੈਰ-ਸੈਨਿਕ ਅਤੇ ਬਚਾਅ ਵਿੱਚ ਕੀਤੀ ਗਈ ਕਾਰਵਾਈ ਦੱਸਿਆ। ਜਿਸ ਦੌਰਾਨ ਬਾਲਾਕੋਟ ਵਿੱਚ ਅੱਤਵਾਦੀ ਕੈਂਪ 'ਤੇ ਹਮਲਾ ਕਰ ਕੇ ਵੱਡੀ ਗਿਣਤੀ ਵਿੱਚ ਆਤਮਘਾਤੀ ਹਮਲਿਆਂ ਲਈ ਤਿਆਰ ਕੀਤੇ ਜਾ ਰਹੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ।

ਸਵੇਰ ਦੀਆਂ ਰਿਪੋਰਟਾਂ ਵਿੱਚ ਤਿੰਨ ਥਾਵਾਂ, ਬਾਲਾਕੋਟ, ਚਕੋਠੀ ਅਤੇ ਮੁਜ਼ੱਫਰਾਬਾਦ ਵਿੱਚ ਹਮਲਿਆਂ ਦੀ ਗੱਲ ਕੀਤੀ ਜਾ ਰਹੀ ਸੀ ਪਰ ਗੋਖਲੇ ਨੇ ਸਿਰਫ਼ ਬਾਲਾਕੋਟ ਦਾ ਜ਼ਿਕਰ ਕੀਤਾ।

ਸਰਕਾਰੀ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਬਾਲਾਕੋਟ ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਵਿੱਚ ਹੈ, ਯਾਨੀ ਇਹ ਇਲਾਕਾ ਪਾਕਿਸਤਾਨ-ਸ਼ਾਸਿਤ ਕਸ਼ਮੀਰ ਦਾ ਹਿੱਸਾ ਨਹੀਂ ਹੈ।

ਸੂਬੇ ਦੇ ਸਥਾਨਕ ਲੋਕਾਂ ਨੇ ਬੀਬੀਸੀ-ਉਰਦੂ ਨਾਲ ਗੱਲਬਾਤ ਵਿੱਚ ਧਮਾਕੇ ਸੁਣਨ ਦੀ ਪੁਸ਼ਟੀ ਕੀਤੀ ਹੈ, ਪਰ ਕੀ ਇਨ੍ਹਾਂ ਧਮਾਕਿਆਂ ਦਾ ਕਾਰਨ ਭਾਰਤੀ ਹਵਾਈ ਜਹਾਜ਼ਾਂ ਦਾ ਹਮਲਾ ਸੀ, ਇਹ ਸਾਫ਼ ਨਹੀਂ ਹੈ।

ਇਹ ਵੀ ਪੜ੍ਹੋ

Image copyright TWITTER/OFFICIALDGISPR
ਫੋਟੋ ਕੈਪਸ਼ਨ ਇਹ ਤਸਵੀਰ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕੀਤੀ ਸੀ

ਖ਼ਬਰਾਂ ਮੁਤਾਬਕ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰੇ ਵਿੱਚ ਲੈ ਲਿਆ ਹੈ, ਇਸ ਲਈ ਉੱਥੋਂ ਸੰਪਰਕ ਕਰਨਾ ਆਸਾਨ ਨਹੀਂ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਹਵਾਈ ਹਮਲੇ ਦੇ ਭਾਰਤੀ ਦਾਅਵਿਆਂ ਨੂੰ ਖ਼ਾਰਿਜ ਕਰ ਦਿੱਤਾ ਹੈ ਅਤੇ ਇਸ ਨੂੰ ਅੰਦਰੂਨੀ ਸਿਆਸੀ ਜ਼ਰੂਰਤਾਂ ਨਾਲ ਜੋੜਿਆ ਹੈ।

ਹਮਲੇ ਵਿੱਚ ਕਿੰਨਾ ਨੁਕਸਾਨ ਹੋਇਆ ਹੈ, ਇਸ ਤੇ ਹਾਲੇ ਤੱਕ ਕੁਝ ਨਹੀਂ ਕਿਹਾ ਗਿਆ ਹੈ। ਜੇਕਰ ਭਾਰਤ ਜੋ ਦਾਅਵਾ ਕਰ ਰਿਹਾ ਹੈ ਉਹ ਸਹੀ ਹੈ ਤਾਂ ਇਹ ਕਾਰਵਾਈ ਕਿੰਨੀ ਮਹੱਤਵਪੂਰਨ ਹੈ।

ਬੀਬੀਸੀ ਨੇ ਭਾਰਤ ਅਤੇ ਪਾਕਿਸਤਾਨ ਵਿੱਚ ਰੱਖਿਆ ਮਾਮਲਿਆਂ ਦੇ ਮਾਹਿਰਾਂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ

ਪਰਮਾਣੂ ਬੰਬ ਦੇ ਨਾਂ 'ਤੇ ਪਾਕਿਸਤਾਨ ਦਾ ਡਰਾਉਣਾ ਬੰਦ?

ਪਾਕਿਸਤਾਨ ਵਿੱਚ ਸੁਰੱਖਿਆ ਮਾਮਲਿਆਂ ਦੀ ਜਾਣਕਾਰ ਅਤੇ ਲੇਖਿਕਾ ਆਇਸ਼ਾ ਸਿੱਦੀਕਾ ਮੁਤਾਬਕ ਸਿਆਸੀ ਅਤੇ ਕੂਟਨੀਤਿਕ ਆਧਾਰ 'ਤੇ ਇਹ ਹਮਲਾ ਬੇਹੱਦ ਖਾਸ ਹੈ।

“ਭਾਰਤ ਨੇ ਪਾਕਿਸਤਾਨ ਦੀ (ਪਰਮਾਣੂ ਹਥਿਆਰ ਦੀ) ਧਮਕੀ ਨੂੰ ਝੂਠਾ ਸਾਬਿਤ ਕਰ ਦਿੱਤਾ। ਮਹੱਤਵਪੂਰਨ ਗੱਲ ਇਹ ਹੈ ਕਿ ਬਾਲਾਕੋਟ ਐਬਟਾਬਾਦ (ਜਿੱਥੇ ਓਸਾਮਾ ਬਿਨ ਲਾਦੇਨ ਨੂੰ ਮਾਰਿਆ ਗਿਆ ਸੀ) ਦੇ ਨੇੜੇ ਹੈ।”

ਸਿੱਦੀਕਾ ਮੁਤਾਬਕ ਪਾਕਿਸਤਾਨੀ ਫੌਜ ਦੀ ਕੋਸ਼ਿਸ਼ ਹੋਵੇਗੀ ਕਿ ਜਿਨ੍ਹਾਂ ਥਾਵਾਂ 'ਤੇ ਹਮਲੇ ਹੋਏ ਉੱਥੇ ਦੀਆਂ ਤਸਵੀਰਾਂ ਬਾਹਰ ਨਾ ਜਾ ਸਕਣ, ਇਸ ਨਾਲ ਉਨ੍ਹਾਂ ਨੂੰ ਕੁਝ ਹੋਰ ਤਸਵੀਰਾਂ ਪੇਸ਼ ਕਰਨ ਦਾ ਮੌਕਾ ਮਿਲੇਗਾ।

ਕੌਮੋਡੋਰ (ਸੇਵਾਮੁਕਤ) ਉਦੇ ਭਾਸਕਰ ਮੁਤਾਬਕ ਇਹ ਹਮਲਾ ਪਰਮਾਣੂ ਹਮਲੇ ਦੇ ਨਾਂ 'ਤੇ ਡਰਾਉਣ ਦੀ ਪਾਕਿਸਤਾਨ ਦੀ ਨੀਤੀ ਦਾ ਟੈਸਟ ਹੈ। ਉਹ ਕਹਿੰਦੇ ਹਨ, "ਹਾਲੇ ਤੱਕ ਇਹੀ ਕਿਹਾ ਜਾਂਦਾ ਰਿਹਾ ਸੀ ਕਿ ਭਾਰਤ ਦੇ ਕੋਲ ਕੋਈ ਬਦਲ ਨਹੀਂ ਹੈ। ਅੱਜ ਭਾਰਤ ਨੇ ਇਹੀ ਕਿਹਾ ਹੈ ਕਿ ਸਾਡੇ ਕੋਲ ਬਦਲ ਹਨ ਅਤੇ ਅਸੀਂ ਇਸਤੇਮਾਲ ਕਰਾਂਗੇ। ਨਾਲ ਹੀ ਅਸੀਂ ਦੁਨੀਆਂ ਨੂੰ ਦੱਸ ਰਹੇ ਹਾਂ ਕਿ ਅਸੀਂ ਜੋ ਕੀਤਾ ਹੈ ਉਹ ਆਪਣੀ ਸੁਰੱਖਿਆ ਲਈ ਕੀਤਾ ਹੈ।"

ਨੁਕਸਾਨ ਦਾ ਅੰਦਾਜ਼ਾ ਕਿਵੇਂ?

ਪਾਕਿਸਤਾਨ ਵਿੱਚ ਬੀਬੀਸੀ ਪੱਤਰਕਾਰ ਐਮ. ਇਲਿਯਾਸ ਖਾਨ ਮੁਤਾਬਕ ਪਾਕਿਸਤਾਨ ਵਿੱਚ ਜਿਨ੍ਹਾਂ ਥਾਵਾਂ 'ਤੇ ਇਹ ਹਮਲੇ ਹੋਏ ਹਨ, ਉੱਥੇ ਕਈ ਸਾਲਾਂ ਤੋਂ ਅੱਤਵਾਦੀਆਂ ਨੂੰ ਟਰੇਨਿੰਗ ਦਿੱਤੀ ਜਾਂਦੀ ਰਹੀ ਹੈ।

ਸੂਤਰਾਂ ਦੇ ਆਧਾਰ 'ਤੇ ਭਾਰਤ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਰਤ ਹਵਾਈ ਫੌਜ ਦੇ ਇਸ ਹਮਲੇ ਵਿੱਚ 300-350 ਲੋਕ ਮਾਰੇ ਗਏ ਹਨ ਅਤੇ ਜੈਸ਼ ਦੇ ਇਸ ਕੈਂਪ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਦੂਜੇ ਦੇਸਾਂ ਦੇ ਇਲਾਕੇ ਵਿੱਚ ਹਵਾਈ ਹਮਲੇ ਤੋਂ ਬਾਅਦ ਹੋਏ ਨੁਕਸਾਨ ਦੀ ਪੁਸ਼ਟੀ ਕਰਨਾ ਕਿੰਨਾ ਸੰਭਵ ਹੈ?

ਕੌਮੋਡੋਰ ਭਾਸਕਰ ਮੁਤਾਬਕ, "ਹਵਾਈ ਫੌਜ ਦਾ ਜਦੋਂ ਇਸਤੇਮਾਲ ਹੁੰਦਾ ਹੈ, ਜਿਹੜੇ ਗੋਲਾ-ਬਾਰੂਦ ਦੀ ਤੁਸੀਂ ਵਰਤੋਂ ਕਰਦੇ ਹੋ, ਉਸ ਦਾ ਵੀਡੀਓ ਵਿੱਚ ਸਬੂਤ ਮਿਲ ਜਾਂਦਾ ਹੈ। ਹਵਾ ਵਿੱਚ ਤੁਹਾਡੇ ਕੋਲ ਸੈਟੇਲਾਈਟ ਵੀ ਹਨ... ਤੁਹਾਨੂੰ ਯਾਦ ਹੋਵੇਗਾ ਕਿ ਸੈਟੇਲਾਈਟ ਰਾਹੀਂ ਏਬਟਾਬਾਦ ਵਿੱਚ ਓਸਾਮਾ ਦੇ ਘਰ ਦਾ ਨੰਬਰ ਵੀ ਪਤਾ ਲੱਗ ਗਿਆ ਸੀ।"

ਏਅਰ ਮਾਰਸ਼ਲ (ਰਿਟਾ.) ਹਰਸ਼ ਮਸੰਦ ਕਹਿੰਦੇ ਹਨ ਕਿ ਹਮਲੇ ਦੇ ਦੌਰਾਨ ਤਸਵੀਰਾਂ ਲਈਆਂ ਜਾਂਦੀਆਂ ਹਨ ਅਤੇ ਹਮਲੇ ਤੋਂ ਪਹਿਲਾਂ ਵੀ ਇੰਟੈਲੀਜੈਂਸ ਦੇ ਆਧਾਰ 'ਤੇ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਜਿਸ ਥਾਂ 'ਤੇ ਹਮਲਾ ਕਰਨਾ ਹੈ ਉੱਥੇ ਕਿੰਨੇ ਲੋਕ ਸਨ।

ਹਾਲੇ ਤੱਕ ਇਸ ਹਮਲੇ ਨੂੰ ਲੈ ਕੇ ਕੋਈ ਵੀਡੀਓ ਜਾਂ ਤਸਵੀਰਾਂ ਸਾਹਮਣੇ ਨਹੀਂ ਆਈਆਂ।

ਇਹ ਵੀ ਪੜ੍ਹੋ

1971 ਤੋਂ ਬਾਅਦ ਪਹਿਲਾ ਹਵਾਈ ਹਮਲਾ

ਕੌਮੋਡੋਰ ਭਾਸਕਰ ਮੁਤਾਬਕ ਭਾਰਤੀ ਕਾਰਵਾਈ ਮਹੱਤਵਪੂਰਨ ਹੈ ਕਿਉਂਕਿ 1971 ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਇਸ ਤਰ੍ਹਾਂ ਪਾਕਿਸਤਾਨ ਦੇ ਖਿਲਾਫ ਹਵਾਈ ਫੌਜ ਦਾ ਇਸਤੇਮਾਲ ਕੀਤਾ ਹੈ। “ਇਹ ਸੰਕੇਤ ਹੈ ਕਿ ਭਾਰਤ ਇਸ ਤਰ੍ਹਾਂ ਅੱਤਵਾਦ ਦਾ ਸਾਹਮਣਾ ਕਰੇਗਾ।”

ਇਸ ਤਾਜ਼ਾ ਹਮਲੇ ਨੂੰ 1999 ਦੀ ਕਾਰਗਿਲ ਜੰਗ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਦੋਂ ਵਾਜਪਾਈ ਸਰਕਾਰ ਨੇ ਹਵਾਈ ਫੌਜ ਨੂੰ ਲਾਈਨ ਆਫ ਕੰਟਰੋਲ ਨੂੰ ਪਾਰ ਕਰ ਕੇ ਹਮਲੇ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ।

ਏਅਰ ਮਾਰਸ਼ਲ ਮਸੰਦ ਮੁਤਾਬਕ ਕਾਰਗਿਲ ਜੰਗ ਦੌਰਾਨ ਹਾਲਾਤ ਵੱਖ ਸਨ ਕਿਉਂਕਿ ਭਾਰਤ ਹਾਲਾਤ ਨੂੰ ਹੋਰ ਖ਼ਰਾਬ ਨਹੀਂ ਕਰਨਾ ਚਾਹੁੰਦਾ ਸੀ ਅਤੇ ਜੰਗ ਲਾਈਨ ਆਫ ਕੰਟਰੋਲ ਤੇ ਚੱਲ ਰਹੀ ਸੀ।

“ਸਾਨੂੰ ਐਲਓਸੀ ਪਾਰ ਕਰਨ ਤੋਂ ਰੋਕਿਆ ਗਿਆ ਜਿਸ ਕਾਰਨ ਸਾਡੇ ਦੋ ਜਹਾਜ਼ (ਮਿਗ-21, ਮਿਗ-23) ਤੇ ਇੱਕ ਹੈਲੀਕਾਪਟਰ ਦਾ ਨੁਕਸਾਨ ਹੋਇਆ।”

ਏਅਰ ਮਾਰਸ਼ਲ ਮਸੰਦ ਮੁਤਾਬਕ ਜੇਕਰ ਲੋੜ ਪਵੇ ਤਾਂ ਹਵਾਈ ਫੌਜ ਨੂੰ ਕਿਤੇ ਵੀ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।

ਖ਼ੈਬਰ ਪਖ਼ਤੂਨਖ਼ਵਾ ਦੇ ਬਾਲਾਕੋਟ 'ਤੇ ਹਮਲਾ

ਅਧਿਕਾਰਤ ਸੂਤਰਾਂ ਨੇ ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਨੂੰ ਜਾਣਕਾਰੀ ਦਿੱਤੀ ਹੈ ਕਿ ਖੈਬਰ ਪਖ਼ਤੂਨਖਵਾ ਵਿੱਚ ਬਾਲਾਕੋਟ ਦੇ ਇੱਕ ਟਰੇਨਿੰਗ ਕੈਂਪ ਉੱਤੇ ਹਮਲਾ ਕੀਤਾ ਗਿਆ ਸੀ।

ਇਸ ਦਾ ਮਤਲਬ ਹੈ ਕਿ ਹਵਾਈ ਫੌਜ ਨੇ ਕਸ਼ਮੀਰ ਤੋਂ ਅੱਗੇ ਜਾ ਕੇ ਉਸ ਖੇਤਰ ਨੂੰ ਨਿਸ਼ਾਨਾ ਬਣਾਇਆ ਜੋ ਪਾਕਿਸਤਾਨ ਦਾ ਇਲਾਕਾ ਹੈ।

ਪਾਕਿਸਤਾਨ ਦੇ ਸਾਬਕਾ ਏਅਰ ਕੌਮੋਡੋਰ ਕੈਸਰ ਤੁਫ਼ੈਲ ਮੁਤਾਬਕ ਜੇਕਰ ਅਜਿਹਾ ਹੋਇਆ ਹੈ ਤਾਂ ਇਹ ਮਹੱਤਵਪੂਰਨ ਹੈ ਕਿਉਂਕਿ “ਇਹ ਕੋਈ ਵਿਵਾਦਤ ਇਲਾਕਾ ਨਹੀਂ ਹੈ...ਕੌਮਾਂਤਰੀ ਸਰਹੱਦ ਦੀ ਉਲੰਘਣਾ ਦੇ ਕੌਮਾਂਤਰੀ ਮਾਅਨੇ ਹਨ।”

'ਗੈਰ-ਸੈਨਿਕ ਅਤੇ ਬਚਾਅ ਵਿੱਚ ਕੀਤੀ ਗਈ ਕਾਰਵਾਈ' ਦੇ ਮਾਅਨੇ

ਵਿਦੇਸ਼ ਸਕੱਤਰ ਗੋਖਲੇ ਨੇ ਮੀਡੀਆ ਨਾਲ ਗੱਲਬਾਤ ਵਿੱਚ ਭਾਰਤ ਦੀ ਇਸ ਕਾਰਵਾਈ ਨੂੰ 'ਨੌਨ-ਮਿਲੀਟਰੀ ਤੇ ਪ੍ਰਿਵੈਂਟਿਵ' ( ਗੈਰ-ਸੈਨਿਕ ਤੇ ਬਚਾਅ) ਕੀਤੀ ਗਈ ਕਾਰਵਾਈ ਦੱਸਿਆ।

ਕੌਮੋਡੋਰ ਭਾਸਕਰ ਮੁਤਾਬਕ ਭਾਰਤ ਕਹਿਣਾ ਚਾਹੁੰਦਾ ਹੈ ਕਿ ਇਸ ਹਮਲੇ ਦਾ ਸੀਮਤ ਮਕਸਦ ਅੱਤਵਾਦ ਨੂੰ ਮਦਦ ਕਰਨ ਵਾਲੇ ਬੁਨਿਆਦੀ ਢਾਂਚੇ ਨੂੰ ਖ਼ਤਮ ਕਰਨਾ ਸੀ।

ਉਹ ਕਹਿੰਦੇ ਹਨ, “ਭਾਰਤ ਦੱਸਣਾ ਚਾਹੁੰਦਾ ਹੈ ਕਿ ਇਹ ਪਾਕਿਸਤਾਨ ਦੀ ਅਖੰਡਤਾ ’ਤੇ ਕੋਈ ਹਮਲਾ ਨਹੀਂ ਹੈ। ਇਹ ਕਾਰਵਾਈ ਦਹਿਸ਼ਤਗਰਦੀ ਦੇ ਖਿਲਾਫ਼ ਹੈ ਅਤੇ ਉਨ੍ਹਾਂ ਸੰਗਠਨਾਂ ਦੇ ਖਿਲਾਫ ਹੈ ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਨੇ ਬੈਨ ਕੀਤਾ ਹੈ।”

ਪਾਕਿਸਤਾਨ ਦੇ ਸਾਬਕਾ ਏਅਰ ਕੌਮੋਡੋਰ ਕੈਸਰ ਤੁਫ਼ੈਲ ਕਹਿੰਦੇ ਹਨ, “ਨੌਨ-ਮਿਲਟਰੀ ਪ੍ਰਿਵੈਂਟਿਵ ਸਟ੍ਰਾਈਕ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਇਹ ਸੈਨਿਕ ਹਮਲਾ ਹੈ। ਇਹ ਬਿਨਾਂ ਗੱਲ ਤੋਂ ਸ਼ਬਦਾਂ ਦਾ ਕੀਤਾ ਗਿਆ ਹੇਰ-ਫੇਰ ਹੈ।”

ਫੋਟੋ ਕੈਪਸ਼ਨ ਬਾਲਾਕੋਟ ਵਿੱਚ ਘਟਨਾ ਮਗਰੋਂ ਰਹਿੰਦ ਖੁਹੰਦ ਦਿਖਾਉਂਦਾ ਸਥਾਨਕ ਨਾਗਰਿਕ

ਹਮਲੇ ਦਾ ਚੋਣਾਂ ਨਾਲ ਸਬੰਧ?

ਇਸ ਹਮਲੇ ਨੂੰ ਭਾਰਤ ਵਿੱਦ ਆ ਰਹੀਆਂ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਪਾਕਿਸਤਾਨ ਵਿੱਚ ਕਈ ਲੋਕ ਖੁੱਲ੍ਹ ਕੇ ਗੱਲ ਕਰ ਰਹੇ ਹਨ।

ਭਾਰਤ ਵਿੱਚ ਪਾਕਿਸਤਾਨ ਦੇ ਸਾਬਕਾ ਹਾਈ ਕਮਿਸ਼ਨਰ ਅਸ਼ਰਫ਼ ਜਹਾਂਗੀਰ ਕਾਜ਼ੀ ਮੁਤਾਬਕ ਭਾਰਤੀ ਮੀਡੀਆ ਵਿੱਚ ਪਹਿਲਾਂ ਵੀ ਇਹ ਦਾਅਵੇ ਕੀਤੇ ਗਏ ਪਰ ਉਨ੍ਹਾਂ ਦੀ ਪੁਸ਼ਟੀ ਨਹੀਂ ਹੋ ਸਕੀ। ਉਨ੍ਹਾਂ ਦਾ ਇਸ਼ਾਰਾ ਸਰਜੀਕਲ ਸਟ੍ਰਾਈਕ ਵੱਲ ਸੀ।

ਪਾਕਿਸਤਾਨ ਨੇ ਸਰਜੀਕਲ ਸਟ੍ਰਾਈਕ ਦੇ ਭਾਰਤੀ ਦਾਅਵੇ ਨੂੰ ਖਾਰਿਜ ਕਰ ਦਿੱਤਾ ਸੀ, ਹਾਲਾਂਕਿ ਪਾਕਿਸਤਾਨ ਵਿੱਚ ਇੱਕ ਬੀਬੀਸੀ ਪੱਤਰਕਾਰ ਮੁਤਾਬਕ ਭਾਰਤੀ ਫੌਜ ਨੇ ਕਈ ਥਾਵਾਂ ਤੋਂ ਪਾਕਿਸਤਾਨ-ਸ਼ਾਸਿਤ ਕਸ਼ਮੀਰ ਵਿੱਚ ਦਾਖਲ ਹੋਈ ਸੀ ਅਤੇ ਪਾਕਿਸਤਾਨੀ ਫੌਜ ਨੂੰ ਨੁਕਸਾਨ ਵੀ ਪਹੁੰਚਾਇਆ ਸੀ।

ਆਪਣੇ ਫੋਨ ਦੀ ਸਕਰੀਨ 'ਤੇ ਬੀਬੀਸੀ ਪੰਜਾਬੀ ਦੀ ਵੈੱਬਸਾਈਟ ਲਈ ਹੇਠ ਦਿੱਤਾ ਵੀਡੀਓ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)