#Balakot : ਪਾਕਿਸਤਾਨ ਦੇ ਬਾਲਾਕੋਟ ਵਿੱਚ ਭਾਰਤੀ ਕਾਰਵਾਈ: 5 ਖ਼ਾਸ ਨੁਕਤੇ

indian pilot

ਭਾਰਤ ਸਰਕਾਰ ਦਾ ਦਾਅਵਾ ਹੈ ਕਿ ਭਾਰਤੀ ਹਵਾਈ ਫੌਜ ਨੇ ਇੱਕ ਆਪ੍ਰੇਸ਼ਨ ਵਿੱਚ ਐੱਲਓਸੀ ਵਿੱਚ ਦਾਖਿਲ ਹੋ ਕੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੂੰ ਵੱਡੀ ਗਿਣਤੀ ਵਿੱਚ ਮਾਰ ਮੁਕਾਇਆ ਹੈ।

ਪਾਕਿਸਤਾਨ ਵੱਲੋਂ ਭਾਰਤ ਦੀ ਹਵਾਈ ਫੌਜ ਦੀ ਕਾਰਵਾਈ ਵਿੱਚ ਕੀਤੇ ਵੱਡੇ ਨੁਕਸਾਨ ਦੇ ਦਾਅਵੇ ਨੂੰ ਖਾਰਿਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਹੀ ਵਕਤ ਅਤੇ ਸਹੀ ਥਾਂ ਦੀ ਚੋਣ ਕਰਕੇ ਭਾਰਤ ਨੂੰ ਜਵਾਬ ਦਿੱਤਾ ਜਾਵੇਗਾ।

ਆਉ ਜਾਣਦੇ ਹਾਂ ਇ ਪੂਰੀ ਘਟਨਾ ਬਾਰੇ ਪੰਜ ਅਹਿਮ ਨੁਕਤੇ:

1. ਭਾਰਤ ਅਤੇ ਪਾਕਿਸਤਾਨ ਦਾ ਦਾਅਵੇ

ਭਾਰਤ ਸਰਕਾਰ ਦਾ ਦਾਅਵਾ ਹੈ ਕਿ ਭਾਰਤੀ ਹਵਾਈ ਫੌਜ ਦੇ ਮਿਰਾਜ 2000 ਲੜਾਕੂ ਜਹਾਜ਼ਾਂ ਨੇ ਐੱਲਓਸੀ ਪਾਰ ਕਰ ਕੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਹੈ।

ਇਹ ਵੀ ਪੜ੍ਹੋ

ਇਹ ਕੈਂਪ ਜੈਸ਼ -ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਸਾਲੇ ਯੂਸਫ਼ ਅਜ਼ਹਰ ਵੱਲੋਂ ਚਲਾਏ ਜਾ ਰਹੇ ਸਨ।

ਭਾਰਤੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਬੀਬੀਸੀ ਪੱਤਰਾਕਰ ਜ਼ੂਬੈਰ ਅਹਿਮਦ ਨੂੰ ਦੱਸਿਆ, " ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਖ਼ੈਬਰ ਪਖਤੂਖਵਾ ਸੂਬੇ ਵਿੱਚ ਜੈਸ਼-ਏ-ਮੁਹੰਮਦ ਦੇ ਕੈਂਪ ਨੂੰ ਤਬਾਹ ਕੀਤਾ ਹੈ।"

ਪਾਕਿਸਤਾਨ ਵੱਲੋਂ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕੀਤਾ ਗਿਆ ਹੈ।

ਮੇਜਰ ਗਫੂਰ ਨੇ ਕਿਹਾ ਕਿ ਪਾਕਿਸਤਾਨੀ ਹਵਾਈ ਫੌਜ ਨੇ ਫੌਰਨ ਜਵਾਬੀ ਕਾਰਵਾਈ ਕੀਤੀ ਜਿਸ ਕਾਰਨ ਭਾਰਤੀ ਹਵਾਈ ਜਹਾਜ਼ਾਂ ਨੂੰ ਭੱਜਣਾ ਪਿਆ ਪਰ ਭੱਜਦੇ ਹੋਏ ਜਲਦਬਾਜ਼ੀ ਵਿੱਚ ਉਨ੍ਹਾਂ ਨੇ ਪੇਅਲੋਡ ਛੱਡ ਦਿੱਤਾ ਜੋ ਬਾਲਾਕੋਟ ਵਿੱਚ ਡਿੱਗਿਆ।

2. ਹਮਲੇ ਦੀ ਥਾਂ ਬਾਰੇ ਦਾਅਵੇ

ਇਸ ਗੱਲ ਨੂੰ ਲੈ ਕੇ ਕਾਫ਼ੀ ਦੁਬਿਧਾ ਚੱਲ ਰਹੀ ਸੀ ਕਿ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਵਿੱਚ ਬਾਲਾਕੋਟ ਨਾਂ ਦੀ ਥਾਂ ਨੂੰ ਨਿਸ਼ਾਨਾ ਬਣਾਇਆ ਹੈ ਜਾਂ ਫਿਰ ਪਾਕਿਸਤਾਨ ਸਾਸ਼ਿਤ ਕਸ਼ਮੀਰ ਵਿੱਚ।

ਅਧਿਕਾਰਤ ਸੂਤਰਾਂ ਨੇ ਬੀਬੀਸੀ ਨੂੰ ਸਾਫ਼ ਕੀਤਾ ਕਿ ਇਹ ਏਅਰ ਸਟਰਾਇਕ ਖ਼ੈਬਰ ਪਖਤੂਨਖਵਾ ਸੂਬੇ ਵਿੱਚ ਕੀਤੀ ਗਈ ਹੈ। ਇਸ ਬਾਬਤ ਅਧਿਕਾਰਤ ਬਿਆਨ ਦੀ ਅਜੇ ਵੀ ਉਡੀਕ ਹੈ।

3. ਮਾਹਿਰਾਂ ਦੀ ਰਾਇ

ਪਾਕਿਸਤਾਨ ਵਿੱਚ ਬੀਬੀਸੀ ਪੱਤਰਕਾਰ ਐੱਮ ਇਲਿਆਸ ਖ਼ਾਨ ਮੁਤਾਬਕ ਪਾਕਿਸਤਾਨ ਵਿੱਚ ਜਿਨ੍ਹਾਂ ਥਾਵਾਂ 'ਤੇ ਹਮਲੇ ਹੋਏ ਹਨ, ਕਈ ਸਾਲਾਂ ਤੋਂ ਉੱਥੇ ਕੱਟੜਪੰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਰਹੀ ਹੈ।

ਰੱਖਿਆ ਮਾਮਲਿਆਂ ਦੇ ਜਾਣਕਾਰ ਕਾਮਰੇਡ ਉਦੇ ਭਾਸਕਰ ਮੁਤਾਬਕ ਭਾਰਤੀ ਕਾਰਵਾਈ ਮਹੱਤਵਪੂਰਣ ਹੈ ਕਿਉਂਕਿ 1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਜਦੋਂ ਭਾਰਤ ਨੇ ਇਸ ਤਰ੍ਹਾਂ ਪਾਕਿਸਤਾਨ ਦੇ ਖਿਲਾਫ਼ ਹਵਾਈ ਫੌਜ ਦੀ ਵਰਤੋਂ ਕੀਤੀ ਹੈ।

ਉਨ੍ਹਾਂ ਕਿਹਾ, "ਇਹ ਸੰਕੇਤ ਹੈ ਕਿ ਭਾਰਤ ਇਸੇ ਤਰ੍ਹਾਂ ਅੱਤਵਾਦ ਦਾ ਸਾਹਮਣਾ ਕਰੇਗਾ।"

4. ਪਾਕਿਸਤਾਨ ਦਾ ਜਵਾਬ

ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਵੱਲੋਂ ਐੱਲਓਸੀ ਪਾਰ ਕਰਨ ਨੂੰ ਭਾਰਤ ਦੀ ਭੜਕਾਊ ਕਾਰਵਾਈ ਕਰਾਰ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਰਤ ਦੀ ਇਸ ਕਾਰਵਾਈ ਦਾ ਜਵਾਬ ਦਿੱਤਾ ਜਾਵੇਗਾ।

ਪਾਕਿਸਤਾਨ ਵਿੱਚ ਸੁਰੱਖਿਆ ਕੌਂਸਲ ਦੀ ਐਮਰਜੈਂਸੀ ਮੀਟਿੰਗ ਸੱਦੀ ਗਈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਵਿੱਚ ਭਾਰਤ ਦੇ ਦਾਅਵਿਆਂ ਨੂੰ ਖਾਰਿਜ ਕੀਤਾ ਗਿਆ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਮੀਟਿੰਗ ਤੋਂ ਬਾਅਦ ਕਿਹਾ, "ਇੱਕ ਵਾਰ ਫਿਰ ਭਾਰਤ ਸਰਕਾਰ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਬੇਬੁਨਿਆਦ ਦਾਅਵੇ ਕੀਤੇ ਹਨ।"

"ਇਹ ਆਪਣੀ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤਾ ਗਿਆ ਹੈ ਕਿਉਂਕਿ ਚੋਣਾਂ ਦਾ ਮਾਹੌਲ ਹੈ। ਇਸ ਦੇ ਲਈ ਖੇਤਰੀ ਸੁਰੱਖਿਆ ਅਤੇ ਸਥਿਰਤਾ ਲਈ ਗੰਭੀਰ ਖ਼ਤਰੇ ਵਾਲੇ ਹਾਲਾਤ ਪੈਦਾ ਕਰ ਦਿੱਤੇ ਗਏ ਹਨ।"

5. ਕੀ ਹੈ ਐੱਲਓਸੀ (ਲਾਈਨ ਆਫ ਕੰਟਰੋਲ)?

  • ਭਾਰਤ ਪਾਕਿਸਤਾਨ ਵਿਚਾਲੇ 1947-48 ਦੀ ਜੰਗ ਤੋਂ ਬਾਅਦ 1949 ਵਿੱਚ ਕਰਾਚੀ ਸਮਝੌਤਾ ਹੋਇਆ ਸੀ। ਇਸ ਸਮਝੌਤੇ ਤਹਿਤ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਤੇ ਭਾਰਤ ਵਿਚਾਲੇ ਜੰਗਬੰਦੀ ਦੀ ਹੱਦ ( ਸੀਜ਼ਫਾਇਰ ਲਾਈਨ) ਨਿਰਧਾਰਿਤ ਹੋਈ ਸੀ।
  • 1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ 1972 ਵਿੱਚ ਸ਼ਿਮਲਾ ਸਮਝੌਤਾ ਹੋਇਆ ਸੀ। ਇਸ ਦੇ ਤਹਿਤ ਲਗਪਗ 1949 ਦੀ ਜੰਗਬੰਦੀ ਦੀ ਰੇਖਾ ਨੂੰ ਹੀ ਲਾਈਨ ਆਫ ਕੰਟਰੋਲ ਮੰਨ ਲਿਆ ਗਿਆ ਸੀ।
  • ਐੱਲਓਸੀ ਦੇ ਇੱਕ ਪਾਸੇ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਹੈ ਤੇ ਦੂਜੇ ਪਾਸੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਹੈ। ਐੱਲਓਸੀ 740 ਕਿਲੋਮੀਟਰ ਲੰਬੀ ਹੈ। ਇਸ ਦੇ ਦੋਨੋਂ ਪਾਸੇ ਭਾਰਤ ਤੇ ਪਾਕਿਸਤਾਨ ਦੇ ਹਜ਼ਾਰਾਂ ਫੌਜੀ ਕਈ ਦਹਾਕਿਆਂ ਤੋਂ ਤਾਇਨਾਤ ਹਨ।
  • 1972 ਦੇ ਸਮਝੌਤੇ ਤਹਿਤ ਭਾਰਤ ਤੇ ਪਾਕਿਸਤਾਨ ਦੇ ਫੌਜੀ ਅਫਸਰਾਂ ਦੀ ਰਜ਼ਾਮੰਦੀ ਨਾਲ ਐੱਲਓਸੀ ਜੰਮੂ-ਕਸ਼ਮੀਰ ਵਿੱਚ ਸੰਗਮ ਤੋਂ ਪੁਆਈਂਟ NJ9842 (ਨੌਰਥ ਜਲੌਟਾ) ਤੱਕ ਹੈ।
  • ਆਮ ਲੋਕਾਂ ਦੀ ਸਮਝ ਵਿੱਚ ਜੰਮੂ ਵਿੱਚ ਐੱਲਓਸੀ ਪੁੰਛ ਤੇ ਰਾਜੌਰੀ ਕੋਲੋਂ ਨਿਕਲਦੀ ਹੈ ਤੇ ਕਸ਼ਮੀਰ ਵਿੱਚ ਇਹ ਕੁਪਵਾੜਾ ਤੇ ਉੜੀ ਕੋਲੋਂ ਲੰਘਦੀ ਹੈ।
  • ਐੱਲਓਸੀ ਦੇ ਦੋਵੇਂ ਪਾਸੇ ਫੌਜੀਆਂ ਦੀ ਫਾਇਰਿੰਗ ਆਮ ਗੱਲ ਹੈ। 1990ਵਿਆਂ ਵਿੱਚ ਭਾਰਤੀ ਫੌਜ ਨੇ ਐੱਲਓਸੀ ਦੀ ਤਾਰਬੰਦੀ ਦਾ ਕੰਮ ਸ਼ੁਰੂ ਕੀਤਾ ਸੀ ਜਿਸ ਦਾ ਪਾਕਿਸਤਾਨ ਨੇ ਵਿਰੋਧ ਕੀਤਾ ਸੀ।
  • 2003 ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਐੱਲਓਸੀ 'ਤੇ ਜੰਗਬੰਦੀ ਦੇ ਐਲਾਨ ਤੋਂ ਬਾਅਦ 2004 ਵਿੱਚ ਐੱਲਓਸੀ 'ਤੇ ਜੰਗਬੰਦੀ ਦਾ ਕੰਮ ਪੂਰਾ ਕਰ ਲਿਆ ਗਿਆ ਸੀ। 2003 ਤੋਂ 2013 ਤੱਕ ਐੱਲਓਸੀ 'ਤੇ ਫਾਇਰਿੰਗ ਦੀਆਂ ਘਟਨਾਵਾਂ ਬਹੁਤ ਘੱਟ ਗਈਆਂ ਸਨ ਪਰ 2013 ਤੋਂ ਬਾਅਦ ਇਹ ਫਿਰ ਵਧ ਗਈਆਂ ਹਨ।
  • ਐੱਲਓਸੀ ਕੌਮਾਂਤਰੀ ਤੌਰ 'ਤੇ ਮਾਨਤਾ ਪ੍ਰਾਪਤ ਕੌਮਾਂਤਰੀ ਸਰਹੱਦ ਨਹੀਂ ਹੈ।

ਹੇਠ ਦਿੱਤੇ ਗਏ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)