ਪਾਕਿਸਤਾਨ-ਭਾਰਤ ਤਣਾਅ - ਬਾਲਾਕੋਟ ‘ਹਮਲੇ’ ਦੇ ਦੱਸੇ ਜਾ ਰਹੇ ਇਸ ਵੀਡੀਓ ਦਾ ਜਾਣੋ ਸੱਚ

  • ਫੈਕਟ ਚੈੱਕ ਟੀਮ
  • ਬੀਬੀਸੀ
ਲੜਾਕੂ ਜਹਾਜ

ਤਸਵੀਰ ਸਰੋਤ, Reuters

ਸੋਸ਼ਲ ਮੀਡੀਆ ਸਮੇਤ ਕਈ ਵੱਡੇ ਭਾਰਤੀ ਟੀਵੀ ਚੈਨਲਾਂ ਉੱਪਰ ਇੱਕ ਵੀਡੀਓ ਦਿਖਾਇਆ ਜਾ ਰਿਹਾ, ਪਾਕਿਸਤਾਨ ਵਿੱਚ ਕਥਿਤ ਭਾਰਤੀ ਹਵਾਈ ਹਮਲੇ' ਦਾ ਇਹ ਵੀਡੀਓ 26 ਫਰਵਰੀ ਦਾ ਨਹੀਂ ਸਗੋਂ ਪੁਰਾਣਾ ਹੈ।

ਇਸ ਵੀਡੀਓ ਨੂੰ ਸਾਂਝਾ ਕਰਨ ਵਾਲੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਕਿਵੇਂ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਜੈਸ਼-ਏ-ਮੁਹੰਮਦ ਦੇ ਵੱਡੇ ਕੈਂਪਾਂ ਨੂੰ ਤਬਾਹ ਕੀਤਾ ਹੈ।

ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਮੰਗਲਵਾਰ ਸਵੇਰ ਪ੍ਰੈੱਸ ਕਾਨਫਰੰਸ ਕਰਕੇ ਭਾਰਤੀ ਹਵਾਈ ਫੌਜ ਦੇ ਇਸ ਕਥਿਤ ਗੁਪਤ ਮਿਸ਼ਨ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ, “ਭਾਰਤ ਸਰਕਾਰ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਜੈਸ਼-ਏ-ਮੁਹੰਮਦ ਦੇਸ ਦੇ ਦੂਸਰੇ ਹਿੱਸਿਆਂ ਵਿੱਚ ਆਤਮਘਾਤੀ ਹਮਲੇ ਕਰਨ ਦੀ ਤਿਆਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਲਈ ਮੰਗਲਵਾਰ ਸਵੇਰੇ ਭਾਰਤ ਨੇ ਬਾਲਾਕੋਟ ਵਿੱਚ ਜੈਸ਼ ਦੇ ਸਭ ਤੋਂ ਵੱਡੇ ਸਿਖਲਾਈ ਕੈਂਪ ਨੂੰ ਨਿਸ਼ਾਨਾ ਬਣਾਇਆ।"

ਤਸਵੀਰ ਸਰੋਤ, Facebook Search

ਤਸਵੀਰ ਕੈਪਸ਼ਨ,

ਟਾਈਮਜ਼ ਨਾਓ ਵਾਂਗ ਕੁਝ ਹੋਰ ਮੀਡੀਆ ਸੰਸਥਾਨਾਂ ਨੇ ਵੀ ਇਹ ਪੁਰਾਣਾ ਵੀਡੀਓ ਦੀ ਵਰਤੋਂ ਕੀਤੀ ਹੈ

ਇਸ ਤੋਂ ਬਾਅਦ ਹੀ ਭਾਰਤ ਸਮੇਤ ਪਾਕਿਸਤਾਨ ਵਿੱਚ #Surgicalstrike2, #IndianAirForce ਅਤੇ #Balakot ਟਰੈਂਡ ਕਰਨ ਲੱਗੇ।

ਇਹ ਵੀ ਪੜ੍ਹੋ:

ਇਸ ਹੈਸ਼ਟੈਗ ਦੇ ਨਾਲ ਹੀ ਲੜਾਕੂ ਜਹਾਜ਼ਾਂ ਵੱਲੋਂ ਕਥਿਤ ਬੰਬਾਰੀ ਦਾ ਜੋ ਵੀਡੀਓ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਟੀਵੀ ’ਤੇ ਦਿਖਾਇਆ ਜਾ ਰਿਹਾ ਹੈ, ਉਹ ਪਾਕਿਸਤਾਨ ਦੇ ਸੋਸ਼ਲ ਮੀਡੀਆ ਵਰਤਣ ਵਾਲਿਆਂ ਮੁਤਾਬਕ 22 ਸਤੰਬਰ 2016 ਦਾ ਹੈ।

ਇਹ ਵੀਡੀਓ ਸਤੰਬਰ 2016 ਵਿੱਚ ਯੂਟਿਊਬ ’ਤੇ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਨੂੰ ਇਸਲਾਮਾਬਾਦ ਦਾ ਦੱਸਿਆ ਗਿਆ ਹੈ।

ਵੀਡੀਓ ਵਿੱਚ ਕੁਝ ਜਹਾਜ਼ ਇਸਲਾਮਾਬਾਦ ਸ਼ਹਿਰ ਦੇ ਉੱਪਰ ਗਸ਼ਤ ਕਰਦੇ ਦਿਖਾਈ ਦੇ ਰਹੇ ਹਨ, ਇਸੇ ਦੌਰਾਨ ਇਸ ਵਿੱਚ ਇੱਕ ਜਹਾਜ਼ 'ਲਾਈਟ ਫਲੇਅਰ' ਛੱਡਦਾ ਹੈ।

ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਹਾਮਿਦ ਮੀਰ ਨੇ 22 ਸੰਤਬਰ 2016 ਵਿੱਚ ਟਵੀਟ ਨਾਲ ਪਾਕਿਸਤਾਨੀ ਹਵਾਈ ਫੌਜ ਦੇ ਜਹਾਜਾਂ ਵੱਲੋਂ ਇਸਲਾਮਾਬਾਦ ਸ਼ਹਿਰ ਦੇ ਉੱਪਰ ਗਸ਼ਤ ਕਰਨ ਦੀ ਪੁਸ਼ਟੀ ਹੁੰਦੀ ਹੈ।

ਸਤੰਬਰ 2016 ਦੀਆਂ ਮੀਡੀਆ ਰਿਪੋਰਟਾਂ ਮੁਤਾਬਕ 18 ਸੰਤਬਰ 2016 ਨੂੰ ਹੋਏ ਉੜੀ ਹਮਲੇ ਤੋਂ ਬਾਅਦ ਦੋਹਾਂ ਦੇਸਾਂ ਦੇ ਰਿਸ਼ਤੇ ਤਲਖ਼ ਦਿਖ ਰਹੇ ਸਨ।

ਉਸ ਸਮੇਂ ਪਾਕਿਸਤਾਨ ਦੀ ਹਵਾਈ ਫੌਜ ਨੇ ਭਾਰਤ ਵੱਲੋਂ ਕਿਸੇ ਵੀ ਸੰਭਾਵੀ ਹਮਲੇ ਦੇ ਖ਼ਦਸ਼ੇ ਵਿੱਚ ਇਸਲਾਮਾਬਾਦ ਅਤੇ ਉਸਦੇ ਕਰੀਬ ਲੜਾਕੂ ਜਹਾਜ਼ਾਂ ਦੀ ਲੈਂਡਿੰਗ ਦਾ ਅਭਿਆਸ ਕੀਤਾ ਸੀ।

ਇਸੇ ਅਭਿਆਸ ਦੌਰਾਨ ਪਾਕਿਸਾਤਨੀ ਹਵਾਈ ਫੌਜ ਦੇ ਜਹਾਜ਼ਾਂ ਨੂੰ ਲਾਹੌਰ-ਇਸਲਾਮਾਬਾਦ ਹਾਈਵੇਅ ’ਤੇ ਲਾਹੁਣ ਦਾ ਅਭਿਆਸ ਵੀ ਕੀਤਾ ਸੀ।

ਦੂਸਰਾ ਵੀਡੀਓ

ਪਾਕਿਸਤਾਨ ਨੇ ਸਾਬਕਾ ਰਾਸ਼ਟਰਪਤੀ ਮੁਹੰਮਦ ਜ਼ਿਆ ਉਲ-ਹੱਕ ਦੇ ਬੇਟੇ ਇਜਾਜ਼ - ਉਲ - ਹੱਕ ਨੇ 24 ਫਰਵਰੀ 2019 ਦੀ ਸਵੇਰ 10 ਵਜੇ ਟਵੀਟ ਕੀਤਾ ਸੀ।

ਉਸ ਟਵੀਟ ਵਿੱਚ ਲਿਖਿਆ ਸੀ, "ਲੰਘੀ ਰਾਤ ਮੈਂ ਫੋਰਟ ਅੱਬਾਸ ਇਲਾਕੇ ਵਿੱਚ ਸਵਾ ਦੋ ਵਜੇ ਦੋ ਲੜਾਕੂ ਜਹਾਜ਼ਾਂ ਦੀ ਤੇਜ਼ ਆਵਾਜ ਸੁਣੀ ਜਿਸ ਨਾਲ ਖ਼ਲਬਲੀ ਦੇ ਹਾਲਾਤ ਪੈਦਾ ਹੋ ਗਏ ਸਨ।”

“ਕੀ ਉਹ ਸਰਹੱਦ ਲੰਘ ਕੇ ਆਏ ਭਾਰਤੀ ਹਵਾਈ ਫੌਜ ਦੇ ਜਹਾਜ਼ ਸਨ ਜਾਂ ਉਨ੍ਹਾਂ ਦਾ ਪਿੱਛਾ ਕਰ ਰਹੇ ਪਾਕਿਸਤਾਨੀ ਹਵਾਈ ਫੌਜ ਦੇ ਜਹਾਜ਼?"

ਇਜ਼ਾਜ ਉਲ-ਹੱਕ ਨੇ ਇਹ ਟਵੀਟ ਭਾਰਤ ਪਾਕਿਸਤਾਨ ਸਰਹੱਦ ਨਾਲ ਲਗਦੇ ਹਾਰੂਨਾਬਾਦ (ਪਾਕਿਸਤਾਨ) ਤੋਂ ਕੀਤਾ ਸੀ ਜੋ ਕਿ ਮੁਲਤਾਨ ਦੇ ਵੀ ਦੱਖਣ ਵਿੱਚ ਸਥਿੱਤ ਹੈ। ਭਾਰਤ ਸਰਕਾਰ ਨੇ ਜਿੱਥੇ ਹਵਾਈ ਹਮਲਾ ਕਰਨ ਦਾ ਦਾਅਵਾ ਕੀਤਾ ਹੈ, ਉੱਥੋਂ ਹਾਰੂਨਾਬਾਦ ਕਾਫ਼ੀ ਦੂਰ ਹੈ।

ਤਸਵੀਰ ਸਰੋਤ, Twitter

ਪਾਕਿਸਾਤ ਦੇ ਅਸਦ ਨਾਮ ਦੇ ਇੱਕ ਟਵਿੱਟਰ ਯੂਜ਼ਰ ਨੇ ਇਜਾਜ਼ ਉਲ ਹੱਕ ਦੇ ਟਵੀਟ ਦੇ ਜਵਾਬ ਵਿੱਚ ਇੱਕ ਹੋਰ ਵੀਡੀਓ ਪੋਸਟ ਕੀਤਾ ਸੀ। ਇਹ ਵੀਡੀਓ 25 ਫਰਵਰੀ ਦੀ ਸਵੇਰ 1.21 ਵਜੇ ਪੋਸਟ ਕੀਤਾ ਗਿਆ ਸੀ, ਭਾਵ ਕਥਿਤ ਹਵਾਈ ਹਮਲੇ ਦੇ ਦਾਅਵੇ ਤੋਂ ਇੱਕ ਰਾਤ ਪਹਿਲਾਂ।

ਇਹ ਵੀ ਪੜ੍ਹੋ:

ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ 'ਪਾਕਿਸਤਾਨੀ ਹਵਾਈ ਫੌਜ ਦੀ ਬਹਾਦਰੀ' ਦੱਸ ਕੇ ਸਾਂਝਾ ਕੀਤਾ ਸੀ।

ਹਾਲਾਂਕਿ ਇਹ ਦੋਵੇਂ ਵੀਡੀਓ ਭਾਰਤੀ ਮੀਡੀਆ ਵਿੱਚ ਅਤੇ ਸੋਸ਼ਲ ਮੀਡੀਆ ’ਤੇ ਪਾਕਿਸਤਾਨ ਦੇ ਸਥਾਨਕ ਲੋਕਾਂ ਦੇ ਹਵਾਲੇ ਨਾਲ 'ਹਵਾਈ ਹਮਲੇ ਦੇ ਵੀਡੀਓ' ਦੱਸਦੇ ਹੋਏ ਦੇਖੇ-ਦਿਖਾਏ ਜਾ ਰਹੇ ਹਨ।

ਤਸਵੀਰ ਸਰੋਤ, SM Viral Video Grab

ਤੀਸਰਾ ਵੀਡੀਓ

ਇਨ੍ਹਾਂ ਦੋ ਵਾਇਰਲ ਵੀਡੀਓ ਤੋਂ ਇਲਾਵਾ ਇੱਕ ਹੋਰ ਤੀਸਰਾ ਵੀਡੀਓ ਵੀ ਹੈ, ਜਿਸ ਨੂੰ ਕਈ ਸੱਜੇ ਪੱਖੀ ਰੁਝਾਨ ਰੱਖਣ ਵਾਲੇ ਫੇਸਬੁੱਕ ਦੇ ਗਰੁੱਪਾਂ ਵਿੱਚ, ਟਵਿੱਟਰ 'ਤੇ, ਸ਼ੇਅਰਚੈਟ ਅਤੇ ਵਟਸਐਪ 'ਤੇ ਸਾਂਝਾ ਕੀਤਾ ਗਿਆ।

ਇਸ ਵੀਡੀਓ ਵਿੱਚ ਕੁਝ ਲੋਕ ਇੱਕ ਖੰਡਰ ਇਮਾਰਤ ਦੇ ਨਜ਼ਦੀਕ ਭੱਜਦੇ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੂੰ ਇੱਕ ਲੜਾਕੂ ਜਹਾਜ ਨਿਸ਼ਾਨਾ ਬਣਾ ਲੈਂਦਾ ਹੈ।

ਇਸ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉਨ੍ਹਾਂ ਵਿੱਚੋਂ ਇੱਕ ਮਿਰਾਜ ਜਹਾਜ਼ ਦਾ ਹੈ ਜੋ ਪਾਕਿਸਤਾਨ ਵਿੱਚ ਹਵਾਈ ਹਮਲੇ ਦੇ ਖੂਫੀਆ ਮਿਸ਼ਨ ਵਿੱਚ ਸ਼ਾਮਲ ਸੀ।

ਵੀਡੀਓ ਨੂੰ ਸ਼ੇਅਰ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਇਸ ਹਮਲੇ ਵਿੱਚ 300 ਤੋਂ ਵਧੇਰੇ ਕੱਟੜਪੰਥੀ ਮਾਰੇ ਗਏ ਹਨ।

ਇਹ ਵੀ ਪੜ੍ਹੋ:

ਅਸਲ ਵਿੱਚ ਇਹ ਆਮਰਾ-2 ਵੀਡੀਓ ਗੇਮ ਦੀ ਇੱਕ ਰਿਕਾਰਡਿੰਗ ਹੈ।

ਫੌਜੀ ਅਭਿਆਨਾਂ 'ਤੇ ਆਧਾਰਿਤ ਇਸ ਵੀਡੀਓ ਗੇਮ ਦੀ ਇਹ ਰਿਕਾਰਡਿੰਗ 9 ਜੁਲਾਈ ਨੂੰ ਯੂ-ਟਿਊਬ ’ਤੇ ਪੋਸਟ ਕੀਤੀ ਗਈ ਸੀ।

ਕੀ ਹੈ ਐੱਲਓਸੀ (ਲਾਈਨ ਆਫ ਕੰਟਰੋਲ)?

  • ਭਾਰਤ ਪਾਕਿਸਤਾਨ ਵਿਚਾਲੇ 1947-48 ਦੀ ਜੰਗ ਤੋਂ ਬਾਅਦ 1949 ਵਿੱਚ ਕਰਾਚੀ ਸਮਝੌਤਾ ਹੋਇਆ ਸੀ। ਇਸ ਸਮਝੌਤੇ ਤਹਿਤ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਤੇ ਭਾਰਤ ਵਿਚਾਲੇ ਜੰਗਬੰਦੀ ਦੀ ਹੱਦ ( ਸੀਜ਼ਫਾਇਰ ਲਾਈਨ) ਨਿਰਧਾਰਿਤ ਹੋਈ ਸੀ।
  • 1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ 1972 ਵਿੱਚ ਸ਼ਿਮਲਾ ਸਮਝੌਤਾ ਹੋਇਆ ਸੀ। ਇਸ ਦੇ ਤਹਿਤ ਲਗਪਗ 1949 ਦੀ ਜੰਗਬੰਦੀ ਦੀ ਰੇਖਾ ਨੂੰ ਹੀ ਲਾਈਨ ਆਫ ਕੰਟਰੋਲ ਮੰਨ ਲਿਆ ਗਿਆ ਸੀ।
  • ਐੱਲਓਸੀ ਦੇ ਇੱਕ ਪਾਸੇ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਹੈ ਤੇ ਦੂਜੇ ਪਾਸੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਹੈ। ਐੱਲਓਸੀ 740 ਕਿਲੋਮੀਟਰ ਲੰਬੀ ਹੈ। ਇਸ ਦੇ ਦੋਨੋਂ ਪਾਸੇ ਭਾਰਤ ਤੇ ਪਾਕਿਸਤਾਨ ਦੇ ਹਜ਼ਾਰਾਂ ਫੌਜੀ ਕਈ ਦਹਾਕਿਆਂ ਤੋਂ ਤਾਇਨਾਤ ਹਨ।
  • 1972 ਦੇ ਸਮਝੌਤੇ ਤਹਿਤ ਭਾਰਤ ਤੇ ਪਾਕਿਸਤਾਨ ਦੇ ਫੌਜੀ ਅਫਸਰਾਂ ਦੀ ਰਜ਼ਾਮੰਦੀ ਨਾਲ ਐੱਲਓਸੀ ਜੰਮੂ-ਕਸ਼ਮੀਰ ਵਿੱਚ ਸੰਗਮ ਤੋਂ ਪੁਆਈਂਟ NJ9842 (ਨੌਰਥ ਜਲੌਟਾ) ਤੱਕ ਹੈ।
  • ਆਮ ਲੋਕਾਂ ਦੀ ਸਮਝ ਵਿੱਚ ਜੰਮੂ ਵਿੱਚ ਐੱਲਓਸੀ ਪੁੰਛ ਤੇ ਰਾਜੌਰੀ ਕੋਲੋਂ ਨਿਕਲਦੀ ਹੈ ਤੇ ਕਸ਼ਮੀਰ ਵਿੱਚ ਇਹ ਕੁਪਵਾੜਾ ਤੇ ਉੜੀ ਕੋਲੋਂ ਲੰਘਦੀ ਹੈ।
  • ਐੱਲਓਸੀ ਦੇ ਦੋਵੇਂ ਪਾਸੇ ਫੌਜੀਆਂ ਦੀ ਫਾਇਰਿੰਗ ਆਮ ਗੱਲ ਹੈ। 1990ਵਿਆਂ ਵਿੱਚ ਭਾਰਤੀ ਫੌਜ ਨੇ ਐੱਲਓਸੀ ਦੀ ਤਾਰਬੰਦੀ ਦਾ ਕੰਮ ਸ਼ੁਰੂ ਕੀਤਾ ਸੀ ਜਿਸ ਦਾ ਪਾਕਿਸਤਾਨ ਨੇ ਵਿਰੋਧ ਕੀਤਾ ਸੀ।
  • 2003 ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਐੱਲਓਸੀ 'ਤੇ ਜੰਗਬੰਦੀ ਦੇ ਐਲਾਨ ਤੋਂ ਬਾਅਦ 2004 ਵਿੱਚ ਐੱਲਓਸੀ 'ਤੇ ਜੰਗਬੰਦੀ ਦਾ ਕੰਮ ਪੂਰਾ ਕਰ ਲਿਆ ਗਿਆ ਸੀ। 2003 ਤੋਂ 2013 ਤੱਕ ਐੱਲਓਸੀ 'ਤੇ ਫਾਇਰਿੰਗ ਦੀਆਂ ਘਟਨਾਵਾਂ ਬਹੁਤ ਘੱਟ ਗਈਆਂ ਸਨ ਪਰ 2013 ਤੋਂ ਬਾਅਦ ਇਹ ਫਿਰ ਵਧ ਗਈਆਂ ਹਨ।
  • ਐੱਲਓਸੀ ਕੌਮਾਂਤਰੀ ਤੌਰ 'ਤੇ ਮਾਨਤਾ ਪ੍ਰਾਪਤ ਕੌਮਾਂਤਰੀ ਸਰਹੱਦ ਨਹੀਂ ਹੈ।

ਹੇਠ ਦਿੱਤੇ ਗਏ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)