ਪਾਕਿਸਤਾਨ ਵੱਲੋਂ ਹਿਰਾਸਤ ’ਚ ਲਏ ਜ਼ਖਮੀ ਭਾਰਤੀ ਫੌਜੀ ਨੂੰ ਦਿਖਾਉਣਾ ਬੇਹੂਦਾ - ਭਾਰਤ

ਬਿਪਨ ਰਾਵਤ Image copyright Pib

ਭਾਰਤ ਨੇ ਪਾਕਿਸਤਾਨ ਵੱਲੋਂ ਜ਼ਖਮੀ ਭਾਰਤੀ ਫੌਜੀ ਦੀਆਂ ਨੂੰ ਦਿਖਾਏ ਜਾਣ ਨੂੰ ਬੇਹੂਦਾ ਕਰਾਰ ਦਿੱਤਾ ਹੈ।

ਪਾਕਿਸਤਾਨ ਦੀ ਹਵਾਈ ਫੌਜ ਵੱਲੋਂ ਭਾਰਤੀ ਸਰਹੱਦ ਵਿੱਚ ਦਾਖਿਲ ਹੋ ਕੇ ਕਾਰਵਾਈ ਕੀਤੀ ਗਈ। ਉਸੇ ਕਾਰਵਾਈ ਦੌਰਾਨ ਭਾਰਤ ਦੇ ਇੱਕ ਹਵਾਈ ਫੌਜੀ ਅਭਿਨੰਦਨ ਨੂੰ ਪਾਕਿਸਤਾਨ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਭਾਰਤ ਦਾ ਕਹਿਣਾ ਹੈ ਕਿ ਇਹ ਕੌਮਾਂਤਰੀ ਇਨਸਾਨੀਅਤ ਪੱਖੀ ਕਾਨੂੰਨ ਅਤੇ ਜਿਨੇਵਾ ਕਨਵੈਸ਼ਨ ਦੀ ਉਲੰਘਣਾ ਹੈ। ਭਾਰਤ ਵੱਲੋਂ ਜਾਰੀ ਬਿਆਨ ਵਿੱਚ ਅੱਗੇ ਕਿਹਾ ਗਿਆ, "ਪਾਕਿਸਤਾਨ ਨੂੰ ਇਹ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਉਸ ਵੱਲੋਂ ਹਿਰਾਸਤ ਵਿੱਚ ਲਏ ਭਾਰਤੀ ਸੁਰੱਖਿਆ ਕਰਮੀ ਨੂੰ ਕੋਈ ਵੀ ਨੁਕਸਾਨ ਨਾ ਪਹੁੰਚਾਇਆ ਜਾਵੇ।"

"ਭਾਰਤ ਆਪਣੇ ਫੌਜੀ ਦੀ ਤੁਰੰਤ ਅਤੇ ਸੁਰੱਖਿਅਤ ਵਾਪਸੀ ਦੀ ਉਮੀਦ ਕਰਦਾ ਹੈ।"

ਭਾਰਤ ਵਿੱਚ ਪਾਕਿਸਤਾਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਸਮੰਨ ਕੀਤਾ ਅਤੇ ਪਾਕਿਸਤਾਨ ਵੱਲੋਂ ਕੀਤੀ ਕਾਰਵਾਈ ਲਈ ਵਿਰੋਧ ਦਰਜ ਕਰਵਾਇਆ ਗਿਆ ਹੈ।

ਭਾਰਤ ਵੱਲੋਂ ਹਾਈ ਕਮਿਸ਼ਨਰ ਨੂੰ ਕਿਹਾ ਗਿਆ ਕਿ ਉਨ੍ਹਾਂ ਦੀ ਕਾਰਵਾਈ, ਭਾਰਤ ਵੱਲੋਂ ਜੈਸ਼-ਏ-ਮੁਹੰਮਦ ਦੇ ਬਾਲਾਕੋਟ ਅੱਤਵਾਦੀ ਕੈਂਪ 'ਤੇ 26 ਫਰਵਰੀ, 2019 ਨੂੰ ਕੀਤੀ ਗਈ ਗ਼ੈਰ - ਫੌਜੀ, ਅੱਤਵਾਦ ਵਿਰੋਧੀ ਅਤੇ ਰੱਖਿਆਤਮਕ ਕਾਰਵਾਈ ਦੇ ਉਲਟ ਹੈ।

ਭਾਰਤ ਨੇ ਕਿਹਾ, "ਪਾਕਿਸਤਾਨ ਨੂੰ ਪੁਲਵਾਮਾ ਹਮਲੇ ਵਿੱਚ ਜੈਸ਼-ਏ-ਮੁਹੰਮਦ ਦੀ ਸ਼ਮੂਲੀਅਤ ਬਾਰੇ ਅਤੇ ਪਾਕਿਸਾਤਾਨ ਵਿੱਚ ਜੈਸ਼-ਏ-ਮੁਹੰਮਦ ਕੈਂਪਾਂ ਦੀ ਮੌਜੂਦਗੀ ਬਾਰੇ ਡੌਜ਼ੀਅਰ ਸੌਂਪਿਆ ਗਿਆ ਹੈ।"

ਭਾਰਤ ਵੱਲੋਂ ਇਹ ਦੱਸਿਆ ਗਿਆ ਹੈ ਕਿ ਭਾਰਤ ਪਾਕਿਸਤਾਨ ਤੋਂ ਉਮੀਦ ਕਰਦਾ ਹੈ ਕਿ ਉਹ ਆਪਣੀ ਜ਼ਮੀਨ ਤੋਂ ਹੁੰਦੀ ਅੱਤਵਾਦੀ ਗਤੀਵਿਧੀਆਂ ਦਾ ਖਾਤਮਾ ਕਰੇ।

ਸਾਡੀ ਹਿਰਾਸਤ ਵਿੱਚ ਇੱਕੋ ਪਾਇਲਟ - ਪਾਕਿਸਤਾਨ

ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ ਦਰਮਿਆਨ ਪਾਕਿਸਤਾਨ ਨੇ ਕਿਹਾ ਹੈ ਕਿ ਉਸ ਦੇ ਕਬਜ਼ੇ ਵਿੱਚ ਕੇਵਲ ਇੱਕੋ ਪਾਇਲਟ ਹੈ।

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਦੋ ਪਾਇਲਟਾਂ ਨੂੰ ਫੜਿਆ ਸੀ ਜਿਨ੍ਹਾਂ ਵਿੱਚ ਇੱਕ ਦਾ ਇਲਾਜ ਚੱਲ ਰਿਹਾ ਹੈ।

ਪਾਕਿਸਤਾਨ ਫੌਜ ਨੇ ਇੱਕ ਪਾਇਲਟ ਦਾ ਵੀਡੀਓ ਜਾਰੀ ਕੀਤਾ ਸੀ ਜਦਕਿ ਦੂਜੇ ਪਾਇਲਟ ਨੂੰ ਸੈਂਟਰਲ ਮਿਲਟਰੀ ਹਸਪਤਾਲ ਵਿੱਚ ਭਰਤੀ ਕੀਤੇ ਜਾਣ ਦੀ ਗੱਲ ਕੀਤੀ ਸੀ।

ਪਰ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਭਾਰਤ ਦਾ ਇੱਕ ਮਿਗ-21 ਕਰੈਸ਼ ਹੋਇਆ ਹੈ ਅਤੇ ਇੱਕ ਪਾਇਲਟ ਲਾਪਤਾ ਹੈ।

ਦੁਪਹਿਰ ਵਿੱਚ ਪਾਕਿਸਤਾਨ ਫੌਜ ਨੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਬਜ਼ੇ ਵਿੱਚ ਦੋ ਭਾਰਤੀ ਪਾਇਲਟ ਹਨ।

ਪਰ ਸ਼ਾਮ ਹੁੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਇੱਕ ਹੀ ਭਾਰਤੀ ਪਾਇਲਟ ਅਭਿਨੰਦਨ ਹੈ।

ਪਾਕਿਸਤਾਨ ਵੱਲੋਂ ਜੋ ਵੀਡੀਓ ਪਹਿਲਾਂ ਜਾਰੀ ਹੋਇਆ ਸੀ, ਉਸ ਵਿਅਕਤੀ ਨੇ ਭਾਰਤੀ ਹਵਾਈ ਫੌਜ ਦੀ ਵਰਦੀ ਪਾਈ ਹੋਈ ਹੈ। ਜਿਸ ਉੱਤੇ ਅੰਗਰੇਜ਼ੀ ਵਿੱਚ ਉਸਦਾ ਨਾਂ ਲਿਖਿਆ ਹੈ। ਇਹ ਵਿਅਕਤੀ ਆਪਣਾ ਸਰਵਿਸ ਨੰਬਰ ਵੀ ਦੱਸ ਰਿਹਾ ਹੈ।

ਪਾਕਿਸਤਾਨ-ਭਾਰਤ ਤਣਾਅ ਬਾਰੇ ਹੋਰ ਖ਼ਬਰਾਂ:

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)

ਸਬੰਧਿਤ ਵਿਸ਼ੇ