ਕੀ ਅਭਿਨੰਦਨ ਨੂੰ ਰਿਹਾਅ ਕਰਕੇ ਮੋਦੀ ਨੂੰ ਇਮਰਾਨ ਨੇ ਦਿੱਤੀ ਮਾਤ?

ਇਮਰਾਨ ਖ਼ਾਨ ਅਤੇ ਨਰਿੰਦਰ ਮੋਦੀ Image copyright MEA/INDIA
ਫੋਟੋ ਕੈਪਸ਼ਨ ਪੀਐਮ ਮੋਦੀ ਨੇ ਵਿਅੰਗ ਕੱਸਦੇ ਹੋਏ ਕਿਹਾ, "ਪਾਇਲਟ ਪ੍ਰੋਜੈਕਟ ਪੂਰਾ ਹੋ ਗਿਆ ਹੈ ਅਤੇ ਹੁਣ ਇਸ ਨੂੰ ਸੱਚ ਕਰ ਦਿਖਾਉਣਾ ਹੈ।"

ਪਾਕਿਸਤਾਨ ਤੋਂ ਭਾਰਤੀ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਦੇ ਨਾਲ ਹੀ ਦੋਵੇਂ ਪਰਮਾਣੂ ਸ਼ਕਤੀ ਨਾਲ ਲੈਸ ਦੇਸਾਂ ਵਿਚਾਲੇ ਪੈਦਾ ਹੋਏ ਤਣਾਅ ਵਿੱਚ ਕਮੀ ਦੀ ਉਮੀਦ ਕੀਤੀ ਜਾ ਰਹੀ ਹੈ।

ਇਹ ਤਣਾਅ ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫਿਲੇ ’ਤੇ ਹੋਏ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ ਜਿਸ ਵਿੱਚ ਭਾਰਤ ਦੇ 40 ਜਵਾਨਾਂ ਦੀ ਮੌਤ ਹੋਈ ਸੀ।

ਅਜਿਹੇ ਵਿੱਚ ਸਵਾਲ ਇਹ ਹੈ ਕਿ, ਪੂਰੇ ਤਣਾਅ ਦੌਰਾਨ ਅਖੀਰ ਕੌਣ ਜਿੱਤਿਆ?

ਵੀਰਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਸਦ ਵਿੱਚ ਐਲਾਨ ਕੀਤਾ ਸੀ ਕਿ ਪਾਕਿਸਤਾਨ ਭਾਰਤੀ ਪਾਇਲਟ ਨੂੰ 'ਸ਼ਾਂਤੀ ਦੀ ਉਮੀਦ' ਵਿੱਚ ਭਾਰਤ ਨੂੰ ਸੌਂਪ ਦੇਵੇਗਾ।

ਦਿੱਲੀ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸੇ ਦਿਨ ਵਿਗਿਆਨੀਆਂ ਦੀ ਇੱਕ ਬੈਠਕ ਨੂੰ ਸੰਬੋਧਨ ਕਰ ਰਹੇ ਸਨ।

ਇਮਰਾਨ ਖ਼ਾਨ ਦੇ ਐਲਾਨ ਤੋਂ ਬਾਅਦ ਮੋਦੀ ਨੇ ਪਾਕਿਸਤਾਨ 'ਤੇ ਵਿਅੰਗ ਕੱਸਦੇ ਹੋਏ ਕਿਹਾ ਸੀ, "ਪਾਇਲਟ ਪ੍ਰੋਜੈਕਟ ਪੂਰਾ ਹੋ ਗਿਆ ਹੈ ਅਤੇ ਹੁਣ ਇਸ ਨੂੰ ਸੱਚ ਕਰ ਦਿਖਾਉਣਾ ਹੈ।"

ਇਹ ਵੀ ਪੜ੍ਹੋ:

ਮੋਦੀ ਦੀ ਇਹ ਟਿੱਪਣੀ ਉਨ੍ਹਾਂ ਦੇ ਸਮਰਥਕਾਂ ਨੂੰ ਕਾਫ਼ੀ ਰਾਸ ਆਈ ਪਰ ਕਈ ਲੋਕਾਂ ਨੂੰ ਇਹ ਟਿੱਪਣੀ ਪਸੰਦ ਨਹੀਂ ਆਈ।

ਮੰਗਲਵਾਰ ਨੂੰ ਜਦੋਂ ਭਾਰਤੀ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਵਿੱਚ ਦਾਖਿਲ ਹੋ ਕੇ ਕਥਿਤ ਤੌਰ 'ਤੇ ਬਾਲਾਕੋਟ ਵਿੱਚ ਮੌਜੂਦ ਅੱਤਵਾਦੀ ਕੈਂਪਾਂ ਉੱਤੇ ਬੰਬ ਸੁੱਟੇ ਤਾਂ ਪੀਐਮ ਮੋਦੀ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਦੇਸ ਸੁਰੱਖਿਅਤ ਹੱਥਾਂ ਵਿੱਚ ਹੈ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਅਭਿਨੰਦਨ ਦੀ ਵਿਦਾਈ: 'ਇਮਰਾਨ ਵਿਖਾਉਣਾ ਚਾਹੁੰਦੇ ਹਨ ਕਿ ਫੈਸਲੇ ਉਹ ਲੈਂਦੇ ਹਨ'

ਇਸ ਰੈਲੀ ਵਿੱਚ ਮੋਦੀ ਲਈ ਬਹੁਤ ਤਾੜੀਆਂ ਵੱਜੀਆਂ ਪਰ 24 ਘੰਟਿਆਂ ਦੇ ਅੰਦਰ ਹੀ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈ ਕੀਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਭਾਰਤ ਦੇ ਇੱਕ ਲੜਾਕੂ ਜਹਾਜ਼ ਨੂੰ ਮਾਰ ਮੁਕਾਇਆ ਹੈ।

ਪਾਕਿਸਤਾਨ ਦਾ ਦਾਅਵਾ ਉਸ ਵੇਲੇ ਸੱਚ ਵੀ ਸਾਬਿਤ ਹੋ ਗਿਆ ਜਦੋਂ ਉਸ ਹਾਦਸੇ ਵਾਲੇ ਜਹਾਜ਼ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਇੱਕ ਵੀਡੀਓ ਵਿੱਚ ਪਾਕਿਸਤਾਨੀ ਕਬਜ਼ੇ ਵਿੱਚ ਦੇਖਿਆ ਗਿਆ।

ਹਾਲਾਂਕਿ ਇਸ ਦੌਰਾਨ ਦੋਹਾਂ ਦੇਸਾਂ 'ਤੇ ਤਣਾਅ ਘੱਟ ਕਰ ਸ਼ਾਂਤੀ ਬਹਾਲ ਕਰਨ ਦਾ ਦਬਾਅ ਸੀ। ਅਜਿਹੇ ਵਿੱਚ ਇਮਰਾਨ ਖ਼ਾਨ ਪਹਿਲਾਂ ਦੋ ਕਦਮ ਅੱਗੇ ਵਧੇ ਅਤੇ ਉਨ੍ਹਾਂ ਨੇ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ।

ਸਾਬਕਾ ਭਾਰਤੀ ਰਾਜਦੂਤ ਅਤੇ ਕੂਟਨੀਤਿਕ ਮਾਮਲਿਆਂ ਦੇ ਮਾਹਿਰ ਕੇਸੀ ਸਿੰਘ ਮੰਨਦੇ ਹਨ ਕਿ ਇਮਰਾਨ ਖ਼ਾਨ ਦੀ ਡਿਪਲੋਮੈਟਿਕ ਰਿਵਰਸ ਸਵਿੰਗ ਵਿੱਚ ਮੋਦੀ ਨੇ ਖੁਦ ਨੂੰ ਫਸਿਆ ਹੋਇਆ ਮਹਿਸੂਸ।

(ਰਿਵਰਸ ਸਵਿੰਗ ਕ੍ਰਿਕਟ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ ਜਿਸ ਵਿੱਚ ਘੁੰਮਦੀ ਹੋਈ ਗੇਂਦ ਅਚਾਨਕ ਤੋਂ ਬੱਲੇਬਾਜ਼ ਵੱਲ ਆ ਜਾਂਦੀ ਹੈ। ਇਮਰਾਨ ਖ਼ਾਨ ਦੁਨੀਆਂ ਦੇ ਬਿਹਤਰੀਨ ਕ੍ਰਿਕਟ ਖਿਡਾਰੀ ਰਹੇ ਹਨ।)

ਸੁਰੱਖਿਆ ਦਾ ਸੰਕਟ

ਸਾਲ 2014 ਵਿਚ ਵੱਡੇ ਬਹੁਮਤ ਦੇ ਨਾਲ ਸੱਤਾ ਵਿਚ ਆਉਣ ਤੋਂ ਬਾਅਦ ਮੋਦੀ ਦੀ ਪਕੜ ਭਾਰਤੀ ਸਿਆਸਤ ਵਿੱਚ ਮਜ਼ਬੂਤ ਹੋ ਗਈ। ਸਥਾਨਕ ਮੀਡੀਆ ਦੇ ਆਗਿਆਕਾਰੀ ਰੁਖ ਕਾਰਨ ਮੋਦੀ ਦਾ ਦਬੰਗ ਰਾਸ਼ਟਰਵਾਦੀ ਅਕਸ ਉਭਰ ਕੇ ਸਾਹਮਣੇ ਆਇਆ ਹੈ।

ਅਜਿਹੇ ਵਿੱਚ ਕਈ ਲੋਕ ਹੈਰਾਨ ਹੁੰਦੇ ਹਨ ਜਦੋਂ ਦੇਸ ਮੁਸ਼ਕਿਲ ਹਾਲਾਤ ਵਿੱਚ ਸੀ ਅਤੇ ਪਰਮਾਣੂ ਸ਼ਕਤੀ ਨਾਲ ਲੈਸ ਗੁਆਂਢੀ ਤੋਂ ਜੰਗ ਦੀ ਅਫ਼ਵਾਹ ਹਿਲੋਰੇ ਮਾਰ ਰਹੀ ਸੀ, ਉਸ ਨਾਲੇ ਆਪਣੇ ਬਿਊਰੋਕਰੈਟਸ ਅਤੇ ਫੌਜ ਦੇ ਅਧਿਕਾਰੀਆਂ ਨੂੰ ਮੀਡੀਆ ਦੇ ਸਾਹਮਣੇ ਭੇਜਣ ਦੀ ਥਾਂ ਮੋਦੀ ਖੁਦ ਸਾਹਮਣੇ ਕਿਉਂ ਨਹੀਂ ਆਏ।

Image copyright AFP

ਇਸ ਤਰ੍ਹਾਂ ਦੀ ਨਾਰਾਜ਼ਗੀ ਭਾਰਤ ਦੀ ਮੁੱਖ ਵਿਰੋਧੀ ਪਾਰਟੀਆਂ ਵਿੱਚ ਵੀ ਸੀ। ਦੇਸ ਦੀਆਂ 21 ਵਿਰੋਧੀ ਪਾਰਟੀਆਂ ਨੇ ਮੋਦੀ ਦੀ ਇਸ ਗੱਲ ਲਈ ਆਲੋਚਨਾ ਕੀਤੀ ਕਿ ਜਦੋਂ ਦੇਸ ਉਨ੍ਹਾਂ ਦੇ ਕਾਰਜਕਾਲ ਵਿੱਚ ਵੱਡੇ ਸੰਕਟ ਵਿੱਚ ਹੈ ਤਾਂ ਉਹ ਚੋਣ ਅਤੇ ਸਿਆਸੀ ਪ੍ਰੋਗਰਾਮਾਂ ਵਿੱਚ ਰੁਝੇ ਰਹੇ।

ਇੱਥੋਂ ਤੱਕ ਕਿ ਉਹ ਇੱਕ ਮੋਬਾਈਲ ਐਪ ਦੇ ਲਾਂਚ ਪ੍ਰੋਗਰਾਮ ਵਿੱਚ ਵੀ ਸ਼ਾਮਿਲ ਹੋਏ।

ਕਈ ਲੋਕ ਮੰਨਦੇ ਹਨ ਕਿ ਪਾਕਿਸਤਾਨ ਦੀ ਤਤਕਾਲੀ ਜਵਾਬੀ ਕਾਰਵਾਈ ਵਿੱਚ ਭਾਰਤ ਦੇ ਲੜਾਕੂ ਜਹਾਜ਼ ਦਾ ਨਸ਼ਟ ਹੋਣਾ ਅਤੇ ਇੱਕ ਪਾਇਲਟ ਦਾ ਸਰਹੱਦ ਪਾਰ ਗ੍ਰਿਫ਼ਤਾਰ ਕੀਤਾ ਜਾਣਾ ਮੋਦੀ ਲਈ ਕਰਾਰਾ ਝਟਕਾ ਸੀ ਅਤੇ ਹੈਰਾਨ ਕਰਨ ਵਾਲਾ ਵੀ ਸੀ।

ਇਸ ਦੌਰਾਨ ਇਮਰਾਨ ਖ਼ਾਨ ਤਣਾਅ ਘੱਟ ਕਰਨ ਅਤੇ ਗੱਲਬਾਤ ਦੀ ਪੇਸ਼ਕਸ਼ ਕਰਦੇ ਰਹੇ। ਇਸ ਕੜੀ ਵਿੱਚ ਉਨ੍ਹਾਂ ਨੇ ਭਾਰਤੀ ਪਾਇਲਟ ਦੀ ਰਿਹਾਈ ਦਾ ਵੀ ਐਲਾਨ ਕਰ ਦਿੱਤਾ।

ਕੇਸੀ ਸਿੰਘ ਮੰਨਦੇ ਹਨ ਕਿ ਇਮਰਾਨ ਖ਼ਾਨ ਇਸ ਦੌਰਾਨ ਮਾਣ ਵਾਲੇ ਅਤੇ ਸਬਰ ਰੱਖਣ ਵਾਲੇ ਨੇਤਾ ਦਾ ਅਕਸ ਬਣਾਉਣ ਵਿੱਚ ਕਾਮਯਾਬ ਰਹੇ। ਖ਼ਾਨ ਨੇ ਇੱਕ ਸੁਨੇਹਾ ਦਿੱਤਾ ਕਿ ਪਾਕਿਸਤਾਨ ਮਸਲਿਆਂ ਦਾ ਹੱਲ ਸੰਵਾਦ ਰਾਹੀਂ ਕਰਨ ਲਈ ਤਿਆਰ ਹੈ।

ਭਾਰਤੀ ਪਾਇਲਟ ਨੂੰ ਵਾਪਸ ਭੇਜਣ ਦਾ ਐਲਾਨ ਕਰ ਪੀਐਮ ਖ਼ਾਨ ਨੇ ਸਭ ਨੂੰ ਹੈਰਾਨ ਕਰ ਦਿੱਤਾ।

Image copyright AFP

ਇਸ ਦੌਰਾਨ ਇਮਰਾਨ ਖ਼ਾਨ ਆਪਣੇ ਲੋਕਾਂ, ਸੁਰੱਖਿਆ ਅਧਿਕਾਰੀਆਂ ਅਤੇ ਮੀਡੀਆ ਨਾਲ ਰੈਗੁਲਰ ਤੌਰ 'ਤੇ ਗੱਲਬਾਤ ਕਰਦੇ ਰਹੇ।

ਭਾਰਤ ਵਿੱਚ ਕਈ ਲੋਕਾਂ ਨੂੰ ਲੱਗ ਰਿਹਾ ਹੈ ਕਿ ਪੂਰੇ ਘਟਨਾਕ੍ਰਮ ਵਿੱਚ ਇਮਰਾਨ ਖ਼ਾਨ ਇੱਕ 'ਪ੍ਰਸੰਗਿਕ ਆਗੂ' ਦੇ ਤੌਰ 'ਤੇ ਸਾਹਮਣੇ ਆਏ ਹਨ ਜੋ ਗੱਲਬਾਤ ਅਤੇ ਸ਼ਾਂਤੀ ਰਾਹੀਂ ਤਣਾਅ ਨੂੰ ਘੱਟ ਕਰਨ ਲਈ ਰਾਹ ਲੱਭਣ ਦੀ ਪਹਿਲ ਕਰ ਰਿਹਾ ਹੈ।

ਦੂਜੇ ਪਾਸੇ ਭਾਰਤੀ ਪੀਐੱਮ ਮੋਦੀ ਦੇ ਹੱਥਾਂ ਨਾਲ ਪੂਰਾ ਘਟਨਾਕ੍ਰਮ ਫਿਸਲਦਾ ਨਜ਼ਰ ਆਇਆ। ਇਤਿਹਾਸਕਾਰ ਸ਼੍ਰੀਨਾਥ ਰਾਘਵਨ ਮੰਨਦੇ ਹਨ ਕਿ ਪਾਕਿਸਤਾਨ ਨੇ ਪੂਰੇ ਮਾਮਲੇ ਵਿੱਚ ਹੈਰਾਨ ਕੀਤਾ ਹੈ।

ਭਾਰਤ ਨੇ 14 ਫਰਵਰੀ ਨੂੰ ਪੁਲਵਾਮਾ ਵਿੱਚ 40 ਤੋਂ ਵੱਧ ਸੀਆਰਪੀਐਫ਼ ਦੇ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਪਾਕਿਸਤਾਨ ’ਤੇ ਅੱਧੀ ਰਾਤ ਨੂੰ ਕਾਰਵਾਈ ਕੀਤੀ ਸੀ।

ਪਰ ਪਾਕਿਸਤਾਨ ਦੀ ਜਵਾਬੀ ਕਾਰਵਾਈ ਜ਼ਿਆਦਾ ਤਿੱਖੀ ਅਤੇ ਧੱਕੇਬਾਜ਼ ਰਹੀ। ਪਾਕਿਸਤਾਨ ਨੇ ਦੂਜੇ ਹੀ ਦਿਨ ਰੌਸ਼ਨੀ ਵਿੱਚ ਅਜਿਹਾ ਕੀਤਾ।

'ਬਦਲਾ ਰਣਨੀਤੀ ਨਹੀਂ ਹੁੰਦੀ'

ਇੱਕ ਭਾਰਤੀ ਪਾਇਲਟ ਦਾ ਪਾਕਿਸਤਾਨ ਵਿੱਚ ਫੜ੍ਹ ਲਿਆ ਜਾਣਾ ਮੋਦੀ ਸਰਕਾਰ ਦੀਆਂ ਉਮੀਦਾਂ ਅਤੇ ਉਨ੍ਹਾਂ ਦੀ ਬਣਾਈ ਤਸਵੀਰ ਤੋਂ ਉਲਟਾ ਸੀ। ਇਸ ਨਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਸਰਕਾਰ ਦੀ ਤਿਆਰੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ।

ਪਾਕਿਸਤਾਨ ਦੇ ਕਬਜ਼ੇ ਵਿੱਚ ਭਾਰਤੀ ਪਾਇਲਟ ਦੇ ਆਉਣ ਨਾਲ ਘਟਨਾਕ੍ਰਮ ਦਾ ਪੂਰਾ ਰੁਖ ਹੀ ਬਦਲ ਗਿਆ। ਹੁਣ ਪਾਇਲਟ ਨੂੰ ਵਾਪਸ ਲਿਆਉਣ ਦੀ ਗੱਲ ਹੋਣ ਲੱਗੀ।

ਪਾਕਿਸਤਾਨ ਦੇ ਹਮਲੇ ਦੇ 30 ਘੰਟਿਆਂ ਬਾਅਦ ਭਾਰਤ ਦੀ ਫੌਜ ਵੱਲੋਂ ਬਿਆਨ ਆਇਆ। ਇਸ ਤੋਂ ਬਾਅਦ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੇ ਕਾਬੂ ਵਿੱਚ ਹਾਲਾਤ ਨਹੀਂ ਰਹੇ। ਅਖੀਰ ਸਰਕਾਰ ਪੂਰੇ ਮਾਮਲੇ 'ਤੇ ਕਾਬੂ ਲਈ ਆਪਣੀ ਪਿੱਠ ਥਪਥਪਾਉਣ ਦੀ ਕੋਸ਼ਿਸ਼ ਕਰਦੀ ਦਿਖੀ।

ਮੋਦੀ ਕੋਈ ਪਹਿਲੇ ਪ੍ਰਧਾਨ ਮੰਤਰੀ ਨਹੀਂ ਹਨ ਜਿਨ੍ਹਾਂ ਨੇ ਪਾਕਿਸਤਾਨ ਸਥਿਤ ਅੱਤਵਾਦੀ ਗਰੁੱਪਾਂ ਦੇ ਉਕਸਾਉਣ ਕਾਰਨ ਸੁਰੱਖਿਆ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਈ ਅਤੇ ਮਨਮੋਹਨ ਸਿੰਘ ਨੂੰ ਵੀ ਸਰਹੱਦ ਪਾਰ ਹੋਣ ਵਾਲੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਭਾਰਤ ਨੇ ਇਸ ਦਾ ਜਵਾਬ ਵੀ ਦਿੱਤਾ ਹੈ।

ਪਰ ਉਦੋਂ ਯੋਜਨਾਬੱਧ ਫੈਸਲਾ ਹੁੰਦਾ ਸੀ। ਰਾਘਵਨ ਕਹਿੰਦੇ ਹਨ, "ਬਦਲਾ ਇੱਕ ਰਣਨੀਤਿਕ ਹਥਿਆਰ ਨਹੀਂ ਹੋ ਸਕਦਾ। ਭਾਵਨਾਵਾਂ 'ਤੇ ਆਧਾਰਿਤ ਰਣਨੀਤਿ ਕਈ ਵਾਰੀ ਕੰਮ ਨਹੀਂ ਆਉਂਦੀ।"

ਭਾਰਤੀ ਮੀਡੀਆ ਦੇ ਵੱਡੇ ਹਿੱਸੇ ਵਿੱਚ ਪਾਇਲਟ ਦੀ ਰਿਹਾਈ ਨੂੰ ਮੋਦੀ ਦੀ ਜਿੱਤ ਦੀ ਤਰ੍ਹਾਂ ਪੇਸ਼ ਕੀਤਾ ਗਿਆ। ਬਹੁਤ ਘੱਟ ਲੋਕ ਹਨ ਜੋ ਸਵਾਲ ਪੁੱਛ ਰਹੇ ਹਨ ਕਿ, ਪੁਲਵਾਮਾ ਹਮਲਾ ਕੀ ਖੂਫ਼ੀਆ ਏਜੰਸੀਆਂ ਦੀ ਨਾਕਾਮੀ ਨਹੀਂ ਸੀ? ਅਤੇ ਪਾਕਿਸਤਾਨ ਨੇ ਕਿਵੇਂ ਦਿਨ-ਦਹਾੜੇ ਤੁਹਾਡੇ ਜਹਾਜ਼ ਨੂੰ ਮਾਰ ਮੁਕਾਇਆ?

ਭਾਰਤ ਦੇ ਮਸ਼ਹੂਰ ਰੱਖਿਆ ਮਾਹਿਰ ਅਜੇ ਸ਼ੁਕਲਾ ਦਾ ਮੰਨਣਾ ਹੈ ਕਿ ਭਾਰਤੀ ਫੌਜ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਨੂੰ ਕਾਰਵਾਈ ਕਰਨ ਤੋਂ ਰੋਕਣ ਵਿਚ ਅਸਫ਼ਲ ਰਹੀ ਹੈ। ਸ਼ੁਕਲਾ ਮੰਨਦੇ ਹਨ ਕਿ ਭਾਰਤੀ ਫ਼ੌਜ ਆਪਣੇ ਕੰਮਾਂ ਦੁਆਰਾ ਟੀਚੇ ਤੱਕ ਨਹੀਂ ਪੁੱਜ ਸਕੀ ਹੈ।

ਇਹ ਵੀ ਪੜ੍ਹੋ:

ਸ਼ੁਕਲਾ ਦਾ ਕਹਿਣਾ ਹੈ, “ਪਾਕਿਸਤਾਨ ਨੇ ਦਿਖਾਇਆ ਹੈ ਕਿ ਉਹ ਭਾਰਤ ਨਾਲ ਬਰਾਬਰੀ ਕਰ ਸਕਦਾ ਹੈ। ਦਹਾਕਿਆਂ ਤੋਂ ਫੰਡ ਦੀ ਘਾਟ ਕਾਰਨ ਭਾਰਤੀ ਫੌਜ ਦੀ ਹਾਲਤ ਹੋਰ ਖਰਾਬ ਹੁੰਦੀ ਗਈ ਹੈ। ਇਸ ਲਈ ਮੋਦੀ ਪਾਕਿਸਤਾਨ ਵਿੱਚ ਭਰੋਸੇ ਨਾਲ ਕੋਈ ਵੱਡੀ ਕਾਰਵਾਈ ਨਹੀਂ ਕਰ ਸਕਦੇ।"

ਦੂਜੇ ਪਾਸੇ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਭਾਰਤੀ ਹਵਾਈ ਫੌਜ ਦੀ ਪਾਕਿਸਤਾਨ ਦੇ ਬਾਲਾਕੋਟ ਵਿੱਚ ਹੋਈ ਕਾਰਵਾਈ ਵਿੱਚ ਕਿੰਨਾ ਜਾਨ-ਮਾਲ ਦਾ ਨੁਕਸਾਨ ਹੋਇਆ ਹੈ।

ਭਾਰਤ ਦੁਆਰਾ ਅਧਿਕਾਰਤ ਤੌਰ 'ਤੇ ਇਸ ਕਾਰਵਾਈ ਵਿੱਚ ਕਿੰਨੇ ਲੋਕਾਂ ਦੀ ਹੱਤਿਆ ਕੀਤੀ ਗਈ ਹੈ, ਇਸ ਦੀ ਗਿਣਤੀ ਨਹੀਂ ਦੱਸੀ ਗਈ ਹੈ।ਜਦਕਿ ਮੀਡੀਆ ਦਾ ਇਕ ਹਿੱਸਾ 300 ਤੋਂ ਵੱਧ ਮੌਤਾਂ ਦਾ ਅੰਕੜਾ ਦੱਸ ਰਿਹਾ ਹੈ। ਕੁੱਲ ਮਿਲਾ ਕੇ ਪੂਰੇ ਮਾਮਲੇ ਵਿੱਚ ਮੋਦੀ ਕਈ ਸਵਾਲਾਂ ਦੇ ਘੇਰੇ ਵਿੱਚ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
Exclusive: ਜੈਸ਼-ਏ-ਮੁਹੰਮਦ 'ਤੇ ਕਾਰਵਾਈ ਬਾਰੇ ਕੀ ਬੋਲੇ ਪਾਕਿਸਤਾਨ ਦੇ ਵਿਦੇਸ਼ ਮੰਤਰੀ?

ਕੀ ਮੋਦੀ ਆਪਣੇ ਹੱਥਾਂ ਵਿੱਚੋਂ ਪੂਰੇ ਮਾਮਲੇ ਨੂੰ ਨਿਕਲ ਜਾਣ ਦੇਣਗੇ? ਕਈ ਲੋਕ ਮੰਨਦੇ ਹਨ ਕਿ ਇਮਰਾਨ ਖ਼ਾਨ ਪਾਕਿਸਤਾਨ ਵਿੱਚ 'ਧਾਰਨਾਵਾਂ ਦੀ ਲੜਾਈ' ਭਲੇ ਜਿੱਤ ਗਏ ਹਨ ਪਰ ਮੋਦੀ ਭਾਰਤ ਵਿੱਚ ਪੂਰੇ ਮਾਮਲੇ ਦੇ ਨੈਰੇਟਿਵ ਨਾਲ ਆਪਣੀ ਪਕੜ ਇੰਨੀ ਸੌਖਿਆਂ ਹੀ ਨਹੀਂ ਜਾਣ ਦੇਣਗੇ।

ਮੰਨੇ-ਪ੍ਰਮੰਨੇ ਕਾਲਮਨਵੀਸ ਸੰਤੋਸ਼ ਦੇਸਾਈ ਕਹਿੰਦੇ ਹਨ, "ਮੀਡੀਆ ਦੇ ਨੈਰੇਟਿਵ 'ਤੇ ਮੋਦੀ ਦਾ ਤਕਰੀਬਨ ਕਾਬੂ ਹੈ। ਮੈਨੂੰ ਨਹੀਂ ਲਗਦਾ ਕਿ ਮੋਦੀ ਧਾਰਨਾ ਦੀ ਲੜਾਈ ਹਾਰ ਰਹੇ ਹਨ। ਉਨ੍ਹਾਂ ਦੇ ਸਮਰਥਕਾਂ ਨੂੰ ਲਗਦਾ ਹੈ ਕਿ ਮੋਦੀ ਦੇ ਦਬਾਅ ਵਿੱਚ ਇਮਰਾਨ ਖ਼ਾਨ ਨੂੰ ਭਾਰਤੀ ਪਾਇਲਟ ਨੂੰ ਛੱਡਣਾ ਪਿਆ।"

ਇਹ ਵੀ ਪੜ੍ਹੋ:

ਐਮਆਈਟੀ ਦੇ ਪ੍ਰੋਫੈਸਰ ਵਿਪਿਨ ਨਾਰੰਗ ਮੰਨਦੇ ਹਨ ਕਿ ਦੋਹਾਂ ਵਿੱਚੋਂ ਕੋਈ ਵੀ ਦੇਸ ਜੰਗ ਨਹੀਂ ਚਾਹੁੰਦਾ ਹੈ। ਨਾਰੰਗ ਕਿਊਬਾ ਦੇ ਮਿਜ਼ਾਈਲ ਸੰਕਟ ਨੂੰ ਯਾਦ ਕਰਦੇ ਹਨ ਅਤੇ ਕਹਿੰਦੇ ਹਨ ਕਿ ਜੇ ਉੱਥੇ ਕੁਝ ਵੀ ਗਲਤੀ ਹੁੰਦੀ ਤਾਂ ਬਰਦਾਸ਼ਤ ਨਾ ਕਰਨ ਵਾਲੀ ਤਬਾਹੀ ਆ ਸਕਦੀ ਸੀ।

ਉਹ ਕਹਿੰਦੇ ਹਨ, "ਦੋਹਾਂ ਪੱਖ ਆਮ ਹੋ ਜਾਣਗੇ। ਪਾਕਿਸਤਾਨ ਅਖੀਰ ਦਹਿਸ਼ਤਗਰਦੀ ਖ਼ਤਮ ਕਰ ਸਕਦਾ ਹੈ ਅਤੇ ਉਹ ਉਲਝਣਾ ਤੋਂ ਬਚਣਾ ਚਾਹੇਗਾ। ਭਾਰਤ ਰਣਨੀਤਿਕ ਸਖ਼ਤੀ ਜਾਰੀ ਰੱਖ ਸਕਦਾ ਹੈ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)