ਮਸੂਦ ਅਜ਼ਹਰ ਦੇ ਭਾਰਤ ਵੱਲੋਂ ਫੜੇ ਜਾਣ ਤੇ ਛੱਡੇ ਜਾਣ ਦੀ ਪੂਰੀ ਕਹਾਣੀ

  • ਰੇਹਾਨ ਫਜ਼ਲ
  • ਬੀਬੀਸੀ ਪੱਤਰਕਾਰ
ਕੰਧਾਰ ਹਾਈਜੈਕ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੰਧਾਰ ਹਾਈਜੈਕ ਦੀ ਤਸਵੀਰ

ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰਜ਼ ਨੇ ਗੋਲਬਲ ਦਹਿਸ਼ਤਗਰਦ ਐਲਾਨਿਆ ਹੈ। ਭਾਰਤ ਸਰਕਾਰ ਦਾ ਇਲਜ਼ਾਮ ਹੈ ਕਿ ਉਹ ਭਾਰਤ ਵਿਚ ਕਈ ਵੱਡੀਆਂ ਹਿੰਸਕ ਵਾਰਦਾਤਾਂ ਲਈ ਜ਼ਿੰਮੇਵਾਰ ਹੈ।

ਮਸੂਦ ਅਜ਼ਹਰ ਨੂੰ ਕਿਸੇ ਸਮੇਂ ਭਾਰਤ ਵਿਚ ਆਇਆ ਤੇ ਕਸ਼ਮੀਰ ਵਿਚ ਹਿੰਸਕ ਲਹਿਰ ਲਈ ਕੰਮ ਕਰਦਾ ਰਿਹਾ। ਉਸ ਦੇ ਭਾਰਤ ਵਿਚ ਫੜੇ ਜਾਣ ਅਤੇ ਫਿਰ ਜਹਾਜ਼ ਅਗਵਾ ਹੋਣ ਕਾਰਨ ਛੱਡੇ ਜਾਣ ਦੀ ਪੂਰੀ ਕਹਾਣੀ ਨੂੰ ਕੁਝ ਸਮਾਂ ਪਹਿਲਾਂ ਬੀਬੀਸੀ ਪੱਤਰਕਾਰ ਰੇਹਾਨ ਫ਼ਜ਼ਲ ਨੇ ਬਿਆਨ ਕੀਤਾ ਸੀ।

ਮਸੂਦ ਅਜ਼ਹਰ ਪਹਿਲੀ ਵਾਰ 29 ਜਨਵਰੀ 1994 ਨੂੰ ਬੰਗਲਾਦੇਸ਼ੀ ਜਹਾਜ਼ ਰਾਹੀਂ ਢਾਕਾ ਤੋਂ ਦਿੱਲੀ ਪਹੁੰਚੇ ਸਨ। ਉਨ੍ਹਾਂ ਦੇ ਕੋਲ ਪੁਰਤਗਾਲੀ ਪਾਸਪੋਰਟ ਸੀ।

ਇੰਦਰਾ ਗਾਂਧੀ ਹਵਾਈ ਅੱਡੇ 'ਤੇ ਮੌਜੂਦ ਡਿਊਟੀ ਅਫ਼ਸਰ ਨੇ ਉਨ੍ਹਾਂ ਨੂੰ ਦੇਖ ਕੇ ਕਿਹਾ, "ਤੁਸੀਂ ਪੁਰਤਗਾਲੀ ਤਾਂ ਨਹੀਂ ਲਗਦੇ।" ਪਰ ਜਿਵੇਂ ਹੀ ਮਸੂਦ ਨੇ ਕਿਹਾ ਕਿ ਮੈਂ ਗੁਜਰਾਤੀ ਮੂਲ ਦਾ ਹਾਂ, ਤਾਂ ਉਸ ਨੇ ਦੂਜੀ ਵਾਰ ਬਿਨਾਂ ਉਸਦੇ ਵੱਲ ਦੇਖੇ ਉਨ੍ਹਾਂ ਦੇ ਪਾਸਪੋਰਟ 'ਤੇ ਮੁਹਰ ਲਗਾ ਦਿੱਤੀ।

ਭਾਰਤ ਆਉਣ ਤੋਂ ਬਾਅਦ ਕੁਝ ਦਿਨਾਂ ਦੇ ਅੰਦਰ ਹੀ ਮਸੂਦ ਅਜ਼ਹਰ ਸ਼੍ਰੀਨਗਰ ਦੀ ਗਲੀਆਂ-ਕੂਚਿਆਂ ਵਿੱਚ ਦਿਖਣ ਲੱਗੇ। ਉਨ੍ਹਾਂ ਦੀ ਖਾਸੀਅਤ ਸੀ ਭੜਕੀਲੇ ਭਾਸ਼ਣ ਦੇਣਾ ਅਤੇ ਕਸ਼ਮੀਰ ਵਿੱਚ ਵੱਖਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸਮੂਹਾਂ ਵਿਚਾਲੇ ਉਭਰ ਰਹੇ ਮਤਭੇਦਾਂ ਵਿੱਚ ਵਿਚੋਲਗੀ ਕਰਨਾ।

ਮਸੂਦ ਦਾ ਇੱਕ ਕੰਮ ਹੋਰ ਸੀ, ਕਸ਼ਮੀਰੀ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ਵਾਲੇ ਪਾਸੇ ਆਕਰਸ਼ਿਤ ਅਤੇ ਪ੍ਰੇਰਿਤ ਕਰਨਾ। ਉਨ੍ਹਾਂ ਨੂੰ ਅਨੰਤਨਾਗ ਵਿੱਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਅਨੰਤਨਾਗ ਵਿੱਚ ਸੱਜਾਦ ਅਫ਼ਗਾਨੀ ਦੇ ਨਾਲ ਬੈਠ ਕੇ ਇੱਕ ਆਟੋ ਵਿੱਚ ਜਾ ਰਹੇ ਹਨ।

ਇਹ ਵੀ ਪੜ੍ਹੋ

ਫੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਰੋਕਿਆ। ਆਟੋ ਵਿੱਚ ਸਵਾਰ ਦੋਵੇਂ ਲੋਕ ਉਤਰ ਕੇ ਭੱਜਣ ਲੱਗੇ, ਪਰ ਜਵਾਨਾਂ ਨੇ ਉਨ੍ਹਾਂ ਨੂੰ ਫੜ੍ਹ ਲਿਆ।

ਜੇਲ੍ਹ ਵਿੱਚ ਮਸੂਦ ਅਜ਼ਹਰ ਹਮੇਸ਼ਾ ਇਹ ਸ਼ੇਖੀ ਮਾਰਦੇ ਸਨ ਕਿ ਭਾਰਤ ਸਰਕਾਰ ਉਨ੍ਹਾਂ ਨੂੰ ਬਹੁਤ ਦਿਨਾਂ ਤੱਕ ਆਪਣੀ ਜੇਲ੍ਹ ਵਿੱਚ ਨਹੀਂ ਰੱਖ ਸਕੇਗੀ।

ਮਸੂਦ ਦੇ ਗ੍ਰਿਫ਼ਤਾਰ ਹੋਣ ਦੇ 10 ਮਹੀਨਿਆਂ ਅੰਦਰ ਅੱਤਵਾਦੀਆਂ ਨੇ ਦਿੱਲੀ ਵਿੱਚ ਕੁਝ ਵਿਦੇਸ਼ੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਛੱਡਣ ਦੇ ਬਦਲੇ ਮਸੂਦ ਅਜ਼ਹਰ ਦੀ ਰਿਹਾਈ ਦੀ ਮੰਗ ਕੀਤੀ ਸੀ।

ਇਹ ਮੁਹਿੰਮ ਅਸਫਲ ਹੋ ਗਈ ਕਿਉਂਕਿ ਉੱਤਰ ਪ੍ਰਦੇਸ਼ ਅਤੇ ਦਿੱਲੀ ਪੁਲਿਸ ਸਹਾਰਨਪੁਰ ਤੋਂ ਬੰਦੀਆਂ ਨੂੰ ਛੁਡਾਉਣ ਵਿੱਚ ਸਫ਼ਲ ਹੋ ਗਈ।

ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images

ਮੋਟੇ ਸਰੀਰ ਕਾਰਨ ਸੁਰੰਗ ਵਿੱਚ ਫਸੇ

ਇੱਕ ਸਾਲ ਬਾਅਦ ਹਰਕਤ-ਉਲ-ਅੰਸਾਰ ਨੇ ਫਿਰ ਕੁਝ ਵਿਦੇਸ਼ੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਕੋਸ਼ਿਸ਼ ਵੀ ਅਸਫਲ ਰਹੀ।

1999 ਵਿੱਚ ਜੰਮੂ ਦੀ ਕੋਟ ਬਰਵਾਲ ਜੇਲ੍ਹ ਤੋਂ ਉਨ੍ਹਾਂ ਨੂੰ ਕੱਢਣ ਲਈ ਸੁਰੰਗ ਬਣਾਈ ਗਈ, ਪਰ ਮਸੂਦ ਅਜ਼ਹਰ ਆਪਣੇ ਮੋਟੇ ਸਰੀਰ ਕਾਰਨ ਉਸ ਵਿੱਚ ਫਸ ਗਏ ਅਤੇ ਫੜ੍ਹੇ ਗਏ।

ਕੁਝ ਮਹੀਨੇ ਬਾਅਦ ਦਸੰਬਰ, 1999 ਵਿੱਚ ਅੱਤਵਾਦੀ ਇੱਕ ਭਾਰਤੀ ਜਹਾਜ਼ ਨੂੰ ਅਗਵਾ ਕਰਕੇ ਕੰਧਾਰ ਲੈ ਗਏ। ਜਹਾਜ਼ ਦੇ ਯਾਤਰੀਆਂ ਨੂੰ ਛੱਡਣ ਦੇ ਬਦਲੇ ਭਾਰਤ ਸਰਕਾਰ ਤਿੰਨ ਅੱਤਵਾਦੀਆਂ ਨੂੰ ਛੱਡਣ ਲਈ ਰਾਜ਼ੀ ਹੋ ਗਈ, ਜਿਸ ਵਿੱਚ ਮਸੂਦ ਅਜ਼ਹਰ ਵੀ ਇੱਕ ਸਨ।

ਉਸ ਸਮੇਂ ਭਾਰਤੀ ਖੂਫ਼ੀਆ ਏਜੰਸੀ ਰਾਅ ਦੇ ਮੁਖੀ ਅਮਰਜੀਤ ਸਿੰਘ ਦੁਲਟ ਨੂੰ ਖਾਸ ਤੌਰ 'ਤੇ ਫਾਰੁਖ਼ ਅਬਦੁੱਲਾ ਨੂੰ ਮਨਾਉਣ ਲਈ ਸ਼੍ਰੀਨਗਰ ਭੇਜਿਆ ਗਿਆ।

ਅਬਦੁੱਲਾ ਮੁਸ਼ਾਕ ਅਹਿਮਦ ਜ਼ਰਗਰ ਅਤੇ ਮਸੂਦ ਅਜ਼ਹਰ ਨੂੰ ਛੱਡਣ ਲਈ ਬਿਲਕੁਲ ਵੀ ਤਿਆਰ ਨਹੀਂ ਸਨ। ਦੁਲਟ ਨੂੰ ਉਨ੍ਹਾਂ ਨੂੰ ਮਨਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣਾ ਪਿਆ।

ਤਸਵੀਰ ਕੈਪਸ਼ਨ,

ਉਸ ਸਮੇਂ ਦੇ ਭਾਰਤੀ ਖੂਫ਼ੀਆ ਏਜੰਸੀ ਰਾਅ ਦੇ ਮੁਖੀ ਰਹੇ ਅਮਰਜੀਤ ਸਿਘ ਦੁਲਤ ਦੇ ਨਾਲ ਰੇਹਾਨ ਫਜ਼ਲ

ਰਾਅ ਦੇ ਗਲਫ਼ਸਟ੍ਰੀਮ ਜਹਾਜ਼ ਤੋਂ ਦਿੱਲੀ ਲਿਆਂਦੇ ਗਏ

ਜ਼ਰਗਰ ਨੂੰ ਸ਼੍ਰੀਨਗਰ ਜੇਲ੍ਹ ਅਤੇ ਮਸੂਦ ਅਜ਼ਹਰ ਨੂੰ ਜੰਮੂ ਦੀ ਕੋਟ ਬਰਵਾਲ ਜੇਲ੍ਹ ਤੋਂ ਸ਼੍ਰੀਨਗਰ ਲਿਆਂਦਾ ਗਿਆ। ਦੁਲਟ ਨੇ ਦੋਵਾਂ ਨੂੰ ਰਾਅ ਦੇ ਇੱਕ ਛੋਟੇ ਗਲਫ਼ਸਟ੍ਰੀਮ ਜਹਾਜ਼ ਵਿੱਚ ਬਿਠਾਇਆ।

ਦੁਲਟ ਦੱਸਦੇ ਹਨ, "ਦੋਵਾਂ ਦੀਆਂ ਅੱਖਾਂ 'ਤੇ ਪੱਟੀ ਬੰਨੀ ਹੋਈ ਸੀ। ਮੇਰੇ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਦੋਵਾਂ ਨੂੰ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਬਿਠਾ ਦਿੱਤਾ ਗਿਆ। ਜਹਾਜ਼ ਵਿੱਚ ਪਰਦਾ ਲੱਗਿਆ ਹੋਇਆ ਸੀ। ਪਰਦੇ ਦੇ ਇੱਕ ਪਾਸੇ ਮੈਂ ਬੈਠਾ ਸੀ ਅਤੇ ਦੂਜੇ ਪਾਸੇ ਜ਼ਰਗਰ ਅਤੇ ਮਸੂਦ ਅਜ਼ਹਰ।''

ਉਨ੍ਹਾਂ ਨੇ ਦੱਸਿਆ ਕਿ 'ਟੇਕ ਆਫ਼' ਤੋਂ ਕੁਝ ਸੈਕਿੰਡ ਪਹਿਲਾਂ ਸੂਚਨਾ ਆਈ ਕਿ ਅਸੀਂ ਛੇਤੀ ਤੋਂ ਛੇਤੀ ਦਿੱਲੀ ਪਹੁੰਚਣਾ ਹੈ, ਕਿਉਂਕਿ ਵਿਦੇਸ਼ ਮੰਤਰੀ ਜਸਵੰਤ ਸਿੰਘ ਹਵਾਈ ਅੱਡੇ 'ਤੇ ਹੀ ਕੰਧਾਰ ਜਾਣ ਲਈ ਸਾਡੀ ਉਡੀਕ ਕਰ ਰਹੇ ਸੀ।

ਉਨ੍ਹਾਂ ਨੇ ਦੱਸਿਆ, "ਦਿੱਲੀ ਉਤਰਦੇ ਹੀ ਇਨ੍ਹਾਂ ਦੋਵਾਂ ਨੂੰ ਜਸਵੰਤ ਸਿੰਘ ਦੇ ਜਹਾਜ਼ ਵਿੱਚ ਲਿਜਾਇਆ ਗਿਆ, ਜਿਸ ਵਿੱਚ ਤੀਜੇ ਅੱਤਵਾਦੀ ਓਮਰ ਸ਼ੇਖ ਪਹਿਲਾਂ ਤੋਂ ਹੀ ਮੌਜੂਦ ਸਨ।"

ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images

ਜਸਵੰਤ ਸਿੰਘ ਦੇ ਕੰਧਾਰ ਜਾਣ ਦਾ ਕਾਰਨ

ਸਵਾਲ ਉੱਠਿਆ ਕਿ ਇਨ੍ਹਾਂ ਬੰਦੀਆਂ ਦੇ ਨਾਲ ਭਾਰਤ ਵਾਲੇ ਪਾਸਿਓਂ ਕੰਧਾਰ ਕੌਣ-ਕੌਣ ਜਾਵੇਗਾ। ਕੰਧਾਰ ਵਿੱਚ ਮੌਜੂਦ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਵਿਵੇਕ ਕਾਟਜੂ, ਇੰਟੈਲੀਜੈਂਸ ਬਿਊਰੋ ਦੇ ਅਜੀਤ ਡੋਬਾਲ ਅਤੇ ਰਾਅ ਦੇ ਸੀਡੀ ਸਹਾਏ ਸਭ ਨੇ ਇੱਕੋ ਸੁਰ ਵਿੱਚ ਕਿਹਾ ਕਿ ਕੰਧਾਰ ਅਜਿਹੇ ਸ਼ਖ਼ਸ ਨੂੰ ਭੇਜਿਆ ਜਾਵੇ ਜੋ ਲੋੜ ਪੈਣ 'ਤੇ ਉੱਥੇ ਵੱਡੇ ਫੈ਼ਸਲੇ ਲੈ ਸਕੇ, ਕਿਉਂਕਿ ਇਹ ਵਿਵਹਾਰਕ ਨਹੀਂ ਹੋਵੇਗਾ ਕਿ ਹਰ ਫ਼ੈਸਲੇ ਲਈ ਦਿੱਲੀ ਵੱਲ ਦੇਖਿਆ ਜਾਵੇ।

ਜਦੋਂ ਜਸਵੰਤ ਸਿੰਘ ਦੇ ਜਹਾਜ਼ ਨੇ ਕੰਧਾਰ ਦੇ ਹਵਾਈ ਅੱਡੇ 'ਤੇ ਲੈਂਡ ਕੀਤਾ ਤਾਂ ਬਹੁਤ ਦੇਰ ਤੱਕ ਤਾਂ ਤਾਲਿਬਾਨ ਦਾ ਕੋਈ ਬੰਦਾ ਉਨ੍ਹਾਂ ਨੂੰ ਮਿਲਣ ਨਹੀਂ ਆਇਆ।

ਜਸਵੰਤ ਸਿੰਘ ਜਹਾਜ਼ ਵਿੱਚ ਹੀ ਬੈਠ ਕੇ ਉਨ੍ਹਾਂ ਦੀ ਉਡੀਕ ਕਰਨ ਲੱਗੇ।

ਜਸਵੰਤ ਸਿੰਘ ਆਪਣੀ ਸਵੈਜੀਵਨੀ 'ਅ ਕਾਲ ਟੂ ਆਨਰ'- ਇਨ ਸਰਵਿਸ ਆਫ਼ ਐਮਰਜੈਂਟ ਇੰਡੀਆ' ਵਿੱਚ ਲਿਖਦੇ ਹਨ, "ਬਹੁਤ ਦੇਰ ਬਾਅਦ ਵੌਕੀ-ਟੌਕੀ ਦੀ ਆਵਾਜ਼ ਗੂੰਜੀ। ਪ੍ਰੇਸ਼ਾਨ ਵਿਵੇਕ ਕਾਟਜੂ ਨੇ ਮੇਰੇ ਕੋਲ ਆ ਕੇ ਪੁੱਛਿਆ, ਸਰ ਤੈਅ ਕਰੋ ਕਿ ਬੰਦੀਆਂ ਦੀ ਰਿਹਾਈ ਤੋਂ ਪਹਿਲਾਂ ਅਸੀਂ ਇਨ੍ਹਾਂ ਅੱਤਵਾਦੀਆਂ ਨੂੰ ਛੱਡੀਏ ਜਾਂ ਨਹੀਂ। ਮੇਰੇ ਕੋਲ ਇਸ ਨੂੰ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।"

ਤਸਵੀਰ ਕੈਪਸ਼ਨ,

ਜਸਵੰਤ ਸਿੰਘ ਦੀ ਸਵੈਜੀਵਨੀ 'ਅ ਕਾਲ ਟੂ ਆਨਰ'- ਇਨ ਸਰਵਿਸ ਆਫ਼ ਅਮਰਜੈਂਟ ਇੰਡੀਆ'

ਉਹ ਕਹਿੰਦੇ ਹਨ, "ਜਿਵੇਂ ਹੀ ਇਹ ਤਿੰਨੇ ਹੇਠਾਂ ਉਤਰੇ, ਮੈਂ ਦੇਖਿਆ ਉਨ੍ਹਾਂ ਦਾ ਬਹੁਤ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਉਤਰਦੇ ਹੀ ਸਾਡੇ ਜਹਾਜ਼ ਦੀਆ ਪੌੜੀਆਂ ਹਟਾ ਲਈਆਂ ਗਈਆਂ ਤਾਂ ਜੋ ਅਸੀਂ ਹੇਠਾ ਨਾ ਉਤਰ ਸਕੀਏ। ਹੇਠਾਂ ਮੌਜੂਦ ਲੋਕ ਖੁਸ਼ੀ ਨਾਲ ਚੀਕਾਂ ਮਾਰ ਰਹੇ ਸਨ।

ਆਈਐੱਸਆਈ ਵਾਲੇ ਇਨ੍ਹਾਂ ਤਿੰਨਾਂ ਅੱਤਵਾਦੀਆਂ ਦੇ ਰਿਸ਼ਤੇਦਾਰਾਂ ਨੂੰ ਪਾਕਿਸਤਾਨ ਤੋਂ ਕੰਧਾਰ ਲਿਆਏ ਸਨ, ਤਾਂ ਜੋ ਇਹ ਪੱਕਾ ਕੀਤਾ ਜਾਵੇ ਕਿ ਅਸੀਂ ਅਸਲੀ ਲੋਕਾਂ ਨੂੰ ਹੀ ਛੱਡਿਆ ਗਿਆ ਹੈ। ਜਦੋਂ ਉਨ੍ਹਾਂ ਨੂੰ ਤਸੱਲੀ ਹੋ ਗਈ ਉਦੋਂ ਉਨ੍ਹਾਂ ਨੇ ਸਾਡੇ ਜਹਾਜ਼ ਦੀ ਪੌੜੀ ਮੁੜ ਲਗਾਈ। ਉਦੋਂ ਤੱਕ ਹਨੇਰਾ ਹੋਣ ਲੱਗਾ ਸੀ ਅਤੇ ਠੰਡ ਵੀ ਵਧਣ ਲੱਗੀ ਸੀ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੰਧਾਰ ਹਾਈਜੈਕ ਦੀ ਤਸਵੀਰ

'ਬਾਈਨਾਕੁਲਰ' ਦਿੱਤਾ

5 ਵਜੇ ਦੇ ਕਰੀਬ ਅਜੀਤ ਡੋਬਾਲ ਜਹਾਜ਼ ਵਿੱਚ ਯਾਤਰੀਆਂ ਨੂੰ ਮਿਲਣ ਗਏ। ਜਦੋਂ ਉਹ ਜਹਾਜ਼ ਤੋਂ ਉਤਰਣ ਲੱਗੇ ਤਾਂ ਦੋ ਅਗਵਾਕਾਰਾਂ ਬਰਗਰ ਅਤੇ ਸੈਂਡੀ ਨੇ ਉਨ੍ਹਾਂ ਨੂੰ ਇੱਕ ਛੋਟਾ 'ਬਾਈਨਾਕੁਲਰ' (ਦੂਰਬੀਨ) ਦਿੱਤਾ।

ਡੋਬਾਲ ਲਿਖਦੇ ਹਨ,"ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਇਸੇ 'ਬਾਈਨਾਕੁਲਰ' ਨਾਲ ਬਾਹਰ ਹੋ ਰਹੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਹੋਈ ਸੀ। ਬਾਅਦ ਵਿੱਚ ਜਦੋਂ ਮੈਂ ਕੰਧਾਰ ਤੋਂ ਦਿੱਲੀ ਆਉਣ ਲਈ ਰਵਾਨਾ ਹੋਇਆ ਤਾਂ ਮੈਂ ਉਹ 'ਬਾਇਨਾਕੁਲਰ' ਵਿਦੇਸ਼ ਮੰਤਰੀ ਜਸਵੰਤ ਸਿੰਘ ਨੂੰ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਇਹ ਸਾਨੂੰ ਕੰਧਾਰ ਦੇ ਸਾਡੇ ਬੁਰੇ ਤਜਰਬੇ ਦੀ ਯਾਦ ਦੁਆਏਗਾ। ਮੈਂ ਉਨ੍ਹਾਂ ਨੂੰ ਇਹ 'ਦੂਰਬੀਨ' ਇੱਕ ਯਾਦ ਦੇ ਤੌਰ 'ਤੇ ਦਿੱਤੀ।"

ਬਦਬੂ ਅਤੇ ਚਿਕਨ ਦੀਆਂ ਹੱਡੀਆਂ

ਅਗਵਾ ਕੀਤੇ ਹੋਏ ਯਾਤਰੀਆਂ ਦੇ ਨਾਲ ਵਿਦੇਸ਼ ਮੰਤਰੀ ਜਸਵੰਤ ਸਿੰਘ ਅਤੇ ਭਾਰਤੀ ਅਧਿਕਾਰੀਆਂ ਦੀ ਟੀਮ ਤਾਂ ਉਸੇ ਦਿਨ ਵਾਪਿਸ ਆ ਗਈ, ਪਰ ਭਾਰਤ ਦੇ ਇਸਲਾਮਾਬਾਦ ਹਾਈ ਕਮਿਸ਼ਨ ਵਿੱਚ ਕੰਮ ਕਰਨ ਵਾਲੇ ਏਆਰ ਘਣਸ਼ਾਮ ਨੂੰ ਭਾਰਤੀ ਜਹਾਜ਼ ਵਿੱਚ ਤੇਲ ਭਰਵਾਉਣ ਅਤੇ ਉਸ ਨੂੰ ਵਾਪਿਸ ਦਿੱਲੀ ਲਿਆਉਣ ਦਾ ਪ੍ਰਬੰਧ ਕਰਨ ਲਈ ਕੰਧਾਰ ਵਿੱਚ ਹੀ ਛੱਡ ਦਿੱਤਾ ਗਿਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੰਧਾਰ ਹਾਈਜੈਕ ਦੀ ਤਸਵੀਰ

ਏਅਰ ਇੰਡੀਆ ਦਾ 14 ਮੈਂਬਰੀ ਕਰੂ ਵੀ ਕੰਧਾਰ ਵਿੱਚ ਰਹਿ ਗਿਆ। ਬਾਅਦ ਵਿੱਚ ਏਆਰ ਘਣਸ਼ਾਮ ਨੇ ਆਪਣੀ ਰਿਪੋਰਟ ਵਿੱਚ ਲਿਖਿਆ, "ਜਦੋਂ ਸਭ ਦੇ ਵਾਪਿਸ ਜਾਣ ਤੋਂ ਬਾਅਦ ਮੈਂ ਉਸ ਜਹਾਜ਼ ਵਿੱਚ ਗਿਆ ਤਾਂ ਉੱਥੇ ਬਰਦਾਸ਼ ਨਾ ਕਰਨ ਵਾਲੀ ਬਦਬੂ ਫੈਲੀ ਹੋਈ ਸੀ। ਕੌਕਪਿਟ ਪੈਨਲ ਵਿੱਚ ਵੀ ਚਿਕਨ ਦੀਆਂ ਹੱਡੀਆਂ ਅਤੇ ਸੰਤਰੇ ਦੇ ਛਿਲਕੇ ਪਏ ਹੋਏ ਸਨ। ਟਾਇਲਟ ਬੁਰੀ ਤਰ੍ਹਾਂ ਨਾਲ ਜਾਮ ਸਨ ਅਤੇ ਬਿਲਕੁਲ ਵੀ ਵਰਤਣ ਦੇ ਲਾਇਕ ਨਹੀਂ ਸਨ।"

ਲਾਲ ਸੂਟਕੇਸ ਦਾ ਰਹੱਸ

ਰਾਤ ਕਰੀਬ 9 ਵਜੇ ਜਹਾਜ਼ ਦੇ ਕੈਪਟਨ ਸੁਰੀ ਘਣਸ਼ਾਮ ਦੇ ਕੋਲ ਆ ਕੇ ਬੋਲੇ ਕਿ ਤਾਲਿਬਾਨ ਆਈਸੀ-814 ਨੂੰ ਉੱਡਣ ਦੇਣ ਲਈ ਤਿਆਰ ਨਹੀਂ ਹਨ ਅਤੇ ਉਹ ਉਸ ਵਿੱਚ ਬਾਲਣ ਭਰਨ ਵਿੱਚ ਟਾਲ-ਮਟੋਲ ਕਰ ਰਹੇ ਹਨ।

ਉਨ੍ਹਾਂ ਦੀ ਸ਼ਰਤ ਹੈ ਕਿ ਉਹ ਜਹਾਜ਼ ਨੂੰ ਉਦੋਂ ਹੀ ਉੱਡਣ ਦੇਣਗੇ ਜਦੋਂ ਅਸੀਂ ਜਹਾਜ਼ ਦੇ ਹੋਲਡ ਤੋਂ ਇੱਕ ਲਾਲ ਰੰਗ ਦਾ ਬੈਗ ਕੱਢ ਕੇ ਦੇਵਾਂਗੇ ਜਿਹੜੇ ਅਗਵਾਕਾਰਾਂ ਦੇ ਹਨ।

ਕੈਪਟਨ ਸੁਰੀ ਜਹਾਜ਼ ਦੇ ਅੰਦਰ ਹੀ ਸਨ। ਘਣਸ਼ਾਮ ਨੇ ਆਪਣੀ ਰਿਪੋਰਟ ਵਿੱਚ ਲਿਖਿਆ, ''ਮੈਂ ਦੇਖਿਆ ਕਿ ਇੱਕ ਲਾਲ ਰੰਗ ਦੀ ਪਜੈਰੋ ਜਹਾਜ਼ ਦੇ ਹੋਲਡ ਦੇ ਠੀਕ ਸਾਹਮਣੇ ਰੱਖੀ ਸੀ ਅਤੇ ਉਸਦੀ ਲਾਈਟ ਚਾਲੂ ਸੀ।''

''ਕੈਪਟਨ ਨੇ ਇੰਜਣ ਸਟਾਰਟ ਕਰਕੇ ਰੱਖਿਆ ਸੀ ਅਤੇ ਕੁਝ ਮਜ਼ਦੂਰ ਅਜੇ ਵੀ ਜਹਾਜ਼ ਦੇ ਅੰਦਰ ਕੰਮ ਕਰ ਰਹੇ ਸਨ। ਕੈਪਟਨ ਨੇ ਮੈਨੂੰ ਬਾਅਦ ਵਿੱਚ ਦੱਸਿਆ ਕਿ ਅਜੇ ਵੀ ਜਹਾਜ਼ ਦੇ ਅੰਦਰ ਕੰਮ ਕਰ ਰਹੇ ਸਨ। ਕੈਪਟਨ ਰਾਓ ਨੇ ਮੈਨੂੰ ਬਾਅਦ ਵਿੱਚ ਦੱਸਿਆ ਕਿ ਮਜ਼ਦੂਰਾਂ ਨੇ ਜਹਾਜ਼ ਦੇ ਹੋਲਡ ਵਿੱਚ ਰੱਖਿਆ ਇੱਕ-ਇੱਕ ਲਾਲ ਸੂਟਕੇਸ ਕੱਢ ਕੇ ਪਜੈਰੋ ਵਿੱਚ ਬੈਠੇ ਲੋਕਾਂ ਨੂੰ ਦਿਖਾਇਆ।''

ਮੇਰਾ ਅੰਦਾਜ਼ਾ ਹੈ ਕਿ ਸੂਟਕੇਸ ਦੀ ਪਛਾਣ ਲਈ ਘੱਟੋ-ਘੱਟ ਇੱਕ ਜਾਂ ਉਸ ਤੋਂ ਵੱਧ 'ਹਾਈਜੈਕਰ' ਕਾਰ ਦੇ ਅੰਦਰ ਬੈਠੇ ਹੋਏ ਸਨ। ਬਾਅਦ ਵਿੱਚ ਕੈਪਟਨ ਸੁਰੀ ਨੇ ਇੱਕ ਮਜ਼ਦੂਰ ਨੂੰ ਦੱਸਿਆ ਕਿ ਆਖ਼ਰ ਵਿੱਚ ਉਨ੍ਹਾਂ ਨੂੰ ਉਹ ਲਾਲ ਸੂਟਕੇਸ ਮਿਲ ਗਿਆ, ਜਿਸ ਵਿੱਚ 5 'ਗ੍ਰੇਨੇਡ' ਰੱਖੇ ਹੋਏ ਸਨ।

ਆਖ਼ਰ ਵਿੱਚ ਕੈਪਟਨ ਰਾਓ ਵਾਪਿਸ ਆਏ ਅਤੇ ਅਸੀਂ ਸਾਰੇ ਲੋਕ ਰਾਤ ਨੂੰ ਹਵਾਈ ਅੱਡੇ ਦੇ 'ਲਾਊਂਜ' ਵਿੱਚ ਹੀ ਰੁਕੇ।"

ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੰਧਾਰ ਹਾਈਜੈਕ ਦੀ ਤਸਵੀਰ

ਪੈਕਟ ਦੇ ਅੰਦਰ ਬਦਾਮ, ਕਿਸ਼ਮਿਸ਼ ਅਤੇ ਨੇਲ ਕਟਰ

ਅਗਲੇ ਦਿਨ ਜਹਾਜ਼ ਵਿੱਚ ਬਾਲਣ ਭਰ ਦਿੱਤਾ ਗਿਆ ਅਤੇ ਅਫ਼ਗਾਨ ਸਮੇਂ ਮੁਤਾਬਕ ਸਵੇਰੇ 9 ਵਜ ਕੇ 43 ਮਿੰਟ 'ਤੇ ਭਾਰਤੀ ਜਹਾਜ਼ ਨੇ ਦਿੱਲੀ ਲਈ ਉਡਾਣ ਭਰੀ।

ਇਸ ਤੋਂ ਬਾਅਦ ਤਾਲਿਬਾਨ ਦਾ ਇੱਕ ਵੀ ਅਧਿਕਾਰੀ ਕੰਧਾਰ ਦੇ ਹਵਾਈ ਅੱਡੇ 'ਤੇ ਨਹੀਂ ਆਇਆ। ਕੰਟਰੋਲ ਟਾਵਰ ਦੇ ਇੱਕ ਅਧਿਕਾਰੀ ਨੇ ਘਣਸ਼ਾਮ ਨੂੰ ਪੈਕਟ ਦਿੱਤਾ। ਜਦੋਂ ਉਨ੍ਹਾਂ ਨੇ ਉਸ ਨੂੰ ਖੋਲ੍ਹਿਆ ਤਾਂ ਉਸਦੇ ਅੰਦਰ ਕੁਝ ਬਦਾਮ, ਕਿਸ਼ਮਿਸ਼, ਇੱਕ ਛੋਟਾ ਕੰਘਾ ਅਤੇ ਇੱਕ 'ਨੇਲ ਕਟਰ' ਸੀ।

ਤਾਲਿਬਾਨ ਦੇ ਹਵਾਬਾਜ਼ੀ ਮੰਤਰੀ ਨੇ ਉਨ੍ਹਾਂ ਨੂੰ ਇਹ ਤੋਹਫ਼ੇ ਦੇ ਤੌਰ 'ਤੇ ਭੇਜਿਆ ਸੀ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਘਣਸ਼ਾਮ ਨੂੰ ਕੰਧਾਰ ਹਵਾਈ ਅੱਡੇ 'ਤੇ ਰਹਿਣ ਦੌਰਾਨ ਇੱਕ ਵਾਰ ਵੀ ਸ਼ਹਿਰ ਜਾਣ ਦਾ ਮੌਕਾ ਨਹੀਂ ਮਿਲਿਆ ਸੀ।

ਘਣਸ਼ਾਮ ਨੇ 12 ਵਜੇ ਸੰਯੁਕਤ ਰਾਸ਼ਟਰ ਦੇ ਇੱਕ ਜਹਾਜ਼ ਤੋਂ ਉਡਾਣ ਭਰੀ ਅਤੇ ਉਹ 3 ਵਜੇ ਵਾਪਿਸ ਇਸਲਾਮਾਬਾਦ ਪਹੁੰਚੇ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)